Skip to content
Independent perspectives. Global stories.
BREAKING

ਕਿਰਤੀ ਲੋਕਾਂ ਦਾ ਕਵੀ-ਸੰਤ ਰਾਮ ਉਦਾਸੀ

Share this story

ਚਾਨਣ ਦੇ ਵਣਜਾਰੇ ਮਹਾਨ ਗੁਰੂ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਰਾਹਾਂ ਦੇ ਪਾਂਧੀ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਾਥੋ ਸਦਾ ਲਈ ਵਿਛੜਿਆਂ 32 ਵਰ੍ਹੇ ਹੋ ਚੱਲੇ ਹਨ। ਮਹਾਨ ਸ਼ਖਸੀਅਤਾਂ ਦਾ ਵਡੱਪਣ ਹੋਰ ਗੱਲਾਂ ਤੋਂ ਬਿਨਾਂ ਇਸ ਗੱਲ ਵਿਚ ਵੀ ਨਜ਼ਰ ਆਉਦਾਂ ਹੈ ਕਿ ਉਹ ਅਪਣੀ ਮੌਤ ਤੋਂ ਮਗਰੋਂ ਵੀ ਆਪਣੀਆ ਕ੍ਰਿਤਾਂ ਰਾਹੀਂ ਅਤੇ ਵਿਚਾਰਾਂ ਰਾਹੀਂ ਜੀਵਤ ਮਨੁੱਖਤਾ ਦੀ ਲਗਾਤਾਰ ਸੇਵਾ ਕਰਦੇ ਰਹਿੰਦੇ ਹਨ। ਇਸ ਸੇਵਾ ਦੀ ਮਹੱਤਤਾ ਸਮਾਂ ਬੀਤਣ ਨਾਲ ਹੋਰ ਸੇਵਾ ਹੋਰ ਵੀ ਵਧਦੀ ਰਹਿੰਦੀ ਹੈ। ਉਦਾਸੀ ਜੀ ਦੇ ਇਸ ਸੰਸਾਰ ਵਿਚੋ ਚਲੇ ਜਾ ਨਾਲ ਉਸ ਦੀ ਪ੍ਰਸਿੱਧੀ ਘਟੀ ਨਹੀਂ ਸਗੋਂ ਲਗਾਤਾਰ ਵੱਧ ਰਹੀ ਹੈ। ਉਨ੍ਹਾ ਦਾ ਜਨਮ 20 ਅਪ੍ਰੈਲ,1939 ਨੂੰ ਮਾਤਾ ਧੰਨ ਕੌਰ ਦੀ ਕੁਖਂੌ ਪਿਤਾ ਮਿਹਰ ਸਿੰਘ ਦੇ ਘਰ ਪਿੰਡ ਰਾਏਸਰ, ਤਹਿਸੀਲ ਬਰਨਾਲਾ , ਜਿਲਾ ਸੰਗਰਰੂ ਵਿਚ ਹੋਇਆ । ਕੰਮੀਆ ਦੇ ਵਿਹੜੇ ਪੈਦਾ ਹੋਣ ਕਰਕੇ ਆਪ ਨੂੰ ਗਰੀਬੀ ਦਾ ਸੇਕ ਵਿਰਸੇ ਵਿੱਚ ਮਿਲਿਆ । ਆਪ ਨੇ ਮੁਢਲੀ ਵਿਦਿਆ ਅਪਣੇ ਪਿੰਡ ਰਾਏਸਰ ਤੋ ਅਤੇ ਦਸਵੀਂ ਅਤੇ ਜੇ.ਬੀ.ਟੀ. ਪਿੰਡ ਬਖਤਗੜ੍ਹ ਤੋ ਪਾਸ ਕੀਤੀ । ਸ਼ੁਰੂ-ਸ਼ੁਰੂ ਵਿਚ ਆਪ ਨੇ ਧਾਰਮਿਕ ਅਤੇ ਪੇਂਡੂ ਸਭਿੱਆਚਾਰ ਬਾਰੇ ਕਵਿਤਾਵਾਂ ਲਿਖੀਆਂ । ਖੁਸ਼ ਹੈਸੀਅਤ ਟੈਕਸ ਮੋਰਚੇ ਸਮੇ ਕਿਸਾਨਾਂ, ਤੇ ਹੋਏ ਤਸ਼ੱਦਦ ਤੋਂ ਪ੍ਰਭਾਵਿਤ ਹੋ ਕੇ ਉਦਾਸੀ ਦੀ ਸੋਚ ਨੇ ਵਿਗਿਆਨਕ ਮੋੜਾ ਖਾਧਾ ।ਸੰਨ 1964 ਤੋ 1968 ਦੇ ਸਮੇ ਦੋਰਾਨ ਆਪ ਨੇ ਮਾਰਕਸ, ਏਂਗਲਜ਼,ਲੈਨਿਕ, ਗੋਰਕੀ, ਲੂਸ਼ਨ, ਜੂਲੀਅਸ਼ ਫਿਊਚਕ, ਸੋਲੋਖੋਵ, ਤੁਰਗਨੇਵ ਅਤੇ ਤਾਲਸਤਾਏ ਆਦਿ ਲੇਖਕਾਂ ਦੀਆਂ ਕਿਰਤਾਂ ਦਾ ਅਧਿਐਨ ਕੀਤਾ ਅਤੇ ਉਨ੍ਹਾ ਨੂੰ ਵਿਗਿਆਨਕ ਢੰਗ ਨਾਲ ਘੋਖਿਆ । ਸੰਨ 1967 ਦੇ ਘੁੱਪ ਹਨੇਰੇ ਵਿਚ ਨਕਸਲਬਾੜੀ ਲਹਿਰ ਦੇ ਲਾਲ ਉਭਾਰ ਨੇ ਇਸ ਕਵੀ ਦਾ ਰੋਮ ਰੋਮ ਵਿੰਨ੍ਹ ਦਿੱਤਾ। 13 ਅਗਸਤ 1971 ਨੂੰ ਸਹਿਤ ਸਭਾ , ਨਕੋਦਰ ਵੱਲੋਂ ਪੰਜਾਬ ਪੱਧਰ ਦਾ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਉਦਾਸੀ ਪੰਜਾਬ ਪੱਧਰ ਦੇ ਕਵੀ ਦੇ ਤੌਰ ਤੇ ਉਭਰਿਆ ।ਉਹ ਨਕਸਲੀ ਸ਼ਹੀਦਾ ਦੀ ਯਾਦ ਵਿਚ ਸਟੇਜਾਂ ਉਤੇ ਕਵਿਤਾਵਾਂ ਗਾ ਕੇ ਹਜਾਰਾਂ ਲੋਕਾਂ ਨੂੰ ਕੀਲ ਲੈਂਦਾ । ਪੁਲਸ ਦੇ ਅਣ-ਮਨੁਖੀ ਤਸ਼ੱਦਦ ਤੋਂ ਬਾਅਦ ਵੀ ਉਦਾਸੀ ਦੀ ਕਲਮ ਜਬਰ ਵਿਰੁਧ ਸੰਗੀਨ ਬਣ ਕੇ ਲੜਦੀ ਰਹੀ । ਉਹ ਸਟੇਜਾਂ ਤੋਂ ਗੜਕਦੀ ਆਵਾਜ ਵਿਚ ਗਾਉਂਦਾ ਰਿਹਾ :
ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ,
ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ।
ਬਦਲੇ ਲਏ ਤੋਂ ਵੀ ਜਿਹੜੀ ਮੁੱਕਣੀ ਨਾ,
ਏਡੀ ਲੰਮੀ ਏ ਸਾਡੀ ਕਤਾਰ ਲੋਕੋ ।
ਅਤੇ
ਅਸੀਂ ਗੱਭਰੂ ਤੂਤ ਦੀ ਛਟੀ ਵਰਗੇ,
