April 23, 2026 3:01 pm

ਸ਼੍ਰੋਮਣੀ ਪੰਥ ਬੁੱਢਾ ਦਲ ਦੇ 11ਵੇਂ ਮੁਖੀ ਬਾਬਾ ਸਾਹਿਬ ਸਿੰਘ ਕਲਾਧਾਰੀ ਜੀ

ਬਾਬਾ ਸਾਹਿਬ ਸਿੰਘ ਜੀ ਸ਼ੋਮਣੀ ਪੰਥ ਅਕਾਲੀ ਬੁੱਢੇ ਦਲ ਦੇ 11ਵੇਂ ਜਥੇਦਾਰ ਸਨ। ਇਨ੍ਹਾਂ ਦੇ ਪਿਤਾ ਸ੍ਰ. ਕਿਸ਼ਨ ਸਿੰਘ ਅਤੇ ਮਾਤਾ ਅਤਰ ਕੌਰ ਸਨ। ਇਹ ‘ਕੰਗ’ ਗੋਤ ਦੇ ਸਨ। ਆਪ ਦਾ ਖੰਨੇ ਤੋਂ ਕੁਝ ਦੂਰੀ ਤੇ ਪਿੰਡ ਭੜੀ ਵਿੱਚ ਸੰਨ 1876 ਵਿੱਚ ਜਨਮ ਹੋਇਆ। ਆਪ ਨੇ ਬੀ.ਏ. ਲਾਹੌਰ ‘ਚ ਪਾਸ ਕੀਤੀ। ਆਪ ਜੀ ਨੂੰ ਤਹਿਸੀਲਦਾਰੀ ਦਾ ਔਹੁਦਾ ਮਿਲਿਆ, ਜੋ ਉਸ ਵਕਤ ਨਰਵਾਨੇ ਰਿਆਸਤ ਜੀਂਦ, ਸੰਗਰੂਰ ਵਿੱਚ ਲੱਗੇ।
ਆਪ ਕੁਝ ਸਮੇਂ ਬਾਅਦ ਤਹਿਸੀਲਦਾਰੀ ਛੱਡ ਕੇ ਪਟਿਆਲੇ ਬੇਹੰਗਮਾਂ (ਨਿਹੰਗ ਸਿੰਘਾਂ ਦੀ ਛਾਉਣੀ) ਬਗੀਚੀ ਬਾਬਾ ਬੰਬਾ ਸਿੰਘ ਜੀ ਦੇ ਨਿਹੰਗ ਸਿੰਘਾਂ ਨਾਲ ਮੇਲ-ਮਿਲਾਪ ਕਾਰਨ, ਨੌਕਰੀ ਦੀ ਭਾਵਨਾ ਤਿਆਗ ਕੇ ਨਿਹੰਗ ਸਿੰਘ ਸੱਜ ਗਏ,ਆਪ ਨੇ 12 ਸਾਲ ਬੜੀ ਕਠਨ ਘਾਲ ਬੁੱਢੇ ਦਲ ਵਿੱਚ ਕੀਤੀ।ਇਸ ਘਾਲ ਕਮਾਈ ਦਾ ਸਦਕਾ ਆਪ ਨੂੰ ਵਾਹਿਗੁਰੂ ਨੇ ਅਨੇਕਾਂ ਕਲਾ ਬਖਸ਼ਸ਼ ਕੀਤੀਆਂ, ਜਿਸ ਕਰਕੇ ਇਨ੍ਹਾਂ ਨੂੰ ਕਲਾਧਾਰੀ ਦੇ ਨਾਮ ਨਾਲ ਪੁਕਾਰਿਆ ਜਾਣ ਲੱਗਾ।
ਸੰਮਤ 1999 ਸੰਨ 1942 ਈ: ਵਿਸਾਖੀ ਦਾ ਪੁਰਬ ਸ੍ਰੀ ਦਮਦਮਾ ਸਾਹਿਬ ਮਨਾਉਣ ਉਪਰੰਤ ਜਥੇਦਾਰ ਬਾਬਾ ਸਾਹਿਬ ਸਿੰਘ ,ਪੰਥ ਵਹੀਰ ਚਲਾਉਣ ਦੀ ਜ਼ਿਮੇਵਾਰੀ ਬਾਬਾ ਚੇਤ ਸਿੰਘ ਨੂੰ ਸੌਂਪ ਕੇ ਆਪ, ‘ਸ਼ੋਮਣੀ ਕਮੇਟੀ ਵਲੋਂ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਕਈ ਛਾਉਣੀਆਂ ਦੇ ਚਲਦੇ ਮੁਕੱਦਮਿਆਂ ਦੀ ਪੈਰਵਾਈ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਬਾਬਾ ਸਾਹਿਬ ਸਿੰਘ ਸਿੱਖ ਧਰਮ ਵਿਰੁੱਧ ਹੋ ਰਹੀਆਂ ਕੁਰੀਤੀਆਂ ਦੇ ਸਖਤ ਵਿਰੁੱਧ ਸਨ। ਉਹ ਮੌਹ ਪ੍ਰਸਤ ਲੀਡਰਾਂ ਤੇ ਅੰਗਰੇਜ਼ਾਂ ਦੀ ਬਦ ਮਜਾਜੀ ਤੋਂ ਵੀ ਪ੍ਰੇਸ਼ਾਨ ਤਾਂ ਸਨ ਪਰ ਨਿਗਾ ਬਾਨ ਵੀ ਸਨ।
ਅੰਗਰੇਜ਼ ਦੀ ਚਾਲ ਸਿੰਘਾਂ ਨੂੰ ਗਿਣਤੀ-ਮਿਣਤੀ ਵਿਚ ਲਿਆਕੇ ਜਲੀਲ ਕਰਨਾ ਚਾਹੁੰਦੀ ਸੀ।ਉਸ ਵਕਤ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਅੰਮ੍ਰਿਤਸਰ ਦੇ ਥਾਪੇ ਹੋਏ ਪਹਿਰੇਦਾਰ ਕਰਮ ਸਿੰਘ ਪਹਾੜੀਆ ਦਗੇਬਾਜ਼ ਨਿਕਲਿਆ। ਉਸ ਨੇ ਅੰਗਰੇਜ਼ ਨਾਲ ਸਾਂਢ-ਗਾਂਠ ਕਰ ਲਈ ਤੇ ਪਿੱਤਲ ਦੇ ਟੋਕਣ ‘ਲੈਸੰਸ’ ਨਿਹੰਗ ਸਿੰਘਾਂ ਨੂੰ ਜਾਰੀ ਕਰ ਦਿੱਤੇ। ਇਹ ਅਸਲ ਚਾਲ ਮੁਸਲਮਲੀਗ ਦੀ ਸੀ। ਕਿਉਂਕਿ ਸਾਰੇ ਹਿੰਦੁਸਤਾਨ ਦੀ ਮਰਦਮਸ਼ੁਮਾਰੀ ਤੋਂ ਹਿੰਦੂ ਤੇ ਮੁਸਲਮਾਨਾਂ ਦੀ ਗਿਣਤੀ ਤਾਂ ਸਾਹਮਣੇ ਸੀ ਪਰ ਨਿਹੰਗ ਸਿੰਘਾਂ ਬਾਰੇ ਉਹ ਅਸਲ ਗਿਣਤੀ ਜਾਣਨੀ ਚਾਹੁੰਦਾ ਸੀ। ਉਸ ਨੂੰ ਡਰ ਸੀ ਕਿ ਪੰਜਾਬ ਦੇਸ਼ ਦੀ ਵੰਡ ਵੇਲੇ ਇਹ ਗੁਰੂ ਦੀ ਲਾਡਲੀ ਫੌਜ ਸਾਰੀ ਲੀਡਰ ਸ਼ਿਪ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਹਦੂਦ ਵਾਲਾ ਸਿੱਖ ਰਾਜ ਪ੍ਰਾਪਤ ਕਰਨ ਲਈ ਮਜਬੂਰ ਨਾ ਕਰ ਦੇਵੇ।
ਮੁਸਲਮ-ਲੀਗ ਨੇ ਜਮਾਤ ਬੇਲਚਿਆਂ ਵਾਲੀ ਤਿਆਰ ਕਰ ਲਈ ਸੀ। ਅਕਾਲੀ ਦਲ ਨੇ ‘ਅਕਾਲ ਰਜਮੈਂਟ’ ਤਲਵਾਰਾਂ ਨਾਲ ਲੈਸ ਫੋਰਸ ਬਣਾ ਲਈ । ਪਰ ਅਸਲ ਡਰ ਤਾਂ ਨਿਹੰਗ- ਸਿੰਘਾਂ ਤੋਂ ਸੀ। ਫੋਰੀ ਇਹ ਚਾਲ ਚੱਲੀ ਗਈ ਕਿ ਨਿਹੰਗ ਸਿੰਘਾਂ ਪਾਸ ਬਰਛੇ ਤੇ ਸ਼ਸਤ੍ਰ ਹਨ ਨੂੰ ਪਕੜ ਲਿਆ ਜਾਵੇ। ਇਸ ਫੜੋ-ਫੜੀ ਤੇ ਗ੍ਰਿਫਤਾਰੀਆਂ ਪਿਛੋਂ ਹਾਈ ਕੋਰਟ ਲਾਹੌਰ ਮੁਕਦਮੇ ਵਿਚ ਫੈਸਲਾ ਹੋਇਆ ਕਿ ਨਿਹੰਗ ਸਿੰਘ ਪੰਜ ਸ਼ਸਤ੍ਰ ਧਾਰਨ ਕਰ ਸਕਦੇ ਸਨ(ਜੋ ਹੁਣ ਦੇ ਲੈਸੰਸ ਵਿਚ ਫੈਸਲੇ ਦੀ ਨਕਲ ਦਰਜ ਕੀਤੀ ਜਾਂਦੀ ਹੈ) ਇਸੇ ਕਾਰਨ ਹੀ ਡੀ.ਸੀ, ਅੰਮ੍ਰਿਤਸਰ ਨਾਲ ਪਹਾੜੀਏ ਕਰਮ ਸਿੰਘ ਨੇ ਸਲਾਹ ਕੀਤੀ ,ਕਿ ਜੇ ਬੁੱਢੇ ਦਲ ਦੇ ਜਥੇਦਾਰ ਕਲਾਧਾਰੀ ਬਾਬਾ ਸਾਹਿਬ ਸਿੰਘ ਮੰਨ ਜਾਵਣ ਤਾਂ ਇਹ ਕੰਮ ਬਹੁਤ ਸੁਖੱਲਾ ਹੋ ਜਾਵੇਗਾ।
ਜਦੋਂ ਬਾਬਾ ਸਾਹਿਬ ਸਿੰਘ ਕਲਾਧਾਰੀ ਮੁਕੱਦਮਿਆਂ ਦੀ ਪੈਰਵਾਈ ਕਰਨ ਲਈ ਅੰਮ੍ਰਿਤਸਰ ਆਏ ਤਾਂ ਡੀ.ਸੀ. ਅੰਮ੍ਰਿਤਸਰ ਨੇ ਜਥੇਦਾਰ ਬਾਬਾ ਸਾਹਿਬ ਸਿੰਘ ਨੂੰ ਇਕੱਲਿਆਂ ਹੀ ਬੁਲਾਵਾ ਭੇਜਿਆ। ਪਹਿਲਾਂ ਬਹੁਤ ਲੰਮੀ ਚੌੜੀ ਵਿਚਾਰ ਡੀ.ਸੀ.(ਜੋ ਸਿੱਖ ਸੀ) ਨੇ ਜਥੇਦਾਰ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਨਾਲ ਕੀਤੀ ਕਿ ਨਿਹੰਗ ਸਿੰਘ ਜੋ ਬੁੱਢੇ ਦਲ ਤੋਂ ਸੱਜਦੇ ਹਨ, ਅਸੀਂ ਚਾਹੁੰਦੇ ਹਾਂ ਕਿ ਜੇ ਆਪ ਉਹਨਾਂ ਦੀ ਗਿਣਤੀ ਦੀ ਫਰਿਸਤ ਬਣਵਾ ਦਿਓ। ਉਸ ਲਿਸਟ ਨੂੰ ਅਸੀਂ ਥਾਣੇ ਵਾਇਜ਼ ਭੇਜ ਦਿਆਂਗੇ।ਫਿਰ ਪੁਲੀਸ ਉਹਨਾਂ ਨਿਹੰਗ ਸਿੰਘ ਨੂੰ ਜਿਨ੍ਹਾਂ ਦੇ ਨਾਮ ਉਸ ਸੂਚੀ ਵਿਚ ਦਰਜ ਹੋਣਗੇ ਨਹੀਂ ਫੜੇਗੀ।ਭੇਖੀ ਬਾਣਾ ਪਾ ਕੇ ਜੋ ਨਕਲੀ ਨਿਹੰਗ ਬਣੇ ਹਨ ਬਰਛੇ ਜਾਂ ਹੋਰ ਨਾਜਾਇਜ਼ ਹਥਿਆਰ ਰੱਖ ਰਹੇ ਹਨ,ਪਕੜੇ ਜਾਣਨਗੇ।
ਬਹ੍ਰਮ ਗਿਆਨੀ ਬਾਬਾ ਸਾਹਿਬ ਸਿੰਘ ਕਲਾਧਾਰੀ ਜਥੇਦਾਰ ਬੁੱਢਾ ਦਲ ਸਰਕਾਰ ਦੀ ਇਸ ਚਾਲ ਨੂੰ ਜਾਣ ਗਏ। ਜਥੇਦਾਰ ਕਲਾਧਾਰੀ ਖੁਦ ਭੀ ਤਹਿਸੀਲਦਾਰ ਰਹਿ ਚੁੱਕੇ ਤੇ ਰਾਜਨੀਤੀ ਦੇ ਦਾਅਪੇਚਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ।ਉਹ ਬੁੱਢੇ ਦਲ ਦੀ ਮਰਯਾਦਾ ਨੂੰ ਭੀ ਭਲੀ ਭਾਂਤ ਕਾਇਮ ਰੱਖਣਾ ਜਾਣਦੇ ਸਨ ਗੁਰੂ ਕਲਗੀਧਰ ਜੀ ਨੇ ਗੁਰੂ ਪੰਥ ਖਾਲਸਾ ਸਾਜਣ ਕੀਤਾ ਹੈ, ਇਹ ਕਿਸੇ ਹਕੂਮਤ ਦੇ ਅਧੀਨ ਨਹੀਂ ਰਹੇ। ਦੁਖਾਂ ਕਲੇਸ਼ਾਂ ਵਿਚੋ ਗੁਜ਼ਰ ਕੇ ਜੰਗਲਾਂ,ਉਜਾੜਾਂ ਵਿਚ ਹੀ ਸਮਾਂ ਬਤਾ ਲਂੈਦੇ ਰਹੇ ਹਨ ਪਰ ਇਹ ਕਿਸੇ ਦੀ ਈਨ ਨਹੀ ਮੰਨਦੇ। ਅਜ ਗੁਰੂ ਕੀ ਲਾਡਲੀ ਫੌਜ ਨੂੰ ਅੰਗਰੇਜ਼ ਸਰਕਾਰ ਦੇ ਅਧੀਨ ਕਰ ਕੇ ,ਗੁਰੂ ਕਲਗੀਧਰ ਪਾਤਸ਼ਾਹ ਦੀ ਦਰਗਾਹੇ ਗੁਨਾਹਗਾਰ ਬਣ ਕੀ ਜਵਾਬ ਦਿਆਂਗਾ।ਕਲਾਧਾਰੀ ਜੀ ਨੇ ਡੀ.ਸੀ. ਨੂੰ ਮੂੰਹ ਤੋੜ ਜਵਾਬ ਦੇ ਦਿੱਤਾ ਕਿ ਮੈਂ ਕਲਗੀਧਰ ਦੀ ਫੌਜ ਨੂੰ ਜੋ ਖੁਲ੍ਹੇ ਖੁਲਾਸੇ ਫਿਰਦੇ ਹਨ ਕਿਸੇ ਬੰਧਨ ਵਿਚ ਨਹੀਂ ਪਾ ਸਕਦਾ।
ਬਹ੍ਰਮ ਗਿਆਨੀ ਬਾਬਾ ਸਾਹਿਬ ਸਿੰਘ ਜੀ,ਜੋ ਬੁੱਢੇ ਦਲ ਦੇ 11ਵੇਂ ਗਿਆਰਵੇਂ ਜਥੇਦਾਰ ਸਨ, ਦੀ ਸੋਚ ਸੀ ਕਿ ਸਿੰਘਾਂ ਨੂੰ ਕਿਸੇ ਸਰਕਾਰੀ ਲੈਸੰਸ ਦੇ ਬੰਧਨ ਅਧੀਨ ਨਹੀਂ ਕੀਤਾ ਜਾ ਸਕਦਾ। ਇਹ ਬਿਹੰਗਮ ਬੇਪ੍ਰਵਾਹ ਹੁੰਦੇ ਹਨ। ਗੌਰਮਿੰਟ ਦੀ ਚਾਲ ਦਾ ਸਾਡੇ ਤੇ ਨਾ ਅਸਰ ਕਦੇ ਹੋਯਾ ਹੈ ਅਤੇ ਨਾ ਹੋਵੇਗਾ।
ਬੁੱਢਾ ਦੱਲ ਦੇ ਜੱਥੇਦਾਰ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਨੇ ਕੌਮ ਤੇ ਪੰਥਕ ਆਗੂਆਂ ਨੂੰ ਅਕਾਲੀ ਲਹਿਰ, ਅਕਾਲੀ ਮੋਰਚੇ ,ਪੰਜਾਬੀ ਸੂਬਾ ਅੰਦੋਲਨ ਤਥਾ ਹੋਰ ਔਕੜ ਸਮੇਂ ਵਿੱਚ ਪੂਰਾ ਵੱਧ ਚੜ੍ਹ ਕੇ ਸਾਥ ਦਿੱਤਾ। ਦੱਸਿਆ ਜਾਂਦਾ ਹੈ ਕਿ ਇਕ ਸਮੇਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਵਿਖੇ ਬੁੱਢਾ ਦਲ ਦਾ ਪੜਾਓ ਸੀ। ਬਾਬਾ ਚੇਤ ਸਿੰਘ ਉਸ ਸਮੇਂ ਨਿਗਾਰਚੀ ਸਿੰਘ ਦਾ ਪਹਿਰਾ ਦਿਆ ਕਰਦੇ ਸਨ,ਸਾਰੇ ਦਲ ਨੂੰ ਅੰਗਰੇਜ਼ ਸਰਕਾਰ ਨੇ ਘੇਰੇ ਵਿੱਚ ਲੈ ਲਿਆ, ਬਾਬਾ ਚੇਤ ਸਿੰਘ ਸਰਕਾਰੀ ਕਰਮਚਾਰੀਆਂ ਨਾਲ ਜੂਝਣ ਲਈ ਤਿਆਰ ਹੋ ਗਏ। ਦਲ ਦੇ ਜੱਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ ਨੇ ਫੌਰੀ ਤੌਰ ‘ਤੇ ਰੋਕ ਦਿੱਤੇ।ਬਾਬਾ ਜੀ ਦੱਲ ਸਮੇਤ ਬੋਸਟਰ ਜੇਲ੍ਹ ਵਲਾਇਤ ਵਿਖੇ ਭੇਜ ਦਿੱਤੇ ਗਏ। ਗਿ. ਸ਼ੇਰ ਸਿੰਘ ਪ੍ਰਸਿੱਧ ਅਕਾਲੀ ਲੀਡਰ, ਕਲਾਧਾਰੀ ਜੀ ਦੇ ਖਾਸ ਮਿੱਤਰਾਂ ਵਿੱਚੋਂ ਸਨ ਦੀ ਪ੍ਰੇਰਨਾ ਨਾਲ ਸਰਸੁੰਦਰ ਸਿੰਘ ਮਜੀਠੀਆ, ਸਰ ਜੋਗਿੰਦਰ ਸਿੰਘ ਜੀ ਆਦਿ ਦੇ ਜ਼ੋਰ ਦੇਣ ਕਰਕੇ ਪੰਜਾਬ ਦੇ ਗਵਰਨਰ ਨੇ ਦਲ ਦੇ ਸਾਰੇ ਸਿੰਘਾਂ ਨੂੰ ਰਿਹਾ ਕਰ ਦਿੱਤਾ। ਦੱਲ ਤੋਂ ਬਾਹਰ ਰਹੇ ਜਿਹੜੇ ਸਿੰਘਾਂ ਨੇ ਦੱਲ ਪੰਥ ਦੇ ਘੋੜਿਆਂ ਦੀ ਬਹੁਤ ਹੀ ਮੇਹਨਤ ਤੇ ਇਮਾਨਦਾਰੀ ਨਾਲ ਸਾਂਭ ਸੰਭਾਲ ਕੀਤੀ ਉਹਨਾਂ ਬਾਰੇ ਅਕਸਰ ਹੀ ਬਾਬਾ ਸਾਹਿਬ ਸਿੰਘ ਜੀ ਬੜੇ ਪ੍ਰੇਮ ਨਾਲ ਗੱਲ ਕਰਦੇ ਤੇ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਸਨ।
