Skip to content
Independent perspectives. Global stories.
BREAKING

ਭੈਣ ਜਸਵਿੰਦਰ ਕੌਰ ਨੇ ਮਰਨ ਉਪਰੰਤ ਅੱਖਾਂ ਅਤੇ ਸਰੀਰ ਦਾਨ ਕਰਕੇ ਸਮਾਜ ਨੂੰ ਦਿੱਤਾ ਵੱਡਾ ਸੁਨੇਹਾ

Share this story

ਸਮਾਜ ਸੇਵੀ ਸੰਸਥਾ ਵੱਲੋਂ ਪਰਿਵਾਰ ਦਾ ਸਨਮਾਨ

ਅਮਰਗੜ੍ਹ – ਅਜੋਕੇ ਸਮਾਜ ਅੰਦਰ ਵਿਚਰਦਿਆਂ ਜਿੱਥੇ ਮਨੁੱਖ ਆਪੇ ਤੱਕ ਸਿਮਟਕੇ ਰਹਿ ਗਿਆ ਹੈ ਅਤੇ ਆਪਣੇ ਹਿੱਤਾਂ ਦੀ ਪੂਰਤ ਲਈ ਉਹ ਕਿਸੇ ਵੀ ਹੱਦ ਤੱਕ ਗੁਜ਼ਰ ਸਕਦਾ ਹੈ ਅਜਿਹੇ ਖ਼ਤਰਨਾਕ ‘ਤੇ ਸੁਆਰਥੀ ਦੌਰ ਵਿੱਚੋਂ ਗੁਜ਼ਰਦਿਆਂ ਕੋਈ ਕਿਸੇ ਦੂਸਰੇ ਦੇ ਭਲੇ ਲਈ ਮਰਨ ਤੋਂ ਬਾਅਦ ਵੀ ਆਪਣੀਆਂ ਅੱਖਾਂ ਅਤੇ ਸਰੀਰ ਦਾਨ ਕਰ ਦੇਵੇ, ਸੁਣਕੇ ਸੱਚ ਜਿਹਾ ਨਹੀਂ ਆਉਂਦਾ ਕਿ ਦੁਨੀਆਂ ਵਿੱਚ ਅਜਿਹੀਆਂ ਰੁਹਾਨੀ ਰੂਹਾਂ ਵੀ ਵਸਦੀਆਂ ਹਨ, ਪਰ ਇਹ ਬਿਲਕੁਲ ਸੱਚ ਹੈ ਕਿ ਅਜਿਹੇ ਲੋਕ ਅਜੇ ਵੀ ਮੌਜੂਦ ਹਨ ਜੋ ਮਨੁੱਖਤਾ ਦੇ ਭਲੇ ਲਈ ਆਪਣਾ ਸਰੀਰ ਤੱਕ ਵੀ ਦਾਨ ਕਰ ਦਿੰਦੇ ਹਨ। ਭੈਣ ਜਸਵਿੰਦਰ ਕੌਰ ਭਾਂਵੇ ਆਪਣੀ 25 ਸਾਲ ਦੀ ਉਮਰ ਪੂਰੀ ਕਰਨ ਤੱਕ ਖ਼ੁਦ ਕਿਸੇ ਭਿਆਨਕ ‘ਤੇ ਨਾਂਮੁਰਾਦ ਬਿਮਾਰੀ ਕਾਰਨ 15 ਸਾਲ ਤੋਂ ਜ਼ਿਆਦਾ ਸਮਾਂ ਮੰਜ਼ੇ ਨਾਲ ਹੀ ਜੁੜੀ ਰਹੀ ਪਰ ਉਸਦੀ ਸੋਚ ‘ਤੇ ਇਨਸਾਨੀਅਤ ਦੀ ਭਲਾਈ ਦਾ ਜ਼ਜ਼ਬਾ ਅੰਬਰਾਂ ਤੋਂ ਵੀ ਉੱਚਾ ਸੀ, ਜਿਸਨੂੰ ਸਲਾਮ ਕਰਨਾ ਬਣਦਾ ਹੈ। ਭੈਣ ਜਸਵਿੰਦਰ ਕੌਰ ਦੇ ਪਿਤਾ ਟੇਕ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਹਮੇਸ਼ਾਂ ਇਹ ਕਹਿੰਦੀ ਹੁੰਦੀ ਸੀ ਕਿ ਉਹ ਜਿਉਂਦੇ ਜੀਅ ਤਾਂ ਬਿਮਾਰੀ ਕਾਰਨ ਇਨਸਾਨੀਅਤ ਦੇ ਭਲੇ ਲਈ ਕੋਈ ਕੰਮ ਨਹੀਂ ਕਰ ਸਕੀ ਪਰ ਮਰਨ ਤੋਂ ਬਾਅਦ ਉਹ ਆਪਣੀਆਂ ਅੱਖਾਂ ਅਤੇ ਸਰੀਰ ਦਾਨ ਜ਼ਰੂਰ ਕਰੇਗੀ, ਉਸਦੀ ਅੰਤਿਮ ਇੱਛਾ ਪੂਰੀ ਕਰਦਿਆਂ ਉਸਦੀਆਂ ਅੱਖਾਂ ਪੂਨਰਜੋਤ ਆਈ ਬੈਂਕ ਅਤੇ ਸਰੀਰ ਮੈਡੀਕਲ ਕਾਲਜ਼ ਨੂੰ ਦਾਨ ਕੀਤਾ ਗਿਆ ਹੈ। ਭੈਣ ਜਸਵਿੰਦਰ ਕੌਰ ਭਾਂਵੇ ਖ਼ੁਦ ਅਪੰਗ ਸੀ ਪਰ ਜੋ ਕੰਮ ਉਸਨੇ ਕੀਤਾ ਹੈ ਉਹ ਅਪੰਗ ਸੋਚ ਵਾਲੇ ਅਜੋਕੇ ਸਮਾਜ ਲਈ ਵੱਡਾ ਸੁਨੇਹਾ ਹੈ। ਭੈਣ ਜਸਵਿੰਦਰ ਕੌਰ ਦੀ ਅੰਤਿਮ ਅਰਦਾਸ ਗੁਰਦੁਆਰਾ ਬੇਗਮਪੁਰਾ ਸਾਹਿਬ ਪਿੰਡ ਲਾਗੜੀਆਂ ਵਿਖੇ ਹੋਈ, ਜਿਸ ‘ਚ ਭਾਈ ਮਲਕੀਤ ਸਿੰਘ ਦੇ ਜਥੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਜਿੰਦਗੀ ਅਤੇ ਮੌਤ ਦੇ ਫਲਸਫੇ ਨੂੰ ਸਮਝਾਉਣਾ ਕੀਤਾ ਗਿਆ। ਅਰਦਾਸ ਉਪਰੰਤ ਕਲੱਬ ਪ੍ਰਧਾਨ ਡਾ. ਪਵਿੱਤਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰਿਵਾਰ ਵੱਲੋਂ ਬੀਬੀ ਜਸਵਿੰਦਰ ਕੌਰ ਦੀਆ ਦਾਨ ਕੀਤੀਆ ਅੱਖਾਂ ਨਾਲ ਜਿਥੇ ਦੋ ਨੇਤਰਹੀਣ ਵਿਅਕਤੀਆਂ ਨੂੰ ਡਾਕਟਰ ਰਮੇਸ (ਪੂਨਰਜੋਤ ਆਈ ਬੈਂਕ ਲੁਧਿਆਣਾ) ਵੱਲੋਂ ਰੋਸ਼ਨੀ ਪ੍ਰਦਾਨ ਕੀਤੀ ਗਈ ਹੈ ਉਥੇ ਮੈਡੀਕਲ ਕਾਲਜ ਨੂੱ ਦਾਨ ਕੀਤੇ ਉਨ੍ਹਾਂ ਦੇ ਸਰੀਰ ਤੇ ਖੋਜ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲੱਭਣ ‘ਚ ਡਾਕਟਰਾਂ ਨੂੰ ਸਫ਼ਲਤਾ ਹਾਸਿਲ ਹੋਵੇਗੀ, ਅੱਖਾਂ ‘ਤੇ ਸਰੀਰ ਦਾਨੀ ਬੀਬੀ ਜਸਵਿੰਦਰ ਕੌਰ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਅਸੀ ਉਨ੍ਹਾਂ ਵੱਲੋਂ ਪਾਏ ਪੂਰਨਿਆ ਤੇ ਚੱਲਣ ਦਾ ਯਤਨ ਕਰੀਏ। ਸਮਾਗਮ ‘ਚ ਈ.