Skip to content
Independent perspectives. Global stories.
BREAKING

ਪੁਲਿਸ ਵੱਲੋਂ ਕੋਹ-ਕੋਹ ਕੇ ਸ਼ਹੀਦ ਕੀਤੇ ਗਏ-ਜਥੇਦਾਰ ਗੁਰਦੇਵ ਸਿੰਘ ਕਾਉਂਕੇ

Share this story

ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ
ਮਨੁੱਖੀ ਹੱਕਾਂ ਦੇ ਸਰਗਰਮ ਆਗੂ ਰਹੇ ਸ੍ਰੀ ਰਾਮ ਨਰਾਇਣ ਕੁਮਾਰ ਨੇ ‘ਟੈਰਰ ਇਨ ਪੰਜਾਬ’ ਨਾਮੀ ਕਿਤਾਬ ਦੇ ਪੰਨਾ 61 ਉੱਤੇ ਲਿਖਿਆ ਹੈ ਕਿ ਸੈਣੀ ਨੇ ਭਾਈ ਸਾਹਿਬ ਨੂੰ ਨੰਗਾ ਕਰ ਕੇ, ਪੁੱਠਾ ਟੰਗ ਕੇ ਖ਼ੁਦ ਤਸ਼ੱਦਦ ਕੀਤਾ ਤੇ ਸਿਗਰੇਟ ਦਾ ਧੂੰਆ ਮੂੰਹ ਉੱਤੇ ਛੱਡਿਆ।
ਰਾਮ ਨਰਾਇਣ ਕੁਮਾਰ ਅਨੁਸਾਰ- ਭਾਈ ਸਾਹਿਬ ਨੇ ਸੈਣੀ ਨੂੰ ਸਿਗਰੇਟ ਦਾ ਧੂੰਆਂ ਮੂੰਹ ਉੱਤੇ ਨਾ ਸੁੱਟਣ ਦੀ ਬੇਨਤੀ ਕੀਤੀ ਕਿ ਇਹ ਸਿੱਖੀ ਵਿੱਚ ਮਨ੍ਹਾ ਹੈ, ਤਾਂ ਅੱਗੋਂ ਸੈਣੀ ਨੇ ਟਾਂਚ ਕੀਤੀ ਕਿ ‘ਕੀ ਕਰ ਲਵੇਂਗਾ…?’ ਤਾਂ ਭਾਈ ਸਾਹਿਬ ਨੇ ਸੈਣੀ ਦੇ ਮੂੰਹ ਉੱਤੇ ਕਰਾਰਾ ਥੱਪੜ ਛੱਡਿਆ। ਇਸ ਮਗਰੋਂ ਪੁਲੀਸ ਨੇ ਜ਼ੁਲਮ ਵਾਲ਼ੀ ਇੰਤਹਾ ਕਰ ਦਿੱਤੀ।
ਭਾਈ ਸਾਹਿਬ ਦੀ ਲੋਕਾਂ ਵਿੱਚ ਵਧੀ ਹੋਈ ਸਾਖ਼ ਤੋਂ ਪੁਲੀਸ ਚਿੰਤਤ ਸੀ। ਲੋਕਾਂ ਲਈ ਭਾਈ ਸਾਹਿਬ ‘ਭਿੰਡਰਾਂਵਾਲ਼ਾ ਸੰਤਾਂ ਦਾ ਦੂਜਾ ਰੂਪ’ ਹੀ ਸਨ। ਹਰ ਰੋਜ਼ ਪਿੰਡ ਕਾਉਂਕੇ ਦੇ ਗੁਰਦੁਆਰਾ ਸਾਹਿਬ ਵਿੱਚ ਸਿੱਖ ਸੰਗਤਾਂ ਉਹਨਾਂ ਨੂੰ ਮਿਲ਼ਣ, ਮਸਲੇ ਸੁਲਝਾਉਣ ਅਤੇ ਵਿਚਾਰਾਂ ਕਰਨ ਪੁੱਜ ਜਾਂਦੀਆਂ ਸੀ, ਜਿਨ੍ਹਾਂ ਨੂੰ ਪੁਲੀਸ ਵਾਲ਼ੇ ਭਜਾ ਦਿੰਦੇ ਪਰ ਲੋਕ ਫਿਰ ਆ ਜਾਂਦੇ। ਭਾਈ ਸਾਹਿਬ ਦੇ ਬੋਲਾਂ ਅੰਦਰੋਂ ਸਿੱਖੀ ਪ੍ਰਤੀ ਪਿਆਰ ਫੁੱਟ-ਫੁੱਟ ਝਲਕਦਾ ਸੀ। ਸਰਕਾਰੀ ਜ਼ੁਲਮ ਦੇ ਮਾਰੇ ਲੋਕ ਉਹਨਾਂ ਕੋਲ਼ ਪੁੱਜਦੇ ਤਾਂ ਭਾਈ ਸਾਹਿਬ ਉਹਨਾਂ ਦਾ ਦਰਦ ਵੰਡਾਉਂਦੇ। ਭਾਈ ਸਾਹਿਬ ਕਹਿੰਦੇ ਹੁੰਦੇ ਸੀ- “ਸਰਕਾਰ ਨੇ ਸਿੱਖੀ ਮੁਕਾਉਣ ਦਾ ਤਹੱਈਆ ਕੀਤਾ ਹੋਇਆ ਹੈ, ਆਓ ਆਪਾਂ ਸਾਰੇ ਸਿੱਖੀ ਵਿੱਚ ਪ੍ਰਪੱਕ ਹੋ ਕੇ ਸਰਕਾਰੀ ਚਾਲ ਨੂੰ ਫੇਲ੍ਹ ਕਰ ਦੇਈਏ…।”
ਉਹਨਾਂ ਦੇ ਬੋਲਾਂ ਉੱਤੇ ਫੁੱਲ ਚੜ੍ਹਾ ਕੇ ਹਜ਼ਾਰਾਂ ਸਿੱਖਾਂ ਨੇ ਅੰਮ੍ਰਿਤਪਾਨ ਕੀਤਾ। ਪੁਲੀਸ ਨੂੰ ਇਹੀ ਚਿੜ੍ਹ ਸੀ ਕਿ ਭਾਈ ਸਾਹਿਬ ਸਿੱਖਾਂ ਅੰਦਰ ਸਿੱਖੀ ਦਾ ਜਜ਼ਬਾ ਪ੍ਰਚੰਡ ਕਰ ਰਹੇ ਹਨ। ਪੁਲੀਸ ਸੋਚਦੀ ਸੀ ਕਿ ਜਿਸ ਵੀ ਸਿੱਖ ਅੰਦਰ ਪੰਥਕ ਜਜ਼ਬਾ ਹੋਵੇਗਾ, ਉਹ ਅੰਮ੍ਰਿਤਧਾਰੀ ਹੋ ਕੇ ਸਿੱਖ ਹੱਕਾਂ ਦੀ ਰਾਖੀ ਲਈ ਨਿੱਤਰੇਗਾ। ਇਸ ਕਰਕੇ ਉਹ ਭਾਈ ਸਾਹਿਬ ਨੂੰ ਵਾਰ-ਵਾਰ ਨਿਸ਼ਾਨਾ ਬਣਾ ਰਹੇ ਸੀ ਕਿ ਭਾਈ ਸਾਹਿਬ ਵੀ ਹੋਰਨਾਂ ਕਈਆਂ ਵਾਂਗ ਖ਼ਾਮੋਸ਼ ਹੋ ਜਾਣ। ਕਈ ਪੁਲੀਸ ਕਰਮਚਾਰੀ ਇਹ ਵੀ ਸੋਚਦੇ ਸਨ ਕਿ ਸਿੱਖੀ ਦਾ ਪ੍ਰਚਾਰ ਕਰਨਾ ਤਾਂ ਕੋਈ ਗ਼ੈਰ ਕਨੂੰਨੀ ਗੱਲ ਨਹੀਂ। ਆਪਣੇ ਧਰਮ ਵਿੱਚ ਪ੍ਰਪੱਕ ਹੋਣ ਲਈ ਕਹਿਣਾ ਕਿਵੇਂ ਗ਼ਲਤ ਹੈ? ਉਹ ਇਹ ਵੀ ਸੋਚਦੇ ਸੀ ਕਿ ਜਿਹੜੀ ਸਖ਼ਸ਼ੀਅਤ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਮਾਰੇ ਜਾਣ ਖ਼ਿਲਾਫ਼ ਤੇ ਬੇਦੋਸ਼ੇ ਲੋਕਾਂ ਦੇ ਮਾਰੇ ਜਾਣ ਖ਼ਿਲਾਫ਼ ਨਿੱਤਰੀ ਹੋਈ ਹੋਵੇ, ਉਸ ਨੂੰ ਤਾਂ ਸਰਕਾਰ ਹੋਰ ਮੌਕਾ ਦੇਵੇ, ਪਰ ਇਹ ਪੁਲਸੀਏ ਇਹ ਨਹੀਂ ਸੀ ਜਾਣਦੇ ਕਿ ਸਿੱਖ ਜੁਝਾਰੂਆਂ ਤੇ ਪੁਲੀਸ ਮੁਲਾਜ਼ਮਾਂ ਵਿੱਚ ਸਿੱਧੀ ਟੱਕਰ ਲਵਾਉਣ ਲਈ ਸਰਕਾਰ ਤਾਂ ਖ਼ੁਦ ਹੀ ਨਕਲੀ ਖਾੜਕੂਆਂ ਤੋਂ ਪੁਲੀਸ ਮੁਲਾਜ਼ਮਾਂ ਦੇ ਟੱਬਰ ਮਰਵਾ ਰਹੀ ਹੈ। ਜੇ ਇਹ ਹਕੀਕਤ ਸਾਮ੍ਹਣੇ ਆ ਜਾਂਦੀ ਕਿ ਪੁਲੀਸ ਮੁਲਾਜ਼ਮਾਂ ਉੱਤੇ ਹਮਲੇ ਸਰਕਾਰੀ ਕਰਿੰਦੇ ਹੀ ਕਰ ਰਹੇ ਹਨ ਤਾਂ ਪੁਲੀਸ ਮੁਲਾਜ਼ਮਾਂ ਦਾ ਸਾਰਾ ਰੁਖ਼ ਹੀ ਬਦਲ ਸਕਦਾ ਸੀ। ਇਸੇ ਕਰਕੇ ਸਰਕਾਰੀ ਅਫ਼ਸਰ ਭਾਈ ਸਾਹਿਬ ਨੂੰ ਖ਼ਾਮੋਸ਼ ਕਰਵਾਉਣ ਲਈ ਬਜਿੱਦ ਸਨ। ਭਾਈ ਸਾਹਿਬ ਸਿੱਖ ਹੱਕਾਂ ਦੀ ਰਾਖੀ ਲਈ ਜੂਝਣ ਦੇ ਹੱਕ ਵਿੱਚ ਸਨ ਪਰ ਉਹ ਕਿਸੇ ਵੀ ਅਜਿਹੇ ਕੰਮ ਨਾਲ਼ ਸਹਿਮਤ ਨਹੀਂ ਸਨ ਹੋ ਸਕਦੇ, ਜਿਹੜਾ ਸਿੱਖ ਸਿਧਾਂਤਾਂ ਦੇ ਖ਼ਿਲਾਫ਼ ਹੋਵੇ।
ਵੇਖਿਆ ਗਿਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਖਾੜਕੂਆਂ ਦਾ ਜ਼ੋਰ ਵਧ ਜਾਂਦਾ ਸੀ, ਓਥੇ ਹੀ ਸਰਕਾਰੀ ਕਰਿੰਦੇ ਪੁਲੀਸ ਮੁਲਾਜ਼ਮਾਂ ਦੇ ਟੱਬਰ ਅਤੇ ਬੇਦੋਸ਼ੇ ਸਿੱਖਾਂ ਦਾ ਘਾਣ ਕਰ ਕੇ ਲੋਕਾਂ ਨੂੰ ਖਾੜਕੂਆਂ ਦੇ ਖ਼ਿਲਾਫ਼ ਕਰ ਦਿੰਦੇ ਰਹੇ। ਅੱਜ ਵੀ ਉਸ ਦੌਰ ਵਿੱਚ ਹੋਏ ਕਈ ਵੱਡੇ ਕਤਲੇਆਮਾਂ ਦੀ ਸਪਸ਼ਟਤਾ ਨਹੀਂ ਹੋ ਸਕੀ ਕਿ ਇਹ ਕਿਸ ਜਥੇਬੰਦੀ ਨੇ ਕੀਤੇ। ਸਮਾਂ ਬੀਤਣ ਦੇ ਨਾਲ਼-ਨਾਲ਼ ਇਹ ਵਿਚਾਰ ਪ੍ਰਪੱਕ ਹੁੰਦਾ ਜਾਂਦਾ ਹੈ ਕਿ ਜੁਝਾਰੂਆਂ ਦੀ ਸਾਖ਼ ਮਾਰਨ ਲਈ ਕੈਟਾਂ ਤੋਂ ਇਹ ਕਾਰੇ ਕਰਵਾਏ ਗਏ।
