ਪੰਜਾਬ ’ਚ ਲੋਕ ਸਭਾ ਚੋਣਾਂ ਲਈ ਵੋਟਾਂ ਦਾ ਦਿਨ ਆ ਗਿਆ ਹੈ। 30 ਅਪ੍ਰੈਲ ਨੂੰ ਪੰਜਾਬ ਦੇ ਸਾਰੇ ਵੋਟਰ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰ ਸਕਣਗੇ। ਚੋਣ ਪ੍ਰਚਾਰ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ। ਇਸ ਵਾਰ ਪੰਜਾਬ ਵਿੱਚ ਚੋਣਾਂ ਦਾ ਰੰਗ ਕੁਝ ਵੱਖਰਾ ਹੈ। ਵੋਟਰਾਂ ਵਿੱਚ ਪਹਿਲਾਂ ਦੇ ਮੁਕਾਬਲੇ ਵਧੇਰੇ ਜਾਗ੍ਰਿਤੀ ਅਤੇ ਉਤੇਜਨਾ ਨਜ਼ਰ ਆ ਰਹੀ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਇਸ ਵਾਰ ਆਪਣੀ ਜਿੱਤ ਪੱਕੀ ਕਰਨ ਲਈ ਕਾਫੀ ਜ਼ੋਰ ਅਜ਼ਮਾਈ ਕਰਨੀ ਪਈ ਹੈ। ਇਸ ਨਜ਼ਰੀਏ ਤੋਂ ਲੱਗਦਾ ਹੈ ਕਿ ਪੰਜਾਬ ਵਿੱਚ ਇਸ ਵਾਰ ਪਿਛਲੀਆਂ ਚੋਣਾਂ ਦੇ ਮੁਕਾਬਲੇ ਵਧੇਰੇ ਮੱਤਦਾਨ ਹੋਵੇਗਾ। ਵੋਟ ਅਸਲ ਵਿੱਚ ਇਕ ਨਾਗਰਿਕ ਦੀ ਆਵਾਜ਼ ਹੁੰਦੀ ਹੈ। ਇਸ ਆਵਾਜ਼ ਨੂੰ ਬੁਲੰਦ ਕਰਨਾ ਹਰ ਨਾਗਰਿਕ ਦਾ ਬੁਨਿਆਦੀ ਸੰਵਿਧਾਨਿਕ ਅਧਿਕਾਰ ਹੈ। ਪਿਛਲੀ ਲੋਕ ਸਭਾ ਚੋਣ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੇ 70 ਫੀਸਦੀ ਦੇ ਨਜ਼ਦੀਕ ਆਪਣੇ ਮੱਤ ਅਧਿਕਾਰ ਦੀ ਵਰਤੋਂ ਕੀਤੀ ਸੀ। ਤਾਜ਼ਾ ਚੋਣ ਵਿੱਚ ਸਿਆਸੀ ਉਤੇਜਨਾ ਦੇ ਬਾਵਜੂਦ ਲੋਕ ਪੂਰੇ ਠਰੰਮੇ ਅਤੇ ਸਹਿਜ ਨਾਲ ਵਿਚਰ ਰਹੇ ਨਜ਼ਰ ਆਏ ਹਨ। ਇਸ ਸਮੇਂ ਦੌਰਾਨ ਪੰਜਾਬ ਵਿੱਚ ਕਿੱਧਰੇ ਵੀ ਕੋਈ ਹਿੰਸਕ ਘਟਨਾ ਨਹੀਂ ਹੋਈ। ਬੇਸ਼ੱਕ ਸਿਆਸੀ ਨੇਤਾਵਾਂ ਵੱਲੋਂ ਅਜਿਹੇ ਹਾਲਾਤ ਪੈਦਾ ਕੀਤੇ ਗਏ ਹਨ ਕਿ ਚੋਣਾਂ ਹਿੰਸਕ ਰੂਪ ਲੈ ਸਕਦੀਆਂ ਹਨ ਪਰੰਤੂ ਆਪਣੀ ਪ੍ਰੰਪਰਾ ਮੁਤਾਬਿਕ ਪੰਜਾਬ ਦੇ ਲੋਕ ਅਮਨ ਅਮਾਨ ਨਾਲ ਵੋਟਾਂ ਪਾਉਣ ਵਿੱਚ ਯਕੀਨ ਕਰਦੇ ਹਨ। ਸਾਰੇ ਖਦਸ਼ਿਆਂ ਦੇ ਬਾਵਜੂਦ ਇਹ ਯਕੀਨੀ ਹੈ ਕਿ ਪੰਜਾਬ ਵਿੱਚ ਚੋਣਾਂ ਦਾ ਦਿਨ ਅਮਨ ਅਮਾਨ ਨਾਲ ਲੰਘ ਜਾਵੇਗਾ। ਚੋਣ ਕਮਿਸ਼ਨ ਨੇ ਚੋਣਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਹਨ। ਇਹ ਚੋਣਾਂ ਇਕ ਵਾਰ ਫਿਰ ਇਸ ਗੱਲ ਦੀ ਪੁਸ਼ਟੀ ਕਰਨਗੀਆਂ ਕਿ ਪੰਜਾਬ ਦੇ ਲੋਕ ਸ਼ਾਂਤੀਪਸੰਦ ਅਤੇ ਸਦਭਾਵਨਾ ਦੇ ਰਾਖੇ ਹਨ। ਆਮ ਲੋਕਾ ਸਿਆਸੀ ਪਾਰਟੀਆਂ ਦੇ ਬਹਿਕਾਵੇ ਵਿੱਚ ਆ ਕੇ ਕਿੱਧਰੇ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਨਹੀਂ ਕਰਨਗੇ। ਇਸ ਵਾਰ ਪੰਜਾਬ ਦੇ ਲੋਕ ਵੱਡੀ ਤਬਦੀਲੀ ਲਈ ਵੋਟ ਪਾਉਣ ਜਾ ਰਹੇ ਹਨ । ਇਹ ਉਮੀਦ ਕਰਨੀ ਚਾਹੀਦੀ ਹੈ ਕਿ ਪੰਜਾਬ ਦੇਸ਼ ਨੂੰ ਇਕ ਨਵਾਂ ਰਾਹ ਦਿਖਾਵੇਗਾ। ਪੰਜਾਬ ਦੇ ਸਾਰੇ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮੱਤ ਦਾ ਅਧਿਕਾਰ ਜ਼ਰੂਰ ਕਰਨ। ਆਪਣੇ ਵੋਟ ਅਧਿਕਾਰ ਦੀ ਵਰਤੋਂ ਨਾ ਕਰਨਾ ਹੀ ਸਾਡੀਆਂ ਕਈ ਮੁਸ਼ਕਲਾਂ ਦਾ ਕਾਰਨ ਹੈ। ਬੇਸ਼ੱਕ ਸਿਆਸੀ ਨੇਤਾਵਾਂ ਅਤੇ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਕਾਰਨ ਲੋਕਾਂ ਦਾ ਰਾਜ ਪ੍ਰਬੰਧ ਵਿੱਚ ਵਿਸ਼ਵਾਸ ਨਹੀਂ ਰਿਹਾ। ਜੇਕਰ ਲੋਕਾਂ ਦੀ ਲੋਕਤੰਤਰ ਵਿੱਚ ਆਸਥਾ ਬਚੀ ਹੋਈ ਹੈ, ਤਾਂ ਉਸ ਦੇ ਹੋਰ ਕਾਰਨ ਹਨ। ਇਹ ਬਹੁਤ ਦੁਖਦ ਸਥਿਤੀ ਹੈ ਕਿ ਸਿਆਸੀ ਨੇਤਾਵਾਂ ਦਾ ਵਿਵਹਾਰ ਚੋਣਾਂ ਦੌਰਾਨ ਬੇਹੱਦ ਨਿਰਾਸ਼ਾਜਨਕ ਅਤੇ ਗੈਰ-ਸੱਭਿਅਕ ਰਿਹਾ। ਰਾਜਨੀਤੀ ਦੇ ਸੱਭਿਆਕਰਨ ਲਈ ਪੰਜਾਬ ਨੂੰ ਹਾਲੇ ਹੋਰ ਪੈਂਡਾ ਤਹਿ ਕਰਨਾ ਪਵੇਗਾ। ਰਾਜਸੀ ਨੇਤਾਵਾਂ ਨੂੰ ਪੰਜਾਬ ਦੇ ਲੋਕਾਂ ਤੋਂ ਇਹ ਗੱਲ ਸਿੱਖਣ ਦੀ ਲੋੜ ਹੈ ਕਿ ਕਿਵੇਂ ਵਿਰੋਧੀ ਵਿਚਾਰਾਂ ਵਾਲੇ ਲੋਕਾਂ ਨਾਲ ਵਿਚਰਨਾ ਹੈ ਅਤੇ ਭੜਕਾਉ ਤੋਂ ਭੜਕਾਉ ਹਾਲਾਤਾਂ ਦੌਰਾਨ ਸੰਜਮ ਬਣਾਈ ਰੱਖਣਾ ਹੈ। ਪੰਜਾਬ ਦੇ ਲੋਕ ਇਸ ਗੱਲ ਲਈ ਸੱਚਮੁੱਚ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਹਰ ਹਾਲਾਤ ਵਿੱਚ ਠਰੰਮੇ ਦਾ ਲੜ ਨਹੀਂ ਛੱਡਿਆ। ਚੋਣਾਂ ਦੌਰਾਨ ਹਾਰ-ਜਿੱਤ ਨੂੰ ਵਕਾਰ ਦਾ ਸਵਾਲ ਬਣਾਉਣ ਵਾਲੇ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਅੱਗੇ ਤੋਂ ਅਜਿਹੀ ਰਾਜਸੀ ਰਣਨੀਤੀ ਤੋਂ ਤੌਬਾ ਕਰ ਲੈਣ, ਜਿਸ ਨਾਲ ਸਮਾਜ ਅੰਦਰਲੀ ਸਦਭਾਵਨਾ ਖਤਰੇ ਵਿੱਚ ਪੈਂਦੀ ਹੋਵੇ। ਚੋਣਾਂ ’ਚ ਹਾਰ ਜਿੱਤ ਨੂੰ ਖੇਡ ਭਾਵਨਾ ਨਾਲ ਲੈਣਾ ਬੇਹੱਦ ਜ਼ਰੂਰੀ ਹੈ। ਚੋਣਾਂ ਦੌਰਾਨ ਜਾਂਗਲੀ ਵਿਵਹਾਰ, ਸੱਭਿਆ ਸਮਾਜ ਲਈ ਵੱਡਾ ਖਤਰਾ ਹੈ। ਸਿਆਸੀ ਨੇਤਾਵਾਂ ਲਈ ਇਹ ਵੀ ਜ਼ਰੂਰੀ ਹੈ ਕਿ ਚੋਣਾਂ ਦੇ ਨਤੀਜੇ ਭਾਵੇਂ ਕੁੱਝ ਵੀ ਹੋਣ, ਪ੍ਰੰਤੂ ਆਮ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਨੂੰ ਸਿਰ-ਮੱਥੇ ਪ੍ਰਵਾਨ ਕਰਨ। ਸਾਨੂੰ ਵਿਸ਼ਵਾਸ ਹੈ ਕਿ ਪੰਜਾਬ ਦੇ ਲੋਕ ਇਨ੍ਹਾਂ ਚੋਣਾਂ ਦੌਰਾਨ ਬਿਲਕੁਲ ਸਹੀ ਫਤਵਾ ਦੇਣਗੇ, ਜਿਹੜਾ ਪੰਜਾਬ ਦੀ ਭਲਾਈ ਵਿੱਚ ਹੀ ਹੋਵੇਗਾ। ਪੰਜਾਬ ਦੇ ਲੋਕਾਂ ਨੇ ਹਮੇਸ਼ਾ ਦਰੁਸਤ ਸਿਆਸੀ ਦਿਸ਼ਾ ਨੂੰ ਤਰਜੀਹ ਦਿੱਤੀ ਹੈ। ਪੰਜਾਬ ਦੀ ਭਲਾਈ ਬਾਰੇ ਇੱਥੋਂ ਦੇ ਲੋਕਾਂ ਤੋਂ ਵੱਧ ਹੋਰ ਕੋਈ ਨਹੀਂ ਸੋਚ ਸਕਦਾ। ਸਿਆਸੀ ਨੇਤਾਵਾਂ ਲਈ ਜਿੱਤ-ਹਾਰ ਤਾਂ ਨਿੱਜੀ ਲਾਭ ਜਾਂ ਹਾਨੀ ਨਾਲ ਜੁੜੀ ਹੋਈ ਹੁੰਦੀ ਹੈ, ਪ੍ਰੰਤੂ ਆਮ ਲੋਕਾਂ ਨੇ ਆਪਣੇ ਹਿੱਤਾਂ ਦੀ ਰਾਖੀ ਲਈ ਫੈਸਲਾ ਲੈਣਾ ਹੁੰਦਾ ਹੈ, ਇਸ ਲਈ ਉਸ ਫੈਸਲੇ ਦਾ ਸਤਿਕਾਰ ਕਰਨਾ ਬਣਦਾ ਹੈ। ਚੋਣ ਨਤੀਜੇ ਤੋਂ ਬਾਅਦ ਵੀ ਪੰਜਾਬ ’ਚ ਸ਼ਾਂਤੀ ਅਤੇ ਸਦਭਾਵਨਾ ਦੇ ਮਾਹੌਲ ਨੂੰ ਬਣਾਈ ਰੱਖਣ ਲਈ ਨੇਤਾਵਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
ਬਲਜੀਤ ਸਿੰਘ ਬਰਾੜ