ਟੀ.ਓ. ਐਕਸਾਇਜ ਸਲਿੰਦਰ ਸਿੰਘ, ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ ਲੋਇਪਾ, ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਲਾਂਗੜੀਆਂ, ਪ੍ਰਧਾਨ ਜਸਵਿੰਦਰ ਸਿੰਘ ਦੱਦੀ, ਸਮਾਜ ਸੇਵੀ ਕੇਸਰ ਸਿੰਘ ਭੁੱਲਰ, ਗੁਰਮੀਤ ਸਿੰਘ ਚੋਬਦਾਰਾ (ਬੀ.ਐਸ.ਪੀ.), ਜਗਦੇਵ ਸਿੰਘ ਜੱਗੀ ਚੌਂਦਾ, ਸੰਦੀਪ ਸਿੰਘ ਬਦੇਸਾ, ਹਰਦੇਵ ਸਿੰਘ ਗਿੱਲ, ਵਿਜੇ ਕੁਮਾਰ, ਪ੍ਰਧਾਨ ਮਹਿੰਦਰ ਸਿੰਘ, ਰਣਜੀਤ ਸਿੰਘ, ਸਰਪੰਚ ਚਰਨਜੀਤ ਸਿੰਘ ਹੁਸੈਨਪੁਰ, ਪ੍ਰਧਾਨ ਹਰੀ ਸਿੰਘ ਖੇੜੀ ਸੋਢੀਆਂ, ਕਲੱਬ ਮੈਂਬਰਜ ਗੁਰਦੀਪ ਸਿੰਘ ਸਲਾਰ, ਅਮਰੀਕ ਸਿੰਘ ਮਾਨਾਂ, ਰਣਧੀਰ ਸਿੰਘ ਮੁਹਾਲਾ, ਚਰਨਜੀਤ ਸਿੰਘ ਅਲੀਪੁਰ, ਜਗਸੀਰ ਸਿੰਘ ਤੋਲੇਵਾਲ, ਹਰਪ੍ਰੀਤ ਸਿੰਘ ਅਮਰਗੜ੍ਹ, ਰਣਵੀਰ ਸਿੰਘ ਗੁਆਰਾ, ਗੁਰਵਿੰਦਰ ਸਿੰਘ ਊਧਾ, ਅਤਿੰਦਰਪਾਲ ਸਿੰਘ ਭੁੱਲਰ, ਅਰਸਦੀਪ ਸਿੰਘ ਰਵੀ ਆਦਿ ਨੇ ਭੈਣ ਜਸਵਿੰਦਰ ਕੌਰ ਨੂੰ ਸ਼ਰਧਾ ‘ਤੇ ਸਤਿਕਾਰ ਦੇ ਫ਼ੁੱਲ ਭੇਂਟ ਕੀਤੇ।ਇਸ ਮੌਕੇ ਕਲੱਬ ਵੱਲੋਂ ਭੈਣ ਜਸਵਿੰਦਰ ਕੌਰ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਲੱਬ ਵੱਲੋਂ ਅੱਖਾਂ ਦਾਨ ਦੇ ਫਾਰਮ ਵੀ ਭਰੇ ਗਏ।ਸਟੇਜ ਸੰਚਾਲਕ ਦੀ ਭੂਮਿਕਾ ਸੁਖਜਿੰਦਰ ਸਿੰਘ ਝੱਲ ਵੱਲੋਂ ਬਾਖੂਬੀ ਨਿਭਾਈ ਗਈ।

WRITTEN BY