ਫ਼ਤਹਿਗੜ੍ਹ ਸਾਹਿਬ-“ਕਹਿਣ ਨੂੰ ਤਾਂ ਇੰਡੀਆਂ ਨੂੰ ਜਮਹੂਰੀਅਤ ਪਸ਼ੰਦ ਮੁਲਕ ਕਿਹਾ ਜਾਂਦਾ ਹੈ, ਪਰ ਜੇਕਰ ਇੰਡੀਆਂ ਦੇ ਹੁਕਮਰਾਨਾਂ ਅਤੇ ਹਾਕਮ ਜਮਾਤਾਂ ਦੇ ਪਿੱਛੋਕੜ ਤੇ ਅਜੋਕੇ ਅਮਲਾਂ ਨੂੰ ਗੌਹ ਨਾਲ ਵਾਚਿਆ ਜਾਵੇ ਤਾਂ ਇਹ ਹੁਕਮਰਾਨ ਇਥੇ ਵੱਸਣ ਵਾਲੀਆ ਘੱਟ ਗਿਣਤੀਆਂ, ਵਿਸ਼ੇਸ਼ ਤੌਰ ਤੇ ਸਿੱਖ ਕੌਮ ਨਾਲ ਲੰਮੇਂ ਸਮੇਂ ਤੋਂ ਤਾਨਾਸ਼ਾਹੀ ਅਤੇ ਫਿਰਕੂ ਸੋਚ ਅਧੀਨ ਕਾਰਵਾਈਆ ਕਰਦੇ ਆ ਰਹੇ ਹਨ । ਜੋ ਸਿੱਖ ਕੌਮ ਲਈ ਬਰਦਾਸਤ ਕਰਨ ਯੋਗ ਨਹੀਂ ਹਨ । ਜਿਵੇਂਕਿ ਹੁਣੇ ਹੀ ਯੂਪੀ ਦੇ ਪੀਲੀਭੀਤ ਵਿਖੇ ਜਦੋਂ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਨਤਮਸਤਕ ਤੇ ਸਮਰਪਿਤ ਹੁੰਦੇ ਹੋਏ ਆਪਣੀਆ ਧਾਰਮਿਕ ਮਰਿਯਾਦਾਵਾ ਅਨੁਸਾਰ ਜਮਹੂਰੀਅਤ ਅਤੇ ਅਮਨਮਈ ਲੀਹਾਂ ਤੇ ਨਗਰ ਕੀਰਤਨ ਕੱਢਿਆ ਤਾਂ ਯੂ.ਪੀ. ਦੀ ਫਿਰਕੂ ਜੋਗੀ ਹਕੂਮਤ ਦੀ ਸਹਿ ਤੇ ਪੀਲੀਭੀਤ ਦੇ ਨਿਜਾਮ ਨੇ ਸਿੱਖ ਕੌਮ ਦੇ ਇਸ ਨਗਰ ਕੀਰਤਨ ਨੂੰ ਜ਼ਬਰੀ ਰੋਕ ਕੇ ਅਤੇ ਕੋਈ 50-60 ਦੇ ਕਰੀਬ ਸਿੱਖਾਂ ਉਤੇ ਝੂਠੇ ਕੇਸ ਬਣਾਉਣ ਦੇ ਜੋ ਅਮਲ ਕੀਤੇ ਹਨ, ਇਸ ਗੱਲ ਨੂੰ ਪ੍ਰਤੱਖ ਕਰਦੇ ਹਨ ਕਿ ਸਿੱਖ ਕੌਮ ਨਾਲ ਹੁਕਮਰਾਨ ਆਪਣੇ ਹੀ ਬਣਾਏ ਵਿਧਾਨ ਦੀ ਉਲੰਘਣਾ ਕਰਕੇ ਗੁਲਾਮਾ ਵਾਲਾ ਅਤੇ ਗੈਰ-ਇਨਸਾਨੀਅਤ ਸਲੂਕ ਕਰ ਰਹੇ ਹਨ । ਜੋ ਜਮਹੂਰੀਅਤ ਕਦਰਾ-ਕੀਮਤਾ ਦਾ ਘਾਣ ਕਰਨ ਵਾਲੇ ਅਤੇ ਇਥੋਂ ਦੇ ਅਮਨ-ਚੈਨ ਨੂੰ ਸੱਟ ਮਾਰਨ ਵਾਲੀਆ ਅਸਹਿ ਕਾਰਵਾਈਆ ਹਨ। ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ ਪੰਜਾਬ ਅਤੇ ਇੰਡੀਆਂ ਦੇ ਦੂਸਰੇ ਸੂਬਿਆਂ ਵਿਚ ਵੱਸਣ ਵਾਲੀ ਸਿੱਖ ਕੌਮ ਅਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੀ ਸਿੱਖ ਕੌਮ ਨੂੰ ਇਹ ਸੰਜ਼ੀਦਗੀ ਭਰੀ ਅਪੀਲ ਕਰਨੀ ਚਾਹੇਗਾ ਕਿ ਉਪਰੋਕਤ ਸਿੱਖ ਵਿਰੋਧੀ ਕਾਰਵਾਈ ਉਪਰੰਤ ਹੁਣ ਹਰ ਸਿੱਖ ਨੂੰ ਆਪਣੇ ਮਨ-ਆਤਮਾ ਵਿਚ ਹਿੰਦੂਤਵ ਹੁਕਮਰਾਨਾਂ ਦੀ ਗੁਲਾਮੀ ਤੋਂ ਜਿੰਨੀ ਜਲਦੀ ਹੋ ਸਕੇ ਸੰਪੂਰਨ ਆਜ਼ਾਦੀ ਪ੍ਰਾਪਤ ਕਰਨ ਅਤੇ ਆਪਣਾ ਆਜ਼ਾਦ ਬਾਦਸ਼ਾਹੀ ਸਿੱਖ ਸਟੇਟ ਕਾਇਮ ਕਰਨ ਤੇ ਕੇਦਰਿਤ ਹੋਣਾ ਪਵੇਗਾ। ਇਹ ਵਿਚਾਰ ਸ. ਇਕਾਬਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੀਲੀਭੀਤ ਵਿਖੇ ਸਿੱਖ ਧਰਮ ਦੀਆਂ ਮਰਿਯਾਦਾਵਾ ਵਿਚ ਸਿੱਧੇ ਤੌਰ ਤੇ ਬਿਨ੍ਹਾਂ ਕਿਸੇ ਦਲੀਲ ਦੇ ਹੁਕਮਰਾਨਾਂ ਵੱਲੋਂ ਨਫ਼ਰਤ ਭਰੀ ਸੋਚ ਅਧੀਨ ਦਖਲ ਦੇ ਕੇ ਨਗਰ ਕੀਰਤਨ ਰੋਕਣ ਅਤੇ ਸਿੱਖਾਂ ਉਤੇ ਝੂਠੇ ਕੇਸ ਦਰਜ ਕਰਨ ਦੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸਮੁੱਚੀ ਸਿੱਖ ਕੌਮ ਨੂੰ ਹਰ ਤਰ੍ਹਾਂ ਦੀਆਂ ਵਲਗਣਾਂ ਅਤੇ ਛੋਟੇ-ਮੋਟੇ ਵਿਚਾਰਾਂ ਦੇ ਵਖਰੇਵਿਆ ਤੋਂ ਉਪਰ ਉੱਠਕੇ ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਉਤੇ ਇਕੱਤਰ ਹੋ ਕੇ ਤਾਨਾਸ਼ਾਹੀ ਹੁਕਮਰਾਨਾਂ ਦੀ ਚੁਣੋਤੀ ਨੂੰ ਪ੍ਰਵਾਨ ਕਰਦੇ ਹੋਏ ਆਪਣੀ ਮੰਜ਼ਿਲ ਵੱਲ ਦ੍ਰਿੜਤਾ ਨਾਲ ਵੱਧਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਗਿਆਨ ਗੋਦੜੀ ਗੁਰੂਘਰ, ਜਗਨਨਾਥਪੁਰੀ, ਦਿੱਲੀ ਵਿਚ ਭਗਤ ਰਵੀਦਾਸ ਜੀ ਦੇ ਗੁਰੂਘਰ ਅਤੇ ਸ੍ਰੀਨਗਰ ਵਿਚ ਗੁਰੂਘਰ ਤੇ ਮਸਜਿਦ ਨੂੰ ਢਹਿ-ਢੇਰੀ ਕਰਨ ਦੇ ਅਮਲ ਅਤੇ ਹੁਣੇ ਹੀ ਮੱਧ ਪ੍ਰਦੇਸ਼ ਵਿਚ ਸਿੱਖ ਕੌਮ ਦੇ ਕਾਤਲ ਮੁੱਖ ਮੰਤਰੀ ਕਮਲਨਾਥ ਦੀ ਸਹਿ ਤੇ ਉਥੇ ਲੰਮੇਂ ਸਮੇਂ ਤੋਂ ਵੱਸਦੇ ਆ ਰਹੇ ਸਿੱਖਾਂ ਦੇ ਘਰਾਂ ਤੇ ਕਾਰੋਬਾਰਾਂ ਉਤੇ ਸਾਜ਼ਸੀ ਹਮਲੇ ਹੋਣ ਦੀ ਗੱਲ ਪ੍ਰਤੱਖ ਕਰਦੀ ਹੈ ਕਿ ਸਿੱਖਾਂ ਵੱਲੋਂ ਹੁਣ ਹਿੰਦੂਤਵ ਕੱਟੜਵਾਦੀ ਸੋਚ ਵਾਲਿਆ ਦੀਆਂ ਤਾਨਾਸ਼ਾਹੀ ਸੋਚ ਤੇ ਅਮਲਾਂ ਵਿਰੁੱਧ ਪ੍ਰਭਾਵਸ਼ਾਲੀ ਢੰਗ ਨਾਲ ਜੱਦੋਂ-ਜ਼ਹਿਦ ਕਰਨ ਅਤੇ ਆਪਣੀ ਕੌਮੀ ਅਣਖ ਤੇ ਗੈਰਤ ਨੂੰ ਹਰ ਕੀਮਤ ਤੇ ਜਿਊਦਾ ਰੱਖਣ ਦਾ ਸਮਾਂ ਆ ਗਿਆ ਹੈ। ਖ਼ਾਲਸਾ ਪੰਥ ਦੇ ਝੰਡੇ ਹੇਠ ਅਤੇ ਸਿਆਸੀ ਤੌਰ ਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗੀ ਕੌਮੀ ਦ੍ਰਿੜ ਸਖਸ਼ੀਅਤ ਦੀ ਅਗਵਾਈ ਵਿਚ ਇਕੱਤਰ ਹੋ ਕੇ ਆਪਣੀ ਮੰਜ਼ਿਲ ਵੱਲ ਵੱਧਣ ਲਈ ਕਮਰਕੱਸੇ ਕਰ ਲੈਣ ਤਾਂ ਕਿ ਆਉਣ ਵਾਲੇ ਸਮੇਂ ਵਿਚ ਹਿੰਦੂਤਵ ਹੁਕਮਰਾਨਾਂ ਦੀਆਂ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਵਿਰੋਧੀ ਸੋਚ ਦਾ ਕੌਮਾਂਤਰੀ ਪੱਧਰ ਤੇ ਜਿਥੇ ਦਲੀਲ ਨਾਲ ਜੁਆਬ ਦਿੱਤਾ ਜਾ ਸਕੇ, ਉਥੇ ਆਪਣੀ ਆਜ਼ਾਦੀ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਦੇ ਮਿਸ਼ਨ ਪ੍ਰਤੀ ਦੂਸਰੇ ਮੁਲਕਾਂ ਅਤੇ ਯੂ.ਐਨ.ਓ. ਵਰਗੀ ਕੌਮਾਂਤਰੀ ਜਥੇਬੰਦੀ ਨੂੰ ਸਹਿਮਤ ਕਰਕੇ ਆਪਣੇ ਇਸ ਬਫ਼ਰ ਸਟੇਟ ਨੂੰ ਕਾਇਮ ਕਰਨ ਵਿਚ ਭੂਮਿਕਾ ਨਿਭਾਅ ਸਕੀਏ । ਸ. ਟਿਵਾਣਾ ਨੇ ਸਮੁੱਚੀ ਸਿੱਖ ਕੌਮ ਨੂੰ ਇਹ ਵੀ ਅਪੀਲ ਕੀਤੀ ਕਿ ਜੋ ਕੌਮਾਂ ਆਪਣੇ ਸ਼ਹੀਦਾਂ ਅਤੇ ਆਪਣੀਆ ਮਹਾਨ ਰਵਾਇਤਾਂ ਨੂੰ ਵਿਸਾਰ ਦੇਵੇ, ਉਹ ਕੌਮ ਲੰਮਾਂ ਸਮਾਂ ਜਿਊਦੀ ਨਹੀਂ ਰਹਿ ਸਕਦੀ।
ਪੀਲੀਭੀਤ (ਯੂ.ਪੀ.) ਵਿਖੇ ਨਿਜ਼ਾਮ ਵੱਲੋਂ ਨਗਰ ਕੀਰਤਨ ‘ਤੇ ਲਗਾਈ ਰੋਕ ਫਿਰਕੂ ਨਫ਼ਰਤ ਦਾ ਨਤੀਜਾ



