ਪੰਜਾਬ ਦੇ ਦੋਆਬਾ ਖੇਤਰ ਵਿੱਚ ਪਿਛਲੇ ਹਫਤੇ ਆਏ ਹੜ੍ਹਾਂ ਦੇ ਪਾਣੀ ਨੇ ਜਿੱਥੇ ਇਸ ਇਲਾਕੇ ਦੇ ਲੋਕਾਂ ਦਾ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਤੌਰ ਤੇ ਨੁਕਸਾਨ ਕੀਤਾ ਉੱਥੇ ਹੜ੍ਹਾਂ ਦੇ ਇਸ ਪਾਣੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਗਏ ਹਨ ਕਿ ਕੀ ਇਹ ਹੜ੍ਹ ਸੱਚਮੁੱਚ ਹੀ ਕੁਦਰਤ ਦੀ ਕਰੋਪੀ ਦੇ ਸਦਕਾ ਆਏ ਹਨ ਜਾਂ ਫਿਰ ਕਿਸੇ ਗਿਣੀ ਮਿੱਥੀ ਸਾਜਸਿ ਦੇ ਅਧੀਨ ਪੰਜਾਬ ਦੇ ਲੋਕਾਂ ਨੂੰ ਡੁਬੋਇਆ ਗਿਆ ਹੈ ? ਹੜ੍ਹਾਂ ਦੇ ਅਸਲ ਕਾਰਨਾਂ ਬਾਰੇ ਜਦੋਂ ਵੀ ਕਿਸੇ ਮੰਚ ਤੋਂ ਗੱਲ ਚੱਲਦੀ ਹੈ ਤਾਂ ਬਹੁਗਿਣਤੀ ਲੋਕਾਂ ਦਾ ਤੱਥ ਹੈ ਕਿ ਇਨ੍ਹਾਂ ਹੜ੍ਹਾਂ ਦੇ ਆਉਣ ਪਿੱਛੇ ਜ਼ਰੂਰ ਕੋਈ ਨਾ ਕੋਈ ਕੋਝੀ ਚਾਲ ਹੈ ਨਾ ਕਿ ਕੁਦਰਤ ਦੀ ਕੋਈ ਕਰੋਪੀ, ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਈ ਆਡੀਓ ਔਰ ਵੀਡੀਓ ਕਲਿੱਪਾਂ ਵਿੱਚ ਸਰੇਆਮ ਇਸ ਗੱਲ ਦੇ ਦੋਸ ਲਗਾਏ ਜਾ ਰਹੇ ਹਨ ਕਿ ਪੰਜਾਬ ਨੂੰ ਹੜ੍ਹਾਂ ਵਰਗੀ ਸਥਿਤੀ ਵਿੱਚ ਧੱਕਣ ਲਈ ਕੋਈ ਨਾ ਕੋਈ ਘੜੀ ਵਿੱਚ ਸਾਜ਼ਿਸ਼ ਹੀ ਕੰਮ ਕਰ ਰਹੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਇਕ ਆਡੀਓ ਵਿੱਚ ਇੱਕ ਵਿਅਕਤੀ ਵੱਲੋਂ ਖੁਲਾਸਾ ਕੀਤਾ ਗਿਆ ਹੈ ਪਿਛਲੇ ਸਮੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਨੰਗਲ ਡੈਮ ਦੀ ਕਾਰਜਸ਼ੈਲੀ ਵਿੱਚ ਤਬਦੀਲੀਆਂ ਕਰਨ ਦੇ ਨਾਲ ਨਾਲ ਉਥੇ ਦੇ ਬਹੁਗਿਣਤੀ ਸਟਾਫ਼ ਵਿੱਚ ਵੀ ਤਬਦੀਲੀ ਕਰਕੇ ਉੱਥੋ ਪੰਜਾਬ ਤੇ ਬਾਹਰਲੇ ਮੁਲਾਜ਼ਮਾਂ ਨੂੰ ਨਿਯੁਕਤ ਕੀਤਾ ਗਿਆ ਹੈ ਉਸ ਨੇ ਕਿਹਾ ਹੈ ਕਿ ਡੈਮ ਚ ਇੰਨੇ ਵੱਡੇ ਪੱਧਰ ਤੇ ਪਾਣੀ ਛੱਡਣ ਦਾ ਕਾਰਨ ਕੋਈ ਬਹੁਤੀ ਬਾਰਿਸ਼ ਹੋਣਾ ਨਹੀਂ ਹੈ ਬਲਕਿ ਕੁਝ ਹੋਰ ਹੀ ਹੈ । ਪੰਜਾਬ ਦੇ ਸੁਹਿਰਦ ਲੋਕਾਂ ਵੱਲੋਂ ਇਨ੍ਹਾਂ ਹੜ੍ਹਾਂ ਸਬੰਧੀ ਕਿਹਾ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਦਾ ਮਾਈਂਡ ਵਾਸ਼ ਕਰਨ ਲਈ ਜਾਣ ਬੁੱਝ ਕੇ ਹੜ੍ਹਾਂ ਦੇ ਹਾਲਾਤ ਪੈਦਾ ਕੀਤੇ ਗਏ ਹਨ ,ਬੁੱਧੀਜੀਵੀਆਂ ਦਾ ਤਰਕ ਹੈ ਕਿ ਇੱਕ ਤਾਂ ਕੇਂਦਰ ਸਰਕਾਰ ਨੂੰ ਮਲਾਲ ਸੀ ਕਿ ਕਸ਼ਮੀਰ ਵਿੱਚ ਧਾਰਾ 370 ਹਟਾਉਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਕਸ਼ਮੀਰ ਦੇ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਬੁਲੰਦ ਕੀਤਾ ਅਤੇ ਉੱਥੋਂ ਕਸ਼ਮੀਰ ਦੇ ਲੋਕਾਂ ਦੇ ਹੱਕਾਂ ਲਈ ਆਵਾਜ ਉਠਾ ਕੇ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਤੇ ਦੂਜੀ ਗੱਲ ਇਹ ਹੈ ਕਿ ਦਿੱਲੀ ਵਿੱਚ ਪ੍ਰਸ਼ਾਸਨ ਵੱਲੋਂ ਗੁਰੂ ਰਵਿਦਾਸ ਜੀ ਦਾ ਮੰਦਰ ਤੋੜਨ ਦੀ ਘਟਨਾ ਤੋਂ ਬਾਅਦ ਸਮੁੱਚੇ ਪੰਜਾਬ ਵਿੱਚ ਤੇ ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲੀਆਂ ਸਿੱਖ ਸੰਗਤਾਂ ਅਤੇ ਰਵਿਦਾਸ ਭਾਈਚਾਰੇ ਦੇ ਲੋਕਾਂ ਵਿਚ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਪ੍ਰਚੰਡ ਹੋ ਰਹੀ ਸੀ ਤੇ ਸਰਕਾਰ ਨੇ ਕਿਤੇ ਨਾ ਕਿਤੇ ਇਨ੍ਹਾਂ ਹੜ੍ਹਾਂ ਦੇ ਪਾਣੀਆਂ ਦੇ ਬਹਾਨੇ ਉਸ ਗੁੱਸੇ ਦੀ ਅੱਗ ਨੂੰ ਸ਼ਾਂਤ ਕਰਨ ਦਾ ਹੱਥਕੰਡਾ ਅਪਣਾਇਆ ਹੈ ।ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਹੜ੍ਹਾਂ ਦੇ ਮੁੱਦੇ ਤੇ ਜਿੱਥੇ ਪੰਜਾਬ ਸਰਕਾਰ ਨੂੰ ਦੋਸੀ ਕਰਾਰ ਦਿੱਤਾ ਜਾ ਰਿਹਾ ਹੈ ਉੱਥੇ ਭਾਖੜਾ ਬਿਆਸ ਮਨੇਜਮੈੰਟ ਬੋਰਡ ਨੂੰ ਵੀ ਇਸ ਲਈ ਦੋਸੀ ਗਰਦਾਨਦਿਆਂ ਪੰਜਾਬ ਵਿੱਚ ਹੋਏ ਸਾਰੇ ਨੁਕਸਾਨ ਦੀ ਭਰਪਾਈ ਭਾਖੜਾ ਬਿਆਸ ਬੋਰਡ ਨੂੰ ਕਰਨ ਦਾ ਤਰਕ ਦਿੱਤਾ ਜਾ ਰਿਹਾ ਹੈ ਤੇ ਇਹ ਮਾਮਲਾ ਅਦਾਲਤ ਵਿੱਚ ਲਿਜਾਣ ਦੀ ਗੱਲ ਕਹੀ ਜਾ ਰਹੀ ਹੈ। ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਨੇ ਕਿਹਾ ਕਿ ਸਤਲੁਜ ਅਤੇ ਰਾਵੀ ਦਰਿਆਵਾਂ ਵਿੱਚ ਆਏ ਤਾਜਾ ਹੜ ਮਨੁੱਖਾਂ ਵੱਲੋਂ ਲਿਆਂਦੀ ਗਈ ਤਬਾਹੀ ਹੈ ਉਨ੍ਹਾਂ ਕਿਹਾ ਕਿ ਇਹ ਬੇਤੁਕਾ ਤਰਕ ਹੈ ਕਿ ਭਾਰੀ ਬਾਰਿਸ਼ ਕਾਰਨ ਹੜ੍ਹ ਆਏ ਹਨ ।ਪੰਜਾਬ ਵਿੱਚ ਆਏ ਇਨ੍ਹਾਂ ਹੜ੍ਹਾਂ ਪ੍ਰਤੀ ਸ਼ੱਕ ਪੈਦਾ ਕਰਨ ਵਾਲੀ ਇਕ ਗੱਲ ਇਹ ਵੀ ਹੈ ਕਿ ਜਿੱਥੇ ਪੰਜਾਬ ਦਾ ਪੂਰਾ ਦੁਆਬਾ ਖੇਤਰ ਪਾਣੀ ਦੇ ਨਾਲ ਨੱਕੋ ਨੱਕ ਭਰਿਆ ਸੀ ਉੱਥੇ ਮਾਲਵੇ ਵਿੱਚ ਆਉਣ ਵਾਲੀਆਂ ਨਹਿਰਾਂ ਬਠਿੰਡਾ ਬ੍ਰਾਂਚ ਸਰਹਿੰਦ ਬਰਾਂਚ ਅਤੇ ਬਨੂੜ ਬ੍ਰਾਂਚ ਲੱਗਭਗ ਸਾਰੀਆਂ ਹੀ ਸੁੱਕੀਆਂ ਸਨ ਕਿਸੇ ਵਿੱਚ ਵੀ ਪਾਣੀ ਨਹੀ ਸੀ ਹੜ੍ਹਾਂ ਦੇ ਪਾਣੀ ਦਾ ਕੁਝ ਹਿੱਸਾ ਜੇਕਰ ਇਨ੍ਹਾਂ ਨਹਿਰਾਂ ਦੇ ਰਾਹੀਂ ਛੱਡ ਦਿੱਤਾ ਜਾਂਦਾ ਤਾਂ ਕਾਫੀ ਹੱਦ ਤੱਕ ਨੁਕਸਾਨ ਤੋਂ ਬਚਾਅ ਹੋ ਸਕਦਾ ਸੀ ।