ਹਰ ਘਰ ਵਿਚ ਕਪਤਾਨ ਦਾ ਨਾਅਰਾ ਲਾ ਕੇ ਬਣੀ ਸਰਕਾਰ ਲਈ ਚੁਣੋਤੀਆਂ ਘੱਟ ਨਜਰ ਨਹੀ ਆ ਰਹੀਆ ਹਨ। ਪੰਜਾਬੀ ਸੂਬੇ ਦੇ ਗਠਨ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆ ਸਰਕਾਰਾਂ ਹਕੂਮਤ ਕਰ ਚੁੱਕੀਆ ਹਨ ਪਰ ਮਸਲੇ ਕਦੀ ਵੀ ਖਤਮ ਨਹੀ ਹੋਏ ਹਨ।ਇਥੇ ਇਹ ਸੋਚਣ ਦੀ ਜਰੂਰਤ ਹੈ ਕਿ ਸੱਚਮੁੱਚ ਹੀ ਮਸਲੇ ਇਹਨੇ ਵੱਡੇ ਹਨ ਕਿ ਇਹਨਾ ਦਾ ਹੱਲ ਨਹੀ ਹੋ ਸਕਦਾ ਜਾਂ ਫਿਰ ਇਹਨਾ ਨੂੰ ਖਤਮ ਕਰਨ ਦੀ ਜਰੂਰਤ ਹੀ ਨਹੀ ਸਮਝੀ ਗਈ। ਇਹਨਾਂ ਕਾਰਨਾ ਨੂੰ ਜਾਨਣ ਲਈ ਪੰਜਾਬ ਦੀ ਗੱਲ ਕਰੀਏ ਤਾਂ 1966 ਈ. ਵਿਚ ਰਾਜਨੀਤਿਕ ਕਾਰਨਾਂ ਕਰਕੇ ਆਧੁਨਿਕ ਪੰਜਾਬ ਦੀ ਸਥਾਪਨਾ ਹੋਈ। ਪੰਜਾਬ ਦੀ ਰਾਜਨੀਤੀ ਵਿਚ ਇਹ ਇਕ ਵੱਡਾ ਬਦਲਾਅ ਸੀ। ਸਮਾਜ ਸੁਧਾਰਕ ਲਹਿਰਾਂ ਤੋਂ ਸ਼ੁਰੂ ਹੋਈ ਪੰਜਾਬ ਦੀ ਰਾਜਨੀਤੀ ਵੱਡੀਆਂ ਰਾਜਨੀਤਿਕ ਪਾਰਟੀਆਂ ਦਾ ਰੂਪ ਧਾਰਨ ਕਰ ਚੁੱਕੀ ਹੈ।।ਸਾਡਾ ਵਿਸ਼ਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਕੀਤੇ ਕੰਮਾਂ ਦਾ ਵਿਸ਼ਲੇਸ਼ਣ ਕਰਨਾ ਨਹੀਂ ਸਗੋਂ ਅਸੀਂ ਤਾਂ ਕੋਸ਼ਿਸ਼ ਕੀਤੀ ਹੈ ਕਿ ਇਹ ਦੇਖਿਆ ਜਾਵੇ ਕਿ ਪੰਜਾਬ ਦੀ ਆਧੁਨਿਕ ਹਾਲਤ ਕਿਸ ਦਿਸ਼ਾ ਵਿਚ ਜਾ ਰਹੀ ਹੈ। ਪਿਛਲੇ ਸਮੇਂ ਵਿਚ ਜੋ ਰਾਜਨੀਤਿਕ ਪਾਰਟੀ ਸ਼ਾਸਨ ਚਲਾ ਰਹੀ ਸੀ ਉਹ ਦੋ ਵਾਰ ਚੋਣਾ ਵਿਚ ਬਹੁਮਤ ਪ੍ਰਾਪਤ ਕਰ ਚੁੱਕੀ ਸੀ। ਇਸ ਲਈ ਲੋਕਤੰਤਰ ਦੇ ਅਧਾਰ ਤੇ ਲੋਕਾਂ ਨੇ ਇਸ ਨੂੰ ਚੁਣਿਆ ਹੈ। ਇਸ ਲਈ ਅਸੀਂ ਅੰਦਾਜਾ ਲਾ ਸਕਦੇ ਹਾਂ ਕਿ ਕੁਲ ਵੋਟਰਾਂ ਵਿਚ ਬਹੁਤ ਸਾਰੇ ਅਜਿਹੇ ਵੋਟਰ ਹਨ ਜੋ ਸਰਕਾਰ ਦੀਆਂ ਨੀਤੀਆਂ ਨੂੰ ਦੇਖ ਕੇ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵਿਚ ਆਪਸੀ ਫੁੱਟ ਜੱਗ-ਜ਼ਾਹਿਰ ਹੋ ਗਈ ਹੈ, ਨਤੀਜਾ ਇਕ ਹੋਰ ਰਾਜਨੀਤਿਕ ਪਾਰਟੀ ਹੋਂਦ ਵਿਚ ਆ ਗਈ। ਭਾਵੇਂ ਕਿ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਵਿਚ ਵੱਡੀਆਂ ਪਾਰਟੀਆਂ ਦੀ ਹੋਂਦ ਬਰਕਰਾਰ ਹੈ। ਪ੍ਰੰਤੂ ਨਵੀਆਂ ਪਾਰਟੀਆਂ ਵੀ ਲੋਕਾਂ ਦੀ ਮਾਨਸਿਕਤਾ ਨੂੰ ਸਮਝ ਕੇ ਗੱਲ ਕਰ ਰਹੀਆਂ ਹਨ। ਭਵਿੱਖ ਵਿਚ ਇਸ ਤਰ੍ਹਾਂ ਦੀਆਂ ਨਵੀਆਂ ਬਣੀਆਂ ਰਾਜਨੀਤਿਕ ਪਾਰਟੀਆਂ ਕਿੰਨੇ ਲੋਕਾਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਨਗੀਆਂ, ਇਸ ਬਾਰੇ ਭਵਿੱਖ ਹੀ ਤੈਅ ਕਰੇਗਾ। ਅੱਜ ਦੀ ਰਾਜਨੀਤੀ ਵਿਚ ਮੀਡੀਆ ਅਤੇ ਹੋਰ ਆਧੁਨਿਕ ਯੰਤਰਾਂ ਦੀ ਭਰਮਾਰ ਹੈ। ਅੱਜ ਦੇ ਸਮੇ ਵਿਚ ਬਹੁਤ ਸਾਰੇ ਅਹਿਮ ਵਿਸ਼ੇ ਵੀ ਪ੍ਰਵੇਸ਼ ਕਰ ਗਏ ਹਨ ਜਿਵੇਂ ਰਾਜਨੀਤੀ ਵਿਚ ਨੌਜੁਆਨ ਵਰਗ ਦਾ ਪ੍ਰਵੇਸ਼ ਹੈ। ਹਰੇਕ ਰਾਜਨੀਤਿਕ ਪਾਰਟੀ ਆਪਣੇ ਭਵਿੱਖ ਨੂੰ ਜੱਥੇਬੰਧਕ ਤਰੀਕੇ ਨਾਲ ਚਲਾਉਣ ਲਈ ਨੌਜੁਆਨਾਂ ਉਪਰ ਵਿਸ਼ੇਸ਼ ਨਜ਼ਰ ਰੱਖ ਰਹੀ ਹੈ। ਤੁਸੀਂ ਅੱਜ ਅਖ਼ਬਾਰਾਂ ਤੇ ਟੀ.ਵੀ. ਦੇ ਮਾਧਿਅਮ ਨਾਲ ਦੇਖ ਸਕਦੇ ਹੋ ਕਿ ਜਲਸਿਆਂ ਅਤੇ ਰੈਲੀਆਂ ਵਿਚ ਕਿੰਨੀ ਗਿਣਤੀ ਵਿਚ ਨੌਜੁਆਨ ਵਰਗ ਦੀ ਸ਼ਮੂਲੀਅਤ ਹੈ। ਅੱਜ ਦੀ ਰਾਜਨੀਤੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਚ ਵਿਦਿਆਰਥੀ ਸੰਗਠਨਾਂ ਤੋਂ ਸ਼ੁਰੂ ਹੋ ਰਹੀ ਹੈ। ਪਰ ਇਸ ਸਾਰੀ ਸਥਿਤੀ ਵਿਚ ਅਸੀਂ ਸਮਾਜਿਕ ਤਾਣੇ-ਬਾਣੇ ਦੀ ਗੱਲ ਕਰੀਏ ਤਾਂ ਲੋਕਾਂ ਦੀਆਂ ਬਹੁਤ ਸਾਰੀਆਂ ਅਜਿਹੀਆਂ ਇੱਛਾਵਾਂ ਹਨ ਜੋ ਕਿ ਸ਼ਾਇਦ ਕਿਸੇ ਵੀ ਸਰਕਾਰ ਦੇ ਵੱਸ ਵਿਚ ਨਹੀਂ ਹਨ। ਅੱਜ ਦੀ ਸਥਿਤੀ ਵਿਚ ਮਹਿੰਗਾਈ ਇਕ ਬਹੁਤ ਵੱਡੀ ਸਮੱਸਿਆ ਹੈ। ਆਮ ਆਦਮੀ ਸਮਾਜ ਵਿਚ ਆਪਣੇ ਪਰਿਵਾਰ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਤੋਂ ਅਸਮਰੱਥ ਨਜ਼ਰ ਆ ਰਿਹਾ ਹੈ। ਵੀਹਵੀਂ ਸਦੀ ਤੋਂ ਬਾਅਦ ਇਕਵੀਂ ਸਦੀ ਦੀਆਂ ਗੱਲਾਂ ਕਰਨ ਵਾਲੀ ਪੰਜਾਬ ਦੀ ਰਾਜਨੀਤੀ ਬਹੁਤ ਸਾਰੀਆਂ ਨਵੀਆਂ ਸਮੱਸਿਆਵਾਂ ਨੂੰ ਲੈ ਕੇ ਸ਼ਾਇਦ ਅਜੇ ਸੋਚਣ ਤੋਂ ਮਜ਼ਬੂਰ ਹੈ ਜਿਵੇਂ ਕਿ ਨੌਜੁਆਨ ਵਰਗ ਵਿਚ ਵੱਧ ਰਹੀ ਬੇਰੁਜ਼ਗਾਰੀ। ਪੰਜਾਬ ਦੀ ਭੂਗੋਲਿਕ ਅਵਸਥਾ ਅਜਿਹੀ ਹੈ ਕਿ ਇਥੇ ਕਾਫੀ ਵੱਸੋਂ ਆਪਣਾ ਗੁਜ਼ਾਰਾ ਖੇਤੀ ਅਧਾਰਤ ਕਿੱਤਿਆਂ ਤੋਂ ਕਰਦੀ ਹੈ। ਪਰ ਵੱਧ ਰਹੀ ਮਹਿੰਗਾਈ ਖੇਤੀ ਨੂੰ ਵੀ ਲਾਹੇਵੰਦ ਕਿੱਤਾ ਨਾ ਸਮਝਣ ਵਿਚ ਦੇਰੀ ਨਹੀਂ ਕਰ ਰਹੀ ਹੈ। ਸਰਕਾਰ ਆਪਣੇ ਨਜਰੀਏ ਤੋਂ ਸੋਚਦੀ ਹੈ ਤੇ ਅਸਮਰੱਥਾ ਪ੍ਰਗਟਾ?ਦੀ ਹੋਈ ਫਸਲਾਂ ਦੇ ਸਮਰਥਨ ਮੁੱਲ ਵਿਚ ਵਾਧਾ ਕਰਦੀ ਹੈ ਤਾਂ ਜੋ ਗਰੀਬ ਵਰਗ ਤੋਂ ਰੋਟੀ ਨਾ ਖੁੱਸ ਜਾਵੇ ਪਰ ਨਿੱਤ ਵਧਦੇ ਖੇਤੀ ਖਰਚਿਆਂ ਨੇ ਕਿਸਾਨਾ ਨੂੰ ਸੋਚਣ ਲਈ ਅਤੇ ਖੇਤੀਬਾੜੀ ਦਾ ਕਿੱਤਾ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਖਾਦ, ਸਪਰੇਅ ਅਤੇ ਡੀਜਲ ਦੇ ਨਿੱਤ ਵਧਦੇ ਰੇਟ ਨੇ ਕਿਸਾਨੀ ਨੂੰ ਘਾਟੇ ਵਾਲਾ ਧੰਦਾ ਬਣਾ ਦਿੱਤਾ ਹੈ। ਇਥੇ ਇਹ ਵੀ ਵਿਚਾਰ ਕਰਨਾ ਬਣਦਾ ਹੈ ਕਿ ਜੇਕਰ ਵਿੱਤੀ ਘਰਾਣਿਆਂ ਨੂੰ ਬਚਾਉਣ ਲਈ ਸਰਕਾਰਾਂ ਰਿਆਇਤ ਦੇ ਸਕਦੀਆਂ ਹਨ ਤਾਂ ਕਰਜੇ ਹੇਠ ਡੁੱਬਦੀ ਜਾ ਰਹੀ ਕਿਸਾਨੀ ਨੂੰ ਬਚਾਉਣ ਲਈ ਅਜਿਹੀ ਪਹਿਲ ਕਦਮੀ ਕਿਉਂ ਨਹੀ ਕਰ ਸਕਦੀਆਂ ਹਨ? ਸਰਕਾਰ ਦੀ ਅਜਿਹੀ ਕਿਹੜੀ ਮਜਬੂਰੀ ਹੈ ਕਿ ਉਹ ਦੇਸ਼ ਦੇ ਇੱਕ ਬਹੁਤ ਵੱਡੇ ਵਰਗ ਨੂੰ ਬਚਾਉਣ ਲਈ ਕੋਈ ਹੱਲ ਨਹੀ ਕੱਢ ਰਹੀ ਹੈ। ਸਵਾਮੀਨਾਥਨ ਕਮੇਟੀ ਦੀ ਰਿਪੋਰਟ ਹਰੇਕ ਚੋਣਾ ਵਿਚ ਅਹਿਮ ਕਿਸਾਨੀ ਮੱਦਾ ਬਣਿਆ ਪਰ ਸੱਤਾ ‘ਤੇ ਕਾਬਜ ਕਿਸੇ ਵੀ ਸਰਕਾਰ ਨੇ ਇਸਨੂੰ ਲਾਗੂ ਕਰਨ ਦੀ ਕੋਸ਼ਿਸ਼ ਨਹੀ ਕੀਤੀ ਹੈ। ਇਸ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਬਹੁਤ ਸਾਰੇ ਕਿਸਾਨ ਪ੍ਰਤੀਨਿਧ ਲੰਮੇ ਸਮੇ ਤੋਂ ਸੰਘਰਸ਼ ਕਰਦੇ ਨਜਰ ਆ ਰਹੇ ਹਨ। ਅੱਜ ਦਾ ਨੌਜੁਆਨ ਪੜ੍ਹ-ਲਿਖ ਕੇ ਬੇਰੁਜ਼ਗਾਰ ਹੈ। ਖੇਤੀ ਹੇਠਲਾ ਰਕਬਾ ਘੱਟ ਰਿਹਾ ਹੈ। ਪੰਜਾਬ ਦੇ ਵਿਚ ਸਭ ਤੋਂ ਵੱੜੀ ਸਮੱਸਿਆ ਨਸ਼ਿਆਂ ਦੀ ਵੱਧ ਰਹੀ ਵਰਤੋਂ ਦੇ ਰੂਪ ਵਿਚ ਵੀ ਦੇਖੀ ਜਾ ਸਕਦੀ ਹੈ। ਆਧੁਨਿਕ ਵਿਅਕਤੀ ਆਪਣੀ ਮਾਨਸਿਕਤਾ ਨੂੰ ਵਿਅਸਤ ਰੱਖਣ ਲਈ ਨਸ਼ਿਆਂ ਦਾ ਸਹਾਰਾ ਲੈ ਰਿਹਾ ਹੈ। ਪੰਜ ਦਰਿਆਵਾਂ ਦੀ ਇਹ ਧਰਤੀ ਵਿਚ ਛੇਵਾਂ ਦਰਿਆ ਨਸ਼ਿਆਂ ਦੇ ਰੂਪ ਵਿਚ ਵਗ ਰਿਹਾ ਹੈ।। ਨੌਜੁਆਨ ਵਰਗ ਵਿਚ ਬਹੁਤ ਸਾਰੀਆਂ ਇੱਛਾਵਾਂ ਹਨ। ਜਿਨ੍ਹਾਂ ਬਾਰੇ ਉਹ ਖੁਦ ਫੈਸਲਾ ਲੈਣਾ ਚਾਹੁੰਦਾ ਹੈ। ਨਿੱਤ ਵਧਦੀਆਂ ਘਟਨਾਵਾਂ ਇਕ ਛੋਟੇ ਪਰਿਵਾਰ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਵਿਅਕਤੀ ਸਮਾਜ ਵਿਚ ਰਹਿ ਕੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ। ਅਜਿਹੇ ਸਮੇ ਵਿਚ ਮੋਜੂਦਾ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਹਨ ਉਹ ਪੂਰੇ ਪੰਜਾਬ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੇ ਹਨ। ਹਰੇਕ ਵਰਗ ਨੇ ਆਪਣੀਆ ਮੁਢਲੀਆਂ ਜਰੂਰਤਾਂ ਨੂੰ ਮੁੱਖ ਰੱਖ ਕੇ ਇੱਕ ਪੂਰਨ ਬਹੁਮੱਤ ਵਾਲੀ ਸਰਕਾਰ ਬਣਾਈ ਹੈ। ਇਸ ਲਈ ਇਹ ਜਰੂਰੀ ਹੋ ਜਾਂਦਾ ਹੈ ਕਿ ਸਰਕਾਰ ਲੋਕਾਂ ਦੀ ਭਾਵਨਾਵਾ ਨੂੰ ਸਮਝੇ ਅਤੇ ਪੰਜਾਬ ਦੀ ਭਲਾਈ ਲਈ ਕਾਰਜ ਕਰੇ।ਪੰਜਾਬ ਚਾਹੰਦਾ ਹੈ ਕਿ ਉਸਦੇ ਵਸਨੀਕ ਹਮੇਸ਼ਾ ਚੜ੍ਹਦੀਕਲਾ ਵਿਚ ਰਹਿਣ।ਸੋ ਅਜਿਹੀ ਸਥਿਤੀ ਵਿਚ ਜੇਕਰ ਕੋਈ ਵੀ ਸਰਕਾਰ ਨੂੰ ਆਪਣੇ ਕੀਤੇ ਵਾਅਦੇ ਯਾਦ ਕਰਵਾਉਂਦਾ ਹੈ ਤਾਂ ਇਹ ਪੰਜਾਬ ਦੇ ਭਲੇ ਦੀ ਗੱਲ ਹੋਵੇਗੀ ਅਖੀਰ ਇਹ ਹੀ ਕਹਿ ਸਕਦੇ ਹਾਂ ਕਿ ਪੰਜਾਬ ਅੱਜ ਉਹਨਾਂ ਮੋਹਰੀ ਸੂਬਿਆਂ ਵਿਚੋਂ ਇਕ ਹੈ ਜਿੰਨਾਂ ਨੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਇਆ ਹੈ। ਪੰਜਾਂ ਦਰਿਆਵਾਂ ਦੀ ਇਹ ਧਰਤੀ ਹਮੇਸ਼ਾ ਹੀ ਦੇਸ਼ ਵਿਚ ਆਉਣ ਵਾਲੇ ਹਮਲਾਵਰਾਂ ਲਈ ਰੁਕਾਵਟ ਬਣੀ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਲਈ ਲੋੜ ਹੈ ਕਿ ਆਧੁਨਿਕ ਸਥਿਤੀ ਵਿਚ ਪੰਜਾਬ ਦੀ ਸਰਕਾਰ ਆਪਣੀਆਂ ਜਿੰਮੇਵਾਰੀਆਂ ਦੀ ਪਾਲਣਾ ਕਰਦੇ ਹੋਏ ਪੰਜਾਬ ਦੇ ਵਸਨੀਕਾਂ ਦੀ ਸਮੱਸਿਆਵਾਂ ਨੂੰ ਛੇਤੀ ਸਮਝਦੇ ਹੋਏ, ਸਮੇ ਦੀ ਸੀਮਾ ਵਿਚ ਰਹਿਕੇ ਲੋਕਾਂ ਨੂੰ ਰਾਹਤ ਦੇਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ ਕਿ ਸਰਕਾਰ ਲੋਕ ਹਿੱਤਾਂ ਲਈ ਜਲਦੀ ਨਾਲ ਕੰਮ ਕਰ ਰਹੀ ਹੈ।