Skip to content
Independent perspectives. Global stories.
BREAKING

ਪੇਂਡੂ ਜੀਵਨ ਨਾਲ ਗੂੜ੍ਹਾ ਸਬੰਧ ਸੀ ਨਰਮੇ ਦੀ ਫ਼ਸਲ ਦਾ

Share this story

ਅੰਨਦਾਤਾ ਜੋ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਵੈਸੈ ਤਾਂ ਉਸ ਲਈ ਉਹ ਸਾਰੀਆਂ ਫਸਲਾਂ ਹੀ ਮਹੱਤਵ ਰੱਖਦੀਆ ਹਨ ਜੋ ਉਹ ਇਸ ਸੋਨਾ ਰੂਪੀ ਧਰਤੀ ਤੇ ਉਗਾਉਦਾ ਹੈ ਕਿਉਂਕਿ ਉਸ ਦੀਆਂ ਬੜੀਆਂ ਸਧਰਾਂ, ਆਸਾ ਹੁੰਦੀਆਂ ਹਨ ਇੰਨਾਂ ਫਸਲਾਂ ਤੋਂ। ਕਿਸਾਨੀ ਮੁੜਕੇ ਨਾਲ ਸਿੰਜ ਕੇ ਇਹ ਫਸਲਾਂ ਅਖੀਰ ਵਿਚ ਆ ਕੇ ਕਿਸਾਨ ਦੀ ਝੋਲੀ ਉਸ ਦੀ ਮਿਹਨਤ ਪਾਉਦੀਆਂ ਹਨ। ਬੇਸ਼ੱਕ ਅੱਜ ਮਾਲਵਾ ਪੱਟੀ ਦੇ ਬਹੁਤ ਸਾਰੇ ਹਿੱਸੇ ਵਿਚ ਅੱਜ ਵੀ ਨਰਮੇ ਕਪਾਹ ਦੀ ਪੈਦਾਵਾਰ ਹੁੰਦੀ ਆ ਪਰ ਅੱਜ ਉਸ ਹੱਦ ਤੱਕ ਨਹੀਂ ਹੁੰਦੀ ਜੋ ਅੱਜ ਤੋਂ 10,15 ਸਾਲ ਪਹਿਲਾਂ ਹੁੰਦੀ ਸੀ ਕਿਉਂਕਿ ਉਸ ਸਮੇਂ ਕਿਸਾਨਾਂ ਕੋਲ ਪਾਣੀ ਦੇ ਸਾਧਨ ਨਹੀਂ ਸਨ। ਨਰਮੇ ਕਪਾਹ ਦੀ ਫਸਲ ਜਿੱਥੇ ਕਿਸਾਨਾਂ ਦੀ ਆਰਥਿਕਤਾ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ ਉਥੇ ਇਸ ਨਾਲ ਕਿਸਾਨ ਦਾ ਨਿੱਜੀ ਜੀਵਨ ਵੀ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਦਾਦੀ ਨੇ ਦੱਸਣਾ ਕਿ ਚੜਦੇ ਅੱਸੂ ਚ ਸਰਾਧਾ ਤੋਂ ਪਹਿਲਾਂ ਹੱਥ ਕੀਤਾ ਜਾਂਦਾ ਸੀ ਮੈਨੂੰ ਸਰਾਧਾ ਦੀ ਸਮਝ ਨਾ ਆਈ ਕਿ ਸਰਾਧਾ ਤੋਂ ਪਹਿਲਾਂ ਹੱਥ ਕਰਨਾ ਕੀ ਜਰੂਰੀ ਆ? ਨਰਮਾ ਚੁਗਣ ਦਾ ਸਰਾਧਾ ਨਾਲ ਕੀ ਸੰਬੰਧ। ਮੈ ਦਾਦੀ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਪੁੱਤ ਸਰਾਧ ਆਪਣੇ ਵੱਡ ਵਡੇਰਿਆਂ ਦੇ ਹੁੰਦੇ ਆ ਮੈਨੂੰ ਯਾਦ ਆ ਗਿਆ ਫਿਰ ਮੇਰਾ ਪੜਦਾਦਾ ਵੀ ਸਰਾਧ ਕਰਦਾ ਹੁੰਦਾ ਸੀ ਖੀਰ ਬਣਾਈ ਜਾਂਦੀ ਤੇ ਗੁਆਂਢੀਆਂ ਦੀਆਂ ਛੋਟੀਆਂ ਛੋਟੀਆਂ ਬਾਟੀ ਲਈ ਆਉਦੀਆਂ ਤੇ ਨਾਲੇ ਖੀਰ ਰੋਟੀ ਖਾ ਜਾਦੀਆਂ ਨਾਲੇ ਪੜਦਾਦੇ ਨੇ 10,10 ਰੁਪਏ ਦੇਈ ਜਾਣੇ। ਮੈ ਪੜਦਾਦੇ ਤੋਂ ਪੁੱਛ ਲੈਣਾ ਹੁਣ ਆਪਣੇ ਵੱਡ ਵਡੇਰੇ ਖੁਸ਼ ਹੋ ਗਏ ਹੋਣਗੇ ਤਾਂ ਪੜਦਾਦੇ ਨੇ ਕਹਿਣਾ ਪੋਤਰਿਆਂ ਧੀਆਂ ਧਿਆਣੀਆ ਨੂੰ ਰੋਟੀ ਖੁਆਉਣ ਜਿੰਡਾ ਕੋਈ ਪੁੰਨ ਨਹੀਂ ਤਾਂ ਮੈਨੂੰ ਕੁਝ ਹੱਦ ਤੱਕ ਠੀਕਾ ਲੱਗਣਾ ਕਿ ਇੰਨੇ ਬਹਾਨੇ ਨਾਲ ਪੁੰਨ ਦਾਨ ਹੋ ਜਾਂਦਾ। ਦਾਦੀ ਨੂੰ ਪੁੱਛਿਆ ਕਿ ਸਰਾਧਾ ਤੋਂ ਪਹਿਲਾਂ ਨਰਮਾ ਚੁਗਣਾ ਕਿਉਂ ਜਰੂਰੀ ਹੁੰਦਾ ਤਾ ਦਾਦੀ ਨੇ ਦੱਸਣਾ ਪੁੱਤ ਇਹ ਆਪਣੇ ਮੁਰਦਿਆਂ ਦੇ ਦਿਨ ਹੁੰਦੇ ਆ ਤਾਂ ਕਰਕੇ ਮਾੜੇ ਹੁੰਦੇ ਆ ਪਹਿਲਾਂ ਹੱਥ ਕਰਨਾ ਚੰਗਾ ਹੁੰਦਾ ਤਾਂ ਮੈ ਸੋਚਿਆ ਮੇਰਾ ਪੜਦਾਦਾ ਸਰਾਧਾ ਚ ਦਾਨ ਪੁੰਨ ਕਰਦਾ ਦੂਸਰੇ ਪਾਸੇ ਮੇਰੀ ਦਾਦੀ ਕਹਿੰਦੀ ਇਹ ਆਪਣੇ ਮੁਰਦਿਆਂ ਦੇ ਦਿਨ ਹੁੰਦੇ ਆ ਸੋ ਮੈਂ ਸਰਾਧਾ ਦਾ ਵਿਸ਼ਾ ਛੱਡਣ ਚ ਭਲਾ ਸਮਝਿਆ। ਨਰਮੇ ਦੀ ਫਸਲ ਦਾ ਕਿਸਾਨੀ ਆਰਥਿਕਤਾ ਚ ਵੀ ਵਿਸ਼ੇਸ਼ ਮਹੱਤਵ ਹੁੰਦਾ ਸੀ ਜਦ ਕਦੇ ਪੈਸਿਆਂ ਦੀ ਤੰਗੀ ਤੁਰਸ਼ੀ ਆਉਣੀ ਤਾਂ ਮਣ ਦੋ ਮਣ ਨਰਮਾ ਸ਼ਾਹੂਕਾਰ ਕੋਲ ਵੇਚ ਆਉਣਾ। ਉਸ ਸਮੇਂ ਵਿਆਹ ਵੀ ਨਰਮੇ ਦੀ ਫਸਲ ਨੂੰ ਦੇਖ ਕੇ ਰੱਖੇ ਜਾਂਦੇ ਸਨ। ਦਾਦੀ ਨੇ ਦੱਸਿਆ ਤਾਂ ਮੈ ਹੈਰਾਨ ਰਹਿ ਗਿਆ ਕਿ ਮੇਰੀ ਜਦ ਵੱਡੀ ਭੂਆ ਦਾ ਵਿਆਹ ਕੀਤਾ ਉਸ ਸਮੇਂ ਕੇਵਲ 8 ਕੁਇੰਟਲ ਨਰਮਾ ਹੋਇਆਂ ਸੀ ਪਰ ਫਿਰ ਵੀ ਵਧੀਆ ਢੰਗ ਨਾਲ ਵਿਆਹ ਕੀਤਾ ਸੀ ਤੇ ਅੱਜ ਦੇ ਸਮੇਂ ਵਿਚ ਟਨਾਂ ਦੇ ਹਿਸਾਬ ਨਾਲ ਅਨਾਜ ਵੇਚ ਕੇ ਵੀ ਖੁਦਕੁਸ਼ੀਆਂ ਦੇ ਰੱਸੇ ਗਲਾਂ ਵਿਚ ਪੁਆਈ ਜਾਣੇ ਤੇ ਨਾਲੇ ਅੱਜ ਦੇ ਵਿਆਹ ਉਸ ਸਮੇਂ ਦੇ ਵਿਆਹਾਂ ਜਿੰਨੀ ਖੁਸ਼ੀ ਨਹੀਂ ਦਿੰਦੇ। ਉਸ ਸਮੇਂ ਜੋ ਦਾਜ ਦਿੱਤਾ ਜਾਂਦਾ ਸੀ ਉਹ ਵੀ ਲੱਗਪਗ ਨਰਮੇ ਦੀ ਫਸਲ ਨਾਲ ਹੀ ਸੰਬੰਧਿਤ ਹੁੰਦਾ ਸੀ। ਕਿਉਂਕਿ ਉਸ ਸਮੇਂ ਘਰ ਘਰ ਖੱਡੀਆ ਹੁੰਦੀਆਂ ਸਨ। ਜਿਥੇ ਖੇਸ ਚਾਦਰਾਂ ਬੁਣੀਆ ਜਾਂਦੀਆਂ ਸਨ। ਨਲਕੀਆ ਤਾਣੀ ਵਿੱਚੋਂ ਦੀ ਲੰਘਾ ਕੇ ਹੱਥੇ ਨਾਲ ਠੋਕੀਆ ਜਾਦੀਆਂ ਸਨ। ਇਹ ਨਲਕੀਆ ਊਰੀ ਘੁਮਾ ਕੇ ਵੱਟੀਆ ਜਾਂਦੀਆਂ ਸਨ। ਊਰੀ ਤੇ ਇਕ ਬੋਲੀ ਵੀ ਪ੍ਰਚਲਿਤ ਸੀ
ਐਡੀ ਕੁ ਲੱਕੜੀ ਆਸੇ ਦੀ,
ਘਰ ਭੀੜਾਂ ਬਹੂ ਤਮਾਸ਼ੇ ਦੀ
ਭਾਵ ਜਿੰਨਾਂ ਦੇ ਘਰ ਭੀੜਾਂ ਹੁੰਦੇ ਸਨ ਉਨ੍ਹਾਂ ਲਈ ਇਹ ਬੋਲੀ ਅਕਸਰ ਪਾਈ ਜਾਂਦੀ ਸੀ। ਉਸ ਸਮੇਂ ਕੁੜੀਆਂ ਦਾਜ ਦਾ ਸਮਾਨ ਆਪਣੇ ਹੱਥੀਂ ਤਿਆਰ ਕਰਦੀਆਂ ਸਨ।ਉਸ ਸਮੇਂ ਪਿੰਡਾਂ ਵਿਚ ਵੇਲਣੀਆ ਬਣੀਆਂ ਹੁੰਦੀਆਂ ਸਨ ਜੋ ਨਰਮੇ ਜਾਂ ਕਪਾਹ ਨੂੰ ਵੇਲ ਕੇ ਵੜੇਵੇ ਇਕ ਪਾਸੇ ਕੱਢੀ ਜਾਂਦੀਆਂ ਸਨ ਤੇ ਰੂੰ ਇਕ ਪਾਸੇ। ਦਾਦੀ ਨੇ ਦੱਸਣਾ ਉਸ ਸਮੇਂ ਕਿਸੇ ਇਕ ਬੁੜ੍ਹੀਆਂ ਜਾ ਜਾ ਆਪਣੀਆਂ ਗੁੱਡੀਆਂ (ਪੂਣੀਆ) ਰੱਖੀ ਜਾਦੀਆਂ ਇਸ ਨੂੰ ਸੋਪ ਪਾਉਣਾ ਕਿਹਾ ਜਾਂਦਾ ਸੀ ਤੇ ਫਿਰ ਸਾਰੀਆਂ ਇਕੱਠੀਆਂ ਹੋ ਕੇ ਆਪਣੇ ਆਪਣੇ ਚਰਖੇ ਡਾਹ ਲੈਂਦੀਆਂ ਤੇ ਸਾਰਾ ਦਿਨ ਚਰਖਾ ਕੱਤੀ ਜਾਂਦੀਆਂ। ਗਲੋਟੇ ਟੇਰ ਕੇ ਸੂਤ ਦੀਆਂ ਅੱਟੀਆ ਬਣਾ ਲੈਦੀਆਂ ਜੋ ਗੁਦੇਲੇ, ਚਾਦਰਾਂ, ਟੋਟੇ ਬੁਣਾਉਣ ਦੇ ਕੰਮ ਆਉਂਦੀਆਂ। ਮਰਦ ਵੀ ਉਸ ਸਮੇਂ ਵਿਹਲੇ ਹੋ ਕੇ 18 ਲੜਾ ਸੂਤ ਵੱਟ ਕੇ ਪਿੰਨੇ ਬਣਾਈ ਜਾਂਦੇ ਜੋ ਪਿੰਨੇ ਬਾਅਦ ਚ ਮੰਜੇ ਬੁਣਾਉਣ ਦੇ ਕੰਮ ਆਉਂਦੇ। ਦਾਜ ਚ ਜਿਆਦਾਤਾਰ ਨਮਾਰ (ਸੂਤ) ਦੇ ਬੁਣੇ ਮੰਜੇ ਦਿੱਤੇ ਜਾਂਦੇ ਸਨ। ਉਸ ਸਮੇਂ ਦਾਜ ਚ ਬਾਗ ਵੀ ਵਿਸ਼ੇਸ਼ ਮਹੱਤਵ ਰੱਖਦਾ ਸੀ ਜੋ ਕਿ ਖੱਦਰ ਰੰਗ ਕੇ ਪੱਟ(ਕੂਲਾ ਜਾ ਰੰਗ ਬਿਰੰਗਾ ਧਾਗਾ) ਨਾਲ ਕੱਢੇ ਜਾਂਦੇ ਸਨ। ਇਸ ਲਈ ਨਰਮਾ ਜਿਥੇ ਆਰਥਿਕਤਾ ਤੇ ਵਿਆਹਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਸੀ ਉਥੇ ਇਹ ਸਾਂਝ ਦਾ ਪ੍ਰਤੀਕ ਵੀ ਸੀ ਕਿਉਂਕਿ ਉਸ ਸਮੇਂ ਨਰਮਾ ਕਾਫੀ ਹੁੰਦਾ ਸੀ ਇਸ ਲਈ ਚੋਣੇ (ਨਰਮਾ ਚੁਗਣ ਵਾਲੇ) ਬਾਹਰੋਂ ਲਿਆਂਦੇ ਸਨ। ਉਨ੍ਹਾਂ ਲਈ ਘਰਾਂ ਦੀਆਂ ਬਾਹਰੀ ਸਵਾਤਾ (ਕਮਰੇ) ਰਾਖਵੀਆਂ ਹੁੰਦੀਆਂ ਸਨ। ਉਨ੍ਹਾਂ ਦਾ ਪਰਿਵਾਰ ਦੀ ਚਹਿਲ ਪਹਿਲ ਜਿਮੀਦਾਰਾ ਦੇ ਵਿਹੜੇ ਵਿਚ ਰੋਣਕ ਲਾਈ ਰੱਖਦੀ ਸੀ ਤੇ ਉਹ ਇਕ ਪਰਿਵਾਰ ਵਾਂਗ ਰਚ ਮਿਚ ਜਾਂਦੇ ਸਨ ਕਿਉਂਕਿ ਉਸ ਸਮੇਂ ਲੋਕ ਬਹੁਤ ਮਿਲਣਸਾਰ ਤੇ ਸਾਫ ਅਕਸ ਵਾਲੇ ਹੁੰਦੇ ਸਨ। ਦਾਦੀ ਨੇ ਦੱਸਣਾ ਕਿ ਇਕ ਵਾਰ ਉਹ ਤ੍ਰਿਕਾਲੇ ਹੀ ਨਰਮਾ ਚੁਗਣ ਚਲੀ ਗਈ ਤੇ ਉਸ ਨੇ ਵੱਖਰਾ ਹੀ ਕਿਆਰਾ (ਖੇਤ ਦਾ ਹਿੱਸਾ) ਸ਼ੁਰੂ ਕਰ ਲਿਆ ਤੇ ਉਸ ਨੇ ਇਕੱਲੀ ਨੇ ਤਿੰਨ ਮਣ ਨਰਮਾ ਚੁਗ ਦਿੱਤਾ। ਮੈਨੂੰ ਲੱਗਿਆ ਬੜੀਆਂ ਸਿਰੜੀ ਤੇ ਮਿਹਨਤੀ ਔਰਤਾਂ ਸਨ। ਪਹਿਲਾਂ ਘਰ ਸਾਰਾ ਕੰਮ ਕਰਨਾ ਫਿਰ ਖੇਤ ਜਾ ਦਿਨ ਛਿਪਦੇ ਤੱਕ ਨਰਮਾ ਚੁਗੀ ਜਾਣਾ ਤੇ ਫਿਰ ਘਰ ਆ ਕੇ ਫਿਰ ਕੰਮ ਕਰਨਾ। ਦਾਦੀ ਨੇ ਦੱਸਣਾ ਨਰਮਾ ਚੁਗ ਕੇ ਟਿੰਡੇ ਤੋੜਣੇ ਤੇ ਫਿਰ ਉਨ੍ਹਾਂ ਨੂੰ ਕੋਠਿਆਂ ਤੇ ਖਿਲਾਰ ਦੇਣਾ ਤੇ ਫਿਰ ਜਦ ਖਿੜ ਜਾਣਾਂ ਤੇ ਨਰਮਾ ਕੱਢਣਾ ਤੇ ਜੋ ਸਿਕਰੀਆ ਹੁੰਦੀਆਂ ਸਨ ਉਹ ਬਾਲਣ ਤੇ ਧੂੰਈ ਪਾਉਣ ਦੇ ਕੰਮ ਆਉਂਦੀਆਂ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਨਾਲੇ ਨਰਮਾ ਕੱਢੀ ਜਾਣਾ ਤੇ ਨਾਲੇ ਧੂੰਈ ਸੇਕੀ ਜਾਣਾ। ਬੜਾ ਅਪਣੱਤਾ ਵਾਲਾ ਮਾਹੌਲ ਹੁੰਦਾ ਸੀ ਆਂਢ ਗੁਆਂਢ ਚੋ ਵੀ ਆ ਕੇ ਕੋਈ ਹੱਥ ਵੁਟਾਉਣ ਲੱਗ ਪੈਂਦਾ ਸੀ। ਮੈਨੂੰ ਵੀ ਯਾਦ ਹੈ ਕਿ ਜਦ ਨਰਮਾ ਪੁੱਟ ਕੇ ਛਟੀਆ ਦੇ ਛੋਰ ਲਗਾਏ ਜਾਂਦੇ ਸਨ ਤਾਂ ਅਸੀਂ ਛੋਰਾ ਚੋ ਨਰਮਾ ਚੁੰਗ ਕੇ ਇਕੱਠਾ ਕਰੀ ਜਾਣਾ ਤੇ ਜਦ ਕਾਫੀ ਹੋ ਜਾਣਾ ਤਾਂ ਵੇਚ ਕੇ ਕੁਝ ਖਾਣ ਨੂੰ ਲੈ ਲੈਣਾ। ਵਰਤਮਾਨ ਸਮੇਂ ਵਿਚ ਬੇਸ਼ੱਕ ਨਰਮਾ ਹੁੰਦਾ ਹੈ ਪਰ ਉਹ ਸਿਰਫ ਇਕ ਫਸਲ ਬਣ ਕੇ ਰਹਿ ਗਿਆ ਹੈ। ਨਰਮੇ ਚ ਪੁਰਾਣੇ ਸਮੇਂ ਆਲੀ ਗੱਲ ਨਹੀਂ ਬੇਸ਼ੱਕ ਅਸੀਂ ਅਨਾਜ ਪੈਦਾ ਕਰਕੇ ਵੱਡੇ ਵੱਡੇ ਗੋਦਾਮ ਭਰ ਦਿੱਤੇ ਪਰ ਸਾਡੇ ਮੋਹ ਪਿਆਰ, ਸਾਂਝੀਵਾਲਤਾ ਵਾਲੇ ਭੜੋਲੇ ਹਾਲੇ ਵੀ ਖਾਲੀ ਹਨ।

WRITTEN BY