April 21, 2026 10:00 pm

ਪੁਸਤਕ ‘ਧਰਮ, ਦਰਸ਼ਨ ਅਤੇ ਭਾਰਤੀ ਸਮਾਜ’ ਪੜ੍ਹਨਯੋਗ

ਡਾ. ਜਗਜੀਵਨ ਸਿੰਘ ਪੰਜਾਬੀ ਦੇ ਇੱਕ ਨਾਮਵਰ ਲੇਖਕ ਅਤੇ ਆਲੋਚਕ ਹੋਣ ਦੇ ਨਾਲ-ਨਾਲ ਇੱਕ ਹਰਮਨਪਿਆਰੇ ਅਧਿਆਪਕ ਹਨ। ”ਧਰਮ, ਦਰਸ਼ਨ ਅਤੇ ਭਾਰਤੀ ਸਮਾਜ” ਉਨ੍ਹਾਂ ਦੀ ਨਵੀਂ ਅੱਠਵੀਂ ਪੁਸਤਕ ਹੈ ਅਤੇ ਇਸ ਵਿੱਚ ਵੱਖ-ਵੱਖ ਪਹਿਲੂਆਂ ਨਾਲ ਸਬੰਧਿਤ ਕੁੱਲ 11 ਖੋਜ ਪੇਪਰ/ਨਿਬੰਧ ਸ਼ਾਮਲ ਹਨ। ਲੇਖਕ ਨੇ ਹਰ ਵਿਸ਼ੇ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਡੂੰਘਾਈ ਨਾਲ ਨਿਹਾਰਨ ਅਤੇ ਵਿਚਾਰਨ ਉਪਰੰਤ ਭਾਵਪੂਰਤ ਸਿੱਟੇ ਕੱਢ ਕੇ ਪਾਠਕਾਂ ਦਾ ਸੁਚੱਜਾ ਮਾਰਗ-ਦਰਸ਼ਨ ਕਰਨ ਦਾ ਯਤਨ ਕੀਤਾ ਹੈ।
ਪੁਸਤਕ ਵਿੱਚ ਸ਼ਾਮਲ ਪਹਿਲੇ ਚਾਰ ਖੋਜ ਪੇਪਰ ਸਿੱਧੇ ਤੌਰ ‘ਤੇ ਧਰਮ ਨਾਲ ਸਬੰਧ ਰੱਖਦੇ ਹਨ। ”ਅਜੋਕੇ ਵਿਗਿਆਨਕ ਯੁੱਗ ਵਿੱਚ ਧਰਮ ਦੀ ਥਾਂ ਅਤੇ ਅਹਿਮੀਅਤ” ਵਿੱਚ ਲੇਖਕ ਦਾ ਕਹਿਣਾ ਹੈ ਕਿ ਅਸੀਂ ਭਾਰਤੀ ਲੋਕ ਮੂਲ ਰੂਪ ਵਿੱਚ ਧਰਮ ਆਧਾਰਿਤ ਸਭਿਆਚਾਰਕ ਪਰੰਪਰਾ ਦੇ ਧਾਰਨੀ ਰਹੇ ਹਾਂ ਅਤੇ ਧਰਮ ਸਦਾ ਹੀ ਸਾਡੀ ਜੀਵਨ-ਜਾਚ ਦਾ ਮੂਲ ਅਧਾਰ ਰਿਹਾ ਹੈ। ਵਰਤਮਾਨ ਯੁੱਗ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ ਅਤੇ ਨਿਰਸੰਦੇਹ ਇਸ ਦੀ ਤਰੱਕੀ ਨਾਲ ਮਨੁੱਖ ਨੂੰ ਬੇਸ਼ਕੀਮਤੀ ਸੁੱਖ ਅਤੇ ਸਹੂਲਤਾਂ ਉਪਲਬਧ ਹੋਈਆਂ ਹਨ। ਪਰ ਇਸ ਦਾ ਨਕਾਰਤਮਿਕ ਪ੍ਰਭਾਵ ਇਹ ਪਿਆ ਹੈ ਕਿ ਮਨੁੱਖ ਰੂਹਾਨੀ ਉੱਚਤਾ, ਕਿਰਦਾਰ ਦੀ ਸੁੱਚਤਾ ਅਤੇ ਮਨ ਦੀ ਸ਼ਾਂਤੀ ਖੋ ਬੈਠਾ ਹੈ। ਇਸ ਦਾ ਭਾਵ ਹੈ ਕਿ ਧਰਮ ਅਤੇ ਨੈਤਿਕਤਾ ਤੋਂ ਬਗ਼ੈਰ ਵਿਗਿਆਨ ਕਦੀ ਵੀ ਸਾਰਥਿਕ ਸਿੱਟੇ ਨਹੀਂ ਦੇ ਸਕਦਾ।
ਦੂਸਰੇ ਨਿਬੰਧ ਵਿੱਚ ਲੇਖਕ ਨੇ ਡਾ. ਗੁਰਮੀਤ ਸਿੰਘ ਸਿੱਧੂ ਦੀ ਸਾਲ 2014 ਵਿੱਚ ਛਪੀ ਪੁਸਤਕ ”ਧਰਮ: ਆਧੁਨਿਕ ਅਤੇ ਉਤਰਆਧੁਨਿਕ ਸਿਧਾਂਤ” ਦਾ ਆਲੋਚਨਾਤਮਕ ਅਧਿਐਨ ਪੇਸ਼ ਕੀਤਾ ਹੈ। ਧਰਮ ਬਾਰੇ ਲੇਖਕ ਦਾ ਕਹਿਣਾ ਹੈ ਕਿ ਇਹ ਇੱਕ ਅੰਤਰ-ਯਾਤਰਾ ਹੈ ਅਤੇ ਇਸ ਤੋਂ ਸੱਖਣਾ ਮਨੁੱਖ ਸਭ ਕੁੱਝ ਹੋਣ ਦੇ ਬਾਵਜੂਦ ਵੀ ਸੱਚੀ ਖ਼ੁਸ਼ੀ ਨਹੀਂ ਮਾਣ ਸਕਦਾ। ਕੁੱਲ 14 ਖੋਜ-ਪਰਚਿਆਂ ਵਾਲੀ ਇਸ ਪੁਸਤਕ ਦਾ ਕੇਂਦਰ-ਬਿੰਦੂ ਧਰਮ ਹੀ ਹੈ।
”ਧਰਮ ਦੇ ਨਜ਼ਰੀਏ ਤੋਂ ਵਾਤਾਵਰਣ ਸੰਭਾਲ” ਖੋਜ ਪਰਚੇ ਵਿੱਚ ਲੇਖਕ ਨੇ ਮਨੁੱਖ ਦੀ ਵਾਤਾਵਰਣ ਉੱਪਰ ਨਿਰਭਰਤਾ ਉਜਾਗਰ ਕਰਦਿਆਂ ਵਾਤਾਵਰਣ ਵਿੱਚ ਆ ਰਹੇ ਨਿਰੰਤਰ ਵਿਗਾੜ ਉੱਪਰ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਚੌਥੇ ਖੋਜ ਪਰਚੇ ਅੰਦਰ ਲੇਖਕ ਨੇ ਸਮਾਜਿਕ ਸਦਭਾਵਨਾ ਨੂੰ ਕਾਇਮ ਰੱਖਣ ਲਈ ਧਰਮ ਦੀ ਭੂਮਿਕਾ ਅਤੇ ਦੇਣ ਬਾਰੇ ਚਰਚਾ ਕੀਤੀ ਹੈ। ਧਰਮ ਦੀ ਵਿਆਖਿਆ ਕਰਦਿਆਂ ਵਿਦਵਾਨ ਲੇਖਕ ਦਾ ਕਹਿਣਾ ਹੈ ਕਿ ਧਰਮ ਇਸ ਨਾਲ ਜੋੜੇ ਜਾਂਦੇ ਰੀਤੀ-ਰਿਵਾਜਾਂ, ਕਰਮ-ਕਾਡਾਂ, ਵਹਿਮਾਂ-ਭਰਮਾਂ ਅਤੇ ਕੂੜ੍ਹ ਪ੍ਰਚਾਰ ਦਾ ਨਾਮ ਨਹੀਂ। ਧਰਮ ਤਾਂ ਇੱਕ ਅਜਿਹਾ ਕੀਮਤੀ ਅਤੇ ਅਰਥਮਈ ਵਰਤ-ਵਰਤਾਰਾ ਹੈ ਜੋ ਮੁੱਖ ਰੂਪ ਵਿੱਚ ਦੋ ਤੱਤਾਂ- ਨੈਤਿਕਤਾ ਅਤੇ ਰੂਹਾਨੀਅਤ ਅਰਥਾਤ ਪਰਮਾਤਮਾ ਦੀ ਰਜ਼ਾ ਅਤੇ ਬੰਦਗੀ ਨਾਲ ਜੁੜੇ ਸੂਖ਼ਮ ਰਹੱਸਵਾਦੀ ਅਨੁਭਵ ‘ਤੇ ਆਧਾਰਿਤ ਹੈ। ਅਗਲਾ ਖੋਜ ਪੇਪਰ ਭਾਰਤ ਦੇ ਬਹੁਪੱਖੀ ਪ੍ਰਤਿਭਾ ਵਾਲੇ ਲੇਖਕ, ਦਾਰਸ਼ਨਿਕ, ਸਿੱਖਿਆ ਸ਼ਾਸਤਰੀ ਅਤੇ ਦੇਸ਼ ਭਗਤ ਗੁਰੂਦੇਵ ਰਬਿੰਦਰ ਨਾਥ ਟੈਗੋਰ ਦੀ ਫ਼ਿਰਕੂ ਸਦਭਾਵਨਾ ਨੂੰ ਦੇਣ ਬਾਰੇ ਵਿਸਤ੍ਰਿਤ ਚਰਚਾ ਕਰਦਾ ਹੈ। ਲੇਖਕ ਦੇ ਆਪਣੇ ਸ਼ਬਦਾਂ ਵਿੱਚ: ਹਰ ਪ੍ਰਕਾਰ ਦੀਆਂ ਵੰਡੀਆਂ ਅਤੇ ਹੱਦਬੰਦੀਆਂ ਤੋਂ ਨਿਰਲੇਪ, ਉਹ ਇੱਕ ਦਰਵੇਸ਼ ਕਿਸਮ ਦੇ ਸਰਬ-ਸਾਂਝੇ ਅੰਤਰ-ਰਾਸ਼ਟਰੀ ਮਨੁੱਖ ਸਨ; ਮਨੁੱਖਤਾ ਦੇ ਮਸੀਹਾ ਸਨ।
ਛੇਵਾਂ ਨਿਬੰਧ ”ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ” ਚੌਥੇ ਖੋਜ ਪਰਚੇ ਵਾਂਗ ਹੀ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਮਜ਼ਹਬ ਅਰਥਾਤ ਧਰਮ ਆਪਸੀ ਪਿਆਰ ਸਿਖਾਉਂਦਾ ਹੈ, ਵੈਰ-ਵਿਰੋਧ ਨਹੀਂ। ਅਗਲੇ ਖੋਜ ਪਰਚੇ ਵਿੱਚ ਭਾਰਤੀ ਦਰਸ਼ਨ ਅਤੇ ਸਮਾਜ ਵਿੱਚ ਵੈਰਾਗ ਅਨੁਭਵ ਬਾਰੇ ਡੂੰਘੀ ਅਤੇ ਵਿਸਤ੍ਰਿਤ ਚਰਚਾ ਕੀਤੀ ਗਈ ਹੈ। ਲੇਖਕ ਅਨੁਸਾਰ ਭਾਰਤੀ ਧਰਮਾਂ ਦੀ ਲੰਮੀ ਦਾਰਸ਼ਨਿਕ ਪਰੰਪਰਾ ਵਿੱਚ ਵੈਰਾਗ ਅਨੁਭਵ ਦੀ ਥਾਂ ਬੜੀ ਬੁਨਿਆਦੀ, ਕੀਮਤੀ ਅਤੇ ਮਹੱਤਵਪੂਰਨ ਹੈ। ਵੈਰਾਗ ਦੀ ਪਰਿਭਾਸ਼ਾ ਦਿੰਦਿਆਂ ਲੇਖਕ ਲਿਖਦਾ ਹੈ ਕਿ ਇਹ ਪਰਮਾਤਮਾ ਅਥਵਾ ਧਰਮ ਦੇ ਰਾਹ ‘ਤੇ ਤੁਰਨ ਵਾਲੇ ਸਾਧਕ (ਅੰਤਰ-ਯਾਤਰੂ) ਦੀ ਉਸ ਮਨੋ-ਅਵਸਥਾ ਦਾ ਨਾਂ ਹੈ।
