‘ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ,
ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ’
ਜੀ ਹਾਂ ਕਿਸੇ ਸਾਇਰ ਦੀਆਂ ਇਹ ਸਤਰਾਂ ਮਾਂ ਦੀ ਛਵੀ ‘ਤੇ ਬਿਲਕੁਲ ਸਹੀ ਢੁਕਦੀਆਂ ਪ੍ਰਤੀਤ ਹੁੰਦੀਆਂ ਹਨ। ਮਾਂ ਦਾ ਸੁਭਾਅ ਛਾਂ ਵਰਗਾ ਹੁੰਦਾ ਏ ਜੋ ਹਮੇਸ਼ਾਂ ਆਪਣੇ ਬੱਚਿਆਂ ਨੂੰ ਠੰਢੀਆਂ ਹਵਾਵਾਂ ਦੇ ਬੁਲਿਆਂ ਵਾਂਗੂ ਠੰਢ ਪਾਉਂਦੀ ਰਹਿੰਦੀ ਏ।ਮਾਂ ਰੱਬ ਦਾ ਦੂਜਾ ਨਾ ਹੁੰਦੀ ਏ ਜਿਸ ਨੇ ਮਾਂ ਦੇ ਨਾਂ ਦੀ ਕਦਰ ਕਰ ਲਈ ਉਸਨੂੰ ਫਿਰ ਰੱਬ ਦੀ ਪੂਜਾ ਕਰਨ ਦੀ ਲੋੜ ਨਹੀਂ ਪੈਂਦੀ। ਮਾਂ ਮੋਹ ਤੇ ਮਮਤਾ ਦੀ ਮੂਰਤ ਹੁੰਦੀ ਏ ਜੋ ਆਪਣੇ ਬੱਚਿਆਂ ਅਤੇ ਆਪਣੇ ਨਾਲ ਜੁੜੇ ਹਰ ਰਿਸ਼ਤੇ ਨੂੰ ਇਕ ਫ੍ਰੇਮ ‘ਚ ਜੜ ਕੇ ਰੱਖਦੀ ਏ। ਮਾਂ ਦੀ ਸਿਫ਼ਤ ਕਰਨ ਲਗੀਏ ਤਾਂ ਸ਼ਾਇਦ ਇਕ ਜਨਮ ਘੱਟ ਪੈ ਜਾਵੇ ਕਿਉਂਕਿ ਮਾਂ ਦੇ ਗੁਣਾ ਨੂੰ ਬਿਆਨ ਕਰਨਾ ਕੋਈ ਸਰਲ ਵਰਤਾਰਾ ਨਹੀਂ। ਅਜਿਹੀ ਹੀ ਛਵੀ ਸੀ ਮਾਤਾ ਕਰਮਜੀਤ ਕੌਰ ਦੀ । ਜਿਹਨਾਂ ਦਾ ਜਨਮ ਪਿੰਡ ਢਿਲਵਾਂ ਜਿਲ੍ਹਾ ਫਰੀਦਕੋਟ ‘ਚ ਪਿਤਾ ਬਸੰਤ ਸਿੰਘ ਦੇ ਘਰ ਅਤੇ ਮਾਤਾ ਜਲ ਕੌਰ ਦੀ ਕੁੱਖੋਂ ਹੋਇਆ ਸੰਨ 1957 ‘ਚ ਹੋਇਆ। 22 ਸਾਲ ਦੀ ਉਮਰ ‘ਚ ਉਹ ਪਿੰਡ ਕਾਉਣੀ ਦੇ ਬਲਵਿੰਦਰ ਸਿੰਘ ਬਰਾੜ ਨਾਲ ਵਿਆਹ ਬੰਧਨ ‘ਚ ਬੱਝ ਗਏ। ਜਿਹਨਾਂ ਨੇ ਗੁਰਸੇਵਕ ਸਿੰਘ ਬਰਾੜ,ਜੈਦੀਪ ਸਿੰਘ ਬਰਾੜ ਅਤੇ ਸਿਮਰਜੀਤ ਕੌਰ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਜ਼ਿੰਦਗੀ ਵਿੱਚ ਅਨੇਕਾਂ ਉਤਰਾਅ-ਚੜਾਅ ਝੱਲਦਿਆਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਮਰੱਥਾ ਅਨੁਸਾਰ ਸਿੱਖਿਆ ਦਿਵਾਈ ਅਤੇ ਗੁਰੁ ਦੇ ਲੜ ਲਾਇਆ। ਤਿੰਨੋ ਬੱਚਿਆਂ ਦੇ ਵਿਆਹ ਬੜੇ ਚਾਵਾਂ ਤੇ ਲਾਡਾਂ ਨਾਲ ਕੀਤੇ। ਖੁਸ਼ੀਆਂ ਤੇ ਖੇੜਿਆਂ ਨਾਲ ਬੀਤਦੀ ਜ਼ਿੰਦਗੀ ਵਿੱਚ ਜਦ ਪੋਤਰੇ ਪੋਤਰੀਆਂ ਦੀ ਆਮਦ ਹੋਈ ਤਾਂ ਖੁਸ਼ੀਆਂ ਨੂੰ ਹੋਰ ਚਾਰ ਚੰਨ ਲੱਗ ਗਏ। ਖੁਸ਼ੀਆਂ ਮਾਣਦੇ ਮਾਣਦੇ ਜਿਵੇਂ ਇਨ੍ਹਾਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਹੀ ਲੱਗ ਗਈ। ਇੱਕ ਛੋਟੀ ਜਿਹੀ ਬਿਮਾਰੀ ਪਿੱਛੋਂ ਕਰਮਜੀਤ ਕੌਰ ਆਪਣੇ ਹੱਸਦੇ ਵੱਸਦੇ ਪਰਿਵਾਰ ਨੂੰ ਛੱਡ ਕੇ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਏ।ਕਰਮਜੀਤ ਕੌਰ ਦੇ ਵਿਛੋੜੇ ਨਾਲ ਜਿੱਥੇ ਬਲਵਿੰਦਰ ਸਿੰਘ ਦੇ ਹੱਥਾਂ ਚੋਂ ਜੀਵਨ ਸਾਥੀ ਦਾ ਹੱਥ ਛੁੱਟ ਗਿਆ ਉੱਥੇ ਹੀ ਬੱਚਿਆਂ ਦੇ ਸਿਰ ਤੇ ਉਨ੍ਹਾਂ ਦੀ ਮਾਂ ਅਤੇ ਪੋਤੇ ਪੋਤੀਆਂ ਦੇ ਸਿਰ ਤੋਂ ਦਾਦੀ ਦਾ ਸਾਇਆ ਹਮੇਸ਼ਾਂ ਹਮੇਸ਼ਾਂ ਲਈ ਖ਼ਤਮ ਹੋ ਗਿਆ। ਕਰਮਜੀਤ ਕੌਰ ਦੇ ਚਲੇ ਜਾਣ ਤੇ ਰਿਸ਼ਤੇਦਾਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਪ੍ਰਮਾਤਮਾ ਮਰਹੂਮ ਕਰਮਜੀਤ ਕੌਰ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
– ਕਰਮ ਸੰਧੂ,
ਪੱਤਰਕਾਰ ‘ਪੰਜਾਬ ਟਾਇਮਜ਼ ਸਾਦਿਕ, ਫ਼ਰੀਦਕੋਟ।
ਸੰਪਰਕ: 85283-00061