ਰੁੱਕਣਾ ਇਨਸਾਨ ਦਾ ਕੰਮ ਨਹੀ, ਚਲਦੀ ਚਾਲ ਨੂੰ ਜਿੰਦਗੀ ਕਿਹਾ ਜਾਂਦਾ ਹੈ, ਸਾਹ ਰੁੱਕ ਜਾਣ ਤਾਂ ਮੌਤ ਹੋ ਜਾਂਦੀ ਹੈ ਅਤੇ ਜੋ ਰੁੱਕਿਆ ਉਹ ਮੰਜਿਲ ‘ਤੇ ਨਹੀ ਪਹੁੰਚ ਸਕਿਆ। ਚਲਦੇ ਚਲਦੇ ਹਜਾਰਾਂ ਮੀਲ ਰਸਤਾ ਤੈਅ ਕੀਤਾ ਜਾ ਸਕਦਾ ਹੈ ਪਰ ਰੁੱਕ ਜਾਣ ‘ਤੇ ਇੱਕ ਕਦਮ ਵੀ ਨਹੀ ਤੁਰਿਆ ਜਾ ਸਕਦਾ। ਜਿਸ ਨੇ ਮਨ ‘ਚ ਕੁੱਝ ਹਾਸਿਲ ਕਰਨ ਦਾ ਫੈਸਲਾ ਕੀਤਾ ਉਹ ਉਸ ਦੀ ਪ੍ਰਾਪਤੀ ਲਈ ਤੁਰ ਪਿਆ ਅਤੇ ਜੇਤੂ ਬਣ ਗਿਆ ਪਰ ਜੋ ਹਾਲੇ ਮਨ ‘ਚ ਮੰਜਿਲ ਪ੍ਰਾਪਤੀ ਬਾਰੇ ਸੋਚ ਰਿਹਾ ਹੈ ਉਹ ਸ਼ਾਇਦ ਹੀ ਆਪਣੇ ਟੀਚੇ ਤੱਕ ਅੱਪੜ ਸਕੇ।
ਜ਼ਿੰਦਗੀ ਪਾਣੀ ਵਾਂਗ ਹੈ ਜਿਸ ਦਾ ਮੁੱਲ ਉਦੋਂ ਤੱਕ ਹੀ ਹੈ ਜਦੋਂ ਤੱਕ ਉਹ ਰਫਤਾਰ ‘ਚ ਹੈ। ਪਾਣੀ ਰੁੱਕ ਜਾਵੇ ਤਾਂ ਕਿਸੇ ਕੰਮ ਦਾ ਨਹੀ ਰਹਿੰਦਾ ਜਿੰਦਗੀ ਦੀ ਰਫਤਾਰ ਰੁੱਕ ਜਾਵੇ ਤਾਂ ਜਿੰਦਗੀ ਜਿਉਣ ਦੇ ਮਾਈਨੇ ਹੀ ਖਤਮ ਹੋ ਜਾਂਦੇ ਹਨ। ਇਹ ਜੱਗ ਜਾਹਿਰ ਸਚਾਈ ਹੈ ਕਿ ਜਿਸ ਨੇ ਆਪਣੀ ਮੰਜਿਲ ਵੱਲ ਪੈਰ ਪੱਟਿਆ ਉਹ ਦੇਰ ਜਾਂ ਸਵੇਰ ਟੀਚੇ ‘ਤੇ ਪਹੁੰਚਿਆ ਜਰੂਰ ਹੈ। ਗਰੀਬੀ, ਤੰਗੀ ਜਾਂ ਸਰੀਰਕ ਰੋਗ ਉਸ ਮੁਸਾਫਿਰ ਦੇ ਕਦਮਾਂ ਨੂੰ ਨਹੀ ਰੋਕ ਸਕਦੇ ਜਿਸ ਨੇ ਆਪਣੀ ਮੰਜਿਲ ‘ਤੇ ਪਹੁੰਚਣ ਦੀ ਠਾਣ ਲਈ ਹੋਵੇ। ਚਲਦੀ ਰੇਲ ਗੱਡੀ ‘ਚੋਂ ਧੱਕਾ ਦੇ ਕੇ ਸੁੱਟੀ ਇੱੱਕ ਲੱਤ ਤੋਂ ਅਪਾਹਜ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਅਰੁਨੀਮਾ ਸਿਨਹਾ ਮਾਊਂਟ ਅਵੈਰਸਟ ਕਿਵੇਂ ਸਰ ਕਰ ਲੈਂਦੀ ਜੇਕਰ ਉਸ ਦੇ ਅੰਦਰੋਂ ਹੀ ਉਸ ਦਾ ਮਨ ਜਵਾਬ ਦੇ ਜਾਂਦਾ। ਉਸ ਦਾ ਹੌਂਸਲਾ ਅਤੇ ਦ੍ਰਿੜ ਨਿਸ਼ਚੈ ਉਸ ਨੂੰ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ‘ਤੇ ਲੈ ਗਿਆ। ਰਾਹਾਂ ਨੂੰ ਕਦਮਾਂ ਨਾਲ ਮਾਪਣ ਵਾਲਾ ਮੁਸਾਫਿਰ ਰੁੱਕਦਾ ਨਹੀ ਉਸ ਦੀ ਰਫਤਾਰ ਅਤੇ ਜਨੂੰਨ ਉਸ ਨੂੰ Àਸ ਦੀ ਮੰਜਿਲ ਤੱਕ ਪਹੁੰਚਾਉਂਦੇ ਹੈ।
ਬਚਪਨ ‘ਚ ਮਿਲੀ ਸਿੱਖਿਆ ਵਿਅਕਤੀ ਦੇ ਵਿਅਕਤਿਤਵ ਦਾ ਨਿਰਮਾਣ ਕਰਦੀ ਹੈ। ਮਿਹਨਤਕਸ਼ ਬਾਪ ਬੱਚਿਆ ਨੂੰ ਜਿੰਦਗੀ ‘ਚ ਮਿਹਨਤ ਕਰਨ ਦਾ ਸਬਕ ਦਿੰਦਾ ਹੈ ਅਤੇ ਉਸ ਦਾ ਬੱਚਾ ਆਉਣ ਵਾਲੇ ਸਮੇਂ ‘ਚ ਚਣੌਤੀਆਂ ਨਾਲ ਨਜਿੱਠਣ ਲਈ ਤਿਆਰ ਹੋ ਜਾਂਦਾ ਹੈ। ਅਜਿਹੇ ਕਰਮੀ ਬੱਚਿਆਂ ਲਈ ਜਿੰਦਗੀ ਦੀਆਂ ਔਖੀਆਂ ਰਾਹਾਂ ਵੀ ਸੁਖਾਲੀਆਂ ਹੋ ਜਾਂਦੀਆਂ ਹਨ। ਥਿਉਡਰ ਗੀਸਲ ਦੁਨੀਆਂ ਦਾ ਮਹਾਨ ਲਿਖਾਰੀ ਨਾ ਬਣਦਾ ਜੇਕਰ ਉਹ ਆਪਣੇ ਪਹਿਲੇ ਨਾਵਲ ਦੀ ਅਸਫਲਤਾ ਤੋਂ ਨਿਰਾਸ਼ ਹੋ ਕੇ ਬਹਿ ਜਾਂਦਾ। ਜ਼ਜ਼ਬਾ ਅਤੇ ਕੁੱਝ ਕਰਨ ਦਾ ਜਨੂੰਨ ਵੱਡੀ ਤੋਂ ਵੱਡੀ ਚਣੌਤੀ ‘ਤੇ ਵੀ ਕਾਬੂ ਪਾ ਲੈਂਦਾ ਹੈ। ਆਪਣੇ ਨਾਵਲ ਦੀ ਅਸਫਲਤਾ ਅਤੇ ਪ੍ਰਕਾਸ਼ਕਾਂ ਵਲੋਂ ਉਸ ਦੀਆਂ ਲਿਖਤਾਂ ਨੂੰ ਛਾਪਣ ਤੋਂ ਨਾਂਹ ਕਰਨ ਤੋਂ ਬਾਅਦ ਨਿਰਾਸ਼ ਥਿਉਡਰ ਗੀਸਲ ਇੱਕ ਦਿਨ ਆਪਣੇ ਇੱਕ ਪੁਰਾਣੇ ਦੋਸਤ ਕੋਲ ਪਹੁੰਚਿਆ। ਥਿਉਡਰ ਦਾ ਇਹ ਦੋਸਤ ਬਾਲ ਸਾਹਿਤ ਲਿਖਣ ‘ਚ ਕਾਫੀ ਚੰਗਾਂ ਨਾਂ ਕਮਾ ਚੁੱਕਾ ਸੀ। ਉਸ ਨੇ ਥਿਉਡਰ ਨੂੰ ਹੋਰ ਲਿਖਣ ਲਈ ਉਤਸ਼ਾਹਿਤ ਕੀਤਾ ਅਤੇ ਉਸ ਦੀਆਂ ਲਿਖਤਾਂ ਨੂੰ ਛਾਪਣ ਦਾ ਵਾਅਦਾ ਕੀਤਾ। ਦੇਖਦੇ ਹੀ ਦੇਖਦੇ ਥਿਉਡਰ ਅੰਗਰੇਜੀ ਸਾਹਿਤ ਦਾ ਸ਼ਾਹ ਅਸਵਾਰ ਲੇਖਕ ਬਣ ਗਿਆ। ਉਹ ਦੁਨੀਆਂ ਦੇ ਮੰਨੇ ਪ੍ਰਮੰਨੇ ਲੇਖਕਾਂ ਦੀ ਕਤਾਰ ‘ਚ ਆ ਖੜਿਆ। ਥਿਉਡਰ ਉਹ ਅਣਥੱਕ ਮੁਸਾਫਿਰ ਸੀ ਜਿਸ ਨੂੰ ਜਿੰਦਗੀ ਦੇ ਰਸਤੇ ਦੀਆਂ ਔਕੜਾਂ ਰੋਕ ਨਾ ਸਕੀਆਂ। ਉਸ ਦਾ ਦਿਲ ਟੁੱਟਿਆ ਪਰ ਵਕਤ ਅਤੇ ਇੱਕ ਚੰਗੇ ਦੋਸਤ ਨੇ ਉਸ ਨੂੰ ਇੱਕ ਸਹੀ ਰਸਤਾ ਦਿਖਾ ਦਿੱਤਾ। ਜੇਕਰ ਅਟਕਲਾਂ ਰਾਹਾਂ ਨੂੰ ਔਖਾ ਹੋਣ ਦਾ ਸੰਕੇਤ ਦਿੰਦੀਆਂ ਹਨ ਤਾਂ ਹੌਂਸਲਾ ਮਨੁੰਖ ਨੂੰ ਉਹਨਾਂ ਅਟਕਲਾਂ ਨੂੰ ਪਾਰ ਕਰਨ ਦੀ ਸਮਰੱਥਾ ਦਿੰਦਾ ਹੈ। ਇੱਕ ਪਲ ਰੁੱਕਿਆ ਵਿਅਕਤੀ ਆਪਣੀ ਵਾਟ ਤੈਅ ਕਰਨ ਤੋਂ ਪਿੱਛੇ ਰਹਿ ਸਕਦਾ ਹੈ। ਉਤਰਾਅ ਚੜਾਅ ਜਿੰਦਗੀ ਦਾ ਅਹਿਮ ਹਿੱਸਾ ਹਨ। ਇਹਨਾਂ ਦਾ ਆਉਣਾ ਜਾਣਾ ਮਨੁੰਖੀ ਜਿੰਦਗੀ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਪਰ ਇਹਨਾਂ ਮੁਸ਼ਕਿਲਾਂ ਨੂੰ ਦੇਖ ਕੇ ਆਪਣਾ ਰਸਤਾ ਹੀ ਛੱਡ ਦੇਣਾ ਸਿਆਸਣਪ ਨਹੀ। ਤੁਰਦੇ ਤੁਰਦੇ ਮੰਜਿਲ ‘ਤੇ ਪਹੁੰਚਣ ਦੀ ਆਸ ਰਹਿੰਦੀ ਹੈ, ਸੋ ਆਓ ਆਪਾਂ ਆਪਣੀ ਜਿੰਦਗੀ ‘ਚ ਮਿੱਥੇ ਟੀਚੀਆਂ ਦੀ ਪੂਰਤੀ ਤੱਕ ਆਪਣਾ ਸਫਰ ਜਾਰੀ ਰਖੀਏ ਅਤੇ ਹੋਰਨਾਂ ਲਈ ਇੱਕ ਮਿਸਾਲ ਬਣੀਏ।