ਅੱਠਵੇਂ ਖੋਜ ਪਰਚੇ ਵਿੱਚ ਲੇਖਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਨੁੱਖੀ ਮੁਕਤੀ ਦਾ ਪ੍ਰਵਚਨ ਮੰਨਦਿਆਂ ਦੋ ਗੱਲਾਂ ਦਾ ਬੜਾ ਸਪਸ਼ਟ ਵਰਣਨ ਕੀਤਾ ਹੈ। ਪਹਿਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੁਕਤੀ ਤੋਂ ਕੀ ਭਾਵ ਲਿਆ ਗਿਆ ਹੈ। ਦੂਜਾ, ਇਸ ਅਨੁਸਾਰ ਮੁਕਤੀ ਪ੍ਰਾਪਤ ਕਿਵੇਂ ਕੀਤੀ ਜਾ ਸਕਦੀ ਹੈ। ਸਿੱਖ ਧਰਮ ਅਨੁਸਾਰ ਮੁਕਤੀ ਸੰਸਾਰ ਤੋਂ ਭੱਜਣ ਵਿੱਚ ਨਹੀਂ ਸਗੋਂ ਇਸ ਵਿੱਚ ਰਹਿੰਦੇ ਹੋਏ ਨਿਰੰਕਾਰ ਨੂੰ ਪ੍ਰਾਪਤ ਕਰਨ ਵਿੱਚ ਹੈ। ਜਦ ਮਨੁੱਖ ‘ਜੈਸੇ ਜਲ ਮਹਿ ਕਮਲ ਅਲੇਪ’ ਅਤੇ ‘ਅੰਜਨ ਮਾਹਿ ਨਿਰੰਜਨਿ ਰਹੀਐ’ ਵਾਲੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਤਾਂ ਉਸ ਦੀ ਹਾਲਤ ‘ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ£’ ਵਾਲੀ ਹੋ ਜਾਂਦੀ ਹੈ। ”ਗੁਰਮਤਿ ਵਿੱਚ ਸ਼ਹਾਦਤ ਅਤੇ ਸੂਰਮੇ ਦਾ ਸੰਕਲਪ” ਖੋਜ ਪੇਪਰ ਵਿੱਚ ਲੇਖਕ ਦਾ ਕਹਿਣਾ ਹੈ ਕਿ ਸਿੱਖ ਇਤਿਹਾਸ ਸੂਰਮਤਾਈ ਅਤੇ ਸ਼ਹਾਦਤਾਂ ਦੀ ਲੜੀ ਦੀ ਉਹ ਵਿਲੱਖਣ ਗੌਰਵਗਾਥਾ ਹੈ ਜਿਸਦੀ ਬਰਾਬਰੀ ਕਰਨ ਦੀ ਸਮਰੱਥਾ ਸ਼ਾਇਦ ਦੁਨੀਆਂ ਦੀ ਕਿਸੇ ਵੀ ਕੌਮ ਦੇ ਇਤਿਹਾਸ ਵਿੱਚ ਨਹੀਂ। ਸਿੱਖ ਆਪਣੀ ਆਨ, ਸ਼ਾਨ, ਅਣਖ, ਆਬਰੂ ਅਤੇ ਸੁਤੰਤਰਤਾ ਲਈ, ਆਪਣੇ ਫ਼ਰਜ਼, ਧਰਮ ਅਤੇ ਅਸੂਲਾਂ ਲਈ ਅਤੇ ਦੇਸ਼, ਕੌਮ ਅਤੇ ਗਰੀਬਾਂ-ਮਜ਼ਲੂਮਾਂ ਦੀ ਰੱਖਿਆ ਲਈ ਮਰ ਮਿਟਣ ਤੋਂ ਕਦੀ ਵੀ ਸੰਕੋਚ ਨਹੀਂ ਕਰਦਾ। ਜ਼ਲਾਲਤ ਭਰੀ ਜ਼ਿੰਦਗੀ ਜਿਊਣ ਨਾਲੋਂ ਉਹ ਮੌਤ ਨੂੰ ਤਰਜੀਹ ਦਿੰਦਾ ਹੈ। ਇਹ ਧਰਮ ਤਾਂ ਸਿਰ ਤਲੀ ‘ਤੇ ਧਰ ਪ੍ਰੇਮੀ ਦੀ ਗਲੀ ਜਾਣ ਦਾ ਅਤੇ ‘ਖੇਤ’ ਛੱਡਣ ਨਾਲੋਂ ਪੁਰਜਾ-ਪੁਰਜਾ ਕਟ ਮਰਨ ਨੂੰ ਪਹਿਲ ਦੇਣ ਵਾਲਾ ਹੈ। ਜਿਸ ਮੌਤ ਤੋਂ ਦੁਨੀਆਂ ਡਰਦੀ ਹੈ, ਸਿੱਖ ਨੂੰ ਉਸ ਮੌਤ ਨਾਲ ਮਿਲਾਪ ਦਾ ਚਾਅ ਹੁੰਦਾ ਹੈ ਕਿਉਂਕਿ ਉਹ ਵਿਸ਼ਵਾਸ ਕਰਦਾ ਹੈ ਕਿ ਮਰਨ ਨਾਲ ਹੀ ਪੂਰਨ ਪਰਮਾਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਸੋ ਸੂਰਬੀਰਤਾ ਸਿੱਖੀ ਦਾ ਖ਼ਾਸਾ ਅਤੇ ਸ਼ਹਾਦਤ ਉਸ ਲਈ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ।
ਨਿਬੰਧ ”ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ” ਸਾਨੂੰ ਇਸ ਗੱਲ ਦੀ ਸੋਝੀ ਕਰਵਾਉਂਦਾ ਹੈ ਕਿ ਸਾਡੇ ਬਾਬਿਆਂ ਅਥਵਾ ਬਜ਼ੁਰਗਾਂ ਜਾਂ ਵਡੇਰਿਆਂ ਦੀਆਂ ਕਹਾਣੀਆਂ, ਪੁੱਤਾਂ ਨੂੰ ਸਪੁੱਤ ਅਰਥਾਤ ਅੱਛੇ, ਲਾਇਕ ਅਤੇ ਸਲੱਗ ਪੁੱਤ ਬਣਾ ਦਿੰਦੀਆਂ ਹਨ। ਸਿਆਣੇ ਬਜ਼ੁਰਗਾਂ ਦੀ ਰਾਇ, ਭਾਵੇਂ ਉਹ ਬਜ਼ੁਰਗ ਸਾਡੇ ਖ਼ਾਨਦਾਨ ਦੇ ਹੋਣ ਅਤੇ ਭਾਵੇਂ ਸਾਡੀ ਕੌਮ ਦੇ ਹੋਣ, ਕਦੇ ਵੀ ਸਿੱਟ ਪਾਉਣ ਵਾਲੀ ਨਹੀਂ ਹੁੰਦੀ ਅਤੇ ਸਾਨੂੰ ਹਮੇਸ਼ਾਂ ਹੀ ਉਨ੍ਹਾਂ ਤੋਂ ਅਗਵਾਈ ਲੈਂਦੇ ਰਹਿਣਾ ਚਾਹੀਦਾ ਹੈ। ਇੱਥੇ ਲੇਖਕ ਨੇ ਬਹੁਤ ਸਾਰੀਆਂ ਉਦਾਹਰਣਾਂ ਦੇ ਕੇ ਇਹ ਵੀ ਸਪਸ਼ਟ ਕੀਤਾ ਹੈ ਕਿ ਬਾਬਾ ਗੁਣਵੱਤਾ-ਸੂਚਕ ਸ਼ਬਦ ਹੈ, ਗਿਣਤੀ-ਸੂਚਕ ਨਹੀਂ। ਇਸ ਦਾ ਭਾਵ ਹੈ ਕਿ ਕੋਈ ਵਿਅਕਤੀ ਆਪਣੇ ਗੁਣਾਂ ਅਤੇ ਕੰਮਾਂ ਕਰਕੇ ਬਾਬਾ ਜਾਂ ਵੱਡਾ ਬਣਦਾ ਹੈ, ਕੇਵਲ ਉਮਰ ਕਰਕੇ ਨਹੀਂ। ਪੁਸਤਕ ਦੇ ਆਖ਼ਰੀ ਖੋਜ ਪਰਚੇ ਵਿੱਚ ਲੇਖਕ ਨੇ ਭਾਰਤੀ ਸਮਾਜ ਉੱਪਰ ਵਿਸ਼ਵੀਕਰਣ ਦੇ ਪ੍ਰਭਾਵਾਂ ਦਾ ਉਲੇਖ ਕੀਤਾ ਹੈ। ਨਿਰਸੰਦੇਹ, ਵਿਸ਼ਵੀਕਰਣ ਦੀ ਧਾਰਨਾ ਬੁਰੀ ਨਹੀਂ ਕਿਉਂਕਿ ਇਸ ਨਾਲ ਰਾਸ਼ਟਰਾਂ ਦਰਮਿਆਨ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਹੁੰਦਾ ਹੈ ਅਤੇ ਸਮੁੱਚਾ ਸੰਸਾਰ ਇੱਕ ਪਿੰਡ ਬਣਨ ਵੱਲ ਤੁਰਦਾ ਹੈ। ਪਰ ਅਸਲੀਅਤ ਇਸ ਤੋਂ ਬਿਲਕੁਲ ਵੱਖਰੀ ਜਾਪਦੀ ਹੈ। ਸਮੁੱਚੇ ਤੌਰ ‘ਤੇ ਵਾਚਦਿਆਂ ਪੁਸਤਕ ਬਹੁਤ ਹੀ ਜਾਣਕਾਰੀ-ਭਰਪੂਰ, ਗਿਆਨ-ਵਰਧਕ, ਸਿੱਖਿਆਦਾਇਕ ਅਤੇ ਰੌਚਿਕ ਹੋ ਨਿਬੜਦੀ ਹੈ। ਪੁਸਤਕ ਵਿੱਚ ਇੱਕ ਪਾਸੇ ਧਰਮ ਦੇ ਭਾਰਤੀ ਸਮਾਜ, ਦਰਸ਼ਨ ਅਤੇ ਚਿੰਤਨ ਉੱਪਰ ਪ੍ਰਭਾਵਾਂ ਬਾਰੇ ਵਿਸਤ੍ਰਿਤ ਚਰਚਾ ਕੀਤੀ ਗਈ ਹੈ ਅਤੇ ਦੂਜੇ ਪਾਸੇ ਧਰਮ ਨੂੰ ਸਹੀ ਪਰਿਪੇਖ ਵਿੱਚ ਵੇਖਣ ਦਾ ਯਤਨ ਕੀਤਾ ਗਿਆ ਹੈ। ਪੁਸਤਕ ਵਿੱਚ ਦਿੱਤੇ ਗਏ ਇਤਿਹਾਸਕ ਅਤੇ ਮਿਥਿਹਾਸਕ ਹਵਾਲੇ ਜਿੱਥੇ ਇਸ ਨੂੰ ਵਧੇਰੇ ਰੌਚਿਕ ਬਣਾਉਂਦੇ ਹਨ, ਉੱਥੇ ਹੀ ਇਸ ਵਿੱਚ ਆਏ ਤੱਥਾਂ ਦੇ ਸਹੀ ਹੋਣ ਦੀ ਪੁਸ਼ਟੀ ਵੀ ਕਰਦੇ ਹਨ। ਇਸ ਦੇ ਨਾਲ ਹੀ ਪੁਸਤਕ ਵਿੱਚ ਸਮਾਜ ਲਈ ਪੈਦਾ ਹੋ ਰਹੀਆਂ ਨਵੀਆਂ ਚੁਣੌਦੀਆਂ ਬਾਰੇ ਵੀ ਚਰਚਾ ਛੇੜੀ ਗਈ ਹੈ। ਪੁਸਤਕ ਲੇਖਕ ਦੀ ਵਿਦਵਤਾ, ਗਿਆਨਵਾਨਤਾ, ਚੇਤਨਤਾ ਅਤੇ ਘਾਲਣਾ ਦੀ ਮੂੰਹ-ਬੋਲਦੀ ਤਸਵੀਰ ਹੈ ਅਤੇ ਉਹ ਇਸ ਲਈ ਵਧਾਈ ਦਾ ਹੱਕਦਾਰ ਹੈ। ਪੁਸਤਕ ਨੂੰ ਦਿਲੋਂ ਜੀ ਆਇਆਂ ਨੂੰ।

Send this to a friend