ਸ੍ਰੀ ਫ਼ਤਹਿਗੜ੍ਹ ਸਾਹਿਬ – ਸ. ਗੁਰਦੀਪ ਸਿੰਘ ਖੁਣਖੁਣ ਮੈਂਬਰ ਪੀ.ਏ.ਸੀ. ਜਿਨ੍ਹਾਂ ਨੂੰ ਪਾਰਟੀ ਨੇ ਮੁਕੇਰੀਆ ਜਿਮਨੀ ਚੋਣ ਹਲਕੇ ਦੀ ਜ਼ਿੰਮੇਵਾਰੀ ਵੀ ਸੌਪੀ ਹੈ, ਉਨ੍ਹਾਂ ਵੱਲੋਂ ਚੋਣਾਂ ਦੇ ਸੰਬੰਧ ਵਿਚ ਬੀਤੇ ਦਿਨੀਂ ਆਪਣੇ ਸਾਥੀਆਂ ਦੀ ਇਕੱਤਰਤਾ ਰੱਖੀ ਗਈ ਸੀ । ਜਿਸਦੀ ਕਾਰਵਾਈ ਦੀ ਰਿਪੋਰਟ ਉਨ੍ਹਾਂ ਵੱਲੋਂ ਅਖ਼ਬਾਰਾਂ ਨੂੰ ਭੇਜੀ ਗਈ, ਅਖ਼ਬਾਰਾਂ ਵਿਚ ਉਨ੍ਹਾਂ ਦੇ ਨਾਮ ਨਾਲ ਜ਼ਿਲ੍ਹਾ ਪ੍ਰਧਾਨ ਅਖ਼ਬਾਰ ਨਵੀਸਾ ਵੱਲੋਂ ਲਿਖ ਦਿੱਤਾ ਗਿਆ ਹੈ । ਜਦੋਂਕਿ ਜ਼ਿਲ੍ਹਾ ਪ੍ਰਧਾਨ ਸ. ਅਵਤਾਰ ਸਿੰਘ ਖੱਖ ਹਨ । ਕਿਉਂਕਿ ਸ. ਅਵਤਾਰ ਸਿੰਘ ਖੱਖ ਆਪਣੇ ਜ਼ਰੂਰੀ ਘਰੇਲੂ ਰੁਝੇਵਿਆ ਕਾਰਨ ਇਕ ਮਹੀਨੇ ਲਈ ਕੈਨੇਡਾ ਜਾ ਰਹੇ ਹਨ, ਇਸ ਲਈ ਸ. ਗੁਰਦੀਪ ਸਿੰਘ ਖੁਣਖੁਣ ਦੀ ਸਨਿਆਰਤਾ ਨੂੰ ਮੁੱਖ ਰੱਖਦੇ ਹੋਏ ਜਿਮਨੀ ਚੋਣ ਮੁਕੇਰੀਆ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਪੀ ਗਈ ਹੈ । ਇਸ ਲਈ ਪਾਰਟੀ ਅਹੁਦੇਦਾਰ, ਮੈਬਰ ਸਾਹਿਬਾਨ ਕਿਸੇ ਤਰ੍ਹਾਂ ਦੇ ਸੰਕੇ-ਭੁਲੇਖੇ ਵਿਚ ਨਾ ਪੈਣ । ਇਹ ਜਾਣਕਾਰੀ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਤੋਂ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਖ਼ਬਾਰਾਂ ਨੂੰ ਦਿੰਦੇ ਹੋਏ ਬੇਨਤੀ ਕੀਤੀ ਗਈ ਹੈ ਕਿ ਸੰਬੰਧਤ ਜ਼ਿਲਿ੍ਹਆਂ ਤੇ ਸ਼ਹਿਰਾਂ ਦੇ ਅਖ਼ਬਾਰ ਨਵੀਸ ਕਿਸੇ ਵੀ ਪਾਰਟੀ ਅਹੁਦੇਦਾਰ ਦੇ ਅਹੁਦੇ ਨੂੰ ਕਿਸੇ ਦੂਸਰੇ ਦੇ ਨਾਮ ਨਾਲ ਨਾ ਲਿਖਣ । ਇਸ ਸੰਬੰਧੀ ਗੰਭੀਰਤਾ ਤੋਂ ਕੰਮ ਲਿਆ ਜਾਵੇ । ਤਾਂ ਕਿ ਪਾਰਟੀ ਅਹੁਦੇਦਾਰਾਂ ਦੇ ਸਤਿਕਾਰ-ਮਾਣ ਨੂੰ ਕਾਇਮ ਰੱਖਿਆ ਜਾ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਅਹੁਦੇਦਾਰ ਤੇ ਮੈਬਰ ਸਾਹਿਬਾਨ ਸਤਿਕਾਰਯੋਗ ਹਨ । ਜੋ-ਜੋ ਜ਼ਿੰਮੇਵਾਰੀ, ਜਿਸ-ਜਿਸ ਨੂੰ ਮਿਲੀ ਹੈ, ਉਹ ਆਪਣੀ ਤਨਦੇਹੀ ਨਾਲ ਨਿਭਾਉਣ ਦੇ ਨਾਲ-ਨਾਲ ਸਭ ਵੱਡੇ-ਛੋਟੇ ਅਹੁਦੇਦਾਰ ਦੇ ਸਤਿਕਾਰ-ਮਾਣ ਦਾ ਜਿਥੇ ਖਿਆਲ ਰੱਖਣ, ਉਥੇ ਮੁਕੇਰੀਆ, ਦਾਖਾ, ਫਗਵਾੜਾ ਅਤੇ ਹਰਿਆਣੇ ਦੇ ਆਸੰਧ ਦੀ ਹੋ ਰਹੀ ਚੋਣ ਵਿਚ ਪਾਰਟੀ ਉਮੀਦਵਾਰਾਂ ਨੂੰ ਸ਼ਾਨ ਨਾਲ ਜਿਤਾਉਣ ਲਈ ਕਿਸੇ ਤਰ੍ਹਾਂ ਦੀ ਵੀ ਢਿੱਲ੍ਹ ਨਾ ਰਹਿਣ ਦੇਣ।



