Skip to content
Independent perspectives. Global stories.
BREAKING

ਗੁਰਮਤਿ ਸਾਹਿਤ ਦੇ ਰੰਗ ‘ਚ ਰੰਗੀ ਹੋਈ ਵਿਦਵਤਾ ਦੀ ਮੂਰਤ : ਡਾ. ਮਹਿੰਦਰ ਕੌਰ ਗਿੱਲ

Share this story

ਦੇਸ਼ ਦੀ ਵੰਡ ਨੇ ਮਹਿੰਦਰ ਕੌਰ ਦੇ ਪਰਿਵਾਰ ਨੂੰ ਵਕਤ ਦੇ ਥਪੇੜਿਆਂ ਨਾਲ ਨਿਪਟਣ ਲਈ ਮਜ਼ਬੂਰ ਕਰ ਦਿੱਤਾ। ਚੜ੍ਹਦੇ ਪੰਜਾਬ ਵਿਚ ਆ ਕੇ ਸੈਟਲ ਹੋਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਣੇ ਪਏ। ਕਈ ਸ਼ਹਿਰ ਬਦਲਣੇ ਪਏ, ਜਿਸ ਕਰਕੇ ਉਸਦੀ ਪੜ੍ਹਾਈ ਤੇ ਵੀ ਮਾੜਾ ਅਸਰ ਪਿਆ। ਇਕ ਕਿਸਮ ਨਾਲ ਜ਼ਿੰਦਗੀ ਵਿਚ ਖੜੋਤ ਆ ਗਈ। ਪਰਿਵਾਰ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਿਆਹ ਤੋਂ ਬਾਅਦ ਦਿੱਲੀ ਵਿਚ ਉਸਦੇ ਪਤੀ ਨੇ ਕਿਸੇ ਦੋਸਤ ਨਾਲ ਸਾਂਝਾ ਵਿਓਪਾਰ ਸ਼ੁਰੂ ਕੀਤਾ ਤਾਂ ਉਸ ਦੋਸਤ ਨੇ ਵੀ ਧੋਖਾ ਦੇ ਦਿੱਤਾ। ਪਰਿਵਾਰ ਦਾ ਗੁਜ਼ਾਰਾ ਮਹਿੰਦਰ ਕੌਰ ਦੀ ਨੌਕਰੀ ਤੋਂ ਹੀ ਚਲਦਾ ਰਿਹਾ। ਮਹਿੰਦਰ ਕੌਰ ਕਾਲਜ ਅਧਿਆਪਕਾ ਬਣਨਾ ਚਾਹੁੰਦੀ ਸੀ, ਇਸ ਲਈ ਉਸਨੇ ਆਪਣੇ ਕੈਰੀਅਰ ਲਈ ਕਈ ਟ੍ਰੇਨਿੰਗਾਂ ਲੈ ਕੇ ਵੇਲਣ ਵੇਲੇ। ਇਥੋਂ ਤੱਕ ਕਿ ਬੀ.ਐਡ.ਦਾ ਕੋਰਸ ਕਰਨ ਲਈ ਉਸਨੂੰ ਆਪਣੇ ਬੱਚਿਆਂ ਨੂੰ ਨਾਲ ਸ੍ਰੀਨਗਰ ਲਿਜਾਣਾ ਪਿਆ। ਜੇ.ਬੀ.ਟੀ. ਅਧਿਆਪਕਾ ਤੋਂ ਆਪਣਾ ਕੈਰੀਅਰ ਸ਼ੁਰੂ ਕਰਕੇ ਦਿੱਲੀ ਯੂਨੀਵਰਸਿਟੀ ਦੇ ਮਾਤਾ ਸੁੰਦਰੀ ਕਾਲਜ ਦੀ ਪ੍ਰਿੰਸੀਪਲ 19 ਸਾਲ ਰਹੀ। ਅਜਿਹੇ ਹਾਲਾਤ ਵਿਚ ਵੀ ਉਹ ਡੋਲੀ ਨਹੀਂ ਸਗੋਂ ਹੋਰ ਉਤਸ਼ਾਹ ਨਾਲ ਪੜ੍ਹਾਈ ਕਰਦੀ ਰਹੀ ਕਿਉਂਕਿ ਉਹ ਗੁਰੂ ਦੇ ਲੜ ਲੱਗੀ ਹੋਈ ਸੀ। ਉਚ ਪੜ੍ਹਾਈ ਕਰਨ ਉਸਦੇ ਪਤੀ ਦਾ ਪੂਰਾ ਸਹਿਯੋਗ ਰਿਹਾ। ਅਸਲ ਵਿਚ ਮਹਿੰਦਰ ਕੌਰ ਦਾ ਪਰਿਵਾਰ ਵਾਹਿਗੁਰੂ ਦੀ ਰਜਾ ਵਿਚ ਰਹਿਣ ਅਤੇ ਸਬਰ ਸੰਤੋਖ ਵਾਲਾ ਪਰਿਵਾਰ ਸੀ। ਹਰ ਸਮੱਸਿਆ ਦਾ ਮੁਕਾਬਲਾ ਦਲੇਰੀ ਨਾਲ ਕਰਕੇ ਸਖ਼ਤ ਮਿਹਨਤ ਕਰਦਾ ਰਿਹਾ। ਉਸਨੇ ਆਪਣੀ ਪੜ੍ਹਾਈ ਪ੍ਰਾਈਵੇਟਲੀ ਜਾਂ ਸ਼ਾਮ ਦੀਆਂ ਕਲਾਸਾਂ ਵਿਚ ਕੀਤੀ। ਡਾ. ਮਹਿੰਦਰ ਕੌਰ ਗਿਲ ਗੁਰਬਾਣੀ ਸਾਹਿਤ ਅਧਿਐਨ ਦੇ ਸਥਾਪਤ ਵਿਦਵਾਨ ਹਨ। ਉਨ੍ਹਾਂ ਨੇ ਆਪਣੇ ਜੀਵਨ ਵਿਚ 93 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ। ਨਿਰੋਲ ਗੁਰਬਾਣੀ ਸਾਹਿਤ ਦੀਆਂ ਉਸਨੇ 47 ਮੌਲਿਕ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ, ਜਿਨ੍ਹਾਂ ਵਿਚ ਉਸਦੀ ਪੀ.ਐਚ.ਡੀ. ਸ੍ਰੀ ਗੁਰੂ ਅਰਜਨ ਦੇਵ ਜੀ ਜੀਵਨ ਤੇ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨ ਕਲਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਅਧਿਐਨ, ਬਾਣੀ ਚਿੰਤਨ, ਬਾਣੀ ਚੇਤਨਾ, ਸ੍ਰੀ ਗੁਰੂ ਅਮਰ ਦਾਸ ਜੀ ਬਾਣੀ ਵਿਚਾਰ, ਆਦਿ ਗ੍ਰੰਥ ਲੋਕ ਰੂਪ, ਬਾਣੀ ਵਿਧਾਨ, ਬਾਣੀ ਬਿਬੇਕ, ਬਾਣੀ ਸਾਰ, ਬਾਣੀ ਰੂਪ-ਪ੍ਰਬੰਧ, ਬਾਣੀ ਮੰਡਲ, ਬਾਣੀ ਬੋਧ, ਆਦਿ ਗ੍ਰੰਥ ਰਚਨਾ-ਰੂਪ, ਬਾਣੀ ਲੋਕ, ਬਾਣੀ ਜਸ, ਬਾਣੀ ਵਿਵੇਚਨ, ਬਾਣੀ ਸੰਦੇਸ਼, ਗੁਰਮਤਿ ਸੋਝੀ, ਗੁਰਮਤਿ ਤੇ ਨਾਰੀ, ਗੁਰਬਾਣੀ ਸੰਕਲਪ, ਦਸਮ ਗੁਰੂ ਬਾਣੀ ਦੇ ਰੂਪ-ਮਾਡਲ, ਨਿੱਤਨੇਮ ਜਾਣ-ਪਛਾਣ, ਦਸਮ ਗੁਰੂ ਰਚਨਾ-ਸੰਸਾਰ, ਜਪੁਜੀ ਸਾਹਿਬ, ਸਿੱਖ ਚਿੰਤਨ, ਆਦਿ ਗ੍ਰੰਥ ਛੰਤ ਵਿਵੇਚਨ, ਸ਼ਹੀਦੀ ਤੇ ਸੰਦੇਸ਼, ਸੁਖਮਨੀ ਸਹਿਜ ਗਿਆਨ, ਆਸਾ ਦੀ ਵਾਰ, ਜਪੁ ਬਾਣੀ ਵਿਚਾਰ, ਦੀਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਦਾ ਬਹੁਪੱਖੀ ਚਿੰਤਨ, ਬਾਣੀ ਪ੍ਰਵਾਹ, ਗੁਰੂ ਗ੍ਰੰਥ ਸਾਹਿਬ ਤੇ ਮਾਨਵ ਏਕਤਾ ਅਤੇ ਗੁਰੂ ਗ੍ਰੰਥ ਸਾਹਿਬ ਦਾ ਰੂਪ ਵਿਧਾਨ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ 12 ਹੋਰ ਸਾਹਿਤਕ ਪੁਸਤਕਾਂ ਹਨ, ਜਿਨ੍ਹਾਂ ਵਿਚ ਵਿਹਾਰਕ ਪੰਜਾਬੀ, ਵੇਕੀ, ਪ੍ਰਗੀਤ, ਅੰਤਰਮੁੱਖੀ, ਸਾਹਿਤ ਵਿਹਾਰ, ਸੁਹਜ ਸਿਰਜੀ : ਡਾ.ਹਰਿਭਜਨ ਸਿੰਘ, ਧਰਮ ਸਮਾਜ ਤੇ ਨਾਰੀ, ਅਦਬ ਤੇ ਅਦੀਬ, ਪੰਦਰਵੀਂ ਸਦੀ ਦਾ ਚੋਣਵਾਂ ਪੰਜਾਬੀ ਸਾਹਿਤ, ਬਹੁਰੰਗੀ, ਰਚਨਾ-ਰਚੇਤਾ-ਰੂਬਰੂ ਅਤੇ ਰਿਸ਼ੀਵਰ ਡਾ.ਹਰਿਭਜਨ ਸਿੰਘ ਸ਼ਾਮਲ ਹਨ। ਜੀਵਨ ਸਾਹਿਤ ਦੀਆਂ ਪੁਸਤਕਾਂ ਹਨ: ਗੁਰੂ ਮਹਿਲ ਗਾਥਾ, ਮਾਤਾ ਸੁੰਦਰੀ ਜੀ, ਪੰਜਾਬ ਦੀਆਂ ਬੀਰ ਨਾਰੀਆਂ, ਦਸ ਗੁਰੂ ਮਹਿਲ, ਗੁਰੂ ਮਹਿਲ ਤੇ ਹੋਰ ਬੀਬੀਆਂ, ਪੰਜਾਬ ਦੀਆਂ ਰਾਣੀਆਂ, ਸ਼ਹੀਦੀ ਪਰੰਪਰਾ ਤੇ ਸਿੱਖ ਇਤਿਹਾਸ, ਗੁਰੂ ਘਰ ਦੀਆਂ ਨੀਂਹਾਂ, ਗੁਰੂ ਪੁਤਰੀਆਂ, ਸੋਭਾਵੰਤੀਆਂ, ਭਾਈ ਜੈਤਾ, ਹਰ ਦੇ ਆਲਮ ਤਾਕ : ਗੁਰੂ ਗੋਬਿੰਦ ਸਿੰਘ, ਖਾਲਸਾ ਤ੍ਰੈ ਸ਼ਤਾਬਦੀ ਲੇਖਾ ਜੋਖਾ, ਦਰਗਾਹੀ ਨੂਰ, ਦਰਗਾਹੀ ਦਰਵੇਸ਼, ਤੂ ਸਤਵੰਤੀ ਤੂ ਪਰਧਾਨ ਅਤੇ ਭਾਈ ਮਰਦਾਨਾ ਹਨ। ਉਨ੍ਹਾਂ ਦੀਆਂ ਕਵਿਤਾ ਦੀਆਂ ਪੁਸਤਕਾਂ ਹਨ ਕਾਤਰਾਂ, ਹੁਣ ਤੂੰ ਸਾਲਗ੍ਰਾਮ ਨਹੀਂ, ਹਵਾ ਠਹਿਰ ਗਈ, ਖੁਲ੍ਹੇ ਪਿੰਜਰੇ ਅਤੇ ਤ੍ਰਾਟਾਂ ਹਨ। ਇਸ ਤੋਂ ਇਲਾਵਾ 18 ਪੁਸਤਕਾਂ ਦੀ ਸੰਪਾਦਨਾ ਕੀਤੀ ਗਈ ਹੈ। 4 ਪੁਸਤਕਾਂ ਅਨੁਵਾਦ ਅਤੇ ਮਾਤਾ ਸੁੰਦਰੀ ਹਿੰਦੀ ਵਿਚ ਵੀ ਪ੍ਰਕਾਸ਼ਤ ਹੋਈ ਹੈ। ਇਸ ਤੋਂ ਬਿਨਾਂ ਉਨ੍ਹਾਂ ਬਹੁਤ ਸਾਰੇ ਖੋਜ ਪੱਤਰ ਲਿਖੇ ਜਿਹੜੇ ਸੈਮੀਨਾਰਾਂ ਵਿਚ ਪੜ੍ਹੇ ਗਏ। ਉਸਦੀ ਕਵਿਤਾਵਾਂ ਦੀ ਪੁਸਤਕ ਕਾਤਰਾਂ ਵੀ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ। ਮਹਿੰਦਰ ਕੌਰ ਨੇ 17 ਸਾਲ ਦੀ ਉਮਰ ਵਿਚ ਹੀ ਮਿੰਟਗੁਮਰੀ ਗੁਰੂ ਨਾਨਕ ਗਰਲਜ਼ ਬੇਸਿਕ ਟ੍ਰੇਨਿੰਗ ਕਾਲਜ ਜਲੰਧਰ ਵਿਚ ਪੜ੍ਹਦਿਆਂ ਹੀ ਡਾਇਰੀ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਸਨੇ 1967 ਤੋਂ ਨਿਯਮਤ ਤੌਰ ਤੇ ਲਿਖਣਾ ਸ਼ੁਰੂ ਕੀਤਾ ਜੋ ਲਗਾਤਾਰ ਜ਼ਾਰੀ ਰਿਹਾ। ਹਰ ਸਾਲ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਲਗਪਗ ਦੋ ਪੁਸਤਕਾਂ ਪ੍ਰਕਾਸ਼ਤ ਕਰਦੀ ਰਹੀ ਹੈ। ਉਸਦੀਆਂ ਗੁਰਬਾਣੀ ਸਾਹਿਤ ਦੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਕਰਕੇ ਉਸਨੂੰ ਭਾਸ਼ਾ ਵਿਭਾਗ ਪੰਜਾਬ ਨੇ ਸਾਹਿਤ ਰਤਨ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਸੀ। ਇਸ ਤੋਂ ਇਲਾਵਾ ਆਪਨੂੰ ਵੱਖ-ਵੱਖ ਧਾਰਮਿਕ, ਵਿਦਿਅਕ ਤੇ ਸਵੈਇੱਤ ਸੰਸਥਾਵਾਂ ਅਤੇ ਸਰਕਾਰ ਵੱਲੋਂ ਲਗਪਗ 30 ਮਾਨ ਸਨਮਾਨ ਦੇ ਕੇ ਸਮਨਮਾਨਤ ਕੀਤਾ ਗਿਆ। ਮਹਿੰਦਰ ਕੌਰ ਦਾ ਜਨਮ 12 ਜਨਵਰੀ 1937 ਨੂੰ ਪਿਤਾ ਗੁਲਾਬ ਸਿੰਘ ਅਤੇ ਮਾਤਾ ਆਗਿਆ ਕੌਰ ਦੇ ਘਰ ਜਿਲ੍ਹਾ ਮੁਲਤਾਨ ਦੀ ਮੰਡੀ ਬੂਰੇਵਾਲੀ ਵਿਚ ਹੋਇਆ। ਪੰਜ ਭੈਣਾਂ ਅਤੇ ਪੰਜ ਭਰਾਵਾਂ ਵਾਲਾ ਵੱਡਾ ਪਰਿਵਾਰ ਸੀ ਪ੍ਰੰਤੂ ਪਰਮਾਤਮਾ ਦਾ ਐਸਾ ਭਾਣਾ ਵਰਤਿਆ ਕਿ ਤਿੰਨ ਭੈਣਾਂ ਹੀ ਜ਼ਿੰਦਾ ਬਚ ਸਕੀਆਂ। ਦੋਵੇਂ ਭੈਣਾ ਕੈਨੇਡਾ ਵਿਚ ਵਸ ਗਈਆਂ। ਇਕੱਲੀ ਮਹਿੰਦਰ ਕੌਰ ਹੀ ਰਹਿ ਗਈ। ਆਪਨੇ ਐਨ.ਸੀ.ਸੀ.ਮਿਡਲ ਸਕੂਲ ਬੂਰੇਵਾਲ ਤੋਂ ਪੰਜਵੀਂ ਤੱਕ ਪੜ੍ਹਾਈ ਕੀਤੀ। ਦੇਸ਼ ਦੀ ਵੰਡ ਸਮੇਂ ਆਪ ਛੇਵੀਂ ਕਲਾਸ ਵਿਚ ਪੜ੍ਹਦੀ ਸੀ। ਚੌਥੀ ਜਮਾਤ ਵਿਚ ਆਪ ਸਾਰੇ ਮੁਲਤਾਨ ਜਿਲ੍ਹੇ ਵਿਚੋਂ ਪਹਿਲੇ ਨੰਬਰ ਤੇ ਆਈ ਜਿਸ ਕਰਕੇ ਆਪਨੂੰ 4 ਰੁਪਏ ਮਹੀਨਾ ਵਜੀਫ਼ਾ ਲੱਗ ਗਿਆ। ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਪਹਿਲਾਂ ਬਰਨਾਲੇ, ਰੋਹਤਕ, ਜਲੰਧਰ ਅਤੇ ਫਿਰ ਅਖ਼ੀਰ ਵਿਚ ਦਿੱਲੀ ਆ ਕੇ ਵਸ ਗਿਆ। ਜਲੰਧਰ ਆਰੀਆ ਸਕੂਲ ਤੋਂ ਅੱਠਵੀਂ ਕਲਾਸ ਪਾਸ ਕੀਤੀ। ਇਸ ਸਮੇਂ ਪਰਿਵਾਰ ਆਰਥਿਕ ਮੁਸ਼ਕਲਾਂ ਵਿਚੋਂ ਲੰਘ ਰਿਹਾ ਸੀ ਕਿਉਂਕਿ ਬੂਰੇਵਾਲ ਤੋਂ ਆਉਣ ਤੋਂ ਬਾਅਦ ਸੈਟਲ ਹੋਣ ਨੂੰ ਸਮਾਂ ਲੱਗ ਗਿਆ। ਪੜ੍ਹਨ ਵਿਚ ਹੁਸ਼ਿਆਰ ਹੋਣ ਕਰਕੇ ਉਹ ਆਪ ਭਾਵੇਂ ਦਸਵਂੀਂ ਵਿਚ ਪੜ੍ਹਦੀ ਸੀ, ਇਸਦੇ ਨਾਲ ਹੀ ਦਸਵੀਂ ਦੀ ਕਲਾਸ ਨੂੰ ਪੰਜਾਬੀ ਪੜ੍ਹਾਉਂਦੀ ਰਹੀ, ਜਿਸ ਕਰਕੇ ਆਪਦੀ ਫੀਸ ਮੁਆਫ਼ ਹੋ ਗਈ। ਫਿਰ ਆਪਨੇ ਮਿੰਟਗੁਮਰੀ ਗੁਰੂ ਨਾਨਕ ਗਰਲਜ਼ ਬੇਸਿਕ ਟ੍ਰੇਨਿੰਗ ਕਾਲਜ ਬਸਤੀ ਖੇਲ ਜਲੰਧਰ ਤੋਂ ਜੇ.ਬੀ.ਟੀ. ਪਾਸ ਕਰ ਲਈ। ਇਸੇ ਕਾਲਜ ਵਿਚ ਆਪਦੀ ਨੌਕਰੀ ਲੱਗ ਗਈ। ਆਪਨੇ ਪਹਿਲਾਂ ਪ੍ਰਾਈਵੇਟਲੀ ਗਿਆਨੀ 1951 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ। ਮੈਟ੍ਰਿਕ ਵੀ ਪੰਜਾਬ ਯੂਨੀਵਰਸਿਟੀ ਤੋਂ 1952, ਐਫ਼.ਏ. 1955, ਜੇ.ਬੀ.ਟੀ.56, ਬੀ.ਏ.60, ਬੀ.ਐਡ.ਗਾਂਧੀ ਮੈਮੋਰੀਅਲ ਕਾਲਜ ਸ੍ਰੀ ਨਗਰ, ਜੰਮੂ ਕਸ਼ਮੀਰ ਯੂਨੀਵਰਸਿਟੀ ਤੋਂ 64, ਐਮ.ਏ. ਪੋਸਟ ਗ੍ਰੈਜੂਏਸ਼ਨ ਈਵਨਿੰਗ ਕਾਲਜ ਦਿੱਲੀ ਯੂਨੀਵਰਸਿਟੀ ਤੋਂ 1967 ਅਤੇ ਪੀ.ਐਚ.ਡੀ. ਦਿੱਲੀ ਯੂਨੀਵਰਸਿਟੀ ਤੋਂ ਪਾਸ ਕੀਤੀਆਂ। ਕਾਲਜ ਦੇ ਮੈਗਜ਼ੀਨਾਂ ਵਿਚ ਆਪਦੇ ਲੇਖ ਪ੍ਰਕਾਸ਼ਤ ਹੁੰਦੇ ਰਹੇ। ਆਪਦਾ ਪਰਿਵਾਰ 1959 ਵਿਚ ਦਿੱਲੀ ਆ ਕੇ ਗੁੜਗਾਉਂ ਰਹਿਣ ਲੱਗ ਗਿਆ। ਆਪਨੂੰ ਸਾਰੀ ਉਮਰ ਜਦੋਜਹਿਦ ਕਰਨੀ ਪਈ ਕਿਉਂਕਿ ਆਪਦੇ ਪਤੀ ਦੇ ਵਿਓਪਾਰ ਦੇ ਹਿੱਸੇਦਾਰ ਨੇ ਘਪਲਾ ਕਰ ਲਿਆ। ਫਿਰ ਆਪਦੀ ਦਿੱਲੀ ਮਿਉਂਸਪਲ ਕਮੇਟੀ ਦੇ ਮੁਹੱਲਾ ਦਸਾਂ ਵਿਚ ਨੌਕਰੀ ਲੱਗ ਗਈ। ਉਸਤੋਂ ਬਾਅਦ ਸਰਕਾਰੀ ਕਵਾਟਰ ਮਿਲ ਗਿਆ ਅਤੇ ਹੌਜ਼ ਕਾਜੀ ਸਕੂਲ ਵਿਚ ਬਦਲੀ ਹੋ ਗਈ। ਸ਼ਾਮ ਦੀਆਂ ਕਲਾਸਾਂ ਵਿਚ ਆਪ ਪੜ੍ਹਾਉਣ ਜਾਂਦੇ ਸੀ। ਅਖ਼ੀਰ ਆਪ ਦੀ ਬਦਲੀ ਪੁਲਿਸ ਲਾਈਨ ਸਕੂਲ ਵਿਚ ਹੋ ਗਈ। ਇਸ ਸਮੇਂ ਦੌਰਾਨ ਆਪਦੇ ਘਰ ਚਾਰ ਲੜਕੀਆਂ ਅਤੇ ਇਕ ਲੜਕਾ ਪੈਦਾ ਹੋਇਆ। ਬੀ.