ਖ਼ਾਲਸਾ ਪੰਥ ਦੇ ਬਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਨੀ ਸਾਰੀ ਦੁਨੀਆਂ ਅੰਦਰ ਕੋਈ ਨਹੀਂ ਦਿਸਦਾ । ਸਾਰਾ ਪਰਿਵਾਰ ਵਾਰ ਕੇ ਫਿਰ ਵੀ ਚੜ੍ਹਦੀ ਕਲਾ ਵਿਚ ਰਹਿਣਾ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਕਰ ਸਕਦੇ ਸਨ । ਆਪ ਜੀ ਦੀ ਵਡਿਆਈ ਵੱਡੀ ਹੈ । ਆਪ ਜੀ ਦੀ ਉਸਤਤੀ ਕਰਨ ਸਮੇਂ ਸ਼ਬਦ ਘੱਟ ਪੈ ਜਾਂਦੇ ਹਨ । ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ, ਉਨ੍ਹਾਂ ਦੀ ਹਰ ਗੱਲ, ਹਰ ਕਿਰਿਆ, ਹਰ ਕਰਤੱਵ ਹੀ ਉਤਮ ਤੋਂ ਉਚਤਮ ਦਰਜੇ ਦੀ ਚੜ੍ਹਦੀ ਕਲਾ ਦਾ ਸਾਕਾਰ ਰੂਪ ਸੀ । ਉਹ ਜਿਥੇ ਸਹਿਜ, ਸਚਾਈ, ਨੇਕੀ ਤੇ ਭਗਤੀ ਦੀ ਸਾਖਿਆਤ ਮੂਰਤ ਸਨ ਉਥੇ ਅਣਖ ਤੇ ਸ਼ਕਤੀ ਦੇ ਸੋਮੇ, ਕਥਨੀ ਤੇ ਕਰਨੀ ਦੇ ਸੂਰੇ, ਕਲਮ ਤੇ ਤਲਵਾਰ ਦੇ ਧਨੀ ਵੀ ਸਨ । ਦੇਗ ਤੇਗ ਫਤਹਿ ਉਨ੍ਹਾਂ ਦਾ ਬੋਲਾ ਅਤੇ ”ਸਤਿ ਸ੍ਰੀ ਅਕਾਲ” ਜੈਕਾਰਾ ਸੀ । ਆਪ ਦੀ ਉਸਤਤੀ ਵਿਚ ਬਹੁਤ ਕੁਝ ਲਿਖਿਆ ਗਿਆ ਹੈ ਪਰ ਫਿਰ ਵੀ ਆਪ ਜੀ ਦੀ ਬਹੁਪੱਖੀ ਸ਼ਖ਼ਸੀਅਤ ਦੇ ਕੁਝ ਪਹਿਲੂਆਂ ਨੂੰ ਹੀ ਉਘਾੜਿਆ ਜਾ ਸਕਿਆ ਹੈ । ਆਪ ਦੀ ਸ਼ਖ਼ਸੀਅਤ ਦੇ ਅਨੇਕ ਰੰਗਾਂ ਨੂੰ ਕੇਵਲ ਉਹ ਆਪ ਹੀ ਜਾਣਦੇ ਹਨ। ਪੰਥ ਦੇ ਵਾਲੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪੋਹ ਸੁਦੀ ਸਤਵੀਂ ਮੁਤਾਬਿਕ 1666 ਈਸਵੀ ਨੂੰ ਪਟਨਾ ਸ਼ਹਿਰ (ਬਿਹਾਰ) ਵਿਖੇ ਹੋਇਆ । ਆਪ ‘ਬਚਿੱਤ੍ਰ ਨਾਟਕ’ ਵਿਚ ਇਸ ਸਬੰਧੀ ਕਥਨ ਕਰਦੇ ਹਨ :
ਤਹੀ ਪ੍ਰਕਾਸ ਹਮਾਰਾ ਭਪੋ ਪਟਨਾ ਸਹਰ ਬਿਖੈ ਭਵ ਲਪੋ
ਇਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਢਾਕਾ, ਬੰਗਾਲ ਤੇ ਅਸਾਮ ਆਦਿ ਦੇ ਇਲਾਕਿਆਂ ਵਿਚ ਸਿੱਖ ਧਰਮ ਦੇ ਪ੍ਰਚਾਰ ਲਈ ਗਏ ਹੋਏ ਸਨ । ਦਸਮੇਸ਼ ਪਿਤਾ ਦੇ ਪਹਿਲੇ ਪੰਜ ਕੁ ਸਾਲ ਪਟਨੇ ਵਿਚ ਹੀ ਬੀਤੇ ਅਤੇ ਇਸ ਸਮੇਂ ਦੌਰਾਨ ਉਥੇ ਹੀ ਆਪ ਨੇ ਵਿੱਦਿਆ ਵੀ ਲਈ । ਆਪ ਜੀ ਨੂੰ ਗੁਰਮੁਖੀ ਅਤੇ ਗੁਰਬਾਣੀ ਦੀ ਵਿੱਦਿਆ ਦੇ ਨਾਲ-ਨਾਲ ਘੋੜ-ਸਵਾਰੀ, ਨੇਜ਼ਾ-ਬਾਜ਼ੀ, ਤਲਵਾਰ-ਬਾਜ਼ੀ ਅਤੇ ਤੀਰ-ਅੰਦਾਜ਼ੀ ਆਦਿ ਦੀ ਵੀ ਮੁੱਢਲੀ ਸਿਖਲਾਈ ਦਿੱਤੀ ਗਈ ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੀਵਨ ਘਟਨਾਵਾਂ ਵਿੱਚੋਂ ਖਾਲਸਾ ਸਿਰਜਣਾ ਦੀ ਗਾਥਾ ਅਸਲੋਂ ਹੀ ਵਿਲੱਖਣ ਅਤੇ ਨਿਵੇਕਲੀ ਹੈ । ਦੁਨੀਆਂ ਦੇ ਇਤਿਹਾਸ ਵਿਚ ਕਿਧਰੇ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਦੋਂ ਕਿਸੇ ਰਹਿਬਰ ਵੱਲੋਂ ਆਪਣੇ ਚੇਲਿਆਂ ਨੂੰ ਆਪਣੇ ਬਰਾਬਰ ਦੀ ਮਾਨਤਾ ਦਿੱਤੀ ਗਈ ਹੋਵੇ । ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਆਪ ਉਨ੍ਹਾਂ ਪਾਸੋਂ ਅੰਮ੍ਰਿਤ ਛਕ ਕੇ ‘ਗੁਰੂ ਤੋਂ ਚੇਲਾ’ ਹੋਣ ਦਾ ਇਤਿਹਾਸ ਸਿਰਜਿਆ । ਭਾਈ ਗੁਰਦਾਸ ਸਿੰਘ ਆਪਣੀ ਵਾਰ ਵਿਚ ਇਸ ਸਮੇਂ ਨੂੰ ਆਪਣੀ ਕਲਮ ਰਾਹੀਂ ਬਿਆਨਦਿਆਂ ਹੋਇਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਫ ਵਿਚ ਆਖਦੇ ਹਨ :
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ
ਜੇਕਰ ਇਤਿਹਾਸ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਖਾਲਸੇ ਦੇ ਕਾਰਨਾਮਿਆਂ ਨੂੰ ਤੱਕੀਏ ਤਾਂ ਖਾਲਸੇ ਨੇ ਹੱਕ-ਸੱਚ ਖ਼ਾਤਰ ਜਾਬਰ ਮੁਗ਼ਲ ਸਾਮਰਾਜ ਨਾਲ ਹਥਿਆਰਬੰਦ ਯੁੱਧਾਂ ਵਿਚ ਜਿੱਤਾਂ ਪ੍ਰਾਪਤ ਕੀਤੀਆਂ । ਸਦੀਆਂ ਤੋਂ ਬੁਜ਼ਦਿਲ ਅਤੇ ਕਾਇਰ ਸਮਝੇ ਜਾਂਦੇ ਨੀਵੀਆਂ ਸ਼੍ਰੇਣੀਆਂ ਦੇ ਲੋਕਾਂ ਨੇ ਵੀ ਖੰਡੇ-ਬਾਟੇ ਦੀ ਪਾਹੁਲ ਛਕ ਕਹਿੰਦੇ ਕਹਾਉਂਦੇ ਲੜਾਕੂਆਂ ਨੂੰ ਜੰਗਾਂ ਵਿਚ ਕਰਾਰੀ ਮਾਤ ਦਿੱਤੀ । ਪਰ ਇਹ ਵੀ ਧਿਆਨਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਸਗੋਂ ਆਪ ਨੇ ਅਤੇ ਖਾਲਸੇ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਉਹ ਕੇਵਲ ਹੱਕ ਸੱਚ ਦੀ ਪਹਿਰੇਦਾਰੀ ਕਰਦਿਆਂ ਹੀ ਲੜੀਆਂ । ਆਪ ਸਾਰੀ ਮਨੁੱਖਤਾ ਨਾਲ ਪਿਆਰ ਕਰਦੇ ਸਨ । ਸਭ ਵਿਚ ਇੱਕ ਪਰਮਾਤਮਾ ਦੀ ਜੋਤਿ ਅਨੁਭਵ ਕਰਦੇ ਸਨ । ਪਾਤਸ਼ਾਹ ਤਾਂ ਖੁਦ ‘ਅਕਾਲ ਉਸਤਤ’ ਵਿਚ ਫੁਰਮਾਉਂਦੇ ਹਨ :
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ
ਆਪ ਜੀ ਸਿੱਖ ਧਰਮ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਕੇ ‘ਸਰਬੰਸ ਦਾਨੀ’ ਅਖਵਾਏ। ਛੋਟੀ ਉਮਰ ਵਿਚ ਪਿਤਾ ਦੀ ਕੁਰਬਾਨੀ, ਚਮਕੌਰ ਦੀ ਜੰਗ ਵਿਚ ਵੱਡੇ ਸਾਹਿਬਜ਼ਾਦੇ ਅਤੇ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਦੀ ਸ਼ਹਾਦਤ ਸਾਡੇ ਸਾਰਿਆਂ ਦੇ ਸਾਹਮਣੇ ਹੈ । ਆਪ ਵਿਚ ਏਨੀ ਸ਼ਕਤੀ ਸੀ ਕਿ ਆਪ ਜਿਸ ‘ਤੇ ਵੀ ਕਿਰਪਾ ਕਰਦੇ ਸਨ, ਉਹ ਦੁਸ਼ਮਣ ਦਲ ਨਾਲ ਟੱਕਰ ਲੈਣ ਲਈ ਉਤਾਵਲਾ ਹੋ ਜਾਂਦਾ ਸੀ । ਇਸ ਦੀ ਮਿਸਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿਚ ਸਾਡੇ ਸਾਹਮਣੇ ਹੈ । ਉਸ ਤੋਂ ਬਾਅਦ ਨਵਾਬ ਕਪੂਰ ਸਿੰਘ ਸੁਲਤਾਨ-ਉਲ-ਕੌਮ, ਬਾਬਾ ਜੱਸਾ ਸਿੰਘ ਆਹਲੂਵਾਲੀਆ ਸਿੱਖਾਂ ਦੀ ਖਿੰਡ ਚੁਕੀ ਸ਼ਕਤੀ ਨੂੰ ਸੰਗਠਤ ਕਰਨ, ਜਾਗੀਰਦਾਰੀ ਪ੍ਰਬੰਧ ਦੀਆਂ ਜੜ੍ਹਾਂ ਹਿਲਾਉਣ, ਸੁਤੰਤਰ ਲੋਕ ਰਾਜ ਦੀ ਸਥਾਪਨਾ ਕਰਨ, ਦੱਬੇ-ਕੁਚਲੇ ਲੋਕਾਂ ਦੇ ਮਨਾਂ ‘ਚ ਆਤਮ ਵਿਸ਼ਵਾਸ ਪੈਦਾ ਕਰਨ ਅਤੇ ਪਰਮਾਤਮਾ ‘ਚ ਭਰੋਸਾ ਰੱਖ ਕੇ ਹਰ ਕੰਮ ਨੂੰ ਫਤਹਿ ਕਰਨ ਵਾਲੇ ਸਿੱਖ ਕੌਮ ਦੇ ਸੂਰਬੀਰ ਯੋਧਿਆਂ ਦਾ ਯੋਗਦਾਨ ਅਹਿਮ ਹੈ । ਅੱਜ ਵੀ ਜਦੋਂ ਅਸੀਂ ਜ਼ੁਲਮ ਤੇ ਅੱਤਿਆਚਾਰ ਵਿਰੁੱਧ ਆਵਾਜ਼ ਬੁਲੰਦ ਕਰਦੇ ਹਾਂ ਤਾਂ ਅਦਰਸ਼ ਸਰੂਪ ਸ਼ਹੀਦ ਸਿੰਘ ਸਾਹਮਣੇ ਆ ਕੇ ਸਾਡੀ ਅਗਵਾਈ ਕਰਦੇ ਹਨ। ਇਹ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਰ ਦਾ ਹੀ ਕਮਾਲ ਕਿਹਾ ਜਾ ਸਕਦਾ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਵੱਡੀ ਹੈ। ਸਾਨੂੰ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ‘ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ । ਉਨ੍ਹਾਂ ਨੇ ਪੰਜ ਕਕਾਰੀ ਰਹਿਤ ਦੇ ਧਾਰਨੀ ਬਣ ਕੇ ਸਿੱਖ ਨੂੰ ਵੱਖਰੀ ਪਛਾਣ ਦਿੱਤੀ ਹੈ ।
ਇਸ ਤਰ੍ਹਾਂ ਸਾਡਾ ਵਿਰਸਾ ਬਹੁਤ ਮਹਾਨ ਹੈ ਪਰ ਸਾਡੀ ਨੌਜਵਾਨੀ ਨਸ਼ਿਆਂ ਤੇ ਪਤਿਤਪੁਣੇ ਦਾ ਸ਼ਿਕਾਰ ਹੋ ਰਹੀ ਹੈ । ਇਸ ਮਾਰੂ ਬਿਮਾਰੀ ਤੋਂ ਬਚਾਉਣ, ਗੁਰਸਿੱਖੀ ਮਾਰਗ ‘ਤੇ ਨੌਜਵਾਨ ਪੀੜ੍ਹੀ ਨੂੰ ਤੋਰਨ ਵਾਸਤੇ ਆਪ ਜੀ ਦਾ ਪ੍ਰਕਾਸ਼ ਪੁਰਬ ਸਾਡੇ ਲਈ ਮਾਰਗ-ਦਰਸ਼ਨ ਕਰਦਾ ਹੈ । ਇਸ ਮੌਕੇ ‘ਤੇ ਸਾਡਾ ਫਰਜ਼ ਹੈ ਕਿ ਅਸੀਂ ਗੁਰੂ ਹੁਕਮਾਂ ‘ਤੇ ਪਹਿਰਾ ਦੇਈਏ । ਇਸ ਨਾਲ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਸੁਨੇਹਾ ਦੁਨੀਆਂ ਵਿਚ ਜਾ ਸਕੇਗਾ।
ਖ਼ਾਲਸਾ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ



