ਜਿਨ੍ਹਾਂ ਵਡਭਾਗੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਦਰਸ਼ਨ ਦਾ ਅਉਸਰ ਮਿਲਿਆ ਉਹ ਜੀਵਨ ਮੁਕਤ ਹੋ ਗਏ। ਜਿਨ੍ਹਾਂ ਨੇ ਗੁਰੂ ਸਾਹਿਬ ਦੀ ਮਹਿਮਾ ਸੁਣ ਕੇ ਮਨ ਅੰਦਰ ਧਾਰਨ ਕੀਤਾ ਉਨ੍ਹਾਂ ਦੀ ਵੀ ਗਤਿ ਹੋ ਗਈ। ਗੁਰੂ ਨਾਨਕ ਸਾਹਿਬ ਅੱਜ ਵੀ ਆਪਣੀ ਬਾਣੀ ਅੰਦਰ ਰੂਪਮਾਨ ਹਨ। ਗੁਰਬਾਣੀ ਪੜ੍ਹਨ ਵਾਲੇ ਤੇ ਸੁਣਨ ਵਾਲੇ ਦੋਵੇ ਹੀ ਤਰ ਜਾਂਦੇ ਹਨ। ਇਹ ਗਿਆਨ ਆਪ ਗੁਰੂ ਅਰਜਨ ਸਾਹਿਬ ਨੇ ਬਖਸ਼ਿਆ। ਆਪ ਨੇ ਵਚਨ ਕੀਤੇ ਕਿ ਗੁਰੂ ਨਾਨਕ ਸਾਹਿਬ ਦੀ ਨਦਰਿ ਨਾਲ ਲੱਖਾਂ ਪਾਪੀ ਦੋਖ ਮੁਕਤ ਹੋ ਗਏ “ ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਆਪਨੇ ਤੋਂ ਦੂਰ ਜਾਨਣਾ ਮਨੁੱਖ ਦੀ ਮੂੜ੍ਹਤਾ ਦੀ ਨਿਸ਼ਾਨੀ ਹੈ। ਅੱਜ ਜੇ ਅਸੀਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਭੂਤ ਕਾਲ ਦੇ ਸੰਦਰਭ ਵਿੱਚ ਕਰਦੇ ਹਾਂ ਤਾਂ ਇਹ ਸਾੱਡੀ ਮੂਰਖਤਾ ਹੈ। ਗੁਰੂ ਨਾਨਕ ਸਾਹਿਬ ਸਦ ਜੀਵਤ ਤੇ ਸਦਾ ਹੀ ਅੰਗ ਸੰਗ ਹਨ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਤਾੜਨਾ ਕੀਤੀ ਕਿ “ ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ। ਗੁਰਸਿੱਖ ਦੇ ਗੁਰੂ ਨਾਨਕ ਸਾਹਿਬ ਸਮੇਂ ਦੇ ਕਿਸੇ ਖੰਡ ‘ਚ ਬੰਨੇ ਹੋਏ ਨਹੀ ਹਨ। ਉਹ ਕਾਲ ਤੋਂ ਪਰੇ ਹਨ। ਮਨ ਦੀ ਸ਼ਰਧਾ, ਭਾਵਨਾ ਤੇ ਪ੍ਰੀਤਿ ਦੂਰਿਆਂ ਨਹੀਂ ਮੰਨਦੀ। ਬੇਬੇ ਨਾਨਕੀ ਜੀ ਦੇ ਮਨ ਅੰਦਰ ਸੁਲਤਾਨਪੁਰ ਲੋਧੀ ਵਿੱਚ ਬੈਠੀਆਂ ਗੁਰੂ ਨਾਨਕ ਸਾਹਿਬ ਲਈ ਉਮੰਗ ਪੈਦਾ ਹੋਈ ਤਾਂ ਫੁਲਕਾ ਤਵੇ ਤੋਂ ਉਤਰਨ ਤੋਂ ਪਹਿਲਾਂ ਹੀ ਗੁਰੂ ਸਾਹਿਬ ਬੇਬੇ ਜੀ ਦੇ ਸਾਹਮਣੇ ਸਨ। ਇਹ ਕਦੇ ਨ ਕਦੇ ਹਰ ਮਨੁੱਖ ਨਾਲ ਵਾਪਰਦਾ ਹੈ। ਵਾਹਿਗੁਰੂ ਅੱਗੇ ਕੀਤੀ ਅਰਦਾਸ ਇਵੇਂ ਪੂਰੀ ਹੁੰਦੀ ਹੈ ਕਿ ਮਨੁੱਖ ਆਪ ਅਚਰਜ ‘ਚ ਪੈ ਜਾਂਦਾ ਹੈ। ਕਈ ਵਾਰ ਕੀਤੀ ਗਈ ਅਰਦਾਸ ਪੂਰੀ ਨਹੀਂ ਹੁੰਦੀ। ਸਮਾਂ ਬਤੀਤ ਹੋਣ ਬਾਅਦ ਹੀ ਪਤਾ ਲੱਗਦਾ ਹੈ ਕਿ ਉਸ ‘ਚ ਕਿੰਨਾ ਵੱਡਾ ਹਿੱਤ ਲੁਕਿਆ ਹੋਇਆ ਸੀ। ਅਜਿਹੇ ਕੌਤਕ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਨਿਤ, ਪਲ – ਪਲ ਵਰਤਦੇ ਹਨ। ਗੁਰੂ ਨਾਨਕ ਸਾਹਿਬ ਦਾ ਪੱਲਾ ਫੜ ਕੇ ਅਗਿਆਨੀ ਵੀ ਤਰ ਰਹੇ ਹਨ ਤੇ ਪਾਪੀ ਵੀ। ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਅਯੋਧਿਆ ਪੁੱਜਣ ਦਾ ਜਿਕਰ ਆਉਂਦਾ ਹੈ। ਇਸ ਅਨੁਸਾਰ ਸਥਾਨਕ ਪੰਡਿਤਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਸ੍ਰੀ ਰਾਮਚੰਦਰ ਜੀ ਨਗਰ ਦੇ ਸਾਰੇ ਜੀਆਂ ਨੂੰ ਨਾਲ ਲੈ ਕੇ ਬੈਕੁੰਠ ਗਏ ਸਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਵਚਨ ਕੀਤੇ ਕਿ ਉਹੋ ਮਨੁੱਖ ਬੈਕੁੰਠ ਗਾਏ ਜਿਨ੍ਹਾਂ ਸ੍ਰੀ ਰਾਮ ਚੰਦਰ ਜੀ ਦੇ ਦਰਸ਼ਨ ਕੀਤੇ। ਤੁਸੀਂ ਵੀ ਜੇ ਮੁਕਤੀ ਚਾਹੁੰਦੇ ਹੋ ਤਾਂ ਨਾਮ ਸਿਮਰਨ ਕਰੋ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਉਨ੍ਹਾਂ ਦਾ ਹੁਕਮ ਧਾਰਨ ਕਰਣਾ ਹੈ। ਗੁਰੂ ਨਾਨਕ ਸਾਹਿਬ ਨੇ ਆਪ ਵਚਨ ਕੀਤੇ ਸਤਿਗੁਰ ਮਿਲੈ ਸੁ ਮਰਣੁ ਦਿਖਾਏ। ਜਿਸ ਮਨੁੱਖ ਨੂੰ ਆਪਣਾ ਅੰਤ ਚੇਤੇ ਰਹਿੰਦਾ ਹੈ ਉਸ ਦਾ ਆਚਾਰ ਬਦਲ ਜਾਂਦਾ ਹੈ। ਉਹ ਸੰਸਾਰ ਅੰਦਰ ਆਪਨੇ ਆਪ ਨੂੰ ਪ੍ਰਾਹੁਣਾ ਸਮਝ ਕੇ ਰਹਿੰਦਾ ਹੈ। ਇਸ ਜੀਵਨ ਨੂੰ ਪਰਮਾਤਮਾ ਨਾਲ ਮੇਲ ਦਾ ਦੁਰਲਭ ਅਉਸਰ ਜਾਣ ਕੇ ਇੱਕ ਇੱਕ ਪਲ ਪਰਮਾਤਮਾ ਦੇ ਸਿਮਰਨ ਤੇ ਬੇਨਤੀ ਵਿੱਚ ਲਾਉਂਦਾ ਹੈ। ਸੰਸਾਰਕ ਸਬੰਧਾਂ ਤੇ ਪਦਾਰਥਾਂ ‘ਚ ਮੋਹ ਨਹੀਂ ਲਾਉਂਦਾ ਕਿਉਂਕਿ ਇਹ ਸਾਰਾ ਕੁਝ ਇੱਥੇ ਹੀ ਛੱਡ ਕੇ ਚਲੇ ਜਾਣਾ ਹੈ “ ਮਰਣੁ ਲਿਖਾਇ ਆਏ ਨਹੀ ਰਹਣਾ“। ਅਜਿਹਾ ਜੀਵਨ ਜੀਉਣ ਵਾਲਾ ਮਨੁੱਖ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦਾ ਸੁਭਾਗ ਪ੍ਰਾਪਤ ਕਰਦਾ ਹੈ। ਇਹ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਹੋਣ ਦੀ ਪਹਿਲੀ ਤੇ ਮੁੱਢਲੀ ਨਿਸ਼ਾਨੀ ਹੈ। ਗੁਰੂ ਨਾਨਕ ਸਾਹਿਬ ਨੇ ਦੂਜੀ ਨਿਸ਼ਾਨੀ ਦੱਸਦਿਆਂ ਕਿਹਾ “ ਸਤਿਗੁਰੁ ਮਿਲੈ ਤ ਦੁਬਿਧਾ ਭਾਗੈ “। ਗੁਰਬਾਣੀ ਪੜ੍ਹਦਿਆਂ , ਸੁਣਦਿਆਂ ਜਦੋਂ ਸਾਰੀ ਅਗਿਆਨਤਾ ਦੂਰ ਹੋ ਜਾਏ ਤੇ ਪਰਮਾਤਮਾ ਦੀ ਵਡਿਆਈ ਵੇਖਣ ਦੀ ਦ੍ਰਿਸ਼ਟੀ ਪ੍ਰਾਪਤ ਹੋ ਜਾਏ ਤਾਂ ਇਹ ਗੁਰੂ ਨਾਨਕ ਸਾਹਿਬ ਦੇ ਚਰਣਾਂ ‘ਚ ਸੀਸ ਧਰਨ ਜਿਹਾ ਹੈ “ ਜੀਵਤ ਮਰੈ ਮਹਾ ਰਸੁ ਆਗੈ । ਮਨੁੱਖ ਨੂੰ ਭਰੋਸਾ ਹੋ ਜਾਂਦਾ ਹੈ ਕਿ ਸਾਰੀ ਸ੍ਰਿਸ਼ਟੀ ਦਾ ਸਿਰਜਕ , ਸੁਆਮੀ ਤੇ ਪਾਲਣਹਾਰ ਦਾਤਾ ਇੱਕੋ ਇੱਕ ਪਰਮਾਤਮਾ ਹੀ ਹੈ , ਦੂਜਾ ਕੋਈ ਹੋਰ ਨਹੀਂ। ਇਹ ਭਰੋਸਾ ਹੀ ਪਰਮਾਤਮਾ ਅੱਗੇ ਪੂਰਨ ਸਮਰਪਣ ਹੈ। ਮਨ ਭਾਵਨਾ ਨਾਲ ਭਰਪੂਰ ਹੋ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ “ ਕਮਲੁ ਬਿਗਾਸਿ ਮਨੁ ਹਰਿ ਪ੍ਰਭ ਲਾਗੈ“। ਗੁਰੂ ਨਾਨਕ ਸਾਹਿਬ ਦਾ ਦਰਸ਼ਨ ਆਨੰਦ ਦਾਇਕ ਹੈ। ਗੁਰਬਾਣੀ ‘ਚੋਂ ਜਦੋਂ ਰਸ ਆਉਣ ਲੱਗ ਪਏ , ਸਾਰੇ ਸੰਸਾਰਕ ਰਸ ਫਿੱਕੇ ਲੱਗਣ ਲੱਗ ਪੈਂਦੇ ਹਨ। ਮਨ ਵਾਰ ਵਾਰ ਗੁਰਬਾਣੀ ਦੀ ਖਿੱਚ ਮਹਿਸੂਸ ਕਰਨ ਲੱਗ ਪਏ ਤਾਂ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਆਤਮਿਕ ਪ੍ਰੇਰਨਾ ਵਿੱਚ ਬਦਲ ਜਾਂਦਾ ਹੈ। ਗੁਰੂ ਦਾ ਹੁਕਮ ਮੰਨਨ ਦਾ ਚਾਉ ਪੈਦਾ ਹੋ ਜਾਂਦਾ ਹੈ। ਤੀਜੀ ਨਿਸ਼ਾਨੀ ਜੀਵਨ ਅੰਦਰ ਗੁਣ ਧਾਰਨ ਕਰਣਾ ਹੈ ਜੋ ਮਨੁੱਖ ਦੇ ਆਚਾਰ ਰਾਹੀਂ ਪਰਗਟ ਹੁੰਦੇ ਹਨ “ ਸਤਿਗੁਰਿ ਮਿਲਿਐ ਸਚ ਸੰਜਮਿ ਸੂਚਾ। ਗੁਰੂ ਨਾਨਕ ਸਾਹਿਬ ਦਾ ਦਰਸ਼ਨ ਸ੍ਰੇਸ਼ਟ ਆਤਮਿਕ ਅਵਸਥਾ ਸਿਰਜਣ ਵਾਲਾ ਹੈ। ਮਨੁੱਖ ਵਿਕਾਰਾਂ, ਮਾਇਆ ਤੋਂ ਉਦਾਸ ਹੋ ਜਾਂਦਾ ਹੈ ਤੇ ਸੰਤੋਖ , ਸੰਜਮ , ਸਹਿਜ , ਸਤ , ਦਇਆ , ਪਰੋਪਕਾਰ ਤੇ ਪ੍ਰੇਮ ਆਦਿਕ ਸ੍ਰੇਸ਼ਟ ਗੁਣ ਧਾਰਨ ਕਰ ਪਰਮਾਤਮਾ ਦੀ ਭਗਤੀ ਕਰਦਾ ਹੈ। ਸੱਚਾ ਸੁੱਚਾ ਜੀਵਨ ਜੀਉਂਦਾ ਹੈ। ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਹਨ ਤਾਂ ਉਹ ਨਿਰੰਤਰ ਸਹਿਜ ਦੀ ਪਰਮ ਅਵਸਥਾ ਵੱਲ ਵੱਧਣ ਲੱਗਦਾ ਹੈ “ ਗੁਰ ਕੀ ਪਉੜੀ ਊਚੋ ਊਚਾ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦੀ ਚੌਥੀ ਨਿਸ਼ਾਨੀ ਗੁਰੂ ਸਾਹਿਬ ਦੇ ਚਰਨਾ ਦੀ ਧੂੜ ਬਣ ਜਾਣਾ ਹੈ , ਉਨ੍ਹਾਂ ਦਾ ਮੁੱਲ ਖਰੀਦੀਆਂ ਲਾਲਾ ਗੋਲਾ ਬਣ ਜਾਣਾ ਹੈ “ ਗੁਰਿ ਮਿਲਿਐ ਮਿਲਿ ਅੰਕਿ ਸਮਾਇਆ। ਗੁਰੂ ਦੇ ਹੁਕਮ ਦਾ ਦਾਸ ਬਣ ਜਾਣਾ , ਜੀਵਨ ਪੂਰਨ ਤੌਰ ਤੇ ਗੁਰੂ ਅਨੁਸਾਰੀ ਬਣਾ ਲੈਣਾ ਹੀ ਗੁਰੂ ਵਿੱਚ ਅਭੇਦ ਹੋ ਜਾਣਾ ਹੈ। ਇਹ ਅਵਸਥਾ ਪ੍ਰਾਪਤ ਕਰ ਲੈਣ ਵਾਲੇ ਮਨੁੱਖ ਨੂੰ ਗੁਰੂ ਸਾਹਿਬ ਬੇਸ਼ੁਮਾਰ ਰਹਿਮਤਾਂ ਨਾਲ ਨਿਵਾਜ ਦਿੰਦੇ ਹਨ “ ਗੁਰਿ ਮਿਲਿਐ ਮਿਲਿ ਅੰਕਿ ਸਮਾਇਆ। ਗੁਰੂ ਨਾਨਕ ਸਾਹਿਬ ਦਾ ਦਰਸ਼ਨ ਪਰਮਾਤਮਾ ਦੀ ਭਗਤੀ ਦ੍ਰਿੜ੍ਹ ਕਰਾਉਣ ਵਾਲਾ ਹੈ ਕਰਿ ਕਿਰਪਾ ਘਰੁ ਮਹਲੁ ਦਿਖਾਇਆ“। ਦਿਆਲੂ ਗੁਰੂ ਨਾਨਕ ਸਾਹਿਬ ਨੇ ਉਡੀਕ ਨਹੀਂ ਕੀਤੀ ਕਿ ਲੋਕਾਂ ਉਨ੍ਹਾਂ ਕੋਲ ਆਉਣ ਤੇ ਜੀਵਨ ਮੁਕਤ ਹੋਣ ਲਈ ਬੇਨਤੀ ਕਰਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪ ਅੱਗੇ ਆਏ ਤੇ ਤੁਰ ਪਏ ਸਮੂਚੀ ਲੋਕਾਈ ਦਾ ਕਲਿਆਨ ਕਰਨ “ ਚੜ੍ਹਿਆ ਸੋਧਣਿ ਧਰਤਿ ਲੁਕਾਈ। ਪੂਰੇ ਬ੍ਰਹਮੰਡ ਤੱਕ ਆਪ ਦੀ ਨਜਰ ਗਈ ਤੇ ਜਿੱਥੇ ਤੱਕ ਧਰਤੀ ਸੀ ਗੁਰੂ ਨਾਨਕ ਸਾਹਿਬ ਜੀ ਚੱਲ ਕੇ ਲੋਕਾਂ ਨੂੰ ਤਾਰਨ ਗਏ “ਬਾਬੇ ਡਿੱਠੀ ਪਿਰਥਮੀ ਨਵੈ ਖੰਡਿ ਜਿਥੈ ਤਕਿ ਆਹੀ। ਅੱਜ ਬਹੁਤ ਸਾਰੇ ਖੋਜੀ ਵਿਦਵਾਨ ਅੰਦਾਜਾ ਲਾਉਂਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਕਿੰਨੇ ਹਜਾਰ ਕਿਲੋਮੀਟਰ ਯਾਤਰਾ ਕੀਤੀ, ਕਿੰਨੇ ਵਰ੍ਹੇ ਲਾਏ। ਇਹ ਸਾਰੀਆਂ ਗੱਲਾਂ ਬੌਧਿਕ ਦ੍ਰਿਸ਼ਟੀ ਨਾਲ ਜਾਇਜ ਠਹਿਰਾਈਆਂ ਜਾ ਸੱਕਦੀਆਂ ਹਨ ਪਰ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਣਾ ਹੈ ਉਨ੍ਹਾਂ ਨੂੰ ਜਾਨਣਾ ਹੈ ਤਾਂ ਭਾਵਨਾ ਦੀ ਲੋੜ ਹੈ , ਨਿਰਬਾਨ ਹੋਣ ਦੀ ਲੋੜ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਮਨ ਦਾ ਵਿਸ਼ਾ ਹਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਵੀ ਸਾਰਾ ਸੰਵਾਦ ਮਨੁੱਖ ਦੇ ਮਨ ਨਾਲ ਹੈ “ ਮੇਰਾ ਮਨੋ ਮੇਰਾ ਮਨੁ ਰਾਤਾ ਰਾਮ ਪਿਆਰੇ ਰਾਮ। ਸ੍ਰੀ ਗੁਰੂ ਨਾਨਕ ਸਾਹਿਬ ਜੀ ਆਤਮਿਕ ਸਮਰਥਾ ਤੇ ਵਡਿਆਈ ਦਾ ਰੂਪ ਹਨ। ਗੁਰੂ ਨਾਨਕ ਸਾਹਿਬ ਜਦੋਂ ਅਤਿ ਕਠਿਨ ਉਚਾਈ ਤੈ ਕਰ ਸੁਮੇਰ ਪਰਬਤ ਤੇ ਜਾ ਪੁੱਜੇ ਤਾਂ ਸਿੱਧ ਹੈਰਾਨ ਰਹਿ ਗਏ। ਉਨ੍ਹਾਂ ਜਾਣ ਲਿਆ ਕੋਈ ਮਨੁੱਖ ਆਪਣੀ ਸ਼ਰੀਰਕ ਤਾਕਤ ਨਾਲ ਇੱਥੇ ਤੱਕ ਨਹੀਂ ਪੁੱਜ ਸੱਕਦਾ। ਉਨ੍ਹਾਂ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਕਿ ਉਹ ਕਿਹੜੀ ਆਤਮਿਕ ਸ਼ਕਤੀ ਹੈ ਜੋ ਤੁਹਾਨੂੰ ਇੱਥੇ ਤੱਕ ਲੈ ਆਈ ਹੈ ਸਿਧਿ ਪੁਛਣਿ ਸੁਣਿ ਬਾਲਿਆ ਕਉਣੁ ਸਕਤਿ ਤੁਹਿ ਏਥੇ ਲਿਆਈ। ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਇਹ ਤਾਂ ਭਾਵਨਾ ਨਾਲ ਕੀਤੀ ਹੋਈ ਪਰਮਾਤਮਾ ਦੀ ਭਗਤੀ ਹੈ ਹਉ ਜਪਿਆ ਪਰਮੇਸਰੋ ਭਾਉ ਭਗਤਿ ਸੰਗਿ ਤਾੜੀ ਲਾਈ। ਗੁਰੂ ਨਾਨਕ ਸਾਹਿਬ ਭਗਤੀ ਭਾਵਨਾ ਦਾ ਪ੍ਰਤੱਖ ਸਵਰੂਪ ਹਨ। ਆਪ ਦਾ ਦਰਸ਼ਨ ਭਾਵਨਾ ਮਈ ਭਗਤੀ ਨਾਲ ਹੀ ਕੀਤਾ ਜਾ ਸੱਕਦਾ ਹੈ। ਇਸ ਲਈ ਕੋਈ ਵੱਡੇ ਗ੍ਰੰਥਾਂ ਦਾ ਗੂੜ੍ਹ ਗਿਆਨ ਨਹੀਂ ਚਾਹੀਦਾ। ਵੱਡੀਆਂ ਡਿਗਰੀਆਂ ਦੀ ਲੋੜ ਨਹੀ , ਕੋਈ ਹਠ – ਤਪ – ਸਾਧਨਾ ਦੀ ਮੰਗ ਨਹੀਂ . ਬਸ ਇੱਕੋ ਹੁਕਮ ਤੇ ਚੱਲਣ ਦੀ ਲੋੜ ਹੈ “ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ“। ਗੁਰਸਿੱਖ ਲਈ ਹਰ ਵੇਲਾ ਅੰਮ੍ਰਿਤ ਵੇਲਾ ਹੈ “ ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ , ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ“। ਪਰਮਾਤਮਾ ਦਾ ਸਿਮਰਨ ਕਰਨ ਲਈ , ਬਾਣੀ ਅੰਦਰ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਨ ਲਈ ਕਿਸੇ ਖਾਸ ਸਮੇਂ ਦੀ ਉਡੀਕ ਦੀ ਲੋੜ ਨਹੀਂ। ਨਾਮ ਜਪਣ ਵਾਲਾ , ਪਰਮਾਤਮਾ ਦਾ ਜਸ ਗਾਉਣ ਵਾਲਾ ਹਰ ਪਲ ਅੰਮ੍ਰਿਤ ਵੇਲਾ ਬਣ ਜਾਂਦਾ ਹੈ। ਦਿਨ – ਰਾਤ ਅੰਮ੍ਰਿਤ ਵੇਲਾ ਬਣ ਜਾਂਦੇ ਹਨ। ਪਰਮਾਤਮਾ ਭਗਤੀ ਨੂੰ ਸਮਰਪਤ ਪੂਰੀ ਉਮਰ ਅੰਮ੍ਰਿਤ ਮਈ ਬਣ ਜਾਂਦੀ ਹੈ “ ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ“। ਜੀਵਨ ਨੂੰ ਅਮ੍ਰਿਤ ਵੇਲਾ ਬਣਾਉਣਾ ਗੁਰੂ ਨਾਨਕ ਸਾਹਿਬ ਦਾ ਪਾਵਨ ਦਰਸ਼ਨ ਹੈ। ਗੁਰੂ ਨਾਨਕ ਸਾਹਿਬ ਦੀ ਨੇੜਤਾ ਪ੍ਰਾਪਤ ਕਰਨਾ ਹੈ। ਗੁਰੂ ਨਾਨਕ ਸਾਹਿਬ ਆਪਨੇ ਸਿੱਖ ਨੂੰ ਸਦਾ ਨਿਹਾਲ ਨਿਹਾਲ ਕਰ ਰਹੇ ਹਨ ਵੇਖੈ ਵਿਗਸੈ ਕਰਿ ਵੀਚਾਰੁ । ਗੁਰੂ ਨਾਨਕ ਸਾਹਿਬ ਨਿਤ ਗੁਰਸਿੱਖ ਨੂੰ ਆਵਾਜ ਦੇ ਰਹੇ ਹਨ।“ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ “।
ਪਰਮਾਤਮਾ ਦਾ ਜਸ ਗਾਇਨ ਗੁਰੂ ਸਾਹਿਬ ਦਾ ਹੁਕਮੀ ਸੇਵਕ ਬਣਨਾ ਹੈ। ਹੁਕਮ ਅੰਦਰ ਰਹਿ ਕੇ ਸਿੱਖ ਜੀਵਨ ਮੁਕਤ ਹੋ ਜਾਂਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਦਾ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ।



