ਜਿਵੇ-ਜਿਵੇ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਸਮਾਂ ਨਜਦੀਕ ਆ ਰਿਹਾ ਹੈ ਉਸੇ ਤਰ੍ਹਾਂ ਹੀ ਚੁਨਾਵੀ ਮਾਹੌਲ ਵੀ ਪੂਰੀ ਤਰ੍ਹਾਂ ਭਖਦਾ ਜਾ ਰਿਹਾ ਹੈ। ਹੁਣ ਸਾਰੀਆ ਹੀ ਪਾਰਟੀਆਂ ਦੇ ਉਮੀਦਵਾਰ ਅਤੇ ਵਰਕਰ ਹਰ ਵੋਟਰ ਤੱਕ ਆਪਣੀ ਪਹੁੰਚ ਯਕੀਨੀ ਬਣਾ ਰਹੇ ਹਨ। ਸਾਉਣੀ ਦੀ ਫ਼ਸਲ ਦਾ ਸੀਜਨ ਹੋਣ ਕਾਰਨ ਜਿੱਥੇ ਹੁਣ ਕਿਸਾਨ ਖੇਤਾ ਵਿੱਚ ਰੁਝੇ ਹੋਏ ਹਨ ਉੱਥੇ ਹੀ ਮਜ਼ਦੂਰ ਵਰਗ ਵੀ ਅਨਾਜ਼ ਮੰਡੀਆਂ ਵਿੱਚ ਆਪਣੇ ਸਾਲ ਭਰ ਦੇ ਦਾਣੇ ਇੱਕਠੇ ਕਰਨ ਵਿੱਚ ਲੱਗਿਆ ਹੋਇਆ ਹੈ। ਅਜਿਹੇ ਮਾਹੌਲ ਵਿੱਚ ਹੀ ਚੋਣ ਪ੍ਰਚਾਰ ਵੀ ਦਿਨੋ-ਦਿਨ ਗਰਮੀ ਫੜ ਰਿਹਾ ਹੈ। ਭਾਵੇ ਚੋਣਾਂ ਵਿੱਚ ਜ਼ਿਆਦਾ ਦਿਲਚਸਪੀ ਰੱਖਣ ਵਾਲੇ ਕਈ ਲੋਕ ਅਜੇ ਵੀ ਪਿੰਡਾਂ ਦੀਆਂ ਸੱਥਾਂ ਵਿੱਚ ਆਪਣੇ-ਆਪਣੇ ਪਿੰਡ ਦੀ ਸਿਆਸੀ ਸੱਥ ਦੀ ਚਰਚਾ ਕਰਦੇ ਨਜ਼ਰ ਆਉਦੇ ਹਨ ਪਰ ਕਾਮੇ ਵਰਗ ਦੇ ਖੇਤਾਂ ਵਿੱਚ ਵਿਅਸਤ ਹੋਣ ਕਾਰਨ ਹੁਣ ਪਾਰਟੀਆਂ ਦੇ ਉਮੀਦਵਾਰ ਅਤੇ ਵਰਕਰ ਕਿਸਾਨ ਅਤੇ ਮਜ਼ਦੂਰ ਵਰਗ ਨੂੰ ਖੇਤਾਂ ਅਤੇ ਮੰਡੀਆਂ ਵਿੱਚ ਜਾ ਕੇ ਮਿਲ ਰਹੇ ਹਨ। ਬਹੁਤੇ ਪਿੰਡਾਂ ਵਿੱਚ ਇਸ ਵਾਰ ਲੋਕਾਂ ਵਲੋਂ ਆਪਣੇ ਪੱਤੇ ਨਹੀ ਖੋਲ੍ਹੇ ਜਾ ਰਹੇ ਜਿਸ ਕਾਰਨ ਸਾਰੇ ਹੀ ਉਮੀਦਵਾਰ ਅਜੇ ਤੱਕ ਸੰਸ਼ੋਪੰਜ ਵਿੱਚ ਨਜ਼ਰ ਆਉਦੇ ਹਨ। ਕਈ ਪਿੰਡਾਂ ਦੇ ਲੋਕ ਆਪਣੇ ਪਿੰਡ ਵਿੱਚ ਵਿਕਾਸ ਦੇ ਨਾਮ ਤੇ ਇੱਕ ਇੱਟ ਵੀ ਨਾ ਲੱਗੀ ਹੋਣ ਦੀ ਗੱਲ ਕਰ ਰਹੇ ਹਨ ਜਦੋਕਿ ਕੁਝ ਪਿੰਡਾਂ ਦੇ ਲੋਕਾਂ ਦਾ ਮੰਨਣਾ ਹੈ ਕਿ ਵਿਕਾਸ ਹੋਇਆ ਹੈ। ਹੁਣ ਤੱਕ ਦੇ ਸਰਵੇ ਦੌਰਾਨ ਸੱਤਾਧਾਰੀ ਭਾਜਪਾ ਵਲੋਂ ਲਾਗੂ ਕੀਤੇ ਗਏ ਨਵੇ ਮੋਟਰ ਵਹੀਕਲ ਐਕਟ ਪ੍ਰਤੀ ਪਿੰਡਾਂ ਦੇ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਨਵੇ ਐਕਟ ਤਹਿਤ ਸਰਕਾਰ ਵਲੋਂ ਟਰੈਕਟਰ ਤੇ ਲਗਾਏ ਗਏ ਜੁਰਮਾਨੇ ਨੇ ਉਨ੍ਹਾਂ ਨੂੰ ਟਰੈਕਟਰ ਆਦਿ ਨੂੰ ਵੀ ਸ਼ਹਿਰ ਲਿਜਾਣ ਵਿੱਚ ਮੁਸ਼ਕਲਾਂ ਪੈਦਾ ਕਰ ਦਿੱਤੀਆ ਹਨ। ਦੂਜੇ ਪਾਸੇ ਸੂਬੇ ਵਿੱਚ ਦਿਨੋ-ਦਿਨ ਵਧ ਰਿਹਾ ਨਸ਼ਿਆ ਦਾ ਪ੍ਰਭਾਵ ਵੀ ਜਿੱਥੇ ਵਿਰੋਧੀ ਪਾਰਟੀਆਂ ਲਈ ਰਾਮਬਾਣ ਸਾਬਤ ਹੋ ਰਿਹਾ ਹੈ ਉੱਥੇ ਹੀ ਸੱਤਾਧਾਰੀ ਭਾਜਪਾ ਲਈ ਵੱਡੀਆ ਮੁਸ਼ਕਲਾਂ ਪੈਦਾ ਹੋ ਰਹੀਆ ਹਨ। ਹਰਿਆਣਾ ਦੇ ਪੰਜਾਬ ਨਾਲ ਲੱਗਦੇ ਡੱਬਵਾਲੀ,ਕਾਲਾਂਵਾਲੀ,ਸਿਰਸਾ,ਟੋਹਾਨਾ,ਫਤਿਹਾਬਾਦ ਆਦਿ ਵਿਧਾਨ ਸਭਾ ਹਲਕਿਆਂ ਵਿੱਚ ਨਸ਼ੇ ਦਾ ਮੁੱਦਾ ਵਧੇਰੇ ਗਰਮ ਹੈ। ਅਜਿਹੇ ਪ੍ਰਭਾਵ ਕਾਰਨ ਹੀ ਪੂਰੇ ਸੂਬੇ ਵਿੱਚ ਭਾਜਪਾ ਦਾ ਗਰਾਫ਼ ਦਿਨੋ-ਦਿਨ ਘਟਦਾ ਜਾ ਰਿਹਾ ਹੈ ਜਿਸ ਕਾਰਨ 75 ਪਾਰ ਦਾ ਨਾਅਰਾ ਦੇਣ ਵਾਲੀ ਭਾਜਪਾ ਹੁਣ ਬਹੁਮਤ ਤੋਂ ਵੀ ਦੂਰ ਹੁੰਦੀ ਨਜ਼ਰ ਆ ਰਹੀ ਹੈ। ਹਰਿਆਣਾ ਦੀਆ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚੋਂ ਲੋਕ ਮੁੱਦੇ ਗਾਇਬ ਹਨ ਜਦੋਕਿ ਸਾਰੀਆ ਸਿਆਸੀ ਪਾਰਟੀਆਂ ਵਲੋਂ ਇੱਕ ਦੂਜੇ ਤੇ ਚਿੱਕੜ ਉਛਾਲ ਕੇ ਅਤੇ ਆਪਣੇ ਆਪਨੂੰ ਦੁੱਧ ਧੋਂਤਾ ਸਾਬਤ ਕਰਕੇ ਵੋਟਰਾਂ ਨੂੰ ਆਪਣੇ-ਆਪਣੇ ਹੱਕ ਵਿੱਚ ਭੁਗਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਸੂਬੇ ਵਿੱਚ ਸਾਫ਼ ਪੀਣ ਵਾਲਾ ਪਾਣੀ,ਬਿਜਲੀ, ਸਿਹਤ ਸਹੂਲਤਾਂ, ਸਿੱਖਿਆ ਨਾਲ ਜੁੜੇ ਹੋਏ ਮੁੱਦਿਆਂ ਦੀ ਇਨ੍ਹਾਂ ਚੋਣਾ ਵਿੱਚ ਕੋਈ ਗੱਲ ਨਹੀ ਹੋ ਰਹੀ। ਜੇਕਰ ਸੂਬੇ ਦੀ ਸੱਤਾਧਾਰੀ ਭਾਜਪਾ ਦੀ ਗੱਲ ਕਰੀਏ ਤਾਂ ਇਸ ਪਾਰਟੀ ਦੇ ਗਿਰਾਫ਼ ਵਿੱਚ ਪਹਿਲਾ ਦੇ ਮੁਕਾਬਲੇ ਕਾਫੀ ਗਿਰਾਵਟ ਆ ਰਹੀ ਹੈ। ਸ਼ੁਰੂ ਵਿੱਚ ਭਾਜਪਾ ਵਿੱਚ ਪੈਦਾ ਹੋਇਆ ਹੱਦੋ ਵੱਧ ਵਿਸ਼ਵਾਸ ਹੀ ਪਾਰਟੀ ਲਈ ਘਾਤਕ ਸਾਬਤ ਹੋ ਰਿਹਾ ਹੈ। ਭਾਜਪਾ ਵਲੋਂ ਪਿਛਲੇ ਸਮੇ ਦੌਰਾਨ ਕਿਸਾਨੀ,ਮਜ਼ਦੂਰ ਵਰਗ ਅਤੇ ਆਮ ਲੋਕਾਂ ਲਈ ਲਏ ਗਏ ਫ਼ੈਸਲੇ ਹੀ ਪਾਰਟੀ ਲਈ ਕਿੱਲ ਸਾਬਤ ਹੋ ਰਹੇ ਹਨ। ਜ਼ਮੀਨਾਂ ਦੀਆ ਫਰਦਾਂ ਅਤੇ ਹੋਰ ਕੰਮਾਂ ਲਈ ਸਰਕਾਰ ਵਲੋਂ ਕੀਤੀ ਗਈ ਬੇਲੋੜੀ ਕਾਗਜ਼ੀ ਕਾਰਵਾਈ ਕਾਰਨ ਪ੍ਰਦੇਸ਼ ਦੇ ਕਿਸਾਨਾਂ ਨੇ ਭਾਜਪਾ ਤੋਂ ਆਪਣਾ ਮੂੰਹ ਮੋੜ ਲਿਆ ਹੈ। ਸੱਤਾਧਾਰੀ ਭਾਜਪਾ ਸੂਬੇ ਵਿੱਚ ਵਿਕਾਸ ਪੱਖੋਂ ਵੀ ਜੀਰੋ ਰਹੀ ਹੈ। ਕਾਂਗਰਸ ਸਰਕਾਰ ਵਲੋਂ ਸ਼ੁਰੂ ਕੀਤੀਆ ਗਈਆ ਬਹੁਤੀਆਂ ਯੋਜਨਾਵਾਂ ਚਾਹੇ ਉਹ ਮੈਟਰੋ ਨਾਲ ਸਬੰਧਿਤ ਹੋਣ ਜਾ ਸਿੱਖਿਆ,ਸਿਹਤ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਅੱਗੇ ਨਹੀ ਵਧ ਸਕੀਆ। ਸਰਕਾਰ ਆਪਣੇ ਪਿਛਲੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਵੱਡੇ ਪ੍ਰੋਜੈਕਟ ਲਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਸਰਕਾਰ ਦੇ ਵਿਕਾਸ ਸਿਰਫ਼ ਕਾਗਜ਼ਾਂ ਅਤੇ ਪ੍ਰਚਾਰ ਤੱਕ ਹੀ ਸੀਮਤ ਰਹੇ ਹਨ। ਹੁਣ ਚੋਣਾ ਦਾ ਸਮਾਂ ਆਉਦਿਆ ਹੀ ਜਦੋ ਵਿਰੋਧੀ ਧਿਰਾਂ ਵਲੋਂ ਇਨ੍ਹਾਂ ਸਾਰੀਆ ਸੱਚਾਈਆਂ ਨੂੰ ਆਮ ਲੋਕਾਂ ਸਾਹਮਣੇ ਲਿਆਦਾ ਗਿਆ ਹੈ ਤਾਂ ਲੋਕ ਵਿਰੋਧੀ ਪਾਰਟੀਆਂ ਦੇ ਭਾਸ਼ਣਾ ਤੋਂ ਪ੍ਰਭਾਵਿਤ ਹੁੰਦੇ ਨਜ਼ਰ ਆਉਣ ਲੱਗੇ ਹਨ। ਜਿਸ ਕਾਰਨ ਪ੍ਰਦੇਸ਼ ਵਿੱਚ ਭਾਜਪਾ ਸਿਆਸੀ ਪੱਖ ਤੋਂ ਹਰ ਦਿਨ ਹੇਠਲੇ ਪੱਧਰ ਤੇ ਜਾਂਦੀ ਵਿਖਾਈ ਦੇ ਰਹੀ ਹੈ। ਪਿਛਲੇ ਸ਼ਾਸਨ ਦੌਰਾਨ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਭਾਜਪਾ ਦੇ ਦਿੱਗਜ ਨੇਤਾ ਵੀ ਇਸ ਵਾਰ ਆਪਣੀਆਂ ਆਪਣੀਆਂ ਸੀਟਾਂ ਤੇ ਫਸੇ ਨਜ਼ਰ ਆਉਦੇ ਹਨ ਜਿਸ ਕਾਰਨ ਭਾਜਪਾ ਸੂਬੇ ਵਿੱਚ ਮੁਸ਼ਕਲ ਹਾਲਾਤਾਂ ਵਿੱਚ ਹੈ। ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਵੀ ਫੁੱਟ ਦਾ ਸ਼ਿਕਾਰ ਹੋਣ ਕਾਰਨ ਮੁਸ਼ਕਲਾਂ ਵਿੱਚ ਹੈ। ਸਿਆਸੀ ਮਾਹਿਰਾਂ ਦੇ ਮੰਨਣਾ ਹੈ ਕਿ ਜੇਕਰ ਕਾਂਗਰਸ ਵਿੱਚ ਚੋਣਾਂ ਦੇ ਐਨ ਸਮੇ ਤੇ ਐਨੇ ਵੱਡੇ ਪੱਧਰ ਤੇ ਫੁੱਟ ਨਾ ਪੈਂਦੀ ਤਾਂ ਪਾਰਟੀ ਸੂਬੇ ਦੀ ਸੱਤਾ ਤੇ ਕਾਬਜ਼ ਹੋ ਸਕਦੀ ਸੀ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਸੂਬਾਈ ਪ੍ਰਧਾਨ ਕੁਮਾਰੀ ਸ਼ੈਲਜਾ ਤੋਂ ਇਲਾਵਾ ਅਜੇ ਤੱਕ ਹਾਈਕਮਾਨ ਦੇ ਕਿਸੇ ਵੀ ਕਾਂਗਰਸੀ ਦਿੱਗਜ ਵਲੋਂ ਸੂਬੇ ਵਿੱਚ ਪਾਰਟੀ ਲਈ ਚੋਣ ਪ੍ਰਚਾਰ ਲਈ ਨਾ ਆਉਣਾ ਵੀ ਹੈਰਾਨ ਕਰਨ ਵਾਲੀ ਗੱਲ ਹੈ। ਭਾਰਤੀ ਕਮਿਊਨਿਸਟ ਪਾਰਟੀ ਵਲੋਂ ਹਰਿਆਣਾ ਵਿੱਚ ਕਾਂਗਰਸ ਨੂੰ ਆਪਣਾ ਸਮੱਰਥਣ ਦੇਣ ਕਾਰਨ ਕਾਂਗਰਸ ਦੀ ਸਥਿਤੀ ਵਿੱਚ ਪਹਿਲਾ ਦੇ ਮੁਕਾਬਲੇ ਕਾਫੀ ਸੁਧਾਰ ਹੋਇਆ ਹੈ। ਕਾਂਗਰਸ ਦੀ ਸੂਬਾਈ ਪ੍ਰਧਾਨ ਕੁਮਾਰੀ ਸ਼ੈਲਜਾ ਅਤੇ ਭੁਪਿੰਦਰ ਸਿੰਘ ਹੁੱਡਾ ਪੂਰੇ ਜ਼ੋਰ ਨਾਲ ਚੁਨਾਵੀ ਮੈਦਾਨ ਵਿੱਚ ਡਟੇ ਹੋਏ ਹਨ। ਇਨੈਲੋ ਪਾਰਟੀ ਵਲੋਂ ਭਾਵੇ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ( ਬਾਦਲ ) ਨਾਲ ਰਲਕੇ ਚੋਣਾਂ ਲੜੀਆ ਜਾ ਰਹੀਆ ਹਨ ਪਰ ਦੋਨੇ ਹੀ ਪਾਰਟੀਆਂ ਅਜੇ ਤੱਕ ਪੂਰੀ ਤਰ੍ਹਾਂ ਬੈਕਫੁੱਟ ਤੇ ਹਨ। ਇਨੈਲੋ ਦੀ ਕਮਾਨ ਸੰਭਾਲ ਰਹੇ ਅਭੈ ਸਿੰਘ ਚੌਟਾਲਾ ਵੀ ਕੇਵਲ ਆਪਣੀ ਏਲਨਾਬਾਦ ਸੀਟ ਤੱਕ ਹੀ ਸੀਮਤ ਰਹਿ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਕਾਲਾਂਵਾਲੀ ਤੋਂ ਵਿਧਾਇਕ ਬਲਕੌਰ ਸਿੰਘ ਵੀ ਪਿਛਲੇ ਦਿਨੀ ਅਕਾਲੀ ਦਲ ਨੂੰ ਅਲਵਿਦਾ ਕਹਿਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ ਜਿਸ ਕਰਨ ਇਸ ਵਾਰ ਪਾਰਟੀ ਨੇ ਭਾਜਪਾ ਤੋਂ ਬਾਗੀ ਹੋਏ ਰਾਜਿੰਦਰ ਸਿੰਘ ਦੇਸੂਯੋਧਾ ਨੂੰ ਟਿਕਟ ਦਿੱਤੀ ਹੈ। ਸਿਰਸਾ ਸੀਟ ਤੋਂ ਇਨੈਲੋ ਵਲੋਂ ਭਾਜਪਾ ਤੋਂ ਬਾਗੀ ਹੋਏ ਗੋਕੁਲ ਸੇਤੀਆ ਦਾ ਸਾਥ ਦਿੱਤਾ ਜਾ ਰਿਹਾ ਹੈ। ਇਨੈਲੋ ਦੇ ਦੋਫਾੜ ਹੋਣ ਤੋਂ ਬਾਅਦ ਹੋਂਦ ਵਿੱਚ ਆਈ ਜਨਨਾਇਕ ਜਨਤਾ ਪਾਰਟੀ ਵਲੋਂ ਵੀ ਪੂਰੇ ਸੂਬੇ ਵਿੱਚ ਆਪਣਾ ਚੋਣ ਪ੍ਰਚਾਰ ਪੂਰੀ ਸਰਗਰਮੀ ਨਾਲ ਵਿੱਢਿਆ ਹੋਇਆ ਹੈ। ਚੋਣਾਂ ਤੋਂ ਪਹਿਲਾ ਸੂਬੇ ਦੀਆ ਖਾਪ ਪੰਚਾਇਤਾ ਵਲੋਂ ਇਨੈਲੋ ਅਤੇ ਜਜਪਾ ਨੂੰ ਇੱਕ ਕਰਨ ਦੇ ਯਤਨ ਕੀਤੇ ਗਏ ਸਨ ਪਰ ਯਤਨ ਕਾਮਯਾਬ ਨਾ ਹੋਣ ਕਾਰਨ ਦੋਨੋਂ ਪਾਰਟੀਆਂ ਅਲੱਗ-ਅਲੱਗ ਚੋਣਾਂ ਲੜ ਰਹੀਆ ਹਨ। ਹੁਣ ਸੂਬੇ ਵਿੱਚ ਇਨੈਲੋ ਦੇ ਮੁਕਾਬਲੇ ਜਜਪਾ ਕਾਫੀ ਅੱਗੇ ਨਿਕਲ ਚੁੱਕੀ ਹੈ। ਪਾਰਟੀ ਦੀ ਕਮਾਨ ਸੰਭਾਲ ਰਹੇ ਦੁਸ਼ਿਅੰਤ ਚੌਟਾਲਾ ਅਤੇ ਦਿੱਗਵਿਜੇ ਚੌਟਾਲਾ ਦੇ ਜੋਸ਼ੀਲੇ ਭਾਸ਼ਣਾਂ ਨੂੰ ਨੌਜਵਾਨ ਵਰਗ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਿਵੇ-ਜਿਵੇ ਚੋਣਾ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਜਜਪਾ ਦਾ ਗਿਰਾਫ਼ ਵੀ ਲਗਾਤਾਰ ਵਧ ਰਿਹਾ ਹੈ।



