Skip to content
Independent perspectives. Global stories.
BREAKING

ਭੰਗੜੇ ਦਾ ਮਾਹਿਰ ਕੋਰੀਓਗ੍ਰਾਫਰ ਭੰਗੜਚੀ, ਕੋਚ ਅਤੇ ਓਪੇਰਾ ਮਾਸਟਰ- ਮਹਿੰਦਰ ਸਿੰਘ

Share this story

ਕਲਾ ਇਨਸਾਨ ਨੂੰ ਪਰਮਾਤਮਾ ਦੀ ਕੁਦਰਤੀ ਦੇਣ ਹੈ। ਕਲਾ ਭਾਵੇਂ ਸੰਗੀਤ, ਨਾਚ, ਪੇਂਟਿੰਗ ਅਦਾਕਰੀ ਜਾਂ ਕੋਰੀਓਗ੍ਰਾਫੀ ਹੋਵੇ, ਉਹ ਇਨਸਾਨ ਦੇ ਖ਼ੂਨ ਵਿਚ ਰਚੀ ਮਿਚੀ ਹੁੰਦੀ ਹੈ। ਕਲਾਕਾਰ ਦਾ ਕੰਮ ਆਪਣੀ ਪ੍ਰਤਿਭਾ ਨਾਲ ਰਿਆਜ ਅਤੇ ਤਕਨੀਕੀ ਢੰਗਾਂ ਦੀ ਜਾਣਕਾਰੀ ਭਾਵ ਸਿਖਿਆ ਲੈ ਕੇ ਉਸ ਵਿਚ ਨਿਖ਼ਾਰ ਲਿਆਉਣਾ ਹੁੰਦਾ ਹੈ। ਜਿਹੜਾ ਕਲਾਕਾਰ ਇਹ ਢੰਗ ਅਖਤਿਆਰ ਕਰ ਲੈਂਦਾ ਹੈ, ਉਹ ਦਰਸ਼ਕਾਂ ਤੋਂ ਸ਼ਾਹਵਾ ਬਾਹਵਾ ਖੱਟਕੇ ਬੁਲੰਦੀਆਂ ਤੇ ਪਹੁੰਚ ਜਾਂਦਾ ਹੈ।ਅਜਿਹੇ ਨਾਟਕਾਂ ਜਿਨ੍ਹਾਂ ਵਿਚ ਭੰਗੜਾ, ਝੂਮਰ, ਸੰਮੀ, ਲੁਡੀ ਅਤੇ ਗੀਤ ਸ਼ਾਮਲ ਹੁੰਦੇ ਹਨ ਨੂੰ ਓਪੇਰਾ ਕਿਹਾ ਜਾਂਦਾ ਹੈ। ਮਹਿੰਦਰ ਸਿੰਘ ਇਕ ਅਜਿਹਾ ਭੰਗੜੇ ਦਾ ਕਲਾਕਾਰ ਅਤੇ ਕੋਰੀਓਗ੍ਰਾਫਰ ਹੋਇਆ ਹੈ, ਜਿਹੜਾ ਭਰ ਜਵਾਨੀ ਵਿਚ ਆਪਣਾ ਮਹਿੰਦਰਾ ਥੇਟਰ ਬਣਾਕੇ ਓਪੇਰਾ ਸਾਰੇ ਦੇਸ਼ ਵਿਚ ਕਰਦਾ ਰਿਹਾ। ਉਸਦੀ ਸਫਲਤਾ ਦਾ ਸਿਹਰਾ ਸਰਦਾਰ ਭਾਗ ਸਿੰਘ ਵੱਲੋਂ ਮਿਲੀ ਟ੍ਰੇਨਿੰਗ ਅਤੇ ਰਿਆਜ ਕਰਨ ਨੂੰ ਜਾਂਦਾ ਹੈ। ਉਹ ਖਾਸ ਤੌਰ ਤੇ ਫੌਜੀ ਭਰਾਵਾਂ ਦੇ ਮਨਪ੍ਰਚਾਵੇ ਲਈ ਵਰ੍ਹਦੇ ਬੰਬਾਂ ਅਤੇ ਗੋਲੀਆਂ ਵਿਚ ਦੂਰ ਦੁਰਾਡੇ ਸਰਹੱਦਾਂ ਤੇ ਕਹਿਰ ਦੀ ਠੰਡ ਅਤੇ ਗਰਮੀ ਵਿਚ ਜਾ ਕੇ ਆਪਣੇ ਪ੍ਰੋਗਰਾਮ ਕਰਦਾ ਰਿਹਾ ਹੈ। ਮਹਿੰਦਰ ਸਿੰਘ ਦੀ ਖਾਸੀਅਤ ਇਹ ਰਹੀ ਹੈ ਕਿ ਜਿੱਥੇ ਉਹ ਭੰਗੜੇ ਦਾ ਬਿਹਤਰੀਨ ਕਲਾਕਾਰ ਹੈ,ਉਥੇ ਹੀ ਉਸਨੇ ਦੇਸ ਵਿਦੇਸ ਵਿਚ ਹਜ਼ਾਰਾਂ ਨੌਜਵਾਨਾ ਨੂੰ ਭੰਗੜੇ ਦੀ ਸਿਖਿਆ ਦੇ ਕੇ ਪੰਜਾਬੀ ਸਭਿਆਚਾਰ ਦੀ ਸੇਵਾ ਕੀਤੀ ਹੈ।ਪੰਜਾਬੀਆਂ ਦੇ ਸਭਿਆਚਾਰਕ ਪ੍ਰੋਗਰਾਮਾ ਅਤੇ ਸਾਰੇ ਸਮਾਗਮਾ ਵਿਚ ਗਿੱਧਾ ਅਤੇ ਭੰਗੜਾ ਨਾ ਹੋਵੇ ਤਾਂ ਉਹ ਸਮਾਗਮ ਅਧੂਰਾ ਸਮਝਿਆ ਜਾਂਦਾ ਹੈ। ਭੰਗੜਾ ਨੌਜਵਾਨ ਲੜਕਿਆਂ ਦੀ ਜਵਾਨੀ ਦੇ ਜੋਸ਼ ਦਾ ਵੀ ਪ੍ਰਤੀਕ ਗਿਣਿਆਂ ਜਾਂਦਾ ਹੈ। ਉਹ ਕਿਹੜਾ ਪੰਜਾਬੀ ਨੌਜਵਾਨ ਹੈ, ਜਿਸਦਾ ਪੈਰ ਭੰਗੜੇ ਦੀ ਤਾਲ ਤੇ ਉਠਦਾ ਨਹੀਂ। ਭੰਗੜਾ ਪੰਜਾਬੀਆਂ ਦੇ ਖ਼ੂਨ ਵਿਚ ਰਚਿਆ ਹੋਇਆ ਹੈ। ਹਰ ਪੰਜਾਬੀ ਨੌਜਵਾਨ ਦਾ ਪੈਰ ਭੰਗੜਾ ਪਾਉਣ ਲਈ ਉਠਦਾ ਰਹਿੰਦਾ ਹੈ। ਸੰਗੀਤ ਦੀ ਕੋਈ ਵੀ ਧੁਨ ਸੁਣਨ ਨੂੰ ਮਿਲੇ ਤਾਂ ਪੰਜਾਬੀਆਂ ਦੇ ਪੈਰ ਆਪਣੇ ਆਪ ਭੰਗੜਾ ਪਾਉਣ ਲਈ ਥਿਰਕਣ ਲਗਦੇ ਹਨ। ਮਹਿੰਦਰ ਸਿੰਘ ਦਾ ਭੰਗੜਾ ਪਾਉਣ ਦਾ ਫੁਰਤੀਲਾਪਣ ਹਰ ਵੇਖਣ ਵਾਲੇ ਨੂੰ ਟੱਚਣ ਤੇ ਟੱਪਣ ਲਈ ਮਜ਼ਬੂਰ ਕਰ ਦਿੰਦਾ ਸੀ। ਉਸਦੀ ਹੀਰ -ਰਾਂਝਾ, ਸੱਸੀ-ਪੰਨੂੰ,ਅਤੇ ਮਿਰਜਾ-ਸਾਹਿਬਾਂ ਦੀ ਕੋਰੀਓਗ੍ਰਾਫੀ ਉਨ੍ਹਾਂ ਦੇ ਸਾਖਸਾਤ ਦਰਸ਼ਨ ਕਰਵਾ ਦਿੰਦੀ ਸੀ।ਭੰਗੜਾ ਸੰਸਾਰ ਵਿਚ ਪੰਜਾਬੀਆਂ ਦੇ ਪਰਵਾਸ ਵਿਚ ਜਾਣ ਨਾਲ ਹੋਰ ਹਰਮਨ ਪਿਆਰਾ ਹੋ ਗਿਆ ਹੈ। ਇਥੋਂ ਤੱਕ ਕਿ ਪਰਵਾਸ ਵਿਚ ਅੰਗਰੇਜ ਗੋਰੇ ਗੋਰੀਆਂ ਵੀ ਭੰਗੜਾ ਅਤੇ ਗਿੱਧਾ ਪਾ ਕੇ ਆਨੰਦ ਮਾਣਦੇ ਹਨ। ਹੁਣ ਤਾਂ ਪੰਜਾਬੀ ਅਤੇ ਹਿੰਦੀ ਫਿਲਮਾਂ ਵਿਚ ਵੀ ਭੰਗੜਾ ਅਤੇ ਗਿੱਧਾ ਸ਼ਾਮਲ ਕੀਤਾ ਜਾਂਦਾ ਹੈ। ਨਾਟਕਾਂ ਨੂੰ ਗੀਤਾਂ ਰਾਹੀਂ ਦਰਸਾਇਆ ਜਾਂਦਾ ਹੈ। ਜਦੋਂ ਤੋਂ ਸੰਸਾਰ ਦੀ ਉਤਪਤੀ ਹੋਈ ਹੈ, ਉਦੋਂ ਤੋਂ ਹੀ ਇਨਸਾਨ ਦੇ ਮਨ ਵਿਚ ਸੰਗੀਤਕ ਲਹਿਰਾਂ ਉਠਦੀਆਂ ਆ ਰਹੀਆਂ ਹਨ। ਇਨ੍ਹਾਂ ਲਹਿਰਾਂ ਦੇ ਰੂਪ ਵੱਖਰੇ ਹਨ। ਅਧਿਆਤਮਕ ਲਹਿਰਾਂ ਵੀ ਹਰਮਨ ਪਿਆਰੀਆਂ ਹੋਈਆਂ। ਭਾਵੇਂ ਉਦੋਂ ਸੰਗੀਤ ਦੇ ਬਹੁਤੇ ਰੂਪ ਨਹੀਂ ਹੁੰਦੇ ਸਨ ਪ੍ਰੰਤੂ ਗੁਰੂ ਨਾਨਕ ਦੇਵ ਜੀ ਦੇ ਜ਼ਮਾਨੇ ਵਿਚ ਉਨ੍ਹਾਂ ਦੇ ਸ਼ਾਗਿਰਦ ਬਾਲੇ ਕੋਲ ਰਬਾਬ ਦਾ ਜ਼ਿਕਰ ਆਉਂਦਾ ਹੈ। ਦੁਨਿਆਵੀ ਰੁਮਾਂਸਵਾਦ ਦਾ ਜ਼ਮਾਨਾ ਆਇਆ, ਜਿਸ ਵਿਚ ਕਿੱਸੇ ਪ੍ਰਧਾਨ ਹੋਏ। ਜਿਉਂ ਜਿਉਂ ਸਮਾਂ ਬਦਲਦਾ ਗਿਆ ਤਾਂ ਸਭਿਆਚਾਰਕ ਸਰਗਰਮੀਆਂ ਦਾ ਰੂਪ ਵੀ ਬਦਲ ਗਿਆ। ਵਿਆਹ ਸ਼ਾਦੀਆਂ ਵਿਚ ਆਮ ਤੌਰ ਤੇ ਗਿੱਧਾ ਪ੍ਰਧਾਨ ਰਹਿੰਦਾ ਸੀ। ਫਿਰ ਨੌਜਵਾਨ ਵੀ ਟੱਪਣ ਨੱਚਣ ਲੱਗ ਗਏ, ਜਿਸਨੇ ਅਖ਼ੀਰ ਵਿਚ ਭੰਗੜੇ ਦਾ ਰੂਪ ਧਾਰਨ ਕਰ ਲਿਆ। ਪੰਜਾਬੀ ਕਿਉਂਕਿ ਫੁਰਤੀਲੇ, ਦਲੇਰ, ਮਿਹਨਤੀ, ਹੁੰਦੜਹੇਲ ਅਤੇ ਜੋਸ਼ ਵਾਲੇ ਹੁੰਦੇ ਹਨ, ਇਸ ਲਈ ਭੰਗੜਾ ਜੋਸ਼ ਨਾਲ ਪਾਉਣ ਕਰਕੇ ਹਰਮਨ ਪਿਆਰਾ ਹੋ ਗਿਆ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਗਿੱਧਾ ਅਤੇ ਭੰਗੜਾ ਹੋਣ ਲੱਗ ਪਿਆ। ਯੂਨੀਵਰਸਿਟੀਆਂ ਵਿਚ ਯੂਥ ਫੈਸਟੀਵਲਾਂ ਦੀ ਖਿਚ ਦਾ ਮੁੱਖ ਕੇਂਦਰ ਬਿੰਦੂ ਗਿੱਧਾ ਅਤੇ ਭੰਗੜਾ ਹੁੰਦਾ ਹੈ। ਹਰ ਸਮਾਗਮ ਤੋਂ ਬਾਅਦ ਵੀ ਭੰਗੜਾ ਪਾਇਆ ਜਾਂਦਾ ਹੈ। ਮਹਿੰਦਰ ਸਿੰਘ ਦਾ ਗਰੁਪ ਪੰਜਾਬ ਅਤੇ ਭਾਰਤ ਸਰਕਾਰ ਦੇ ਸਾਰੇ ਸਰਕਾਰੀ ਪ੍ਰੋਗਰਾਮਾਂ ਵਿਚ ਆਪਣੀ ਓਪੇਰੇ ਦੀ ਪਰਫਾਰਮੈਂਸ ਦਿੰਦਾ ਰਿਹਾ।ਮਹਿੰਦਰ ਸਿੰਘ ਇਤਨਾ ਫੁਰਤੀਲਾ ਸੀ ਕਿ ਭੰਗੜਾ ਪਾਉਂਦਿਆਂ ਮੰਚ ਉਪਰ ਟਟਹਿਰੀ ਦੀ ਤਰ੍ਹਾਂ ਭੱਜਿਆ ਫਿਰਦਾ ਰਹਿੰਦਾ ਸੀ।ਮਹਿੰਦਰ ਸਿੰਘ ਦੇ ਫੋਕ ਥੇਟਰ ਨੇ ਮਿਰਜਾ ਸਾਹਿਬਾਂ, ਹੀਰ ਰਾਂਝਾ, ਵੰਗਾਂ ਦਾ ਵਣਜਾਰਾ, ਮੁਟਿਆਰ ਦਾ ਕੋਕਾ, ਅੰਬੀ ਦਾ ਬੂਟਾ, ਵਾਢੀ ਦਾ ਡਾਂਸ ਅਤੇ ਭੰਗੜੇ ਰਾਹੀਂ ਸਮੁੱਚੇ ਸੰਸਾਰ ਵਿਚ ਪ੍ਰੋਗਰਾਮ ਕਰਕੇ ਲੋਕਾਂ ਨੂੰ ਪੰਜਾਬੀ ਫੋਕ ਨਾਲ ਜੋੜੀ ਰੱਖਿਆ। ਇਸ ਥੇਟਰ ਗਰੁਪ ਨੇ ਦੁਨੀਆਂ ਦੇ ਲਗਪਗ ਚਾਲੀ ਦੇਸਾਂ ਜਿਨ੍ਹਾਂ ਵਿਚ ਅਮਰੀਕਾ, ਕੈਨੇਡਾ, ਆਸਟਰੇਲੀਆ, ਇੰਗਲੈਂਡ, ਪੱਛਵੀਂ ਜਰਮਨੀ,ਸਿੰਘਾਪੁਰ, ਮਲੇਸ਼ੀਆ, ਥਾਈਲੈਂਡ, ਬੈਂਕਾਕ ਅਤੇ ਹੌਂਗਕਾਂਗ ਸ਼ਾਮਲਹਨ, ਵਿਚ ਆਪਣੇ ਪ੍ਰੋਗਰਾਮ ਕਰਕੇ ਨਾਮਣਾ ਖੱਟਿਆ। ਮਹਿੰਦਰ ਸਿੰਘ ਦੀ ਇਕ ਹੋਰਖਾਸੀਅਤ ਹੈ ਕਿ ਉਸਨੇ ਜਿਤਨੇ ਵੀ ਪ੍ਰੋਗਰਾਮ ਕੀਤੇ, ਉਨ੍ਹਾਂ ਵਿਚੋਂ ਬਹੁਤੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਕੀਤੇ, ਜਿਸ ਕਰਕੇ ਨੌਜਵਾਨ ਪੰਜਾਬੀ ਵਿਰਾਸਤ ਨਾਲ ਜੁੜੇ ਰਹੇ ਹਨ। ਉਸਦੇ ਇਸ ਥੇਟਰ ਗਰੁਪ ਨੇ ਹਜ਼ਾਰਾਂ ਨੌਜਵਾਨਾਂ ਨੂੰ ਸਿੱਖਿਆ ਦੇ ਕੇ ਪੰਜਾਬੀ ਵਿਰਾਸਤ ਦਾ ਹਿੱਸਾ ਬਣਾਇਆ। ਇਸ ਸਮੇਂ ਮਹਿੰਦਰ ਸਿੰਘਅਮਰੀਕਾ ਦੇ ਹੂਸਟਨ ਸ਼ਹਿਰ ਵਿਚ ਰਹਿੰਦਾ ਹੈ ਅਤੇ ਅਜੇ ਵੀ ਅਮਰੀਕਾ ਦੇ ਸਕੂਲਾਂ ਵਿਚ ਜਾ ਕੇ ਨੌਜਵਾਨਾਂ ਨੂੰ ਭੰਗੜਾ, ਝੂਮਰ, ਸੰਮੀ ਅਤੇ ਲੁਡੀ ਦੀ ਸਿਖਿਆ ਦਿੰਦਾ ਹੈ।ਅਮਰੀਕਾ ਵਿਚ ਜਿਹੜੇ ਪੰਜਾਬੀ ਸਕੂਲਚਲ ਰਹੇ ਹਨ ਅਤੇ ਗੁਰੂ ਘਰਾਂ ਵਿਚ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਉਪਰਾਲੇ ਕਰ ਰਿਹਾ ਹੈ। ਮਹਿੰਦਰ ਸਿੰਘ ਦਾ ਜਨਮ ਪਟਿਆਲਾ ਜਿਲ੍ਹੇ ਦੇ ਇਤਿਹਾਸਕ ਪਿੰਡ ਘੜਾਮ ਵਿਖੇ ਪਿਤਾ ਬਲਵੰਤ ਸਿੰਘ ਅਤੇ ਮਾਤਾ ਹਰ ਕੌਰ ਦੇ ਘਰ 18 ਅਪ੍ਰੈਲ 1951 ਨੂੰ ਹੋਇਆ। ਆਪਨੇ ਛੇਵੀਂ ਤੱਕ ਦੀ ਪੜ੍ਹਾਈ ਖਾਲਸਾ ਸਕੂਲ ਅੰਬਾਲਾ ਵਿਚ ਕੀਤੀ। ਫਿਰ ਆਪਦਾ ਪਰਿਵਾਰ ਚੰਡੀਗੜ੍ਹ ਚਲਾ ਗਿਆ ਅਤੇ ਉਥੇ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਸੈਕਟਰ 23ਵਿਚੋਂ ਕੀਤੀ। ਭੰਗੜਾ ਪਾਉਣ ਦਾ ਸ਼ੌਕ ਘੜਾਮ ਪਿੰਡ ਤੋਂ ਹੀ ਪੈਦਾ ਹੋ ਗਿਆ ਸੀ ਜਦੋਂ ਉਹ ਬੱਚਿਆਂ ਨਾਲ ਰਾਤ ਨੂੰ ਇਕੱਠੇ ਹੋ ਕੇ ਖੇਡਦਾ ਹੁੰਦਾ ਸੀ। ਉਦੋਂ ਪਿੰਡਾਂ ਵਿਚ ਬਿਜਲੀ ਨਹੀਂ ਹੁੰਦੀ ਸੀ ਤਾਂ ਬੋਤਲ ਵਿਚ ਮਿੱਟੀ ਦਾ ਤੇਲ ਅਤੇ ਵਿਚ ਬੱਤੀ ਪਾ ਕੇ ਰੌਸ਼ਨੀ ਕਰਕੇ ਭੰਗੜਾ ਪਾਉਣ ਦੀ ਪ੍ਰੈਕਟਿਸ ਕਰਦਾ ਰਿਹਾ।ਉਹ ਤਿਥ ਤਿਓਹਾਰਾਂ, ਗੁਗਾ ਪੀਰ ਦੇ ਮੇਲੇ, ਵਿਸਾਖੀ ਦੇ ਮੌਕੇ ਅਤੇ ਦਿਹਾਤੀ ਖੇਡਾਂ ਵਿਚ ਭੰਗੜਾ ਪਾਕੇ ਆਪਣਾ ਸ਼ੌਕ ਪੂਰਾ ਕਰਦਾ ਰਿਹਾ।ਉਸਦਾ ਪਿੰਡ ਵਿਚ ਹੀ ਬੱਚਿਆਂ ਨਾਲ ਭੰਗੜਾ ਪਾਉਣਾ ਉਸਦੇ ਕੈਰੀਅਰ ਦਾ ਮੁੱਢ ਬਣਿਆਂ।ਖਾਲਸਾ ਸਕੂਲ ਅੰਬਾਲਾ ਵਿਚ ਇਸ ਸ਼ੌਕ ਨੂੰ ਬੂਰ ਪੈਣ ਲੱਗ ਪਿਆ, ਜਿਹੜਾ ਚੰਡੀਗੜ੍ਹਦੇ ਸਕੂਲ ਵਿਚ ਪ੍ਰਵਾਨ ਚੜ੍ਹਿਆ। ਸਕੂਲ ਦੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਕਰਕੇ ਅਧਿਆਪਕਾਂ ਨੇ ਉਤਸ਼ਾਹਤ ਕੀਤਾ। ਇਸ ਦੌਰਾਨ ਹੀ ਲੋਕ ਸੰਪਰਕ ਵਿਭਾਗ ਦੇ ਨਾਟਕ ਵਿਭਾਗ ਦੇ ਮੁੱਖੀ ਮਰਹੂਮ ਸਰਦਾਰ ਭਾਗ ਸਿੰਘ ਦੇ ਸੰਪਰਕ ਵਿਚ ਆ ਗਿਆ, ਜਿਸਨੇ ਮਹਿੰਦਰ ਸਿੰਘ ਨੂੰ ਭੰਗੜਾ ਪਾਉਣ ਵਾਲੀ ਟੀਮ ਵਿਚ ਸ਼ਾਮਲ ਕਰ ਲਿਆ।ਭਾਗ ਸਿੰਘ ਨੇ ਮਹਿੰਦਰ ਸਿੰਘ ਨੂੰ ਐਸਾ ਤਰਾਸ਼ਿਆ ਕਿ ਉਹ ਕੋਰੀਓਗ੍ਰਾਫਰ ਬਣਕੇ ਨਿਖਰਿਆ। ਸਰਕਾਰੀ ਪ੍ਰੋਗਰਾਮਾਂ ਵਿਚ ਸ਼ਾਹਬਾ ਵਾਅਬਾ ਮਿਲਣ ਕਰਕੇ ਮਹਿੰਦਰ ਸਿੰਘ ਨੇ 23 ਸਾਲ ਦੀ ਅਲ੍ਹੜ ਉਮਰ ਵਿਚ ਹੀ 1974 ਆਪਣਾ ਮਹਿੰਦਰਾ ਫੋਕ ਥੇਟਰ ਗਰੁਪ ਬਣਾ ਲਿਆ।ਲਗਪਗ ਅੱਧੀ ਸਦੀ ਤੋਂ ਉਹ ਕੋਰੀਓਗ੍ਰਾਫੀ ਕਰਦਾ ਆ ਰਿਹਾ ਹੈ।ਇਸ ਗਰੁਪ ਨੂੰ ਪ੍ਰੋਗਰਾਮ ਮਿਲਣ ਲੱਗ ਪਏ, ਜਿਸ ਕਰਕੇ ਆਪਨੇ ਪੰਜਾਬ ਯੂਨੀਵਰਸਿਟੀ ਦੇ ਈਵਨਿੰਗ ਕਾਲਜ ਵਿਚ ਦਾਖਲਾ ਲੈ ਲਿਆ। ਯੂਨੀਵਰਸਿਟੀ ਦੇ ਯੂਥ ਫੈਸਟੀਵਲਾਂ ਦਾ ਸ਼ਿਗੰਾਰ ਬਣ ਗਏ। ਆਪਦੀ ਅਗਵਾਈ ਵਿਚ ਬਹੁਤ ਸਾਰੇ ਫੈਸਟੀਵਲਾਂ ਵਿਚ ਪੰਜਾਬ ਯੂਨੀਵਰਸਿਟੀ ਮੋਹਰੀ ਰਹੀ।ਮਹਿੰਦਰ ਸਿੰਘ ਮਿੰਦੀ ਦੇ ਮਹਿੰਦਰਾ ਫੋਕ ਥੇਟਰ ਗਰੁਪ ਨੇ ਆਪਣੇ ਬਹੁਤੇ ਪ੍ਰੋਗਰਾਮ ਭਾਰਤ ਦੀਆਂ ਸਰਹੱਦਾਂ ਤੇ ਜਾ ਕੇ ਫੌਜੀ ਨੌਜਵਾਨਾਂ ਦੇ ਮਨੋਰੰਜਨ ਲਈ ਕੀਤੇ। ਉਨ੍ਹਾਂ ਦਾ ਇਹ ਗਰੁਪ ਫੌਜੀਆਂ ਦੇ ਗਰੁਪ ਦੇ ਤੌਰ ਤੇਵੀ ਪ੍ਰਸਿਧ ਰਿਹਾ ਹੈ।

WRITTEN BY