ਐਡ.ਕਰਨ ਲਈ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਸ੍ਰੀ ਨਗਰ ਚਲੇ ਗਏ ਕਿਉਂਕਿ ਆਪਦੇ ਪਤੀ ਨੂੰ ਦਿੱਲੀ ਰਹਿਣਾ ਪਿਆ। ਫਿਰ ਆਪਦੀ ਤਰੱਕੀ ਹੋ ਗਈ ਤੇ ਬੀ.ਐਡ.ਅਧਿਆਪਕਾ ਲੱਗ ਗਈ। ਪੜ੍ਹਾਈ ਜਾਰੀ ਰੱਖਦਿਆਂ ਆਪਨੇ ਦਿੱਲੀ ਯੂਨੀਵਰਸਿਟੀ ਤੋਂ ਐਮ.ਏ. ਪੰਜਾਬੀ ਪਾਸ ਕਰ ਲਈ। ਐਮ.ਏ.ਕਰਨ ਤੋਂ ਤੁਰੰਤ ਬਾਅਦ ਕਮਲਾ ਨਹਿਰੂ ਕਾਲਜ ਵਿਚ ਲੈਕਚਰਾਰ ਲੱਗ ਗਏ। 1982 ਵਿਚ ਮਾਤਾ ਸੁੰਦਰੀ ਗਰਲਜ਼ ਕਾਲਜ ਦੀ ਵਾਈਸ ਪ੍ਰਿੰਸੀਪਲ ਅਤੇ 1983 ਵਿਚ ਪ੍ਰਿੰਸੀਪਲ ਬਣ ਗਏ। 2002 ਵਿਚ ਆਪ ਬਤੌਰ ਪ੍ਰਿੰਸੀਲ ਸੇਵਾ ਮੁਕਤ ਹੋਏ। ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਦੀ ਵਿਦਵਤਾ ਦੀ ਕਦਰ ਕਰਦਿਆਂ ਆਪਨੂੰ ਆਜੀਵਨ ਫ਼ੈਲੋਸ਼ਿਪ ਦੇ ਕੇ ਨਿਵਾਜਿਆ ਹੈ। ਆਪਦੀਆਂ ਚਾਰੇ ਲੜਕੀਆਂ ਅਤੇ ਇਕ ਲੜਕਾ ਸਾਰੇ ਪੋਸਟ ਗ੍ਰੈਜੂਏਟ ਹਨ। ਵੱਡੀ ਲੜਕੀ ਗਗਨ ਹਿੰਦੀ ਦੀ ਕਵਿਤਰੀ ਹੈ, ਮੋਹਿਨੀ ਸਿੰਘ ਅਧਿਆਤਮਕਤਾ ਦੇ ਰੰਗ ਵਿਚ ਰੰਗੀ ਹੋਈ ਹੈ, ਕੰਵਲਜੀਤ ਕੌਰ ਕੀਰਤਨ ਵਿਦਿਆ ਦੀ ਮਾਹਿਰ ਹੈ ਅਤੇ ਮਨਜੋਤ ਕੌਰ ਸ਼ਿਕਾਗੋ ਵਿਖੇ ਜੀਵਨ ਬਸਰ ਕਰ ਰਹੀ ਹੈ। ਆਪਦਾ ਲੜਕਾ ਗੁਰਪ੍ਰੀਤ ਸਿੰਘ ਸ਼ੇਰਗਿਲ ਜੋ ਰੱਬੀ ਸ਼ੇਰਗਿਲ ਦੇ ਨਾਮ ਨਾਲ ਸੰਸਾਰ ਪ੍ਰਸਿਧ ਰੂਹਾਨੀ ਗੀਤਕਾਰ ਹੈ। ਸਾਰਾ ਪਰਿਵਾਰ ਹੀ ਗੁਰਮਤਿ ਸੰਗੀਤ ਨਾਲ ਜੁੜਿਆ ਹੋਇਆ ਹੈ।

WRITTEN BY