ਜਿੰਨਾ ਛਾਂਗਣਗੇ ਉਨ੍ਹਾ ਹੀ ਫੈਲਰਾਂਗੇ।
‘ਹਉਕੇ ਦੀ ਲਾਟ’ ਵਿੱਚ ਜਨਮੇ ਅਤੇ ‘ਡਾਂਗਾਂ ਦੀ ਅੱਗ’ ਸੇਕਣ ਵਾਲੇ ਇਸ ਕਵੀ ਦੀਆਂ ਕਵਿਤਾਵਾ ‘ਗੁਰੁ ਨਾਨਕ ਤੇ ਅੱਜ’ ‘ਜ਼ਫਰਨਾਮਾ’ ‘ਚਮਕੌਰ ਦੀ ਗੜ੍ਹੀ’ ਵਿਚ ‘ਚੂੜੀਆਂ ਦਾ ਹੋਕਾ’ ਅਤੇ ਮਜ਼ਦੂਰ ਦੀ ਕਲੀ , ਅੱਜ ਵੀ ਕਿਰਤੀਆਂ ਦੇ ਬੁੱਲਾਂ ਤੇ ਹਨ । ਰਸਮੀ ਤੇ ਵਹਿਮੀ ਸਮਾਜ ਦਾ ਪਾਜ ਉਘੇੜਦੀ ਉਦਾਸੀ ਦੀ ਪਾਤਰ ਕੁੜੀ ਆਖਦੀ ਹੈ:
ਇੱਕ ਤਲਵਾਰ ਮੇਰੀ ਡੋਲੀ ਵਿਚ ਰੱਖ ਦਿÀੌ,
ਹੋਰ ਵੀਰੋ ਦਿÀੌ ਨਾ ਵੇ ਦਾਜ ।
ਸਾਡੇ ਵੱਲ ਕਹਿਰੀ ਅੱਖ ਝਾਕ ਨਾ ਸਕੇ ਵੇ ਸਾਡਾ,
ਰਸਮੀ ਤੇ ਵਹਿਮੀ ਇਹ ਸਮਾਜ ।
ਉਦਾਸੀ ਕਾਲਜਾਂ ਵਿਚੋ ਅਤੇ ਪਿੰਡਾ ਦੀਆਂ ਸੱਥਾਂ ਵਿੱਚ ਜਾ ਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਲੋਟੂ ਨਿਜ਼ਾਮ ਵਿਰੁੱਧ ਲਾਮਬੰਦ ਕਰਦਾ ਅਤੇ ਕਿਰਤੀਆਂ ਨੂੰ ਇੱਕਮੁੱਠ ਹੋਣ ਦੀ ਪ੍ਰੇਰਨਾ ਦਿੰਦਾ :
ਹਾੜੀਆਂ ਦੇ ਹਾਣੀ ਵੇ,
ਸੌਣੀਆਂ ਦੇ ਸਾਥੀ ਵੇ,
ਕਰ ਲਵੋ ਦਾਤੀਆਂ ਤਿਆਰ ।
ਚੁੱਕੋ ਵੇ ਹਥੌੜਿਆਂ ਨੂੰ ਤੋੜੋ
ਹਿੱਕ ਪੱਥਰਾਂ ਦੀ ,
ਅੱਜ ਸਾਨੂੰ ਲੋੜੀਂਦੇ ਅੰਗਾਰ ।
ਸੰਤ ਰਾਮ ਉਦਾਸੀ ਨੇ ‘ਚੌਨੁਕਰੀਆਂ ਸੀਖਾਂ’ ‘ਲਹੂ ਭਿੱਜੇ ਬੋਲ’ ਅਤੇ ‘ਸੈਨਤਾਂ’ ਤਿੰਨ ਪੁਸਤਕਾਂ ਮਾਂ ਬੋਲੀ ਦੀ ਝੋਲੀ ਪਾਈਆ । ਉਸ ਨੇ ਆਪਣੀ ‘ਵਸੀਅਤ’ ਨਾਮਕ ਕਵਿਤਾ ਵਿੱਚ ਕਿਹਾ ਸੀ :
ਮੇਰੀ ਮੌਤ ‘ਤੇ ਨਾ ਰੋਇ,
ਮੇਰੀ ਸੋਚ ਨੂੰ ਬਚਾਇ ।