ਰਾਜ ਜੋਗ-ਦੀ ਪ੍ਰਾਪਤੀ ਦਾ ਮੂਲ ਗੁਰਬਾਣੀ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਹਨ,ਉੱਥੇ ਰਾਜ ਲਈ ਸ਼ਕਤਿ-ਕਮਾਈ,ਬਹੂ-ਬਾਲ,ਜੋਸ਼,ਸ਼ਸਤ੍ਰਾਂ ਦੇ ਚਲਾਉਣ ਦੀ ਸ਼ਕਤੀ ਦੀ ਪ੍ਰਾਪਤੀ ਦਾ ਮੂਲ-ਦਸ਼ਮੇਸ਼ ਜੀ ਦੀ ਬਾਣੀ ਹੈ। ਪਿਛਲੇ ਸਮਿਆਂ ਵਿੱਚ ਸ਼ਸਤ੍ਰਾਂ ਦੀ ਸ਼ਕਤੀ ,ਵੇਦ ਮੰਤ੍ਰ ਜਾਂ ਦੇਵਤਿਆਂ ਦੀ ਅਰਾਧਨਾ ਕਰਨ ਨਾਲ ਪ੍ਰਾਪਤ ਹੋ ਜਾਂਦੀ ਸੀ। ਜਿਨ੍ਹਾਂ ਪਾਸ ਉਹ ਸ਼ਸਤਰ ਹੁੰਦੇ ਸਨ-ਜਿਵੇ ਅਗਨ ਬਾਣ,ਮੇਘ ਬਾਣ ਆਦਿ।ਸ੍ਰੀ ਗੁਰੂ ਕਲਗੀਧਰ ਜੀ ਨੇ ਖਾਲਸਾ ਪੰਥ ਨੂੰ ਹਰ ਤਰ੍ਹਾਂ ਭਰਪੂਰ ਸਰਬ ਗੁਣ ਨਿਧਾਨੰ ਬਣਾ ਕੇ, ਸੰਸਾਰਕ ਤੇ ਪ੍ਰਮਾਰਥਕ ਸ਼ਕਤੀ ਲਈ ਗੁਰੂ ਬਾਣੀਆਂ ਦਾ ਧਾਰਨੀ ਵੀ ਬਣਾਇਆ ਹੈ। ਸਾਰੇ ਤਖਤਾਂ ਤੇ ਆਦਿ ਸਰੂਪ ਨਾਲ ਹੀ ਦਸਮ ਦਾ ਪ੍ਰਕਾਸ਼ ਵੀ ਹੁੰਦਾ ਸੀ। ਜਥੇਦਾਰ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਕਲਾਧਾਰੀ ਬੁੱਢਾ ਦਲ ਸਮੇਂ ਸੰਨ 1940-41 ਵਿੱਚ ਸ੍ਰੀ ਅਕਾਲ ਤਖਤ ਤੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 101 ਅਖੰਡ ਪਾਠਾਂ ਦੀ ਅਰਦਾਸ ਕਰ ਕੇ ਸ਼੍ਰੋਮਣੀ ਕਮੇਟੀ ਵਲੋਂ ਆਰੰਭ ਕੀਤੇ ਗਏ।ਪਰੰਤੂ ਪੰਜ ਛੇ ਅਖੰਡ ਪਾਠ ਹੋ ਜਾਣ ਤੇ ਅਰਦਾਸ ਭੰਗ ਕਰ ਕੇ, ਅਖੰਡ ਪਾਠਾਂ ਦੀ ਚੱਲ ਰਹੀ ਲੜੀ ਬੰਦ ਕਰਵਾ ਦਿੱਤੀ ਗਈ।
ਉਸ ਵਕਤ ਜਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ ਬੁੱਢਾ ਦਲ ਦੀ ਛਾਉਣੀ, ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਆਏ ਹੋਏ ਸਨ।