ਦੇਸ਼ ਵਿੱਚ ਬੇਸ਼ਕ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਜਿਣਸਾਂ ਤੋਂ ਵਪਾਰੀ ਅੰਨ੍ਹਾ ਮੁਨਾਫਾ ਕਮਾ ਰਹੇ ਹਨ। ਪ੍ਰੰਤੂ ਕਿਸਾਨਾਂ ਦੀ ਆਰਥਿਕ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਅਜਿਹਾ ਇਸ ਕਾਰਨ ਹੋ ਰਿਹਾ ਹੈ ਕਿਉਂਕਿ ਕਿਸਾਨਾਂ ਦੀਆਂ ਜਿਣਸਾਂ ਦੀ ਮੰਡੀਕਰਨ ਲਈ ਪ੍ਰਬੰਧ ਕਿਸਾਨ ਪੱਖੀ ਨਹੀਂ ਹੈ। ਵਿਚੋਲੇ ਵਪਾਰੀ ਕਿਸਾਨਾਂ ਦੀਆਂ ਜਿਣਸਾਂ ਮਾਮੂਲੀ ਭਾਅ ‘ਤੇ ਲੁੱਟ ਲੈਂਦੇ ਹਨ। ਉਨ੍ਹਾਂ ਦੀ ਜਖੀਰੇਬਾਜ਼ੀ ਤੋਂ ਬਾਅਦ ਖਪਤਕਾਰਾਂ ਨੂੰ ਲੁੱਟ ਕੇ ਭਾਰੀ ਮੁਨਾਫਾ ਕਮਾਇਆ ਜਾਂਦਾ ਹੈ। ਸਰਕਾਰ ਇਸ ਲੁੱਟ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕ ਰਹੀ। ਕਿਸਾਨਾਂ ਨੂੰ ਜੇਕਰ ਜਿਣਸਾਂ ਦੇ ਸਹੀ ਭਾਅ ਮਿਲਣ ਤਦ ਉਨ੍ਹਾਂ ਦੀ ਗਰੀਬੀ ਦਿਨਾਂ ਵਿੱਚ ਦੂਰ ਹੋ ਸਕਦੀ ਹੈ। ਸਰਕਾਰ ਇਹ ਜਾਣਦੀ ਹੈ ਕਿ ਖੇਤੀ ਸੈਕਟਰ ਦੀ ਵਪਾਰੀਆਂ ਵੱਲੋਂ ਭਾਰੀ ਲੁੱਟ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਖੇਤੀ ਸੰਦ, ਖਾਦ, ਬੀਜ ਅਤੇ ਸਪਰੇਅ ਆਦਿ ਮਹਿੰਗੇ ਭਾਅ ਉੱਪਰ ਵੇਚੇ ਜਾਂਦੇ ਹਨ। ਇਨ੍ਹਾਂ ਦੀਆਂ ਕੀਮਤਾਂ ਵਿੱਚ ਹਰ ਸਾਲ ਭਾਰੀ ਵਾਧਾ ਕੀਤਾ ਜਾਂਦਾ ਹੈ। ਇਸ ਦੇ ਮੁਕਾਬਲੇ ਜਿਣਸਾਂ ਦੇ ਭਾਅ ਵਿੱਚ ਮਾਮੂਲੀ ਵਾਧਾ ਕਰਕੇ ਕਿਸਾਨਾਂ ਨੂੰ ਮੂਰਖ ਬਣਾਇਆ ਜਾਂਦਾ ਹੈ। ਇਹ ਸਿਲਸਿਲਾ ਦਹਾਕਿਆਂ ਤੋਂ ਚੱਲ ਰਿਹਾ ਹੈ। ਖੇਤੀ ਦਾ ਪੈਟਰਨ ਵੀ ਕਿਸਾਨਾਂ ਲਈ ਘਾਟੇ ਦਾ ਸੌਦਾ ਬਣਿਆ ਹੋਇਆ ਹੈ। ਕਣਕ ਅਤੇ ਝੋਨੇ ਦੇ ਚੱਕਰ ਵਿੱਚ ਫਸੇ ਕਿਸਾਨ ਜਿਥੇ ਆਰਥਿਕ ਘਾਟਾ ਸਹਿ ਰਹੇ ਹਨ ਉੱਥੇ ਉਨ੍ਹਾਂ ਦੀਆਂ ਜ਼ਮੀਨਾਂ ਵੀ ਬੰਜਰ ਹੋਣ ਵੱਲ ਵੱਧ ਰਹੀਆਂ ਹਨ। ਕਣਕ ਅਤੇ ਝੋਨੇ ਦੀਆਂ ਫਸਲਾਂ ‘ਚੋਂ ਯੋਗ ਮੁਨਾਫਾ ਨਹੀਂ ਮਿਲ ਰਿਹਾ। ਬਦਲਵੀਆਂ ਫਸਲਾਂ ਬੀਜਣ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਛੋਟੇ ਕਿਸਾਨ ਤਾਂ ਇਸ ਚੱਕਰਵੀਊ ਵਿੱਚ ਬੁਰੀ ਤਰ੍ਹਾਂ ਪਿਸ ਗਏ ਹਨ। ਪੰਜਾਬ ਤੋਂ ਇਲਾਵਾ ਦੂਜੇ ਰਾਜਾਂ ਵਿੱਚ ਵੀ ਛੋਟੇ ਕਿਸਾਨਾਂ ਦਾ ਇਸੇ ਤਰ੍ਹਾਂ ਬੁਰਾ ਹਾਲ ਹੈ। ਕਿਸਾਨ ਜਥੇਬੰਦ ਨਹੀਂ ਹਨ ਇਸ ਕਰਕੇ ਉਹ ਆਪਣੀ ਆਵਾਜ਼ ਉਠਾਉਣ ਵਿੱਚ ਅਸਫਲ ਹਨ। ਸਿਆਸੀ ਪਾਰਟੀਆਂ ਉਨ੍ਹਾਂ ਨੂੰ ਗੁੰਮਰਾਹ ਕਰਦੀਆਂ ਰਹਿੰਦੀਆਂ ਹਨ। ਕਿਸਾਨਾਂ ਦੀਆਂ ਵੋਟਾਂ ਲੈਣ ਵਾਲੇ ਨੇਤਾ ਵੀ ਜਿੱਤਣ ਤੋਂ ਬਾਅਦ ਵਪਾਰੀਆਂ ਦੇ ਹੱਕ ਵਿੱਚ ਖਲੋ ਜਾਂਦੇ ਹਨ। ਕਿਸਾਨ ਪਰਿਵਾਰਾਂ ਨੂੰ ਇਸ ਸਥਿਤੀ ਦਾ ਠੀਕ ਤਰੀਕੇ ਨਾਲ ਲੇਖਾ-ਜੋਖਾ ਕਰਕੇ ਆਉਣ ਵਾਲੇ ਸਮੇਂ ਲਈ ਨਵੀਂ ਰਣਨੀਤੀ ਤਿਆਰ ਕਰਨੀ ਹੋਵੇਗੀ। ਖੇਤੀ ਖੇਤਰ ਦੀ ਮੰਦਹਾਲੀ ਦਾ ਦੇਸ਼ ਦੀ ਸਮੁੱਚੀ ਆਰਥਿਕਤਾ ਉੱਪਰ ਵੀ ਮਾੜਾ ਅਸਰ ਪੈ ਰਿਹਾ ਹੈ। ਖੇਤੀ ਖੇਤਰ ਹਾਲੇ ਵੀ ਰੁਜ਼ਗਾਰ ਦਾ ਪ੍ਰਮੁੱਖ ਸਾਧਨ ਹੈ। ਜੇਕਰ ਖੇਤੀ ਖੇਤਰ ਦੀ ਮੰਦਹਾਲੀ ਨੂੰ ਠੱਲ੍ਹ ਪਾਈ ਜਾਵੇ ਤਾਂ ਦੇਸ਼ ਮੁੜ ਖੁਸ਼ਹਾਲੀ ਦੇ ਰਾਹ ਉੱਪਰ ਤੋਰਿਆ ਜਾ ਸਕਦਾ ਹੈ।
– ਬਲਜੀਤ ਸਿੰਘ ਬਰਾੜ
ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਮਿਲੇ



