Skip to content
Independent perspectives. Global stories.
BREAKING

ਸਿੱਖ ਪੰਥ ਅਤੇ ਮਾਨਵ ਜਾਤੀ ਦੇ ਉੱਜਵਲ ਭਵਿੱਖ ਦੀਆਂ ਦਿਸ਼ਾਵਾਂ ਨਿਰਧਾਰਤ ਕਰਦਾ ‘ਐਲਾਨਨਾਮਾ’ ਜਾਰੀ ਕਰੋ

Share this story

ਭਾਈ ਹਰਿਸਿਮਰਨ ਸਿੰਘ ਵੱਲੋਂ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਦੇ ਨਾਂ ਖੁੱਲ੍ਹਾ ਖੱਤ

ਸਤਿਕਾਰਯੋਗ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਜੀਉ,
ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਸਾਹਿਬ।
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ£
ਗੁਰੂ ਨਾਨਕ ਫਿਲਾਸਫੀ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਸਫ਼ਲ ਜੀਵਨ, ਆਦਰਸ਼ਕ ਸਮਾਜ ਅਤੇ ਵਿਵਸਥਾ ਸਿਰਜਣ ਦੇ ਸਮਰੱਥ ਹਨ। ਵਰਤਮਾਨ ਦੇ ਸੰਕਟਗ੍ਰੱਸਤ ਪੰਜਾਬ, ਭਾਰਤ ਅਤੇ ਵਿਸ਼ਵ ਨੂੰ ਇਕ ਨਵੀਂ ਦਿਸ਼ਾ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਮੁੱਚੀਆਂ ਸਿੱਖ ਸੰਸਥਾਵਾਂ ਕੋਲ ਸਪੱਸ਼ਟ ਅਤੇ ਸਾਰਥਿਕ ਕਾਰਜਯੋਜਨਾ ਹੋਣੀ ਜ਼ਰੂਰੀ ਹੈ। ਇਤਿਹਾਸਕ ਦਿਹਾੜੇ ਜੋ ਸੁਨੇਹਾ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਪ੍ਰਸੰਗਿਕ ਭਾਵਨਾ ਵਿਚ ਸਮਝਣ ਦੀ ਲੋੜ ਹੁੰਦੀ ਹੈ। ਅਜਿਹੇ ਮੌਕੇ ‘ਕਿਆ ਤੈ ਖਟਿਆ ਕਹਾ ਗਵਾਇਆ’ ਦੇ ਗੁਰਬਾਣੀ ਦ੍ਰਿਸ਼ਟੀਕੋਣ ਤੋਂ ਪਿਛਲੇ ਸਮੇਂ ਕੀਤੀਆਂ ਗਈਆਂ ਪ੍ਰਾਪਤੀਆਂ ਅਤੇ ਅਸਫ਼ਲਤਾਵਾਂ ਦੀ ਸਮੁੱਚੀ ਪੜਚੋਲ ਕਰਕੇ ਭਵਿੱਖ ਦੀ ਦਿਸ਼ਾ ਵੱਲ ਨਵੀਂ ਸਪੱਸ਼ਟਤਾ ਨਾਲ ਅੱਗੇ ਵੱਧਣ ਦੇ ਸਮੇਂ ਵੀ ਹੁੰਦੇ ਹਨ।
ਕੌਮਾਂ-ਸੱਭਿਆਚਾਰ ਆਪਣੀ ਸ਼ਕਤੀਸ਼ਾਲੀ ਵਿਚਾਰਧਾਰਾ ਦੇ ਬਲ ‘ਤੇ ਇਕ ਨੀਤੀ ਤਹਿਤ ਕੰਮ ਕਰਕੇ ਆਪਣਾ ਵਿਸ਼ਵ ਸਥਾਨ ਪ੍ਰਾਪਤ ਕਰ ਲੈਂਦੇ ਹਨ। ਪਰ ਅਜਿਹੀ ਵਿਸ਼ਵ ਭੂਮਿਕਾ ਨਿਭਾਉਣ ਵਾਲੇ ਲੋਕ ਅਕਸਰ ਕਿਸੇ ਨਾ ਕਿਸੇ ਸੰਕਟਮਈ ਸਥਿਤੀ ਵਿਚ ਰਹਿੰਦੇ ਹਨ। ਸਿੱਖ ਪੰਥ ਲਈ ਸੰਕਟਾਂ ਦੀ ਅਜਿਹੀ ਸਥਿਤੀ ਵਰਤਮਾਨ ਵਿਚ ਬਣੀ ਹੋਈ ਹੈ ਅਤੇ ਭਵਿੱਖ ਵਿਚ ਵੀ ਬਣੀ ਰਹੇਗੀ। ਹਰ ਸਮਕਾਲ ਦੇ ਆਗੂਆਂ ਨੂੰ ਆਪਣੇ ਲੋਕਾਂ ਦੇ ਸਰੋਕਾਰਾਂ ਦੀ ਸਫ਼ਲ ਅਗਵਾਈ ਕਰਨ ਲਈ ਆਪਣੇ ਸਮੇਂ ਦੇ ਮੁੱਦਿਆਂ ਨੂੰ ਸੰਬੋਧਿਤ ਹੋਣਾ ਹੁੰਦਾ ਹੈ। ਪਰ ਇਕ ਵਿਚਾਰ ਸਪੱਸ਼ਟ ਹੈ ਕਿ ਜਿਤਨੀਆਂ ਸਬੰਧਿਤ ਕੌਮ ਦੇ ਮੁੱਦਿਆਂ ਨੂੰ ਅੱਗੇ ਲੈ ਕੇ ਜਾਣ ਵਾਲੀਆਂ ਸੰਸਥਾਵਾਂ ਸ਼ਕਤੀਸ਼ਾਲੀ ਹੁੰਦੀਆਂ ਹਨ, ਉਤਨੀਆਂ ਹੀ ਉਹ ਸਪੱਸ਼ਟਤਾ ਅਤੇ ਸ਼ਕਤੀ ਨਾਲ ਅੱਗੇ ਵੱਧ ਸਕਦੀਆਂ ਹਨ।
ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਦੀ ਲੋੜ- ਸਿੱਖ ਪੰਥ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਯਾਨਿ ਤਖ਼ਤ ਜਥੇਬੰਦੀ ਦੀ ਸੰਸਥਾ ਸਮੇਤ ਗੁਰਦੁਆਰਾ ਸੰਸਥਾ, ਰਾਜਨੀਤੀ, ਆਰਥਿਕਤਾ, ਵਿੱਦਿਆ, ਸੱਭਿਆਚਾਰ, ਸਿੱਖ ਸ਼ਾਸਕੀ ਮਾਡਲ ਅਤੇ ਸਮੁੱਚੇ ਸਿੱਖ ਵਿਸ਼ਵ ਦ੍ਰਿਸਟੀਕੋਣ ਆਦਿ ਸੰਸਥਾਵਾਂ ਜਿਵੇਂ ਕਮਜ਼ੋਰ ਹੋ ਗਈਆਂ ਹਨ, ਜਾਂ ਕਰ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਨਵੇਂ ਰੂਪ ਵਿਚ ਸੰਗਠਿਤ ਕਰਨ ਅਤੇ ਸ਼ਕਤੀਸ਼ਾਲੀ ਕਰਨ ਦਾ ਮੁੱਦਾ ਮਹੱਤਵਪੂਰਨ ਬਣ ਗਿਆ ਹੈ। ਸਿੱਖ ਪੰਥ ਦੇ ਭਵਿੱਖ ਲਈ ਪੰਜਾਬ ਅਤੇ ਵਿਸ਼ਵ ਭਰ ਵਿਚ ਵੱਸਦੇ ਫਿਕਰਮੰਦ ਸਿੱਖਾਂ ਦੀ ਇਹ ਮੁੱਢਲੀ ਚਿੰਤਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਮੇਂ ਸਿੱਖ ਸੰਸਥਾਵਾਂ ਨੂੰ ਹੋਰ ਸ਼ਕਤੀਸ਼ਾਲੀ ਕੀਤਾ ਜਾਏ ਅਤੇ ਇਨ੍ਹਾਂ ਦੀ ਨਵੀਂ ਭਵਿੱਖਮੁਖੀ ਭੂਮਿਕਾ ਨਿਸ਼ਚਿਤ ਕੀਤੀ ਜਾਏ। ਇਸ ਲਈ ਇਸ ਮੌਕੇ ਨੂੰ ਅੱਗੇ ਵਧਣ ਲਈ ਇਕ ਵੱਡੇ ਸਾਧਨ ਵਜੋਂ ਵਰਤਿਆ ਜਾਣਾ ਜ਼ਰੂਰੀ ਹੋ ਗਿਆ ਹੈ। ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਇਸ ਕੇਂਦਰੀ ਵਿਸ਼ੇ ਅਥਵਾ ਏਜੰਡੇ ਉੱਤੇ ਫੋਕਸ ਕੀਤਾ ਜਾਣਾ ਚਾਹੀਦਾ ਹੈ।
ਸਪੱਸ਼ਟ ਹੈ ਕਿ ਸਿੱਖ ਪੰਥ ਕੋਲ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ ਸਿੱਖ ਫਿਲਾਸਫ਼ੀ ਤੋਂ ਸੇਧ ਪ੍ਰਾਪਤ ਕਰਦੀ ਆਪਣੀ ਵਿਸ਼ਵ-ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਮਾਨਵ ਸਮਾਜ ਦੀਆਂ ਲੋੜਾਂ ਅਨੁਕੂਲ ਪੰਜਾਬ ਤੋਂ ਭਾਰਤ ਅਤੇ ਦੂਰ-ਦੁਰਾਡੇ ਦੇਸ਼ਾਂ ਵਿਚ ਸਿੱਖ ਧਰਮ ਦਾ ਸੁਨੇਹਾ ਦੇਣ ਵਾਲੇ ਗੁਰਦੁਆਰਿਆਂ, ਧਰਮ-ਕੇਂਦਰਾਂ ਅਤੇ ਧਾਰਮਿਕ ਸੰਸਥਾਵਾਂ ਕੋਲ ਸਪੱਸ਼ਟ ਏਜੰਡਾ ਅਤੇ ਚਿਰਸਥਾਈ ਪ੍ਰਚਾਰ ਨੀਤੀ ਹੋਣੀ ਜ਼ਰੂਰੀ ਹੈ।ਇਨ੍ਹਾਂ ਹੀ ਲੀਹਾਂ ਉੱਤੇ ਸਿੱਖ ਪੰਥ ਦਾ ਜੀਵਨ ਦੀਆਂ ਸਾਰੀਆਂ ਸੰਸਥਾਵਾਂ ਦਾ ਨੀਤੀਤੰਤਰ ਬਨਣਾ ਵੀ ਜ਼ਰੂਰੀ ਹੈ। ਸਿੱਖ ਪੰਥ ਦੀ ਰਾਜਨੀਤਿਕ-ਸੱਤਾ ਨੀਤੀ, ਆਰਥਿਕ ਨੀਤੀ, ਵਿਦਿਅਕ-ਬੌਧਿਕ ਨੀਤੀ, ਸੱਭਿਆਚਾਰਕ ਨੀਤੀ, ਵਿਦੇਸ਼ ਨੀਤੀ, ਖੇਡ ਨੀਤੀ, ਮੀਡੀਆ ਨੀਤੀ, ਸਿੱਖ ਨੌਜਵਾਨੀ ਨੂੰ ਸੰਭਾਲਣ ਅਤੇ ਉਨ੍ਹਾਂ ਦੀ ਜੀਵਨ ਸੁਰੱਖਿਆ ਯਕੀਨੀ ਬਣਾਉਂਦਿਆਂ ਉਨ੍ਹਾਂ ਦੇ ਸਿਰਜਣਾਤਮਿਕ ਕਾਰਜਾਂ ਵਿਚ ਯੋਗਦਾਨ ਸਬੰਧੀ ਨੀਤੀ, ਰਿਸ਼ਟ-ਪੁਸ਼ਟ ਜੀਵਨ ਸਬੰਧੀ ਨੀਤੀ ਅਤੇ ਇਸੇ ਤਰ੍ਹਾਂ ਹੋਰ ਜੀਵਨ ਖੇਤਰਾਂ ਸਬੰਧੀ ਲੰਮਾ-ਚਿਰੀ ਪ੍ਰਚਾਰ ਨੀਤੀ ਸ਼ਾਸਤਰ ਤਿਆਰ ਕਰਨਾ ਸਮੇਂ ਦੀ ਮੰਗ ਹੈ।
ਗੁਰਦੁਆਰਾ ਸੰਸਥਾ ਦੀ ਸਮਾਜ ਭਲਾਈ ਭੂਮਿਕਾ- ਸਿੱਖੀ ਜੀਵਨ ਅਤੇ ਪੰਥ ਨੂੰ ਮੁੱਖ ਤੌਰ ‘ਤੇ ਗੁਰਦੁਆਰਾ ਸੰਸਥਾ, ਮਨੁੱਖੀ ਸਰੋਤ ਘੜ੍ਹਨ ਵਾਲੀ ਅਕਾਦਮਿਕ-ਧਾਰਮਿਕ ਵਿਦਿਆ, ਆਰਥਿਕਤਾ, ਸਿਹਤ ਸੰਭਾਲ, ਰੁਜ਼ਗਾਰ ਸਮੇਤ ਸਮੁੱਚੀ ਜੀਵਨ ਸੁਰੱਖਿਆ, ਸਿੱਖ ਸੱਭਿਆਚਾਰ, ਸਿੱਖ ਰਾਜਨੀਤੀ-ਪ੍ਰੇਰਿਤ ਜਾਂ ਕੇਂਦਰ-ਪ੍ਰੇਰਿਤ ਪੰਜਾਬ ਦੀ ਸ਼ਾਸਨ ਵਿਵਸਥਾ, ਸਿੱਖ ਆਗੂ, ਭਾਰਤ ਦੇ ਹਾਲਾਤ ਅਤੇ ਵਿਸ਼ਵ ਵਿੱਚ ਸਿੱਖਾਂ ਦੇ ਹੋ ਚੁਕੇ ਫੈਲਾਅ ਨਾਲ ਜੁੜੇ ਮੁੱਦੇ ਪ੍ਰਭਾਵਿਤ ਕਰਦੇ ਹਨ। ਪੰਜਾਬ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਬਣ ਚੁੱਕੇ ਗੁਰਦੁਆਰੇ ਮਹਿਜ਼ ਇਮਾਰਤਾਂ ਹੀ ਬਣ ਕੇ ਰਹਿ ਗਏ ਹਨ। ਇਨ੍ਹਾਂ ਵਿਚੋਂ ਸਿੱਖੀ ਦਾ ਮੂਲ ਸੁਨੇਹਾ ਅਤੇ ਮਕਸਦ ਮਨਫ਼ੀ ਹੁੰਦੇ ਜਾ ਰਹੇ ਹਨ। ਗੁਰਦੁਆਰਾ ਕੇਂਦਰ ਅਤੇ ਸੰਸਥਾ ਦੀ ਲੋਕ ਭਲਾਈ ਅਥਵਾ ਸਮਾਜਿਕ ਭੂਮਿਕਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਗੁਰਦੁਆਰਾ ਕੇਂਦਰਾਂ ਵਿਚ ਜੇਕਰ ਸਮਾਜ ਭਲਾਈ ਪ੍ਰਥਾਇ ਵਿਦਿਅਕ ਕੋਚਿੰਗ ਕੇਂਦਰ, ਸਿਹਤ ਸੰਭਾਲ ਕਲੀਨਿਕ, ਕੰਪਿਊਟਰ ਸਿੱਖਿਆ, ਜਿੰਮ, ਮਾਰਸ਼ਲ ਆਰਟਸ, ਲਾਇਬ੍ਰੇਰੀ, ਗੁਰਮਤਿ ਸਿੱਖਿਆ ਅਤੇ ਬਾਲਗ ਸਿੱਖਿਆ ਆਦਿ ਕਾਰਜ ਸ਼ੁਰੂ ਕੀਤੇ ਜਾਣ ਤਾਂ ਗੁਰਦੁਆਰਾ ਕੇਂਦਰ ਪੰਜਾਬ ਦੇ ਲੋਕਾਂ, ਵਿਸ਼ੇਸ਼ ਕਰਕੇ ਗਰੀਬ ਤਬਕੇ ਲਈ ਇਕ ਵੱਡਾ ਵਰਦਾਨ ਸਾਬਿਤ ਹੋ ਸਕਦੇ ਹਨ। ਇਕ ਅਨੁਮਾਨ ਅਨੁਸਾਰ ਪੰਜਾਬ ਤੋਂ ਵਿਸ਼ਵ ਪੱਧਰ ਤੱਕ ਗੁਰਦੁਆਰਿਆਂ ਦੇ ਆਪਸੀ ਤਾਲਮੇਲ ਨਾਲ ਹੀ ਲਗਭਗ 2 ਲੱਖ ਦੇ ਕਰੀਬ ਨੌਕਰੀਆਂ ਪੈਦਾ ਹੋ ਜਾਣਗੀਆਂ, ਜਿਨ੍ਹਾਂ ਦਾ ਪ੍ਰਬੰਧ ਸਰਕਾਰਾਂ ਉਤੇ ਨਿਰਭਰ ਰਹਿ ਕੇ ਨਹੀਂ, ਸਗੋਂ ਸੰਗਤਾਂ ਦੇ ਦਸਵੰਧ ਨਾਲ ਹੀ ਹੋ ਸਕੇਗਾ। ਸ਼੍ਰੋਮਣੀ ਕਮੇਟੀ ਤੋਂ ਲੈ ਕੇ ਸਾਰੀਆਂ ਨਾਮਵਰ ਪ੍ਰਬੰਧਕ ਕਮੇਟੀਆਂ ਵਿਚ ਵੱਡੀ ਪੱਧਰ ‘ਤੇ ਬਹੁ-ਪਰਤੀ ਸੁਧਾਰ ਲਿਆਉਣ ਦੇ ਵੱਡੇ ਕਾਰਜ ਕਰਨੇ ਵੀ ਜ਼ਰੂਰੀ ਹਨ। ਗੁਰਦੁਆਰਾ ਸੰਸਥਾ ਦੀ ਨਵੀਂ ਸਮਾਜ ਭਲਾਈ ਭੂਮਿਕਾ ਇਨ੍ਹਾਂ ਸਮਾਗਮਾਂ ਵਿਚ ਵਿਚਾਰੇ ਜਾਣ ਦਾ ਏਜੰਡਾ ਬਣਨਾ ਚਾਹੀਦਾ ਹੈ।
ਵਿਸ਼ਵ ਵਿਆਪੀ ਐਲਾਨਨਾਮਾ- ਪੰਥਕ ਜਥੇਬੰਦੀਆਂ, ਸੰਪ੍ਰਦਾਵਾਂ ਅਤੇ ਵਿਦਵਾਨਾਂ ਆਦਿ ਨਾਲ ਵਿਚਾਰ ਕਰਕੇ ਸੁਲਤਾਨਪੁਰ ਲੋਧੀ ਵਿਖੇ 12 ਨਵੰਬਰ 2019 ਨੂੰ ਹੋਣ ਵਾਲੇ ਸਮਾਗਮਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਿਗਰਾਨੀ ਅਥਵਾ ਅਗਵਾਈ ਹੇਠ ਕਰਨ ਅਤੇ ਸਾਰੀਆਂ ਧਿਰਾਂ ਨੂੰ ਘੱਟੋ-ਘੱਟ ਮਿਲ ਬੈਠ ਕੇ ਇਕ ਦਿਨ ਸਾਂਝੇ ਮੰਚ ਉਤੇ ਪ੍ਰਕਾਸ਼ ਪੁਰਬ ਮਨਾਉਣ ਦਾ ਜੋ ਆਦੇਸ਼ ਦਿੱਤਾ ਹੈ, ਉਹ ਆਪਣੇ ਆਪ ਵਿਚ ਇਕ ਜੁਰਅੱਤ ਵਾਲਾ ਇਤਿਹਾਸਕ ਫੈਸਲਾ ਹੈ। ਇਸ ਸਮੇਂ ਰਾਜਨੀਤਿਕ ਅਤੇ ਹੋਰ ਆਗੂ ਗੁਰੂ ਨਾਨਕ ਸਾਹਿਬ ਦੇ ਜੀਵਨ ਸਬੰਧੀ ਆਪਣੇ ਵਿਚਾਰ ਦੇਣਗੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਪੰਥ ਅਤੇ ਮਾਨਵ ਸੱਭਿਅਤਾ ਦੀ ਹੋਣੀ ਨੂੰ ਸੰਵਾਰਨ ਵਾਲੇ ਨੀਤੀਗਤ ਦਿਸ਼ਾ-ਨਿਰਦੇਸ਼ ਇਕ ਐਲਾਨਨਾਮੇ ਦੇ ਰੂਪ ਵਿਚ ਸਾਹਮਣੇ ਆਉਣੇ ਜ਼ਰੂਰੀ ਹਨ। ਇਹ ਐਲਾਨਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਨੀਤੀ ਦਸਤਾਵੇਜ਼ ਹੋਏਗਾ, ਜੋ ਜਿੱਥੇ ਭਵਿੱਖ ਵਿਚ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰੇਗਾ, ਉਥੇ ਸੰਸਥਾਵਾਂ ਦੀ ਭਵਿੱਖ ਦੀ ਕਾਰਜਯੋਜਨਾ ਦਾ ਆਧਾਰ ਬਣ ਜਾਏਗਾ।
ਇਸ ਐਲਾਨਨਾਮੇ ਵਿਚੋਂ ਗੁਰੂ ਆਦਰਸ਼ਾਂ ਵਾਲੇ ”ਵਿਸਮਾਦੀ ਵਿਕਾਸ-ਵਿਗਾਸ ਦੇ ਕਰਤਾਰਪੁਰੀ ਮਾਡਲ” ਦੀ ਵਿਸ਼ਵ ਖੁਸ਼ਬੂ ਆਉਣੀ ਜ਼ਰੂਰੀ ਹੈ। ਇਹੋ ਹੀ ਉਹ ਮਾਡਲ ਹੈ ਜਿਸ ਦੀ ਪੂੰਜੀਵਾਦ, ਸਮਾਜਵਾਦ, ਸਾਮਵਾਦ, ਇਸਲਾਮਿਕ ਸ਼ਰੀਅਤ ਅਤੇ ਹਿੰਦੂਤਵ ਤੋਂ ਬਦਲਵੀਂ ਸ਼ਾਸਕੀ ਵਿਵਸਥਾ ਦੀ ਅੱਜ ਵਿਸ਼ਵ ਮਾਨਵ ਸੱਭਿਅਤਾ ਨੂੰ ਲੋੜ ਹੈ।
ਇਸੇ ਤਰ੍ਹਾਂ ਸਿੱਖ ਪੰਥ ਦੇ ਬੱਚਿਆਂ ਦੀ ਇਕ ਸਫ਼ਲ ਮਨੁੱਖੀ ਸਰੋਤ ਵਜੋਂ ਘਾੜਤ ਕਰਨ ਲਈ ਭਾਰਤੀ ਵਿਦਿਅਕ ਸਿਸਟਮ ਦੇ ਨਾਲ-ਨਾਲ ਸਿੱਖ ਵਿਦਿਅਕ ਪ੍ਰਣਾਲੀ, ਪੰਜਾਬ ਦੇ ਆਰਥਿਕ ਵਿਕਾਸ ਦੇ ਅੰਤਰਗਤ ਕਿਸਾਨੀ, ਵਪਾਰ, ਉਦਯੋਗਕ ਅਤੇ ਸਮੁੱਚੇ ਤੌਰ ‘ਤੇ ਆਰਥਿਕ ਵਿਕਾਸ ਦਾ ਨਵਾਂ ਪੰਜਾਬ ਮਾਡਲ ਕੀ ਹੋਵੇ? ਲੋਕਾਂ ਨੂੰ ਸਸਤਾ ਅਤੇ ਵਧੀਆ ਇਲਾਜ ਦੇਣ ਪ੍ਰਥਾਇ ਨਵਾਂ ਸਿਹਤ ਸੰਭਾਲ ਸਿਸਟਮ ਕਿਵੇਂ ਉਸਾਰਿਆ ਜਾਏ? ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਮੁਕਤ ਪਰਿਵਾਰਕ-ਸਮਾਜੀ ਰਿਸ਼ਤਿਆਂ ਵਿਚ ਵਿਸਮਾਦੀ ਸਾਂਝ ਵਾਲਾ ਸੁਰੱਖਿਅਤ ਜੀਵਨ ਕਿਵੇਂ ਨਿਸ਼ਚਿਤ ਕੀਤਾ ਜਾਏ? ਭ੍ਰਿਸ਼ਟਾਚਾਰ-ਮੁਕਤ, ਪਾਰਦਰਸ਼ੀ ਅਤੇ ਆਦਰਸ਼ਕ ਰਾਜ ਅਤੇ ਸ਼ਾਸਨ ਦਾ ਵਿਸਮਾਦੀ ਮਾਡਲ ਕਿਵੇਂ ਵਿਕਸਿਤ ਕੀਤਾ ਜਾਵੇ ਕਿ ਭਵਿੱਖ ਦਾ ਸਿੱਖ ਸ਼ਾਸਕ ਪੰਜਾਬ ਅਤੇ ਇਸ ਤੋਂ ਬਾਹਰ ਦੂਜੇ ਦੇਸ਼ਾਂ ਵਿਚ ਵੀ ਸਫ਼ਲ ਸ਼ਾਸਨ ਚਲਾਉਣ ਦੇ ਸਮਰੱਥ ਹੋ ਸਕੇ? ਪੰਜਾਬ, ਭਾਰਤ ਅਤੇ ਵਿਸ਼ਵ ਵਿਚ ਵੱਸਦਾ ਸਿੱਖ ਭਾਈਚਾਰਾ ਅਤੇ ਗੁਰੂ ਨਾਨਕ ਨਾਮ ਲੇਵਾ ਵਰਗਾਂ ਨੂੰ ਕਿਵੇਂ ਸ਼ਕਤੀਸ਼ਾਲੀ ਕੀਤਾ ਜਾਏ? ਇਕ ਕਾਮਨਵੈਲਥ ਵਜੋਂ ਸਿੱਖ ਕਿਵੇਂ ਆਪਣੀ ਵਿਸ਼ਵ ਭੂਮਿਕਾ ਨਿਭਾਉਣ ਦੇ ਸਮਰੱਥ ਹੋ ਸਕਣ? ਸਿੱਖ ਫਿਲਾਸਫ਼ੀ ਅਨੁਸਾਰ ਵਿਸਮਾਦੀ ਵਿਸ਼ਵ ਆਰਡਰ ਕਿਵੇਂ ਸਿਰਜਿਆ ਜਾਏ? ਸੰਕਟਗ੍ਰੱਸਤ ਮਾਨਵ ਸੱਭਿਅਤਾ ਨੂੰ ਦਰਪੇਸ਼ ਖਤਰਿਆਂ ਦਾ ਸਾਹਮਣਾ ਕਰਨ ਲਈ ਕਿਵੇਂ ਨਵੀਂ ਦਿਸ਼ਾ ਦਿੱਤੀ ਜਾਵੇ ਕਿ ਇਕ ਸੁਰੱਖਿਅਤ, ਭਾਈਚਾਰਕ ਪਿਆਰ-ਸ਼ਾਂਤੀ ਵਾਲਾ ਸਿਰਜਣਾਤਮਿਕ ਵਿਸ਼ਵ ਸਿਰਜਿਆ ਜਾ ਸਕੇ? ਇਹ ਅਤੇ ਹੋਰ ਅਜਿਹੇ ਕਈ ਵਿਸ਼ੇ ਹਨ, ਜਿਨ੍ਹਾਂ ਦੀ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਚਰਚਾ ਕਰਕੇ ਇਕ ਵਿਸ਼ਵਵਿਆਪੀ ਐਲਾਨਨਾਮਾ ਜਾਰੀ ਕਰਨ ਦੀ ਲੋੜ ਹੈ। ਇਸ ਸਬੰਧੀ ਮਾਹਰ ਚਿੰਤਕਾਂ ਦਾ ਇਕ ਪੈਨਲ ਗਠਿਤ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਇਕ ਵੱਡਾ ਮਾਰਗ ਦਰਸ਼ਕ ਸਾਬਤ ਹੋਏਗਾ।
ਭਾਈ ਗੁਰਦਾਸ ਇੰਸਟੀਚਿਊਟ ਆਫ਼ ਅੇਡਵਾਂਸ ਸਿੱਖ ਸਟੱਡੀਜ਼, ਸ੍ਰੀ ਅਨੰਦਪੁਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਸਬੰਧੀ ਹਰ ਪ੍ਰਕਾਰ ਦਾ ਸਹਿਯੋਗ ਦੇਣ ਲਈ ਤਿਆਰ ਹੈ।
– ਭਾਈ ਹਰਿਸਿਮਰਨ ਸਿੰਘ

WRITTEN BY