ਅਮਰਗੜ੍ਹ- ਪੰਜਾਬ ਅੰਦਰ ਪੈਪਸੂ ਸਰਕਾਰ ਵੇਲੇ 1954 ਵਿੱਚ ਹੋਂਦ ‘ਚ ਆਇਆ 108 ਪਿੰਡਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲਾ ਵਿਧਾਨ ਸਭਾ ਹਲਕਾ ਅਮਰਗੜ੍ਹ ਦਾ 30 ਬੈੱਡਾਂ ਵਾਲਾ ਹਸਪਤਾਲ ਅੱਜ ਖ਼ੁਦ ਵੈਂਟੀਲੇਟਰ ਤੇ ਲੱਗਾ ਪ੍ਰਤੀਤ ਹੋ ਰਿਹਾ ਹੈ। ਭਾਵੇਂ ਕਿ 2001 ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ 10 ਬੈੱਡਾਂ ਨਾਲ ਹੋਂਦ ‘ਚ ਆਏ ਇਸ ਹਸਪਤਾਲ ਨੂੰ ਅੱਪਗ੍ਰੇਡ ਕਰਦਿਆਂ ਤੀਹ ਬੈੱਡਾਂ ਦਾ ਬਣਾ ਦਿੱਤਾ ਸੀ ਪਰ 2013 ‘ਚ ਆ ਕੇ ਅਕਾਲੀ-ਭਾਜਪਾ ਸਰਕਾਰ ਵੱਲੋਂ ਹੀ ਇਸ ਹਸਪਤਾਲ ਵਿੱਚੋਂ ਐਮਬੀਬੀਐਸ ਡਾਕਟਰਾਂ ਤੋਂ ਇਲਾਵਾ ਬਾਕੀ ਡਾਕਟਰਾਂ ਦੀਆਂ ਪੋਸਟਾਂ ਵਾਪਸ ਲੈ ਕੇ ਇਸ ਨੂੰ ਰੈਫ਼ਰ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਕਾਫ਼ੀ ਪ੍ਰਭਾਵਿਤ ਹੋਈਆਂ ਸਨ।ਹੁਣ ਮੌਜੂਦਾ ਸਥਿਤੀ ਇਹ ਹੈ ਕਿ ਮਰੀਜ਼ਾਂ ਨੂੰ ਮਿਲਣ ਵਾਲੀਆਂ ਐਮਰਜੈਂਸੀ ਸੇਵਾਵਾਂ ਵੀ ਪਿਛਲੇ ਕਈ ਮਹੀਨਿਆਂ ਤੋਂ ਠੱਪ ਪਈਆਂ ਹਨ ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਵਾਈ ਲੈਣ ਆਏ ਮਰੀਜ਼ਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਿੱਥੇ ਡਾਕਟਰਾਂ ਦੀ ਘਾਟ ਅਤੇ ਐਮਰਜੈਂਸੀ ਸੇਵਾਵਾਂ ਠੱਪ ਹੋਣ ਕਾਰਨ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਉੱਥੇ ਹੀ ਉਨ੍ਹਾਂ ਪੰਜਾਬ ਸਰਕਾਰ ਨੂੰ ਡਾਕਟਰਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਪੁਰ ਕਰਕੇ ਐਮਰਜੈਂਸੀ ਸੇਵਾਵਾਂ ਜਲਦੀ ਬਹਾਲ ਕਰਨ ਦੀ ਮੰਗ ਕੀਤੀ ਹੈ।
ਕੀ ਕਹਿਣਾ ਹੈ ਐੱਸਐੱਮਓ ਦਾ : ਜਦੋਂ ਇਸ ਸਬੰਧੀ ਐਸ.ਐਮ.ਓ ਡਾ. ਦਲਬੀਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਡਾਕਟਰਾਂ ਦੀਆਂ ਛੇ ਪੋਸਟਾਂ ਵਿੱਚੋਂ ਗਾਇਨੀ, ਸਰਜਨ, ਮੈਡੀਸਨ ਅਤੇ ਬੱਚਿਆਂ ਦੇ ਮਾਹਿਰ ਡਾਕਟਰਾਂ ਦੀਆਂ ਪੋਸਟਾਂ ਖ਼ਾਲੀ ਹਨ। ਉਨ੍ਹਾਂ ਮੰਨਿਆ ਕਿ ਡਾਕਟਰਾਂ ਦੀ ਘਾਟ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਐਮਰਜੈਂਸੀ ਸੇਵਾਵਾਂ ਬੰਦ ਹਨ ਪਰ ਜੇਕਰ ਸਰਕਾਰ ਵੱਲੋਂ ਡਾਕਟਰਾਂ ਦੀ ਘਾਟ ਪੂਰੀ ਕੀਤੀ ਜਾਵੇ ਤਾਂ ਅਸੀਂ ਸੇਵਾਵਾਂ ਮੁੜ ਚਾਲੂ ਕਰ ਸਕਦੇ ਹਾਂ।
ਉੱਧਰ ਸਮਾਜ ਸੇਵੀ ਆਗੂ ਸਤਵੀਰ ਸਿੰਘ ਸੀਰਾ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਹਸਪਤਾਲ ਵੱਲ ਜਲਦੀ ਤਵੱਜੋ ਦੇ ਕੇ ਡਾਕਟਰਾਂ ਦੀ ਘਾਟ ਪੂਰੀ ਕਰਦਿਆਂ ਐਮਰਜੈਂਸੀ ਸੇਵਾਵਾਂ ਮੁੜ ਚਾਲੂ ਨਾ ਕੀਤੀਆਂ ਤਾਂ ਹੋਰਨਾਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨਾਲ ਗੱਲਬਾਤ ਕਰਕੇ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਲੰਘੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖਦਿਆਂ ਖੁਦ ਹਸਪਤਾਲ ਦਾ ਦੌਰਾ ਕੀਤਾ ਗਿਆ ਸੀ ਅਤੇ ਐਸਐਮਓ ਨੂੰ ਮਿਲ ਕੇ ਹਸਪਤਾਲ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਸੀ।ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਜਲਦੀ ਹੀ ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਸਿਹਤ ਵਿਭਾਗ ਨੂੰ ਲਿਖ ਕੇ ਭੇਜਿਆ ਜਾਵੇਗਾ ਪਰ ਅਜੇ ਤੱਕ ਨਾ ਤਾਂ ਵਿਭਾਗ ਵੱਲੋਂ ਕੋਈ ਡਾਕਟਰ ਭੇਜਿਆ ਗਿਆ ਹੈ ਅਤੇ ਨਾ ਹੀ ਹਸਪਤਾਲ ਦੀਆਂ ਸੇਵਾਵਾਂ ਵਿੱਚ ਕੋਈ ਸੁਧਾਰ ਹੋਇਆ ਹੈ ਸਗੋਂ ਚੱਲਦੀਆਂ ਐਮਰਜੈਂਸੀ ਸੇਵਾਵਾਂ ਵੀ ਬੰਦ ਹੋ ਗਈਆਂ ਹਨ ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ ।