ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਤੇ ਬੁਲਾਰੇ ਰਹੇ ਸ੍ਰ. ਦਿਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਦੇਸ਼ ਦੀ ਵੰਡ ਵੇਲੇ 10 ਲੱਖ ਤੋਂ ਵੱਧ ਲੋਕਾਂ ਦਾ ਕਤਲ ਹੋਇਆ ,ਕਿਸੇ ਨੂੰ ਵੀ ਅੰਤਿਮ ਅਰਦਾਸ ਨਸੀਬ ਨਹੀਂ ਹੋਈ। ਇਸ ਕਤਲੇਆਮ ਵਿੱਚ ਵੱਖ-ਵੱਖ ਧਰਮਾਂ ਦੇ ਪੰਜਾਬੀ ਲੋਕ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਸ ਨਰਸਿਘਾਰ ਸਮੇਂ ਕਤਲ ਹੋਏ ਸਮੂਹਕ ਲੋਕਾਂ ਦੀ ਅੰਤਿਮ ਅਰਦਾਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿਸ਼ੇਸ਼ ਤੌਰ ਤੇ ਕਰਨਾ ਚਾਹੀਦਾ ਹੈ।
ਅੱਜ ਇਥੇਂ ਸ੍ਰ. ਦਿਲਜੀਤ ਸਿੰਘ ਬੇਦੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੰਗੀ ਤੇ ਪ੍ਰਸੰਸਾ ਵਾਲੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਵੱਲੋ ਗੁਰਦੁਆਰਾ ਮੰਜੀ ਸਾਹਿਬ ਦਿਵਾਨ ਹਾਲ ਵਿਖੇ ਗੁਰੂ ਸਾਹਿਬਾਨ, ਭਗਤਾਂ, ਗੁਰਸਿੱਖਾਂ, ਸ਼ਹੀਦਾਂ ਅਤੇ ਕੌਮੀ ਜਰਨੈਲਾਂ ਦੇ ਵਿਸ਼ੇਸ਼ ਦਿਹਾੜੇ ਮਨਾਏ ਜਾਂਦੇ ਹਨ ਪਰ 1947 ਦਰਮਿਆਨ ਹੋਏ ਵੱਡੇ ਨਰਸਿਘਾਰ ਤੇ ਅਨੇਕਾਂ ਕਿਤਾਬਾਂ ਲਿਖੀਆਂ ਗਈਆਂ ਪਰ ਕਤਲ ਹੋਏ ਲੋਕਾਂ ਦੀਆਂ ਅੰਤਿਮ ਰਸਮਾਂ ਬਾਰੇ ਕਿਸੇ ਨੇ ਅਵਾਜ਼ ਬਲੰਦ ਨਹੀਂ ਕੀਤੀ ਅਤੇ ਸਾਡੀਆਂ ਵੱਡੀਆਂ ਸੰਸਥਾਵਾਂ ਵੀ ਇਸ ਪੱਖ ਤੋਂ ਅਵੇਸਲੀਆਂ ਰਹੀਆਂ ਹਨ।ਉਨ੍ਹਾਂ ਕਿਹਾ ਕਿ ਪੰਜਾਬੀ ਸਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਉਘੇ ਵਿਦਵਾਨ ਲੋਕ ਕਵੀ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਭਾਈ ਗੋਬਿੰਦ ਸਿੰਘ ਲੋਗੋਂਵਾਲ ਪ੍ਰਧਾਨ ਤੇ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਵਿਸ਼ੇਸ਼ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ 15 ਅਗਸਤ ਵਾਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼ ਦੀ ਵੰਡ ਵੇਲੇ ਕਤਲ ਹੋਏ ਸਮੂਹ ਕਤਲ ਹੋਏ ਸਮੂਹ ਲੋਕਾਂ ਜਿਨ੍ਹਾਂ ਨੂੰ ਅੰਤਿਮ ਰਸਮਾਂ ਵੀ ਨਸੀਬ ਨਹੀਂ ਹੋਈਆਂ ਦੇ ਨਮਿਤ ਅਰਦਾਸ ਸਮਾਗਮ ਅਯੋਜਤ ਕਰੇ, ਤਾਂ ਜੋ ਇਨ੍ਹਾਂ ਵਿਛੜੀਆਂ ਰੂਹਾਂ ਨੂੰ ਅੰਤਿਮ ਅਰਦਾਸ ਰਸ ਪ੍ਰਾਪਤ ਹੋ ਸਕੇ। ਸ੍ਰ. ਬੇਦੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਵੀ ਸਾਨੂੰ ਸਰਬੱਤ ਦੇ ਭਲੇ ਦੀ ਕਾਮਨਾ ਲਈ ਪ੍ਰੇਰਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਅਜਿਹਾ ਕਰਨ ਨਾਲ ਸੰਸਾਰ ਪੱਧਰ ਤੇ ਇਕ ਚੰਗਾ ਤੇ ਸਲਾਹੁਣ ਯੋਗ ਸੁਨੇਹਾ ਜਾਵੇਗਾ। ਸਰਬ ਧਰਮਾਂ ਦੇ ਲੋਕ ਸ਼੍ਰੋਮਣੀ ਕਮੇਟੀ ਨੂੰ ਕਦਰ ਦੀਆਂ ਨਿਗਾਹਾਂ ਨਾਲ ਦੇਖਣਗੇ।
ਸ੍ਰ. ਬੇਦੀ ਨੇ ਕਿਹਾ ਕਿ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼ ਵਿਦੇਸ਼ ਦੀਆਂ ਗੁਰਦੁਆਰਾ ਕਮੇਟੀਆਂ ,ਦਿੱਲੀ ਗੁਰਦੁਆਰਾ ਮੇਨੈਜਮੈਂਟ ਕਮੇਟੀ, ਚੀਫ ਖਾਲਸਾ ਦੀਵਾਨ , ਸਭਾ ਸੁਸਾਇਟੀਆਂ ਨੂੰ ਵੀ ਆਪਣੇ ਆਪਣੇ ਇਲਾਕੇ ਦੇ ਗੁਰੂ ਘਰਾਂ ਵਿੱਚ 15 ਅਗਸਤ ਵਾਲੇ ਦਿਨ ਉਨ੍ਹਾਂ ਦੱਸ ਲੱਖ ਤੋਂ ਵੱਧ ਕਤਲ ਹੋਏ ਲੋਕਾਂ ਦੀ ਅੰਤਿਮ ਰਸਮ ਵਜੋਂ “ਅੰਤਿਮ ਅਰਦਾਸ” ਦਿਹਾੜੇ ਵਜੋਂ ਮਨਾਉਣ ਲਈ ਪ੍ਰੇਰਤ ਕਰੇ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਇਸ ਵਿਸ਼ੇਸ਼ ਸਮਾਗਮ ਵੱਲ ਉਚੇਚਾ ਧਿਆਨ ਕਰਨਗੇ।
– ਪੰਜਾਬ ਟਾਇਮਜ਼ ਬਿਊਰੋ