6 ਨਵੰਬਰ 1986 ਨੂੰ ਮਨਵਾੜ ਦੀ ਧਰਤੀ ਤੇ ਉਹ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਸਨ । ਉਨ੍ਹਾ ਦੇ ਸੋਚ ਤੇ ਪਹਿਰਾ ਦਿੰਦੇ ਹੋਏ ਲਿਖਾਰੀ ਸਭਾ ਬਰਨਾਲਾ ਨੇ ਪੁਸਤਕ ‘ਕੰਮੀਆ ਦਾ ਵਿਹੜਾ’ ਅਤੇ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਟਰੱਸਟ ਨੇ ‘ਦਿੱਲੀਏ ਦਿਆਲਾ ਵੇਖ’ ਉਸ ਦੀ ਪਹਿਲੀ ਬਰਸੀ ਤੇ ਪਿੰਡ ਰਾਏਸਰ ਵਿਖੇ ਰਲੀਜ਼ ਕੀਤੀਆਂ ਸਨ । ਲੋਕ ਸੰਗੀਤ ਮੰਡਲੀ ਭਦੌੜ ਦੇ ਕਾਰਕੁਨ ਕੈਸਟਾਂ ਰਿਕਾਰਡ ਕਰਵਾ ਕੇ ਉਸ ਦੀ ਸੋਚ ਨੂੰ ਬਚਾਉਣ ਲਈ ਯਤਨਸ਼ੀਲ ਹਨ । ਸ੍ਰੀ ਰਜਿੰਦਰ ਰਾਹੀ ਚੱਕ ਭਾਈਕਾ (ਹੁਣ ਰਾਜਵਿੰਦਰ ਰਾਹੀ) ਨੇ ਉਨ੍ਹਾ ਦੇ ਜੀਵਨ ਅਤੇ ਰਚਨਾ ਬਾਰੇ ਕਿਤਾਬ ਸੰਪਾਦਿਤ ਕੀਤੀ ਹੈ । ਉਨ੍ਹਾ ਦੀ ਬੇਟੀ ਇਕਬਾਲ ਕੌਰ ਉਦਾਸੀ ਨੇ ਵੀ ਉਨ੍ਹਾ ਦੀ ਚੋਣਵੀ ਰਚਨਾ ਸੰਪਾਦਿਤ ਕੀਤੀ ਹੈ । ਉਸ ਵੱਲੋਂ ਅਤੇ ਸੰਤਰਾਮ ਉਦਾਸੀ ਯਾਦਗਾਰੀ ਟਰੱਸਟ ਵੱਲੋਂ ਹਰ ਸਾਲ ਉਨ੍ਹਾ ਦੀ ਯਾਦ ਵਿਚ ਸਮਾਗਮ ਕਰਵਾਇਆ ਜਾਂਦਾ ਹੈ । ਅੱਜ ਤਰਕਸ਼ੀਲ ਭਵਨ ਬਰਨਾਲਾ ਵਿਖੇ ਉਨ੍ਹਾਂ ਦੀ ਸਲਾਨਾ ਬਰਸੀ ਮਨਾਈ ਜਾ ਰਹੀ ਹੈ। ਅਸੀਂ ਉਨ੍ਹਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਦੇ ਹੋਏ ਅਤੇ ਕਿਰਤੀਆਂ ਦੇ ਦੁੱਖ ਵਿਚ ਸ਼ਰੀਕ ਹੁੰਦੇ ਹੋਏ ਕਾਮਨਾ ਕਰਦੇ ਹਾਂ, ਕਿ ਕੰਮੀਆਂ ਦੇ ਵਿਹੜੇ ਉਦਾਸੀ ਵਰਗੇ ਸੂਰਜ ਹੋਰ ਵੀ ਮਘਦੇ ਰਹਿਣ ਅਤੇ ਸਾਡੀ ਧਰਤੀ ਮਾਂ ਦੀ ਗੋਦ ਸੱਖਣੀ ਨਾ ਰਹੇ ।
– ਪੇਸ਼ਕਸ਼ : ਹਰਜੀਤ ਕਾਤਿਲ
ਵਿਸ਼ੇਸ਼ ਪ੍ਰਤੀਨਿਧ ‘ਪੰਜਾਬ ਟਾਇਮਜ਼’ ਸ਼ੇਰਪੁਰ

WRITTEN BY