ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਆਪਣੀ ਦੂਸਰੀ ਪਾਰੀ ਸ਼ੁਰੂ ਕਰ ਚੁੱਕੀ ਹੈ।ਸ਼ੁਰੂ ਤੋਂ ਲੈ ਕੇ ਇਸ ਸਰਕਾਰ ਦਾ ਇਹੀ ਯਤਨ ਰਿਹਾ ਹੈ ਕਿ ਦੇਸ਼ ਦੀਆਂ ਸਿਰਮੌਰ ਸੰਵਿਧਾਨਿਕ ਸੰਸਥਾਵਾਂ ਦੀਆਂ ਕੁੰਜੀਵਤ ਅਸਾਮੀਆਂ ਤੇ ਇੱਕ ਵਿਸ਼ੇਸ਼ ਵਿਚਾਰਧਾਰਾ ਨਾਲ ਸਬੰਧਿਤ ਵਿਅਕਤੀਆਂ ਨੂੰ ਬਿਠਾਇਆ ਜਾਵੇ।ਅਜਿਹਾ ਕਰਨ ਸਮੇਂ ਜੇ ਕਾਇਦੇ ਕਨੂੰਨਾਂ ਨੂੰ ਤੋੜਨਾ ਮਰੋੜਨਾ ਪਵੇ ਤਾਂ ਕੋਈ ਪਰਵਾਹ ਨਹੀਂ।ਸਰਕਾਰ ਇੱਕ ਤਰ੍ਹਾਂ ਨਾਲ ਸੰਵਿਧਾਨਿਕ ਸੰਸਥਾਵਾਂ ਦੀ ਕਸਟੋਡੀਅਨ ਹੁੰਦੀ ਹੈ।ਅਗਰ ਇਹਨਾਂ ਸੰਸਥਾਵਾਂ ਤੇ ਕਿਸੇ ਤਰਾਂ ਦੀ ਕੋਈ ਆਂਚ ਆਉਂਦੀ ਹੈ ਤਾਂ ਉਸ ਦੀ ਜੁੰਮੇਵਾਰ ਤਤਕਾਲੀਨ ਸਰਕਾਰ ਹੁੰਦੀ ਹੈ। ਸਰਕਾਰ ਦੀ ਕਾਰਜ ਸ਼ੈਲੀ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਦੇ ਇਰਾਦੇ ਕੁਝ ਹੋਰ ਹੀ ਹਨ।ਗੱਲ ਸੰਵਿਧਾਨਿਕ ਸੰਸਥਾਵਾਂ ਦੀ ਰਾਖੀ ਤੋਂ ਵੀ ਅੱਗੇ ਚਲੇ ਗਈ ਹੈ। ਚਰਚਾਵਾਂ ਹਨ ਕਿ ਭਾਜਪਾ ਸਰਕਾਰ ਨੇ ਭਾਰਤ ਰਤਨ ਵਰਗੇ ਵਕਾਰੀ ਪੁਰਸਕਾਰਾਂ ਨੂੰ ਵੀ ਆਪਣੇ ਸੌੜੇ ਰਾਜਨੀਤਕ ਸੁਆਰਥਾਂ ਲਈ ਵਰਤਣ ਦਾ ਤਹਈਆ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕੱਟੜਵਾਦੀ ਅਤੇ ਵਿਵਾਦਗ੍ਰਸਤ ਹਿੰਦੂ ਨੇਤਾ ਰਹੇ ਵਿਨਾਇਕ ਦਮੋਦਰ ਸਾਵਰਕਰ ਨੂੰ ਭਾਰਤ ਰਤਨ ਦੇਣ ਦੀ ਭਾਜਪਾਈ ਚਾਹਤ ਦਾ ਕੇਵਲ ਐਲਾਨ ਹੋਣਾ ਹੀ ਬਾਕੀ ਹੈ ਜੋ ਕਦੇ ਵੀ ਹੋ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਕਾਂਗਰਸੀ ਆਗੂਆਂ ਵੱਲੋਂ ਭਾਜਪਾ ਦੇ ਇਸ ਸੰਭਾਵੀ ਫੈਸਲੇ ਤੇ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸੇ ਭਾਜਪਾ ਸਰਕਾਰ ਵਲੋਂ ਕਾਂਗਰਸ ਪਾਰਟੀ ਦੇ ਬਜ਼ੁਰਗ ਨੇਤਾ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਦਾ ਪੁਰਸਕਾਰ ਇਸੇ ਵਰ੍ਹੇ ਦਿੱਤਾ ਗਿਆ ਸੀ। ਉਦੋਂ ਇਹਨਾਂ ਨੇਤਾਵਾਂ ਨੂੰ ਕਿਉਂ ਮਹਿਸੂਸ ਨਹੀਂ ਹੋਇਆ ਸੀ ਕਿ ਪ੍ਰਣਬ ਮੁਖਰਜੀ ਨੂੰ ਉਸ ਕੱਟੜਵਾਦੀ ਅਤੇ ਸੰਪਰਦਾਇਕ ਸਰਕਾਰ ਦੇ ਹੱਥੋਂ ਇਹ ਸਨਮਾਨ ਨਹੀਂ ਲੈਣਾ ਚਾਹੀਦਾ ਸੀ ਜਿਸ ਦੀ ਵਿਚਾਰਧਾਰਾ ਕਾਂਗਰਸ ਤੋਂ ਇੱਕ ਦੰਮ ਉਲਟ ਹੈ। ਇਸ ਵਿੱਚ ਕੋਈ ਸ਼ੱਕ ਨਹੀਂਂ ਕਿ ਭਾਜਪਾ ਸਰਕਾਰ, ਸਰਕਾਰੀ ਪੁਰਸਕਾਰਾਂ ਦੇ ਮਾਮਲੇ ਵਿੱਚ ਵੀ ਮਨਮਰਜੀ ਕਰਨ ਤੇ ਉਤਾਰੂ ਹੋ ਗਈ ਹੈ । ਉਹ ਚੁਣ ਚੁਣ ਕੇ ਉਹਨਾਂ ਵਿਅਕਤੀਆਂ ਨੂੰ ਖ਼ਿਤਾਬਾਂ ਨਾਲ ਨਿਵਾਜ਼ ਰਹੀ ਹੈ ਜੋ ਹਿੰਦੂਤਵ ਦੇ ਪਰੋਮੋਟਰ ਅਤੇ ਵਰਣ ਵਿਵਸਥਾ ਦੇ ਮੁਦਈ ਰਹੇ ਹਨ। ਸਾਵਰਕਰ ਨੂੰ ਵੀ ਇਸੇ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ। ਕਾਂਗਰਸ ਪਾਰਟੀ ਭਾਜਪਾਈ ਮੰੰਸ਼ਾ ਦਾ ਇਸ ਕਰਕੇ ਵੀ ਵਿਰੋਧ ਕਰ ਰਹੀ ਹੈ ਕਿ ਸਵਰਕਰ ਦਾ ਨਾਮ ਗਾਂਧੀ ਜੀ ਨੂੰ ਕਤਲ ਕਰਨ ਵਾਲੇ ਦੋਸ਼ੀਆਂ ਵਿੱਚ ਸ਼ਾਮਲ ਸੀ। ਹਾਲਾਂ ਕਿ ਉਸ ਦੇ ਖਿਲਾਫ ਲੋੜੀਦੇ ਸਬੂਤ ਨਾ ਹੋਣ ਕਰ ਕੇ ਉਸ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਸੀ।ਦਰਅਸਲ ਭਾਰਤ ਰਤਨ ਦੇਣ ਦਾ ਕੋਈ ਤਹਿ ਸ਼ੁਦਾ ਪੈਮਾਨਾ ਨਾ ਕਾਂਗਰਸ ਦੇ ਰਾਜਕਾਲ ਵਿੱਚ ਸੀ ਅਤੇ ਨਾ ਮੌਜੂਦਾ ਸਰਕਾਰ ਦੇ ਰਾਜਕਾਲ ਵਿਚ ਹੈ। ਜੇਕਰ ਅਜਿਹਾ ਕੋਈ ਪੈਮਾਨਾ ਹੁੰਦਾ ਤਾਂ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਹਿੰਦੂਵਾਦੀ ਨੇਤਾ ਨਾਨਾ ਜੀ ਦੇਸ਼ਮੁਖ ਵਰਗੇ ਲੋਕ ਕਦੇ ਵੀ ਭਾਰਤ ਰਤਨ ਲਈ ਬਣਾਏ ਗੁਣੀਏ ਵਿਚ ਫਿੱਟ ਨਾ ਬੈਠਦੇ। ਇੱਕ ਤਰਾਂ ਨਾਲ ਭਾਜਪਾ ਸਰਕਾਰ ਨੇ ਇਹਨਾਂ ਨੂੰ ਭਾਰਤ ਰਤਨ ਦੇ ਰੂਪ ਵਿਚ ਖੈਰਾਤ ਦਿੱਤੀ ਹੈ।
