April 22, 2026 3:00 am

ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਖਸਤਾ ਹਾਲਤ ਡਰੇਨ ਦਾ ਪੁਲ

ਸ਼ੇਰਪੁਰ – ਪਿੰਡ ਪੰਜਗਰਾਈਆਂ ਦੇ ਕੋਲ ਦੀ ਲੰਘਦੀ ਲਸਾੜਾ ਡਰੇਨ ਦਾ ਘੋਨਾ ਪੁਲ ਲੋਕਾਂ ਲਈ ਜਾਨ ਦਾ ਖੌਅ ਬਣਿਆ ਹੋਇਆ ਹੈ।ਕਰੀਬ 50 ਸਾਲ ਪਹਿਲਾ ਬਣੇ ਇਸ ਪੁਲ ਦੀ ਹਾਲਤ ਐਨੀ ਖਸਤਾ ਹੋ ਚੁੱਕੀ ਹੈ ਕਿ ਇਹ ਕਦੇ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਪੁਲ ਦੀ ਰੇਲਿੰਗ ਦਾ ਕੋਈ ਨਾਮੋ ਨਿਸ਼ਾਂਨ ਨਹੀਂ ਹੈ ਜਿਸ ਕਰਕੇ ਰਾਤ ਮੌਕੇ ਅਤੇ ਜਿਆਦਾ ਬਾਰਿਸ਼ ਦੇ ਦਿਨਾਂ ਦੇ ਵਿੱਚ ਪਾਣੀ ਓਵਰਲੋਡ ਹੋ ਕੇ ਪੁਲ ਦੇ ਉੱਪਰ ਦੀ ਲੰਘਣ ਲੱਗ ਪੈਂਦਾ ਹੈ ਜਿਸ ਕਰਕੇ ਅਜਿਹੇ ਮੌਕੇ ਲੋਕ ਦੋ ਪਿੰਡ ਘੁੰਮ ਕੇ ਜਾਣ ਦੇ ਲਈ ਮਜਬੂਰ ਹੋ ਜਾਂਦੇ ਹਨ। ਪਿੰਡ ਪੰਜਗਰਾਈਆਂ ਨੂੰ ਪਿੰਡ ਗੁਰਬਖਸ਼ਪੁਰਾ ਦੇ ਨਾਲ ਜੋੜਨ ਵਾਲਾ ਇਹ ਪੁਲ ਐਨਾ ਤੰਗ ਅਤੇ ਨੀਵਾਂ ਹੈ ਕਿ ਇਸਤੋਂ ਦੀ ਦੋ ਗੱਡੀਆਂ ਤਾਂ ਕੀ ਇੱਕ ਗੱਡੀ ਵੀ ਮੁਸ਼ਕਲ ਨਾਲ ਲੰਘਦੀ ਹੈ।ਇਲਾਕੇ ਦੇ ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਸ ਪੁਲ ਨੂੰ ਨਵ ਨਿਰਮਾਣ ਕਰਕੇ ਲੋਕ ਸਮੱਸਿਆ ਦਾ ਹੱਲ ਕੀਤਾ ਜਾਵੇ।ਅੱਜ ਪੁਲ ਦੀ ਤਾਜ਼ਾ ਸਥਿਤੀ ਇਹ ਹੈ ਕਿ ਬਾਰਿਸ਼ ਦਾ ਪਾਣੀ ਪੁਲ ਦੇ ਉੱਪਰ ਦੀ ਜਾ ਰਿਹਾ ਹੈ ਅਤੇ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਪਰ ਪੀ.ਡਬਲਯੂ ਡੀ ਵਿਭਾਗ ਦੀ ਸਵੱਲੀ ਨਜ਼ਰ ਇਸ ਵੱਲ ਕਿਉਂ ਨਹੀਂ ਪਈ ? ਕਿਉਂ ਵਿਭਾਗ ਦੇ ਕਿਸੇ ਕਰਮਚਾਰੀ ਨੇ ਇਸ ਦਾ ਅਸਥਾਈ ਹੱਲ ਕਰਨਾ ਵੀ ਜਰੂਰੀ ਨਹੀਂ ਸਮਝਿਆ ਇਹ ਵਿਭਾਗ ਦੀ ਕਾਰੁਜਗਾਰੀ ਤੇ ਸਵਾਲੀਆ ਨਿਸ਼ਾਨ ਹਨ।
ਦਰਜਨ ਦੇ ਕਰੀਬ ਸਕੂਲੀ ਬੱਸਾਂ ਆਉਂਦੀਆਂ ਜਾਂਦੀਆਂ ਹਨ -ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਇਸ ਪੁਲ ਤੋਂ ਦੀ ਦਰਜਨ ਦੇ ਕਰੀਬ ਸਕੂਲਾਂ ਦੀਆਂ ਬੱਸਾ ਰੋਜ਼ਾਨਾਂ ਵਿਦਿਆਰਥੀਆਂ ਨੂੰ ਲੈ ਕੇ ਆਉਂਦੀਆਂ-ਜਾਂਦੀਆਂ ਹਨ ਜਿਹਨਾਂ ਨਾਲ ਕਦੇ ਵੀ ਕੋਈ ਘਟਨਾ ਵਾਪਰ ਸਕਦੀ ਹੈ ਜਿਸ ਕਰਕੇ ਮਾਪੇ ਵੱਡੀ ਚਿੰਤਾ ਦੇ ਵਿੱਚ ਹਨ।
ਬਿਨ੍ਹਾਂ ਰੇਲਿੰਗ ਕਾਰਨ ਵਾਹਣ ਗਿਰ ਚੁੱਕਿਆ ਹੈ ਡਰੇਨ ਦੇ ਵਿੱਚ-
ਇਸ ਪੁਲ ਦੀ ਜਿੱਥੇ ਹਾਲਤ ਖਸਤਾ ਹੈ ਉੱਥੇ ਇਸਤੇ ਰੇਲਿੰਗ ਵੀ ਨਹੀਂ ਹੈ ਜਿਸ ਕਰਕੇ ਰਾਤ ਮੌਕੇ ਜਾਂ ਥੋੜੀ ਜਿਹੀ ਬੇਧਿਆਨੀ ਤੇ ਵੀ ਕੋਈ ਵੀ ਵਾਹਣ ਪੁੱਲ ਤੋਂ ਦੀ ਡਰੇਨ ਵਿੱਚ ਜਾ ਸਕਦਾ ਹੈ ਲੋਕਾਂ ਦੇ ਦੱਸਣ ਮੁਤਾਬਕ ਅਜਿਹਾ ਹੀ ਇੱਕ ਮਾਮਲਾ ਪਹਿਲਾ ਹੋ ਚੁੱਕਿਆ ਹੈ ਜਦੋਂ ਇੱਕ ਟੈਂਪੂ ਪੁਲ ਪਾਰ ਕਰਦਾ ਹੋਇਆ ਅਚਾਨਕ ਡਰੇਨ ਵਿੱਚ ਜਾ ਗਿਰਿਆ ਸੀ ਜਿਸ ਨਾਲ ਕੋਈ ਜਾਨੀ ਨੁਕਸਾਨ ਹੋਣੋ ਤਾਂ ਬਚ ਗਿਆ ਪਰ ਮਾਲੀ ਨੁਕਸਾਨ ਹੋ ਗਿਆ ਸੀ।
ਪੁਲ ਨੂੰ ਜਲਦੀ ਬਣਾਇਆ ਜਾਵੇ – ਸਰਪੰਚ- ਇਸ ਪੁਲ ਦੀ ਖਸਤਾ ਹਾਲਤ ਦੇ ਬਾਰੇ ਦੱਸਦੇ ਹੋਏ ਪਿੰਡ ਪੰਜਗਰਾਈਆਂ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਖਸਤਾ ਹਾਲਤ ਪੁਲ ਲੰਘਣ ਵਾਲੇ ਲੋਕਾਂ ਲਈ ਬਹੁਤ ਜੋਖਮ ਭਰਿਆ ਹੈ ਲੋਕ ਮਜਬਵੂਰਨ ਇੱਥੋਂ ਲੰਘਦੇ ਹਨ ਇਸਨੂੰ ਜਲਦੀ ਬਣਾਇਆ ਜਾਵੇ ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਪੀ.ਡਬਲਯੂ.ਡੀ ਦੇ ਕਿਸੇ ਅਧਿਕਾਰੀ ਨੇ ਇਸ ਵੱਲ ਕੋਈ ਗੌਰ ਹੀ ਨਹੀਂ ਕੀਤਾ।
