Skip to content
Independent perspectives. Global stories.
BREAKING

ਏ ਟੀ ਐਮਜ਼ ‘ਚ ਕਰੋੜਾਂ ਦੀ ਨਕਦੀ ਪਈ ਰਹਿੰਦੀ ਹੈ ਰੱਬ ਆਸਰੇ – ਨਹੀਂ ਰੱਖੇ ਸੁਰੱਖਿਆ ਗਾਰਡ

Share this story

ਸ਼ੇਰਪੁਰ- ਲੁੱਟਾਂ-ਖੋਹਾਂ ਦੀਆਂ ਦਿਨੋ-ਦਿਨ ਵੱਧ ਰਹੀਆਂ ਵਾਰਦਾਤਾਂ ਲਈ ਕਿਤੇ ਨਾ ਕਿਤੇ ਅਸੀਂ ਖੁਦ ਵੀ ਜ਼ਿੰਮੇਵਾਰ ਹੁੰਦੇ ਹਾਂ ਕਿਉਂਕਿ ਜਦੋਂ ਕਰੋੜਾਂ ਦੀ ਰਾਸ਼ੀ ਰੱਬ ਆਸਰੇ ਛੱਡ ਦਿੱਤੀ ਜਾਵੇ ਤਾਂ ਚੋਰੀ ਅਤੇ ਲੁੱਟ ਦੀਆਂ ਘਟਨਾਵਾਂ ਦਾ ਵਾਪਰਨਾ ਕੋਈ ਹੈਰਾਨੀ ਵਾਲੀ ਗੱਲ ਨਹੀਂ। ਕਸਬਾ ਸ਼ੇਰਪੁਰ ਅਤੇ ਨਾਲ ਲੱਗਦੇ ਪਿੰਡਾਂ ‘ਚ ਬੈਂਕਾਂ ਅਤੇ ਏ. ਟੀ. ਐੱਮਜ਼ ਲੁੱਟਣ ਦੀਆਂ 2 ਕੋਸ਼ਿਸ਼ਾਂ ਹੋ ਚੁੱਕੀਆਂ ਹਨ ਅਤੇ ਪਿੰਡ ਫਤਿਹਗੜ੍ਹ ਪੰਜਗਰਾਈਆਂ ‘ਚ ਤਾਂ ਏ. ਟੀ. ਐੱਮ. ਨੂੰ ਲੁੱਟ ਕੇ ਅਣਪਛਾਤੇ ਵਿਅਕਤੀ 26 ਲੱਖ ਤੋਂ ਵੱਧ ਦੀ ਨਕਦੀ ਉਡਾ ਲੈ ਗਏ ਸਨ। ਜਦਕਿ ਸ਼ੇਰਪੁਰ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਮੇਨ ਗੇਟ ਨਾਲ ਲੱਗੇ ਏ. ਟੀ. ਐੱਮ. ਨੂੰ ਕੁਝ ਦਿਨ ਪਹਿਲਾਂ ਲੁੱਟ ਦੀ ਨੀਅਤ ਨਾਲ ਤੋੜਿਆ ਜਾ ਚੁੱਕਿਆ ਹੈ ਅਤੇ ਐੱਸ. ਬੀ. ਆਈ. ਬੈਂਕ ਦੀ ਬ੍ਰਾਂਚ ਘਨੌਰੀ ਕਲਾਂ ਵਿਖੇ ਵੀ ਬੈਂਕ ਅੰਦਰ ਪਏ ਕੈਸ਼ ਨੂੰ ਲੁੱਟਣ ਦੇ ਇਰਾਦੇ ਨਾਲ ਉਸ ਦੀ ਵੀ ਭੰਨ-ਤੋੜ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਏ. ਟੀ. ਐੱਮਜ਼ ‘ਚ ਕਰੋੜਾਂ ਦੀ ਨਕਦੀ ਹੁੰਦੀ ਹੈ ਕਿਉਂਕਿ ਜੇਕਰ ਇਕ ਪਿੰਡ ਬ੍ਰਾਂਚ ‘ਤੋਂ 26 ਲੱਖ ਲੁੱਟੇ ਜਾ ਸਕਦੇ ਹਨ ਤਾਂ ਸ਼ਹਿਰਾਂ ਦੇ ਏ. ਟੀ. ਐੱਮਜ਼ ‘ਚ ਤਾਂ ਰਕਮ ਇਸ ਤੋਂ ਵੱਧ ਹੋਵੇਗੀ। ਉਕਤ ਘਟਨਾਵਾਂ ਵਾਪਰਨ ਤੋਂ ਬਾਅਦ ਵੀ ਅਜੇ ਤੱਕ ਕਿਸੇ ਵੀ ਬੈਂਕ ਵੱਲੋਂ ਏ. ਟੀ. ਐੱਮਜ਼ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਾ ਕਰਨਾ ਗਹਿਰੀ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਦਿਨਾਂ ‘ਚ ਰਾਤ ਸਮੇਂ ਪੈਂਦੀ ਸੰਘਣੀ ਧੁੰਦ ਕਰਕੇ ਲੁੱਟਾਂ-ਖੋਹਾਂ, ਚੋਰੀ ਦੀਆਂ ਵਾਰਦਾਤਾਂ ‘ਚ ਵਾਧਾ ਹੋ ਜਾਂਦਾ ਹੈ, ਜਿਸ ਕਰਕੇ ਚਾਹੀਦਾ ਤਾਂ ਇਹ ਹੈ ਕਿ ਬੈਂਕਾਂ ਇਨ੍ਹਾਂ ਦਿਨਾਂ ‘ਚ ਵਧੇਰੇ ਚੌਕਸੀ ਵਰਤਣ ਪਰ ਬੈਂਕਾਂ ਦੇ ਉੱਚ ਅਧਿਕਾਰੀਆਂ ਦਾ ਇਹ ਅਵੇਸਲਾਪਨ ਅਜਿਹੀਆਂ ਘਟਨਾਵਾਂ ਨੂੰ ਜਨਮ ਦਿੰਦਾ ਹੈ। ਬੇਸ਼ੱਕ ਬੈਂਕਾਂ ‘ਚ ਦਿਨ ਦੀ ਡਿਊਟੀ ਲਈ ਸੁਰੱਖਿਆ ਗਾਰਡ ਰੱਖੇ ਗਏ ਹਨ ਪਰ ਰਾਤ ਸਮੇਂ ਬੈਂਕਾਂ ਅਤੇ ਏ. ਟੀ. ਐੱਮਜ਼ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਦਕਿ ਸ਼ੇਰਪੁਰ ਪੁਲਸ ਵੱਲੋਂ ਰਾਤ ਸਮੇਂ ਬੈਂਕਾਂ ਦੇ ਬਾਹਰ ਲੱਗੇ ਏ. ਟੀ. ਐੱਮਜ਼ ‘ਤੇ ਬੈਂਕ ਬ੍ਰਾਂਚਾਂ ਦੀ ਚੈਕਿੰਗ ਕੀਤੀ ਜਾਂਦੀ ਹੈ, ਜਿਸ ਕਰਕੇ ਹੀ ਸ਼ੇਰਪੁਰ ਬੈਂਕ ਵਿਖੇ ਪੀ. ਐੱਨ. ਬੀ. ਬੈਂਕ ਦਾ ਏ. ਟੀ. ਐੱਮ ਲੁੱਟਣ ਤੋਂ ਬਚ ਗਿਆ। ਲੰਘੀ ਰਾਤ ਅਤੇ ਅੱਜ ਸਵੇਰੇ ‘ ਪੰਜਾਬ ਟਾਈਮਜ਼ ‘ ਪ੍ਰਤੀਨਿਧ ਵੱਲੋਂ ਸ਼ੇਰਪੁਰ ‘ਚ ਲੱਗੇ ਏ. ਟੀ. ਐੱਮਜ਼ ਦਾ ਦੌਰਾ ਕੀਤਾ ਗਿਆ ਤਾਂ ਕਿਸੇ ਵੀ ਬੈਂਕ ਅੱਗੇ ਅਤੇ ਏ. ਟੀ. ਐੱਮ. ‘ਚ ਕੋਈ ਵੀ ਸੁਰੱਖਿਆ ਕਰਮਚਾਰੀ ਨਜ਼ਰ ਨਹੀਂ ਆਇਆ, ਜਦਕਿ ਕੁਝ ਏ. ਟੀ.ਐੱਮ ਬੰਦ ਵੀ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਕੁਝ ਬੈਂਕਾਂ ‘ਚ ਲੱਗੇ ਹੂਟਰ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ 24 ਘੰਟੇ ਚੱਲਦਾ ਰੱਖਣ ਲਈ ਕੀਤੇ ਪ੍ਰਬੰਧਾਂ ‘ਚ ਵੀ ਕਈ ਵਾਰ ਕਮੀਆਂ ਸਾਹਮਣੇ ਆਈਆਂ ਹਨ, ਕਈ ਵਾਰ ਤਾਂ ਹੂਟਰ ਆਪਣੇ-ਆਪ ਹੀ ਵੱਜ ਪੈਂਦੇ ਹਨ ਪਰ ਲੋੜ ਸਮੇਂ ਕਈ ਵਾਰ ਹੂਟਰ ਵੱਜਦਾ ਹੀ ਨਹੀਂ। ਇਨ੍ਹਾਂ ਕਮੀਆਂ ਨੂੰ ਵੀ ਦੂਰ ਕਰਨ ਲਈ ਬੈਂਕ ਦੇ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ‘ਤੇ ਕਾਰਵਾਈ ਕਰਨੀ ਚਾਹੀਦੀ ਹੈ।

WRITTEN BY