ਕਾਂਗਰਸ ਪਾਰਟੀ ਵੀ ਆਪਣੇ ਸਮੇਂ ਇਸੇ ਤਰਾਂ ਕਰਦੀ ਰਹੀ ਹੈ। ਬੇਸ਼ਕ ਗਾਂਧੀ ਅਤੇ ਸਾਵਰਕਰ ਦੀਆਂ ਵਿਚਾਰਧਾਰਾਵਾਂ ਨਦੀ ਦੇ ਦੋ ਕਿਨਾਰਿਆਂ ਵਾਂਗ ਸਨ ਜੋ ਕਦੇ ਨਹੀਂ ਮਿਲਦੇ। ਸਾਵਰਕਰ ਅੰਗਰੇਜ਼ਾਂ ਤੋਂ ਤਾਂ ਅਜਾਦੀ ਚਾਹੁੰਦੇ ਸਨ ਪਰ ਉਹਨਾਂ ਨੂੰ ਦੇਸ਼ ਦੇ ਦਲਿਤਾਂ, ਪਿਛੜੇ ਵਰਗਾਂ, ਆਦਿਵਾਸੀਆਂ ਅਤੇ ਮੁਸਲਮਾਨਾਂ ਦੀ ਤਰਸਯੋਗ ਹਾਲਾਤ ਨਾਲ ਕੋਈ ਸਰੋਕਾਰ ਨਹੀਂ ਸੀ।ਇਸ ਤੋਂ ਉਲਟ ਗਾਂਧੀ ਜੀ ਨੂੰ ਲੱਗ ਰਿਹਾ ਸੀ ਕਿ ਜੇਕਰ ਇਹਨਾਂ ਵਰਗਾਂ ਨੂੰ ਸਵਰਨਾਂ ਦੇ ਦਬ ਦਬੇ ਤੋਂ ਮੁਕਤੀ ਨਾ ਮਿਲੀ ਤਾਂ ਅਜਾਦੀ ਬੇ ਮਾਅਨਾ ਹੋ ਕੇ ਰਹਿ ਜਾਏਗੀ।ਹੁਣ ਸਵਾਲ ਇਹ ਹੈ ਕਿ ਸਾਵਰਕਰ ਨੂੰ ਭਾਰਤ ਰਤਨ ਦੇਣਾ ਚਾਹੀਦਾ ਹੈ ਜਾ ਨਹੀਂ? ਸਾਵਰਕਰ ਦੇ ਪੱਖ ਵਿੱਚ ਇੱਕੋ ਗੱਲ ਜਾਂਦੀ ਹੈ ਕਿ ਸਤਾ ਇਸ ਸਮੇਂ ਕੱਟੜ ਹਿੰਦਆਂ ਦੇ ਹੱਥ ਵਿਚ ਹੈ,ਜੋ ਸ਼ਰੇਆਮ ਦੇਸ਼ ਨੂੰ ਹਿੰਦੂ ਰਾਸ਼ਟਰ ਕਹਿੰਦੇ ਹੋਏ ਕਿਸੇ ਧਰਮ , ਜਾਤੀ ਸੰਪਰਦਾਇ ਜਾ ਵਿਚਾਰਧਾਰਾ ਦਾ ਲਿਹਾਜ਼ ਨਹੀਂ ਕਰ ਰਹੇ।ਇਸ ਲਈ ਉਹ ਸਾਵਰਕਰ ਨੂੰ ਭਾਰਤ ਰਤਨ ਦੀ ਉਪਾਧੀ ਨਾਲ ਨਿਵਾਜਣ ਲਈ ਉਤਾਰੂ ਹਨ।ਸਿੱਖ ਜਗਤ ਸਮੇਤ ਹੋਰ ਘਟ ਗਿਣਤੀਆਂ ਨਾਲ ਸਬੰਧਿਤ ਲੋਕ ਆਰ ਐਸ ਐਸ ਸੁਪਰੀਮੋ ਮੋਹਨ ਭਾਗਵਤ ਦੇ ਉਸ ਬਿਆਨ ਦਾ ਸਖਤ ਵਿਰੋਧ ਕਰ ਰਹੇ ਹਨ ਜਿਸ ਵਿੱਚ ਉਸ ਨੇ ਸਾਰੇ ਭਾਰਤੀਆਂ ਨੂੰ ਹਿੰਦੂ ਕਿਹਾ ਸੀ। ਇਸੇ ਤਰਾਂ ਕੋਈ ਵੀ ਉਦਾਰਵਾਦੀ ਹਿੰਦੂ ਸਾਵਰਕਰ ਨੂੰ ਭਾਰਤ ਰਤਨ ਦੇਣ ਦੀ ਜਿਦ ਨਾਲ ਸਹਿਮਤ ਨਹੀਂ ਹੈ। ਯੋਗਤਾ ਜਾ ਰਾਸ਼ਟਰ ਨਿਰਮਾਣ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਕਿਸੀ ਸਚਿਨ ,ਦੇਸ਼ਮੁਖ ਜਾ ਮੁਖਰਜੀ ਵਾਂਗ ਸਾਵਰਕਰ ਨੇ ਉਲੇਖ ਕਰਨ ਯੋਗ ਕੋਈ ਕੰਮ ਨਹੀਂ ਕੀਤਾ। ਹਿੰਦੂਵਾਦੀ ਕਹਿੰਦੇ ਹਨ ਕਿ ਉਸ ਅੰਦਰ ਅਜਾਦੀ ਦੇ ਲਈ ਜਨੂੰਨ ਸੀ। ਇਥੇ ਦਸਣਾ ਜਰੂਰੀ ਹੈ ਕਿ ਕਿਸੇ ਅਕੀਦੇ ਦੀ ਪ੍ਰਾਪਤੀ ਲਈ ਮਹਿਜ ਜਨੂੰਨ ਹੀ ਕਾਫੀ ਨਹੀਂ ਹੁੰਦਾ, ਸਮਾਜਿਕ ਸਮਝ ਦੀ ਵੀ ਲੋੜ ਹੁੰਦੀ ਹੈ, ਜਿਸ ਦੀ ਉਸ ਵਿੱਚ ਕਮੀ ਸੀ।ਅਸਲ ਵਿੱਚ ਸਵਰਕਰ ਇੱਕ ਰੋਮਾਂਟਿਕ ਕਿਸਮ ਦੇ ਨੇਤਾ ਸਨ। ਇਸ ਤੋਂ ਉਲਟ ਗਾਂਧੀ ਬਹੁਤ ਪਰੌੜ ਨੇਤਾ ਸਨ।ਸਵਰਕਰ ਦੀ ਪਹਿਚਾਣ ਸਬੂਤਾਂ ਦੀ ਮੁਹਤਾਜ ਹੈ ਪਰ ਗਾਂਧੀ ਦੀ ਨਹੀਂ। ਸਾਵਰਕਰ ਨੇ ਸਜ਼ਾ ਤੋਂ ਬਚਣ ਲਈ ਛੇ ਵਾਰ ਅੰਗਰੇਜਾਂ ਤੋਂ ਲਿਖਤੀ ਮੁਆਫੀ ਮੰਗੀ ਸੀ। ਲੋਕ ਅਜਾਦੀ ਦੀ ਜੰਗ ਵਿਚ ਮੁਆਫੀ ਮੰਗਣ ਵਾਲਿਆਂ ਨੂੰ ਕਦੇ ਪਸੰਦ ਨਹੀਂ ਕਰਦੇ। ਜੇ ਕਰ ਭਾਜਪਾ ਸਰਕਾਰ ਨੇ ਜਿਦ ਪੁਗਾਉਣ ਲਈ ਉਸ ਨੂੰ ਭਾਰਤ ਰਤਨ ਦੇ ਵੀ ਦਿੱਤਾ ਤਾਂ ਇਹ ਕਦਮ ਆਪਣੇ ਪੈਰ ਤੇ ਆਪ ਕੁਹਾੜਾ ਮਾਰਨ ਦੇ ਤੁੱਲ ਹੋਵੇਗਾ। ਹਿੰਦੂਵਾਦੀਆਂ ਕੋਲ ਕੋਈ ਸਰਬ ਸਾਂਝਾ ਚਿਹਰਾ ਕਦੇ ਨਹੀਂ ਰਿਹਾ। ਭਾਜਪਾ ਸੰਨ 2014 ਵਿੱਚ ਸਤਾ ਪ੍ਰਾਪਤ ਕਰਨ ਤੋਂ ਲੈ ਕੇ ਉਹ ਦੀਨ ਦਿਆਲ ਉਪਾ ਧਿਆਏ, ਸ਼ਿਆਮਾ ਪ੍ਰਸ਼ਾਦ ਮੁਖਰਜੀ ਆਦਿ ਮਰਹੂਮ ਨੇਤਾਵਾਂ ਤੋਂ ਬਾਅਦ ਸਰਦਾਰ ਪਟੇਲ ਨੂੰ ਇਹ ਰੁਤਬਾ ਦੇਣ ਦੀ ਭਰਪੂਰ ਕੋਸ਼ਿਸ਼ ਕਰ ਚੁੱਕੀ ਹੈ। ਪ੍ਰੰਤੂ ਦੇਸ਼ ਦਾ ਅਸਮ ਆਦਮੀ ਇਸ ਨੂੰ ਆਤਮਸਾਤ ਨਹੀਂ ਕਰ ਰਿਹਾ। ਆਮ ਲੋਕ ਉਹਨਾਂ 80-85 ਕਰੋੜ ਲੋਕਾਂ ਨੂੰ ਕਹਿੰਦੇ ਹਨ ਜਿਹਨਾਂ ਵਿਚ ਦਲਿਤ, ਆਦਿਵਾਸੀ ਅਤੇ ਮੁਸਲਮਾਨਾਂ ਸਮੇਤ ਦੂਜੇ ਘੱਟ ਗਿਣਤੀ ਧਰਮਾਂ ਨੂੰ ਮੰਨਣ ਵਾਲੇ ਲੋਕ ਆਉਂਦੇ ਹਨ।