ਮਨੁੱਖੀ ਹੱਕਾਂ ਦੇ ਸਰਗਰਮ ਕਾਰਕੁੰਨ ਰਹੇ ਸ੍ਰੀ ਰਾਮ ਨਰਾਇਣ ਕੁਮਾਰ ਦੀ ਕਿਤਾਬ ‘ਟੈਰਰ ਇਨ ਪੰਜਾਬ’ ਦੇ ਪੰਨਾ 70 ਉੱਤੇ ਇੱਕ ਪੁਲੀਸ ਅਫ਼ਸਰ ਦਾ ਬਿਆਨ ਦਰਜ਼ ਹੈ ਕਿ ਭਾਈ ਸਾਹਿਬ ਨਾਲ਼ ਪੁਲੀਸ ਹਿਰਾਸਤ ਵਿੱਚ ਕਿਸ ਤਰ੍ਹਾਂ ਘਟੀਆ ਵਿਹਾਰ ਕੀਤਾ ਜਾਂਦਾ ਰਿਹਾ। ਦਰਅਸਲ ਭਾਈ ਸਾਹਿਬ ਦਾ ਨਜ਼ਰੀਆ ਅਤੇ ਪੰਥਕ ਜਜ਼ਬਾਤਾਂ ਦੀ ਤਰਜ਼ਮਾਨੀ ਕਰਨਾ ਸਰਕਾਰ ਨੂੰ ਮਨਜ਼ੂਰ ਨਹੀਂ ਸੀ ਤੇ ਉਹ ਹਿਰਾਸਤ ਵਿੱਚ ਲੈ ਕੇ ਜ਼ਲੀਲ ਕਰ ਕੇ ਉਹਨਾਂ ਨੂੰ ਝੁਕਾਉਣ ਲਈ ਹਰ ਸੰਭਵ ਹੀਲਾ ਵਰਤ ਰਹੀ ਸੀ।
ਭਾਈ ਸਾਹਿਬ ਕਿਸੇ ਖਾੜਕੂ ਸਰਗਰਮੀ ਵਿੱਚ ਤਾਂ ਦਖ਼ਲਅੰਦਾਜ਼ੀ ਕਰਦੇ ਨਹੀਂ ਸੀ, ਸੋ ਪੁਲੀਸ ਨੂੰ ਉਹਨਾਂ ਉੱਤੇ ਤਸ਼ੱਦਦ ਕਰਨ ਲਈ ਝੂਠੇ ਬਹਾਨੇ ਘੜਨੇ ਪੈਂਦੇ। ਹਿਰਾਸਤ ਵਿੱਚ ਪੁਲੀਸ ਅਫ਼ਸਰ ਭਾਈ ਸਾਹਿਬ ਨੂੰ ਉਹਨਾਂ ਖਾੜਕੂ ਵਾਰਦਾਤਾਂ ਬਾਰੇ ਪੁੱਛਦੇ, ਜਿਨ੍ਹਾਂ ਦਾ ਉਹਨਾਂ ਨੂੰ ਨਾ ਕੋਈ ਇਲਮ ਸੀ ਤੇ ਨਾ ਹੋ ਸਕਦਾ ਸੀ। ਸੱਚਾਈ ਦਾ ਪਤਾ ਤਾਂ ਪੁਲੀਸ ਅਫ਼ਸਰਾਂ ਨੂੰ ਵੀ ਸੀ ਕਿ ਇਹ ਬੇਦੋਸ਼ੇ ਹਨ ਪਰ ‘ਉੱਪਰੋਂ ਆਏ ਹੁਕਮਾਂ’ ਤਹਿਤ ਉਹ ਤਸ਼ੱਦਦ ਕਰਦੇ ਰਹਿੰਦੇ। ਮੂਲ ਮੁੱਦਾ ਇਹੀ ਸੀ ਕਿ ਭਾਈ ਸਾਹਿਬ ਡਰ ਕੇ ਦੜ ਵੱਟ ਜਾਣ। ਪੁਲੀਸ ਤਾਂ ਭਾਈ ਸਾਹਿਬ ਅੰਦਰ ਖ਼ੌਫ਼ ਪੈਦਾ ਕਰਨਾ ਚਾਹੁੰਦੇ ਸੀ ਕਿ ਜੇ ਉਹਨਾਂ ਆਪਣਾ ਅੰਦਾਜ਼ ਨਾ ਬਦਲਿਆ ਤਾਂ ਕਿਸੇ ਖਾੜਕੂ ਵਾਰਦਾਤ ਵਿੱਚ ਫਸਾ ਦਿੱਤਾ ਜਾਵੇਗਾ।