ਪੁਲ ਨਾ ਬਣਿਆ ਤਾਂ ਸਘੰਰਸ਼ ਵੀ ਕਰਾਂਗੇ-ਵਿਧਾਇਕ ਪੰਡੋਰੀ- ਇਸ ਸਬੰਧ ਦੇ ਵਿੱਚ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਇਹ ਪੁਲ ਜਲਦੀ ਬਨਣਾ ਚਾਹੀਦਾ ਹੈ ਕਿਉਂਕਿ ਇਸਦੀ ਮਿਆਦ ਲੰਘ ਚੁੱਕੀ ਹੈ ਅਤੇ ਇਸਦੀ ਹਾਲਤ ਲੰਘਣ ਯੋਗ ਨਹੀਂ ਹੈ ਜੇਕਰ ਸਰਕਾਰ ਨੇ ਇਸ ਪੁਲ ਨੂੰ ਬਣਾਉਣ ਲਈ ਕੋਈ ਉਪਰਾਲਾ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤ ਨੂੰ ਮੁੱਖ ਰੱਖਦੀ ਹੋਈ ਸਘੰਰਸ਼ ਤੋਂ ਵੀ ਪਿੱਛੇ ਨਹੀਂ ਹਟੇਗੀ।
ਮੰਤਰੀ ਦੇ ਆਪਣੇ ਜਿਲ੍ਹੇ ਵਿੱਚ ਇਹ ਹਾਲ ਹੈ ਬਾਕੀ ਪੰਜਾਬ ਦਾ ਕੀ ਬਣਦਾ ਹੋਵੇਗਾ? -ਈਸ਼ਰਪਾਲ- ਪਿੰਡ ਪੰਜਗਰਾਈਆਂ ਦੀ ਸਹਿਕਾਰੀ ਖੇਤੀਬਾੜੀ ਸਭਾ ਦੇ ਪ੍ਰਧਾਨ ਈਸਰਪਾਲ ਸਿੰਘ ਨੇ ਕਿਹਾ ਕਿ ਇੱਥੇ ਲੋਕਾਂ ਦੀ ਜਾਨ ਨੂੰ ਬਣੀ ਹੋਈ ਹੈ ਅਤੇ ਅਸੀਂ ਲੰਬੇ ਸਮੇਂ ਤੋਂ ਇਸ ਪੁਲ ਨੂੰ ਬਣਾਉਣ ਦੀ ਮੰਗ ਕਰ ਰਹੇ ਹਾਂ ਪਰ ਕੋਈ ਨਹੀਂ ਸੁਣ ਰਿਹਾ ਦੁੱਖ ਦੀ ਗੱਲ ਤਾਂ ਇਹ ਹੈ ਕਿ ਲੋਕ ਨਿਰਮਾਣ ਮੰਤਰੀ ਦੇ ਆਪਣੇ ਜਿਲ੍ਹੇ ਵਿੱਚ ਇਹ ਹਾਲ ਹੈ ਬਾਕੀ ਪੰਜਾਬ ਦਾ ਕੀ ਬਣਦਾ ਹੋਵੇਗਾ ਸਭ ਦੇ ਸਾਹਮਣੇ ਹੈ।
ਕੀ ਕਹਿੰਦੇ ਹਨ ਐਕਸ਼ੀਅਨ ਪੀ. ਡਬਲਯੂ. ਡੀ- ਇਸ ਸਬੰਧੀ ਜਦੋਂ ਐਕਸ਼ੀਅਨ ਮਲੇਰਕੋਟਲਾ ਸ. ਜਗਦੀਪ ਸਿੰਘ ਤੁੰਗ ਨਾਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਇਸ ਪੁਲ ਬਾਰੇ ਉਹ ਜਲਦ ਹੀ ਰਿਪੋਰਟ ਲੈਂਦੇ ਹਨ ਅਤੇ ਬਣਦਾ ਹੱਲ ਕਰਨਗੇ।
ਕੀ ਕਹਿੰਦੇ ਹਨ ਮੰਤਰੀ ਦੇ ਨਿੱਜੀ ਸਹਾਇਕ – ਇਸ ਸਬੰਧੀ ਜਦੋਂ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਦੇ ਮੋਬਾਇਲ ਫੋਨ ਤੇ ਉਹਨਾਂ ਨਾਲ ਗੱਲ ਕਰਨੀ ਚਾਹੀ ਤਾਂ ਫੋਨ ਸੁਣਦੇ ਹੀ ਉਹਨਾਂ ਦੇ ਨਿੱਜੀ ਸਹਾਇਕ ਨੇ ਕਿਹਾ ਕਿ ਉਹ ਪੁਲ ਬਾਰੇ ਹੁਣੇ ਹੀ ਰਿਪੋਰਟ ਲੈ ਕੇ ਇਸਦਾ ਤੁਰੰਤ ਹੱਲ ਕਰਵਾਉਣਗੇ।
– ਹਰਜੀਤ ਕਾਤਿਲ
ਪੱਤਰਕਾਰ ‘ਪੰਜਾਬ ਟਾਇਮਜ਼’ ਸ਼ੇਰਪੁਰ

Send this to a friend