ਜਦ ਉਹਨਾਂ ਨੂੰ ਇਹ ਪਤਾ ਲੱਗਾ ਕਿ ਅਰਦਾਸ ਤਾਂ ਸ਼੍ਰੋਮਣੀ ਕਮੇਟੀ ਨੇ ਭੰਗ ਕਰ ਦਿੱਤੀ ਹੈ,ਤਾਂ ਉਸੇ ਵਕਤ ਜਥੇਦਾਰ ਬਾਬਾ ਸਾਹਿਬ ਸਿੰਘ ਨੇ ਇਸ ਅਰਦਾਸ ਨੂੰ ਭੰਗ ਕਰਨ ਤੇ ਦਸਮ ਦਾ ਅਖੰਡ ਪਾਠ ਬੰਦ ਕਿਉਂ ਕੀਤਾ ਹੈ? ਦਾ ਕਾਰਨ ਪੁੱਛਣ ਲਈ, ਪੰਜ ਸਿੰਘਾਂ ਨੂੰ ਵਿਚਾਰ ਵਟਾਦਰੇ ਲਈ ਭੇਜਿਆ। ਪਰ ਇਨ੍ਹਾਂ ਸਿੰਘਾਂ ਦੇ ਪ੍ਰਸ਼ਨਾਂ ਦਾ ਉੱਤਰ ਗਿਆਨੀ ਅੱਛਰ ਸਿੰਘ ਬਾਦਲ਼ੀਲ ਨਾ ਦੇ ਸਕੇ।
ਬਾਬਾ ਜੀ ਬਿਮਾਰ ਰਹਿਣ ਲੱਗ ਪਏ। ਅਖੀਰ 66 ਕੁ ਸਾਲ ਦੀ ਆਯੂ ਭੋਗ 12 ਸਾਲ ਬੁੱਢੇ ਦਲ ਦੀ ਜਥੇਦਾਰੀ ਕਰ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਇਹ ਪੰਥ ਸੇਵਕ 15 ਸਾਵਨ ਸੰਮਤ 1999 ਸੰਨ 1942 ਨੂੰ ਅੰਮ੍ਰਿਤ ਵੇਲੇ ਜਪੁਜੀ ਅਤੇ ਜਾਪ ਦਾ ਪਾਠ ਕਰ ਕੇ ਜੋਤੀ-ਜੋਤਿ ਜਾ ਰਲੇ। ਜਿਨ੍ਹਾਂ ਦਾ ਅੰਗੀਠਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਪਹਾੜ ਸਾਮ੍ਹਣੇ ਤੇ ਗੁਰ ਅਸਥਾਨ ਪਾਤਸ਼ਾਹੀ ਛੇਵੀਂ ਮਲ-ਅਖਾੜੇ ਤੋਂ ਲਹਿੰਦੇ ਪਾਸੇ ਹੈ ਤੇ ਨੀਲੇ ਫਰਰੇ ਵਾਲਾ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ।ਹਰ ਸਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ 14ਵੇਂ ਮੁੱਖੀ ਸਿੰਘ ਸਾਹਿਬ ਜਥੇਦਾਰ ਸ਼੍ਰੋਮਣੀ ਸੇਵਾ ਰਤਨ,ਸ਼੍ਰੋਮਣੀ ਪੰਥ ਰਤਨ, ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਹੇਠ ਉਨ੍ਹਾਂ ਦੀ ਸਲਾਨਾ ਯਾਦ 28 ਤੋਂ 30 ਜੁਲਾਈ ਤੀਕ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾਂ: 10ਵੀਂ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਈ ਜਾਦੀ ਹੈ।

Send this to a friend