ਇਕ ਦਿਨ ਸਵੇਰੇ ਨੌਂ ਕੁ ਵਜੇ ਮਾਨਸਾ ਤੋਂ ਛੋਟੇ ਭਰਾ ਦਾ ਫ਼ੋਨ ਆ ਗਿਆ। ਉਹ ਹੱਸ ਵੱਧ ਰਿਹਾ ਸੀ ਅਤੇ ਉਸ ਤੋਂ ਗੱਲ ਘੱਟ ਹੋ ਰਹੀ ਸੀ। ਉਤਸੁਕਤਾਵੱਸ, ਮੈਂ ਵੀ ਉਸਦੀ ਗੱਲ ਸੁਣਨ ਲਈ ਕਾਹਲਾ ਪੈ ਰਿਹਾ ਸੀ। ਆਖ਼ਰਕਾਰ, ਉਸਨੇ ਆਪਣੀ ਗੱਲ ਸ਼ੁਰੂ ਕੀਤੀ, “ਅੱਜ ਬੇਟੇ ਬਿਕਰਮਜੀਤ ਅਤੇ ਨੂੰਹ ਰਾਣੀ ਨੂੰ ਕਿਸੇ ਭੋਗ ‘ਤੇ ਮਲੋਟ ਜਾਣਾ ਪੈ ਗਿਆ।ਕੱਲ੍ਹ ਫ਼ਰੀਦਕੋਟ ਵਾਲੀ ਬੇਟੀ ਗਗਨਦੀਪ ਦਾ ਜਨਮ-ਦਿਨ ਹੈ। ਸੋ, ਉਨ੍ਹਾਂ ਨੇ ਇਹ ਪ੍ਰੋਗਰਾਮ ਬਣਾ ਲਿਆ ਕਿ ਮਲੋਟ ਤੋਂ ਵਿਹਲੇ ਹੁੰਦੇ ਹੀ ਉਹ ਫ਼ਰੀਦਕੋਟ ਚਲੇ ਜਾਣਗੇ ਅਤੇ ਬੇਟੀ ਗਗਨਦੀਪ ਨੂੰ ਸਰਪ੍ਰਾਈਜ਼ ਦੇਣਗੇ। ਪਰ ਇੰਨੇ ਵਿਚ ਹੀ ਉਨ੍ਹਾਂ ਦੀ ਮੰਮੀ ਨੂੰ ਬੇਟੀ ਦਾ ਫ਼ੋਨ ਆ ਗਿਆ ਅਤੇ ਉਸਨੇ ਪੂਰਾ ਪ੍ਰੋਗਰਾਮ ਉਸ ਨੂੰ ਦੱਸ ਦਿੱਤਾ। ਜਦ ਉਸਨੇ ਫ਼ੋਨ ਕੱਟਿਆ ਤਾਂ ਬੇਟਾ ਉਸ ਨੂੰ ਕਹਿਣ ਲੱਗਾ, ‘ਮੰਮੀ, ਤੁਸੀਂ ਤਾਂ ਗੰਢੇ ਈ ਗਾਲ਼ਤੇ! ਅਸੀਂ ਤਾਂ ਦੀਦੀ ਨੂੰ ਸਰਪ੍ਰਾਈਜ਼ ਦੇਣਾ ਸੀ।’ ਪੋਤਰਾ ਸ਼ਿਵਅਸੀਸ ਕੋਲ ਖੜ੍ਹਾ ਸਾਰੀ ਗੱਲ ਸੁਣ ਰਿਹਾ ਸੀ ਤੇ ਮੇਰੇ ਕੋਲ਼ ਪਹੁੰਚਦਿਆਂ, ਉਹ ਗੰਢੇ ਕਹਿਣੇ ਤਾਂ ਭੁੱਲ ਗਿਆ; ‘ਪਿਆਜ਼ ਗਾਲ਼ਤੇ’ ਈ ਕਹਿ ਗਿਆ।” ਇਸ ਤਰ੍ਹਾਂ ਅੱਜ ਉਸਦੀ ਦਾਦੀ ਨੇ ਸਵੇਰੇ ਹੀ ਪਿਆਜ਼ ਗਾਲ਼ਤੇ। ਜਦ ਮੈਂ ਇਹ ਗੱਲ ਆਪਣੇ ਇਕ ਦੋਸਤ ਨਾਲ ਸਾਂਝੀ ਕੀਤੀ, ਉਹ ਹੱਸ ਕੇ ਕਹਿਣ ਲੱਗਾ ਕਿ ਹਾਲੇ ਵੀ ਸ਼ੁਕਰ ਹੈ ਉਸਨੇ ‘ਅਨੀਅਨ ਗਾਲ਼ਤੇ’ ਨਹੀਂ ਕਿਹਾ।
ਗੱਲ ਸੁਣ ਕੇ ਮੈਂ ਵੀ ਖ਼ੂਬ ਹੱਸਿਆ ਅਤੇ ਮੇਰੇ ਇਸ ਤਰ੍ਹਾਂ ਦੀਆਂ ਕਈ ਗੱਲਾਂ ਯਾਦ ਆ ਗਈਆਂ। ਇਕ ਵਾਰ ਇਕ ਸਹਿਕਰਮੀਂ ਕਹਿ ਰਿਹਾ ਸੀ, “ਯਾਰ, ਕੀ ਮੱਝ ਕੋਠੇ ‘ਤੇ ਚੜ੍ਹਗੀ; ਕਿਉਂ ਐਨਾ ਰੌਲ਼ਾ ਪਾਇਆ?” ਜਦ ਅਸੀਂ ਕਿਹਾ ਕਿ ‘ਮੱਝ’ ਨਹੀਂ, ‘ਗਾਂ ਕੋਠੇ ‘ਤੇ ਚੜ੍ਹਗੀ’ ਹੁੰਦਾ ਹੈ ਤਾਂ ਉਹ ਕਹਿਣ ਲੱਗਾ, “ਇਸ ਨਾਲ ਕੀ ਫ਼ਰਕ ਪੈਂਦਾ ਹੈ, ਗੱਲ ਤਾਂ ਇਕੋ ਹੈ; ਭਾਵੇਂ ਮੱਝ ਕੋਠੇ ‘ਤੇ ਚੜ੍ਹ ਜਾਵੇ, ਭਾਵੇਂ ਗਾਂ ਕੋਠੇ ‘ਤੇ ਚੜ੍ਹ ਜਾਵੇ।” ਜਦ 1968-70 ਦਰਮਿਆਨ ਮੈਂ ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਦਾ ਸੀ, ਉਸ ਸਮੇਂ ਵਿਦਿਆਰਥੀਆਂ ਨੂੰ ਖੁੱਲ੍ਹੀ ਕਵਿਤਾ ਲਿਖਣ ਦਾ ਬੜਾ ਜਨੂੰਨ ਚੜ੍ਹਿਆ ਹੋਇਆ ਸੀ ਅਤੇਹਰ ਕੋਈ ਕਾਗ਼ਜ਼ ਉੱਪਰ ਕੁਝ ਨਾ ਕੁਝ ਝਰੀਟੀ ਫਿਰਦਾ ਸੀ। ਮੇਰੇ ਇਕ ਸਾਥੀ ਨੇ ਵਰਤਮਾਨ ਸਮੇਂ ਦੇ ਲੀਡਰਾਂ ਬਾਰੇ ਆਪਣੀ ਕਵਿਤਾ ਕੁਝ ਇਸ ਤਰ੍ਹਾਂ ਸ਼ੁਰੂ ਕੀਤੀ; ‘ਇਹ ਲੀਡਰ ਬੜੇ ਝੂਠੇ ਨੇ, ਕਹਿੰਦੇ ਆਹ ਕਰ ਦਿਆਂਗੇ, ਔਹ ਕਰ ਦਿਆਂਗੇ, ਕੁੱਤੀਆਂ ਕੰਧਾਂ ‘ਤੇ ਚੜ੍ਹਾ ਦਿਆਂਗੇ।’ ਜਦ ਅਸੀਂ ਉਸ ਨੂੰ ਕਿਹਾ ਕਿ ਕੁੱਤੀਆਂ ਕੰਧਾਂ ‘ਤੇ ਚੜ੍ਹਾਉਣਾ ਤਾਂ ਕੁਝ ਹੁੰਦਾ ਹੀ ਨਹੀਂ ਅਤੇ ਨਾ ਹੀ ਇਸਦਾ ਕੋਈ ਅਰਥ ਨਿੱਕਲਦਾ ਹੈ, ਤਾਂ ਉਹ ਕਹਿਣ ਲੱਗਾ ਕਿ ਬਾਕੀਆਂ ਦੀਆਂ ਕਵਿਤਾਵਾਂ ਦਾ ਕਿਹੜਾ ਕੋਈ ਅਰਥ ਨਿੱਕਲਦਾ ਹੈ। ਉਹ ਵੀ ਊਲ-ਜਲੂਲ ਹੀ ਮਾਰਦੇ ਹਨ, ਮੈਂ ਵੀ ਉਸੇ ਤਰ੍ਹਾਂ ਕਰ ਦਿੱਤਾ ਹੈ।
ਕਈ ਵਾਰ ਜਦ ਕਿਸੇ ਦੀ ਜ਼ੁਬਾਨ ਟਪਲ਼ਾ ਖਾ ਜਾਵੇ, ਫਿਰ ਵੀ ਸਥਿਤੀ ਬੜੀ ਹਾਸੋਹੀਣੀ ਬਣ ਜਾਂਦੀ ਹੈ। ਇਸ ਤਰ੍ਹਾਂ ਦੀ ਹੀ ਇਕ ਗੱਲ ਮੇਰੇ ਇਕ ਸਿਆਸਤਦਾਨ ਮਿੱਤਰ ਨੇ ਸੁਣਾਈ। ਚੋਣਾਂ ਦੇ ਦਿਨ ਸਨ ਅਤੇ ਉਸਨੇ ਇਕ ਪਿੰਡ ਵਿਚ ਰੈਲੀ ਨੂੰ ਸੰਬੋਧਨ ਕਰਨਾ ਸੀ। ਰੈਲੀ ਦੇ ਸ਼ੁਰੂ ਹੁੰਦਿਆਂ ਹੀ, ਉਸਦਾ ਸਵਾਗਤ ਕਰਨ ਲਈ ਖੜ੍ਹੇ ਹੋਏ ਪਿੰਡ ਦੇ ਆਗੂ ਨੇ ਕਹਿਣਾ ਸ਼ੁਰੂ ਕੀਤਾ, “ਭੈਣੋਂ ਤੇ ਭਰਾਵੋ, ਸਾਡੇ ਨੇਤਾ ਜੀ ਪਹੁੰਚ ਚੁੱਕੇ ਹਨ। ਇਹ ਸਾਡੇ ਪਿੰਡ ਨੂੰ ਐਨਾ ਪਿਆਰ ਕਰਦੇ ਹਨ ਕਿ ਭਾਵੇਂ ਇਹ ਹਰ ਵੇਲੇ ਮਰਹੂਮ ਰਹਿੰਦੇ ਹਨ, ਫਿਰ ਵੀ ਸਾਡੇ ਪਿੰਡ ਨੂੰ ਨਹੀਂ ਭੁੱਲਦੇ ਅਤੇ ਪਿੰਡ ਵਿਚ ਗੇੜਾ ਮਾਰਦੇ ਰਹਿੰਦੇ ਹਨ।” ਉਹ ਮਸਰੂਫ਼ (ਰੁੱਝੇ) ਕਹਿਣ ਦੀ ਬਜਾਇ ਮਰਹੂਮ (ਸਵਰਗਵਾਸੀ) ਹੀ ਕਹਿ ਗਿਆ ਸੀ।
ਜੇਕਰ ਸਧਾਰਣ ਲੋਕਾਂ ਦੀ ਗੱਲ ਛੱਡ ਵੀ ਦੇਈਏ, ਕਈ ਵਾਰ ਅਜਿਹਾ ਟਪਲ਼ਾ ਪੜ੍ਹਿਆਂ-ਲਿਖਿਆਂ ਦੀ ਜ਼ੁਬਾਨ ਵੀ ਖਾ ਜਾਂਦੀ ਹੈ। ਇਕ ਵਾਰ ਅਸੀਂ ਪੰਜਾਬ ਭਰ ਤੋਂ ਕੋਈ 35-40 ਲੈਕਚਰਰ ਚੰਡੀਗੜ੍ਹ ਵਿਖੇ ਇਕ ਟ੍ਰੇਨਿੰਗ ਕੋਰਸ ਲਾ ਰਹੇ ਸੀ। ਇਕ ਦਿਨ ਬਾਹਰ ਤੋਂ ਆਏ ਇਕ ਵਿਦਵਾਨ ਦਾ ਭਾਸ਼ਣ ਸੀ। ਸਾਡੇ ਵਿਚੋਂ ਹੀ ਇਕ ਨੂੰ ਉਸਦਾ ਸਵਾਗਤ ਕਰਨ ਲਈ ਖੜ੍ਹਾ ਕਰ ਦਿੱਤਾ। ਆਪਣੇ ਸਵਾਗਤੀ ਭਾਸ਼ਣ ਨੂੰ ਸਮੇਟਦਿਆਂ ਉਸਨੇ ਕਹਿਣਾ ਸ਼ੁਰੂ ਕੀਤਾ, “ਅਖ਼ੀਰ ਵਿਚ ਅਸੀਂ ਸਾਰੇ ਇੱਥੇ ਪਧਾਰਨ ‘ਤੇ ਆਪ ਜੀ ਦੀ ਬਹੁਤ ਖ਼ੁਸ਼ਾਮਦ ਕਰਦੇ ਹਾਂ। ਖ਼ੁਸ਼ਾਮਦ-ਖ਼ੁਸ਼ਾਮਦ-ਖ਼ੁਸ਼ਾਮਦ! ਧੰਨਵਾਦ।” ਉਸਦੇ ਇਹ ਸ਼ਬਦ ਸੁਣ ਕੇ ਸਾਰੇ ਕਮਰੇ ਵਿਚ ਹਾਸੜ ਮੱਚ ਗਿਆ ਅਤੇ ਉਹ ਬੁਲਾਰਾ ਕਹਿਣ ਲੱਗਾ, “ਡਾਕਟਰ ਸਾਹਿਬ, ਮੈਨੂੰ ਖ਼ੁਸ਼ਾਮਦ ਦੀ ਕੋਈ ਲੋੜ ਨਹੀਂ; ਜੇ ਚਾਹੋ ਤਾਂ ਖ਼ੁਸ਼ਆਮਦੀਦ ਜਰੂਰ ਕਹਿ ਸਕਦੇ ਹੋ।” ਸਾਥੀ ਬੜਾ ਛਿੱਥਾ ਪਿਆ ਤੇ ਖ਼ਿਮਾ ਮੰਗਦਿਆਂ ਕਹਿਣ ਲੱਗਾ, “ਜੀ ਜ਼ੁਬਾਨ ਗੋਤਾ ਖਾ ਗਈ।” ਬੁਲਾਰੇ ਨੇ ਹੱਸਦਿਆਂ ਕਿਹਾ, “ਜੇ ਜ਼ੁਬਾਨ ‘ਖੋਤਾ’ ਖਾ ਗਈ ਤਾਂ ਕੋਈ ਗੱਲ ਨਹੀਂ।”
ਇਕ ਵਾਰ ਅਸੀਂ ਆਪਣੇ ਮਾਨਸਾ ਵਾਲੇ ਘਰ ਮਮਟੀ ਵਿਚ ਸਹਿਜ ਪਾਠ ਖੁਲ੍ਹਵਾਇਆ ਹੋਇਆ ਸੀ। ਦੁਪਹਿਰ ਦਾ ਸਮਾਂ ਸੀ; ਜਦ ਪਾਠੀ ਸਿੰਘ ਪਾਠ ਕਰਕੇ ਪੌੜੀਆਂ ਉੱਤਰ ਰਿਹਾ ਸੀ ਤਾਂ ਮਾਂ ਨੇ ਉਸ ਨੂੰ ਰੋਟੀ ਖਾਣ ਲਈ ਕਹਿਣਾ ਸੀ, ਪਰ ਉਹ ਰੋਟੀ ਅਤੇ ਪ੍ਰਸ਼ਾਦਾ ਸ਼ਬਦਾਂ ਵਿਚ ਉਲਝ ਗਈ ਅਤੇ ਕਹਿਣ ਲੱਗੀ, “ਬਾਬਾ ਜੀ ਰੋਟਾ ਖਾ ਕੇ ਜਾਇਓ।” ਪਾਠੀ ਸਿੰਘ ਹੱਸ ਕੇ ਕਹਿਣ ਲੱਗਾ, “ਬੀਬੀ ਹਾਲੇ ਮੈਂ ਇਕ ਘਰ ਹੋਰ ਜਾਣਾ ਹੈ – ਰੋਟਾ ਉੱਥੇ ਖਾਵਾਂਗਾ।” ਮਾਂ ਛਿੱਥੀ ਜਿਹੀ ਪੈ ਗਈ।
ਮੇਰਾ ਇਕ ਮਿੱਤਰ ਆਪਣੇ ਪਿੰਡ ਦੇ ਇਕ ਬੜੇ ਹੀ ਮਜ਼ਾਕੀਆ ਪਰ ਸਭ ਦੀ ਖ਼ੈਰ-ਸੁੱਖ ਪੁੱਛਦੇ ਰਹਿਣ ਵਾਲੇ ਵਿਅਕਤੀ ਨਿਹਾਲੇ (ਨਿਹਾਲ ਸਿੰਘ) ਦੀਆਂ ਗੱਲਾਂ ਵੀ ਬੜੇ ਮੋਹ ਨਾਲ ਸੁਣਾਇਆ ਕਰਦਾ ਹੈ। ਕੁਝ ਵੀ ਕਹਿਣ ਸਮੇਂ ਉਸ ਤੋਂ ਕੁਝ ਨਾ ਕੁਝ ਸ਼ਬਦ ਜਾਂ ਅੱਖਰ ਅਕਸਰ ਹੀ ਉਲਟੇ-ਪੁਲਟੇ ਹੋ ਜਾਂਦੇ ਸਨ। ਚੌਧਰੀ ਹਰੀ ਰਾਮ ਨੂੰ ਉਹ ਅਕਸਰ ਹੌਧਰੀ ਚਰੀ ਰਾਮ ਹੀ ਕਹਿੰਦਾ ਸੀ। ਇਕ ਵਾਰ ਪਿੰਡ ਦਾ ਇਕ ਬੰਦਾ, ਗੁਰਦਿੱਤ ਸਿੰਘ ਆਪਣੀ ਘੋੜੀ ਲਈ ਜਾ ਰਿਹਾ ਸੀ। ਉਸ ਨੂੰ ਫ਼ਤਹਿ ਬੁਲਾ ਕੇ ਨਿਹਾਲਾ ਪੁੱਛਣ ਲੱਗਾ, “ਬਾਈ ਗੱਭਣ ਸਿਆਂ, ਘੋੜੀ ਗੁਰਦਿੱਤਣ ਆ?” (ਬਾਈ ਗੁਰਦਿੱਤ ਸਿਆਂ, ਘੋੜੀ ਗੱਭਣ ਆ?) ਗੁਰਦਿੱਤ ਸਿੰਘ ਨੇ ਵੀ ਮਜ਼ਾਕਿਆ ਲਹਿਜ਼ੇ ਵਿਚ ਜਵਾਬ ਦਿੰਦਿਆਂ ਕਿਹਾ, “ਹਾਂ ਬਾਈ, ਢਾਈ ਕੁ ਮਹੀਨਿਆਂ ਦੀ ਨਿਹਾਲਣ ਆ।” ਕੋਲ ਖੜ੍ਹੇ ਸਾਰੇ ਬੰਦੇ ਹੱਸ-ਹੱਸ ਦੂਹਰੇ ਹੋ ਗਏ। ਕਈ ਵਾਰ ਬਾਹਰਲੇ ਰਾਜਾਂ ਜਾਂ ਬਾਹਰਲੇ ਦੇਸ਼ਾਂ ਵਿਚ ਗਏ ਲੋਕਾਂ ਨੂੰ ਉੱਥੇ ਵਰਤੇ ਜਾਂਦੇ ਸਥਾਨਕ ਜਾਂ ਅੰਗ੍ਰੇਜ਼ੀ ਸ਼ਬਦ ਵੀ ਕਾਫ਼ੀ ਭੰਬਲਭੂਸੇ ਵਿਚ ਪਾਉਂਦੇ ਹਨ। ਇਕ ਵਾਰ ਮੈਂ ਆਪਣੀ ਵੱਡੀ ਭੈਣ ਨੂੰ ਮਿਲਣ ਕਲਕੱਤੇ ਗਿਆ। ਉੱਥੇ ਮੈਂ ਬਹੁਤ ਸਾਰੀਆਂ ਥਾਵਾਂ ਦੇਖੀਆਂ ਤੇਮੈਨੂੰ ਕਈ ਜਣਿਆਂ ਨੇ ਇਹ ਵੀ ਪੁੱਛਿਆ ਕਿ ਕੀ ਮੈਂ ‘ਡੈਮਨ ਹਾਵੜਾ’ ਦੇਖ ਆਇਆ ਸੀ। ਮੈਂ ਹਾਲੇ ਤਕ ਉਹ ਸਥਾਨ ਨਹੀਂ ਦੇਖਿਆ ਸੀ ਅਤੇ ਸੋਚ ਰਿਹਾ ਸੀ ਕਿ ਇਹ ਕੋਈ ਹਾਵੜਾ ਬਰਿੱਜ ਵਰਗੀ ਹੀ ਚੀਜ਼ ਹੋਵੇਗੀ। ਫਿਰ ਇਕ ਦਿਨ ਮੇਰੇ ਜੀਜਾ ਸ਼੍ਰੀ ਮੈਨੂੰ ਡੈਮਨ ਹਾਵੜਾ ਦੇਖਣ ਲਈ ਵੀ ਲੈ ਗਏ। ਉੱਥੇ ਜਾ ਕੇ ਪਤਾ ਲੱਗਾ ਕਿ ਉਹ ਸਾਰੇ ‘ਡਾਇਮੰਡ ਹਾਰਬਰ’ ਨੂੰ ਹੀ ਡੈਮਨ ਹਾਵੜਾ ਕਹਿ ਰਹੇ ਸਨ!
ਕਈ ਵਾਰ ਅੰਗ੍ਰੇਜ਼ੀ ਭਾਸ਼ਾ ਦੀ ਸਮਝ ਨਾ ਰੱਖਣ ਵਾਲੇ ਵਿਅਕਤੀ ਇਸ ਭਾਸ਼ਾ ਦੇ ਸ਼ਬਦਾਂ ਵਿਚ ਵੀ ਉਲਝ ਜਾਂਦੇ ਹਨ। ਇਕ ਵਾਰ ਸਾਡੇ ਪਰਿਵਾਰਕ ਮਿੱਤਰ ਡਾਕਟਰ ਸੋਹਲ ਮੈਨੂੰ ਦੱਸਣ ਲੱਗੇ, “ਅੰਕਲ ਜੀ, ਅੱਜ ਤਾਂ ਬਹੁਤ ਹਾਸੋਹੀਣੀ ਸਥਿਤੀ ਬਣ ਗਈ।” ਮੇਰੇ ਪੁੱਛਣ ‘ਤੇ ਉਨ੍ਹਾਂ ਨੇ ਆਪਣੀ ਗੱਲ ਇਸ ਤਰ੍ਹਾਂ ਸੁਣਾਈ, “ਅੱਜ ਸਵੇਰੇ ਨੌਂ ਕੁ ਵਜੇ ਇਕ ਔਰਤ ਮਰੀਜ਼ ਮੈਨੂੰ ਫ਼ਤਹਿ ਬੁਲਾ ਕੇ ਕਹਿਣ ਲੱਗੀ – ਜੀ ਮੈਂ ਪ੍ਰੈਜ਼ੀਡੈਂਟ ਹਾਂ, ਮੈਡਮ ਨੂੰ ਮਿਲਣਾ ਹੈ। ਮੈਡਮ ਹਾਲੇ ਕੋਠੀ ਵਿਚੋਂ ਇੱਧਰ ਆਏ ਨਹੀਂ ਸਨ। ਸੋ, ਮੈਂ ਉਸ ਨੂੰ ਕਿਹਾ – ਬੀਬੀ, ਤੁਸੀਂ ਮੈਨੂੰ ਕੰਮ ਦੱਸੋ। ਕਾਹਦੇ ਪ੍ਰਧਾਨ ਹੋ ਅਤੇ ਮੈਡਮ ਤੋਂ ਕੀ ਚਾਹੁੰਦੇ ਹੋ? – ਮੈਂ ਸੋਚ ਰਿਹਾ ਸੀ ਕਿ ਉਹ ਕਿਸੇ ਇਸਤਰੀ ਸਭਾ ਜਾਂ ਸੰਸਥਾ ਦੀ ਪ੍ਰਧਾਨ ਹੋਵੇਗੀ ਅਤੇ ਕੋਈ ਚੰਦਾ ਬਗ਼ੈਰਾ ਲੈਣ ਆਈ ਹੋਵੇਗੀ। ਉਹ ਕਹਿਣ ਲੱਗੀ – ਜੀ ਤੁਸੀਂ ਮੇਰੀ ਗੱਲ ਸਮਝੇ ਨਹੀਂ। ਮੈ ਕਿਸੇ ਦੀ ਪ੍ਰਧਾਨ ਨਹੀਂ, ਮੈਂ ਤਾਂ ਪ੍ਰੈਜ਼ੀਡੈਂਟ ਹਾਂ ਅਤੇ ਮੇਰੇ ਬੱਚਾ ਹੋਣ ਵਾਲਾ ਹੈ। ਮੈਂ ਸਮਝ ਗਿਆ ਕਿ ਉਹ ‘ਪ੍ਰੈਗਨੈਂਟ’ ਨੂੰ ਹੀ ‘ਪ੍ਰੈਜ਼ੀਡੈਂਟ’ ਕਹਿ ਰਹੀ ਸੀ। ਮੈਂ ਅੰਦਰੋਂ ਮੈਡਮ ਨੂੰ ਬੁਲਾ ਕੇ ਮਰੀਜ਼ ਨੂੰ ਉਸ ਕੋਲ ਭੇਜ ਦਿੱਤਾ ਅਤੇ ਭੰਬਲਭੂਸੇ ਵਿਚੋਂ ਬਾਹਰ ਆਇਆ।”
ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਤੇ ਘਟਨਾਵਾਂ ਹਨ, ਪਰ ਲਿਖਤ ਦੀ ਸੀਮਾ ਨੂੰ ਦੇਖਦਿਆਂ ਮੈਂ ਇਸ ਨੂੰ ਇੱਥੇ ਹੀ ਸਮੇਟ ਰਿਹਾ ਹਾਂ!



