Skip to content
Independent perspectives. Global stories.
BREAKING

ਕੇਂਦਰ ਸਰਕਾਰ ਦਾ ਸਹੀ ਫੈਸਲਾ

Share this story

ਕੇਂਦਰ ਸਰਕਾਰ ਨੇ ਸਰਕਾਰੀ ਖੇਤਰ ਦੀਆਂ ਦੋ ਟੈਲੀਫੋਨ ਕੰਪਨੀਆਂ ਦੀ ਹੋਂਦ ਨੂੰ ਬਰਕਰਾਰ ਰੱਖਣ ਅਤੇ ਉਨ੍ਹਾਂ ਨੂੰ ਘਾਟੇ ਵਿੱਚ ਕੱਢਣ ਦਾ ਫੈਸਲਾ ਲਿਆ ਹੈ। ਸਰਕਾਰ ਦਾ ਇਹ ਫੈਸਲਾ ਕਈ ਪੱਖਾਂ ਤੋਂ ਬਹੁਤ ਅਹਿਮ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਵੱਲੋਂ ਲਏ ਗਏ ਫੈਸਲੇ ਮੁਤਾਬਿਕ ਖਰਚੇ ਘਟਾਉਣ ਅਤੇ ਮੁਕਾਬਲੇ ਦੀ ਤਿਆਰੀ ਹਿੱਤ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਅਤੇ ਐੱਮ. ਟੀ. ਐੱਨ. ਐੱਲ. ਦਾ ਰਲੇਵਾਂ ਕੀਤਾ ਜਾਵੇਗਾ। ਸਰਕਾਰ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਰਕਾਰ ਦੋਵਾਂ ਵਿੱਚੋਂ ਕਿਸੇ ਵੀ ਕੰਪਨੀ ਨੂੰ ਬੰਦ ਨਹੀਂ ਕਰੇਗੀ ਨਾ ਹੀ ਸਰਕਾਰੀ ਟੈਲੀਫੋਨ ਕੰਪਨੀਆਂ ਦਾ ਵਿਨਿਵੇਸ਼ ਕੀਤਾ ਜਾਵੇਗਾ। ਸਰਕਾਰ ਦੋਹਾਂ ਕੰਪਨੀਆਂ ਨੂੰ ਟੈਲੀਕਾਮ ਸੈਕਟਰ ‘ਚ ਵੱਧ ਰਹੀ ਮੁਕਾਬਲੇਬਾਜ਼ੀ ਦੇ ਸਮਰਥ ਬਣਾਉਣ ਲਈ 29,937 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਯੋਜਨਾ ਤਹਿਤ 15 ਹਜ਼ਾਰ ਕਰੋੜ ਰੁਪਏ ਦੇ ਸਰਕਾਰੀ ਬਾਂਡ ਜਾਰੀ ਕੀਤੇ ਜਾਣਗੇ। 38 ਹਜ਼ਾਰ ਕਰੋੜ ਰੁਪਏ ਦੀ ਸੰਪਤੀ ਦਾ ਮੁਦਰੀਕਰਨ ਕੀਤਾ ਜਾਵੇਗਾ। ਅਗਲੇ 4 ਸਾਲਾਂ ‘ਚ ਇਸ ਸੰਪਤੀ ਨੂੰ ਵਿਕਰੀ ਲਈ ਲਾਇਆ ਜਾਵੇਗਾ ਜਾਂ ਪਟੇ ‘ਤੇ ਦਿੱਤਾ ਜਾਵੇਗਾ। ਮੁਕੰਮਲ ਰਲੇਵੇਂ ਤੱਕ ਐੱਮ.ਟੀ.ਐੱਨ.ਐੱਲ., ਭਾਰਤ ਸੰਚਾਰ ਨਿਗਮ ਦੀ ਸਹਾਇਕ ਕੰਪਨੀ ਵਜੋਂ ਕੰਮ ਕਰੇਗੀ। ਸਰਕਾਰ ਇਸ ਨਾਲ ਭਾਰਤ ਸੰਚਾਰ ਨਿਗਮ ਨੂੰ ਦੋ ਸਾਲਾਂ ਵਿੱਚ ਮੁਨਾਫੇ ਵਿੱਚ ਲਿਆਉਣਾ ਚਾਹੁੰਦੀ ਹੈ। ਨਿੱਜੀ ਕੰਪਨੀਆਂ ਦੇ ਮੁਕਾਬਲੇ ‘ਚ ਲਿਆਉਣ ਲਈ ਸਰਕਾਰ ਭਾਰਤ ਸੰਚਾਰ ਨਿਗਮ ਨੂੰ 4ਜੀ ਸਪੈਕਟ੍ਰਮ ਦੇਵੇਗੀ। ਭਾਰਤ ਸੰਚਾਰ ਨਿਗਮ ਅਤੇ ਐਮ.ਟੀ.ਐਨ.ਐਲ. ਤੋਂ ਮੁਲਾਜ਼ਮਾਂ ਦਾ ਭਾਰ ਘੱਟ ਕਰਨ ਲਈ ਸਰਕਾਰ ਬੀ.ਆਰ.ਐੱਸ. ਯੋਜਨਾ ਲਿਆ ਰਹੀ ਹੈ। ਇਸ ਯੋਜਨਾ ਤਹਿਤ ਮੁਲਾਜ਼ਮਾਂ ਨੂੰ ਸੇਵਾ ਮੁਕਤੀ ਲਈ 125 ਫੀਸਦੀ ਤਨਖਾਹ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਸਮੇਂ ਦੋਵੇਂ ਸਰਕਾਰੀ ਟੈਲੀਫੋਨ ਕੰਪਨੀਆਂ ਦਾ ਮਨੁੱਖੀ ਵਸੀਲਿਆਂ ‘ਤੇ ਖਰਚਾ 70 ਫੀਸਦੀ ਹੈ ਜਦੋਂ ਕਿ ਨਿਜੀ ਟੈਲੀਫੋਨ ਕੰਪਨੀਆਂ ਸਿਰਫ 5 ਫੀਸਦੀ ਖਰਚੇ ਨਾਲ ਹੀ ਕਾਰਜ ਚਲਾ ਰਹੀਆਂ ਹਨ। ਮੁਲਾਜ਼ਮਾਂ ਦਾ ਬੋਝ ਘਟਾਉਣ ਨਾਲ ਦੋਵੇਂ ਕੰਪਨੀਆਂ ਨੂੰ ਤਨਖਾਹਾਂ ਦੇ ਵੱਡੇ ਖਰਚੇ ਤੋਂ ਰਾਹਤ ਮਿਲੇਗੀ। ਮੁਲਾਜ਼ਮ ਜਥੇਬੰਦੀਆਂ ਵੀ ਸਰਕਾਰ ਦੀ ਇਸ ਯੋਜਨਾ ਨਾਲ ਸਹਿਮਤ ਹਨ। ਜਨਤਕ ਸੇਵਾਵਾਂ ਅਤੇ ਰਣਨੀਤਿਕ ਪੱਖ ਤੋਂ ਦੋਵੇਂ ਸਰਕਾਰੀ ਟੈਲੀਫੋਨ ਕੰਪਨੀਆਂ ਦੀ ਵੱਡੀ ਅਹਿਮੀਅਤ ਹੈ। ਭਾਰਤ ਸੰਚਾਰ ਨਿਗਮ ਫੌਜ, ਪੁਲਿਸ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਜਾਰੀ ਰੱਖਣ ਵਿੱਚ ਵੀ ਮੱਦਦ ਕਰਦੀ ਹੈ। ਕੇਂਦਰ ਸਰਕਾਰ ਦਾ ਇਹ ਫੈਸਲਾ ਦੇਸ਼ ਦੇ ਜਨਤਕ ਹਿੱਤਾਂ ਲਈ ਵੱਡੀ ਅਹਿਮੀਅਤ ਰੱਖਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਨਤਕ ਖੇਤਰ ਦੀਆਂ ਹੋਰ ਕੰਪਨੀਆਂ ਨੂੰ ਖੜ੍ਹਾ ਕਰਨ ਲਈ ਵੀ ਇਸੇ ਤਰ੍ਹਾਂ ਯੋਜਨਾਵਾਂ ਤਿਆਰ ਕਰੇ।
– ਬਲਜੀਤ ਸਿੰਘ ਬਰਾੜ

WRITTEN BY