‘ਟੈਰਰ ਇਨ ਪੰਜਾਬ’ ਕਿਤਾਬ ਦੇ ਪੰਨਾ 70 ‘ਤੇ ਦਰਜ਼ ਹੈ ਕਿ ਕਿਵੇਂ ਇੱਕ ਸਿੱਖ ਪੁਲੀਸ ਅਫ਼ਸਰ ਨੇ ਜਗਰਾਓਂ ਸੀ.ਆਈ.ਏ. ਸਟਾਫ਼ ਵਿੱਚ ਐੱਸ.ਪੀ. ਸ਼ਿਵ ਕੁਮਾਰ ਤੇ ਅਨਿਲ ਸ਼ਰਮੇ ਨੂੰ ਕਿਹਾ ਕਿ ਭਾਈ ਸਾਹਿਬ ਨੂੰ ਜਦ ਦਿਲ ਕਰੇ, ਗ੍ਰਿਫ਼ਤਾਰ ਕਰ ਲਓ, ਪਰ ਇਸ ਤਰ੍ਹਾਂ ਜ਼ਲੀਲ ਨਾ ਕਰੋ, ਕਿਉਂਕਿ ਉਹਨਾਂ ਦਾ ਕਿਸੇ ਵਾਰਦਾਤ ਨਾਲ਼ ਕੋਈ ਸੰਬੰਧ ਹੀ ਨਹੀਂ। ਸ਼ਾਇਦ ਹੋਰ ਪੁਲੀਸ ਮੁਲਾਜ਼ਮ ਵੀ ਭਾਈ ਸਾਹਿਬ ਦੀ ਬੇਅਦਬੀ ਤੋਂ ਦੁਖੀ ਹੁੰਦੇ ਰਹੇ ਹੋਣਗੇ, ਪਰ ਇੱਥੇ ਦਰਜ਼ ਵੇਰਵੇ ਅਨੁਸਾਰ ਉਸ ਸਿੱਖ ਅਫ਼ਸਰ ਨੂੰ ਅੰਤਾਂ ਦਾ ਰੰਜ ਸੀ ਕਿ ਆਏ ਦਿਨ ਉਸ ਗੁਰਸਿੱਖ ਦੀ ਦਸਤਾਰ ਲਾਹ ਕੇ ਬਿਨਾਂ ਵਜ੍ਹਾ ਤਸੀਹੇ ਕਿਉਂ ਦਿੱਤੇ ਜਾਂਦੇ ਹਨ? ਉਹ ਕਹਿੰਦਾ ਹੈ- “ਅਸੀਂ ਕਾਉਂਕੇ ਪਿੰਡ ਸੀ.ਆਰ.ਪੀ. ਬਿਠਾ ਦਿੱਤੀ, ਭਾਈ ਸਾਹਿਬ ਨੂੰ ਮਿਲ਼ਣ ਆਏ ਬੰਦੇ ਚੁੱਕ ਕੇ ਬੁਰੀ ਤਰ੍ਹਾਂ ਟਾਰਚਰ ਕੀਤੇ ਪਰ ਕਦੇ ਕੁਝ ਨਹੀਂ ਮਿਲ਼ਿਆ, ਕੋਈ ਹਥਿਆਰ ਨਹੀਂ, ਕੋਈ ਗ਼ਲਤ ਗੱਲ ਨਹੀਂ ਫਿਰ ਵੀ ਉਹਨਾਂ ਨੂੰ ਕਿਉਂ ਤੰਗ ਕੀਤਾ ਜਾਂਦਾ ਹੈ…?”
ਜੂਨ 1991 ਵਿੱਚ ਝੂਠਾ ਕੇਸ ਪਾ ਕੇ ਭਾਈ ਸਾਹਿਬ ਨੂੰ ਫੇਰ ਨਾਭਾ ਜੇਲ੍ਹ ਵਿੱਚ ਬੰਦ ਕਰ ਦਿੱਤਾ।
– ਬਾਕੀ ਕੱਲ੍ਹ ਪੜ੍ਹੋ

WRITTEN BY