ਸ਼ੇਰਪੁਰ- ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਭੂਮੀ ਕਸਬਾ ਸ਼ੇਰਪੁਰ ਕਿਸੇ ਸਮੇਂ ਜਾਣ – ਪਛਾਣ ਦਾ ਮੁਥਾਜ ਨਹੀਂ ਸੀ, ਸਗੋਂ ਸ਼ੇਰਪੁਰ ਵਿਧਾਨ ਸਭਾ ਆਪਣੇ ਆਪ ਵਿੱਚ ਇੱਕ ਪਛਾਣ ਦਾ ਕੇਂਦਰ ਸੀ ਕਿਉਂਕਿ ਵਿਧਾਨ ਸਭਾ ਹਲਕਾ ਸ਼ੇਰਪੁਰ ਹੋਣ ਕਰਕੇ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਸਾਰੀਆਂ ਹੀ ਪਾਰਟੀਆਂ ਦੇ ਵੱਡੇ – ਵੱਡੇ ਸਮਾਗਮ ਸ਼ੇਰਪੁਰ ਵਿਖੇ ਹੀ ਹੁੰਦੇ ਸਨ , ਪਰ ਹਲਕਾ ਟੁੱਟਣ ਤੋਂ ਬਾਅਦ ਜਿਵੇਂ ਸ਼ੇਰਪੁਰ ਦੀ ਹੋਂਦ ਹੀ ਖਤਮ ਹੋ ਗਈ ਹੋਵੇ।
ਇਸ ਦਾ ਕਾਰਨ ਸ਼ੇਰਪੁਰ ਬਲਾਕ ਦੇ ਪਿੰਡਾਂ ਦਾ ਦੋ ਹਿੱਸਿਆਂ ਵਿੱਚ ਵੰਡੇ ਜਾਣਾ ਹੈ ਕਿਉਂਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਬਣਨ ਨਾਲ ਸ਼ੇਰਪੁਰ ਬਲਾਕ ਦੇ 21ਪਿੰਡ ਇਸ ਨਵੇਂ ਬਣੇ ਹਲਕੇ ‘ਚ ਚਲੇ ਗਏ ਅਤੇ 17 ਪਿੰਡ ਵਿਧਾਨ ਸਭਾ ਹਲਕਾ ਧੂਰੀ ਵਿੱਚ ਚਲੇ ਗਏ । 38 ਪਿੰਡਾਂ ਤੇ ਆਧਾਰਤ ਸ਼ੇਰਪੁਰ ਬਲਾਕ ਦੋ ਹਿੱਸਿਆਂ ਚ ਵੰਡਿਆ ਗਿਆ ਜਿਸ ਕਰਕੇ ਇਨ੍ਹਾਂ 21 ਪਿੰਡਾਂ ‘ ਚ ਵਿਕਾਸ ਦੇ ਕਾਰਜ ਪੱਛੜ ਗਏ ਹਨ ਅਤੇ ਇਹ ਪਿੰਡ ਦੋ ਜ਼ਿਲ੍ਹਿਆਂ ਦਾ ਹਿੱਸਾ ਬਣ ਜਾਣ ਕਰਕੇ ਕਿਸੇ ਤਣ ਪੱਤਣ ਤੇ ਨਹੀਂ ਲੱਗ ਰਹੇ। ਸਾਲ 2002 ਵਿੱਚ ਬਰਨਾਲਾ ਸ਼ਹਿਰ ਨੂੰ ਚੋਣਾਂ ਤੋਂ ਪਹਿਲਾਂ ਜ਼ਿਲ੍ਹਾ ਬਣਾਉਣ ਦਾ ਦਰਜਾ ਦਿੱਤਾ ਗਿਆ ਸੀ ਪਰ ਉਸ ਸਮੇਂ ਇਸ ਦਾ ਵਿਸਥਾਰ ਨਹੀਂ ਹੋ ਸਕਿਆ ਉਸ ਸਮੇਂ ਤੋਂ ਹੀ ਸ਼ੇਰਪੁਰ ਨਾਲ ਸਬੰਧਤ ਪਿੰਡਾਂ ਦੇ ਲੋਕ ਇਹ ਮੰਗ ਕਰਦੇ ਆ ਰਹੇ ਹਨ ਕਿ ਸ਼ੇਰਪੁਰ ਨੂੰ ਸਬ ਡਿਵੀਜ਼ਨ ਦਾ ਦਰਜਾ ਦੇ ਕੇ ਇਸ ਨੂੰ ਜ਼ਿਲ੍ਹਾ ਬਰਨਾਲਾ ਨਾਲ ਜੋੜਿਆ ਜਾਵੇ ਅਤੇ ਬਰਨਾਲਾ ਜ਼ਿਲ੍ਹੇ ਦਾ ਵਿਸਥਾਰ ਕੀਤਾ ਜਾਵੇ ਲੋਕਾਂ ਦੀ 17 ਸਾਲਾਂ ਤੋਂ ਲਟਕਦੀ ਮੰਗ ਨੂੰ ਪੂਰਾ ਕੀਤਾ ਜਾਵੇ । ਕਸਬੇ ਨੂੰ ਜ਼ਿਲ੍ਹਾ ਬਰਨਾਲਾ ਨਾਲ ਜੋੜਨ ਦੀ ਮੰਗ ਰੱਖਣ ਵਾਲੇ ਵੱਖ ਵੱਖ ਆਗੂਆਂ ਦੀ ਵਿਚਾਰਧਾਰਾ।
2 ਜ਼ਿਲ੍ਹਿਆਂ ਦੀ ਚੱਕੀ ਦੇ ਪੁੜਾਂ ਵਿਚਾਲੇ ਪਿੱਸ ਰਹੇ ਨੇ ‘ਸਾਬਕਾ ਵਿਧਾਨ ਸਭਾ ਹਲਕਾ ਸ਼ੇਰਪੁਰ’ ਦੇ ਪਿੰਡਾਂ ਦੇ ਲੋਕ



