ਪਿਛਲੇ ਚਾਰ ਸਾਲਾਂ ਤੋਂ ਸਫਾਈ ਦੀ ਉਡੀਕ ਕਰ ਰਿਹਾ ਘਨੌਰੀ ਕਲਾਂ ਦਾ ਛੱਪੜ

ਅਸੀਂ ਨਵੇਂ ਸਿਰਿਓਂ ਮਤੇ ਪਾ ਕੇ ਭੇਜ ਦਿੱਤੇ ਹਨ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ : ਸਰਪੰਚ ਤੂਰ

ਸ਼ੇਰਪੁਰ- ਭਾਵੇਂ ਪੰਜਾਬ ਦੇ ਪੰਚਾਇਤ ਵਿਭਾਗ ਨੇ ਇਸ ਵਾਰ ਬਰਸਾਤਾਂ ਤੋਂ ਪਹਿਲਾਂ ਟੋਭੇ ਖਾਲੀ ਕਰਵਾ ਕੇ ਸਫ਼ਾਈ ਕਰਾਉਣ ਦਾ ਫ਼ੈਸਲਾ ਲਿਆ ਹੈ, ਜੇ ਇਹ ਕਾਰਜ ਸਫਲਤਾਪੂਰਵਕ ਨੇਪਰੇ ਚੜ੍ਹਦਾ ਹੈ ਤਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਭ ਤੋਂ ਵੱਡੇ ਮੁੱਦੇ ਤੇ ਕੁੱਝ ਰਾਹਤ ਮਿਲੇਗੀ। ਇੱਥੇ ਇਹ ਜਿਕਰਯੋਗ ਹੈ ਕਿ ਰਾਜ ਦੇ ਜ਼ਿਆਦਾਤਰ ਛੱਪੜਾਂ ਦੇ ਪਾਣੀ ਦਾ ਕੋਈ ਨਿਕਾਸ ਨਾ ਹੋਣ ਕਾਰਨ ਪਾਣੀ ਓਵਰਫਲੋਅ ਹੋਕੇ ਗਲੀਆਂ ਵਿੱਚ ਆ ਜਾਂਦਾ ਹੈ ਅਤੇ ਟੋਭਿਆਂ ਨਾਲ ਲੱਗਦੇ ਖੇਤਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਸਬੰਧਿਤ ਇੱਕ ਮਾਮਲਾ ਪਿੰਡ ਘਨੌਰੀ ਕਲਾਂ ਦੇ ਛੱਪੜ ਦਾ ਸਾਹਮਣੇ ਆਇਆ ਹੈ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਵੈਲਫ਼ੇਅਰ ਕਲੱਬ (ਰਜਿ.) ਘਨੌਰੀ ਕਲਾਂ ਦੇ ਪ੍ਰਧਾਨ ਅਮਰੀਕ ਸਿੰਘ ਮਾਨ ਨੇ ਦੱਸਿਆ ਕਿ ਅਸੀਂ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਤਕਰੀਬਨ 300 ਤੋਂ ਵੱਧ ਸਹਿਮਤੀ ਦੇ ਦਸਤਖ਼ਤ ਕਰਵਾਕੇ ਉਸ ਸਮੇਂ ਦੇ ਸਰਪੰਚ ਨੂੰ ਲਟੀਆ ਪੱਤੀ ਦੇ ਟੋਭੇ ਦੀ ਸਫ਼ਾਈ ਲਈ 23 ਅਗਸਤ 2015 ਵਿੱਚ ਇੱਕ ਮੰਗ ਪੱਤਰ ਦਿੱਤਾ ਸੀ ਅਤੇ 2 ਦਸੰਬਰ 2015 ਨੂੰ ਬੀ ਡੀ ਪੀ ਓ ਸ਼ੇਰਪੁਰ ਨੂੰ ਲਿਖਤੀ ਪੱਤਰ ਦਿੱਤਾ ਗਿਆ , 30 ਮਈ 2016 ਨੂੰ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇੱਕ ਦਰਖ਼ਾਸਤ ਦਿੱਤੀ ਗਈ ਜਿਸਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਕਲੱਬ ਵੱਲੋਂ 04 ਜੁਲਾਈ 2016 ਨੂੰ ਫਿਰ ਮਾਣਯੋਗ ਡੀ ਸੀ ਸੰਗਰੂਰ ਨੂੰ ਇੱਕ ਵਫ਼ਦ ਵੱਜੋ ਮਿਲਕੇ ਲਿਖਤੀ ਅਰਜ਼ੀ ਦਿੱਤੀ ਗਈ। ਉਨ੍ਹਾਂ ਨੇ ਪੱਤਰ ਐੱਸ ਡੀ ਐੱਮ ਧੂਰੀ ਨੂੰ ਮਾਰਕ ਕਰ ਦਿੱਤਾ ਸੀ ਅਤੇ ਬੀ ਡੀ ਪੀ ਓ ਸ਼ੇਰਪੁਰ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਤਾਂ ਬੀ ਡੀ ਪੀ ਓ ਸ਼ੇਰਪੁਰ ਨੇ ਕਿਹਾ ਇਹ ਕੰਮ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਪੰਜਾਬ ਕੋਲ ਹੈ। 27 ਜੁਲਾਈ 2017 ਨੂੰ ਜਲ ਵਿਭਾਗ ਵੱਲ ਲਿਖੇ ਪੱਤਰ ਦਾ 03 ਅਗਸਤ 2017 ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਸੰਗਰੂਰ ਵੱਲੋਂ ਲਿਖਤੀ ਪੱਤਰ ਭੇਜ ਕੇ ਜਵਾਬ ਦਿੱਤਾ ਕਿ ਛੱਪੜਾਂ ਦੀ ਸਫ਼ਾਈ ਦਾ ਕੰਮ ਉਨ੍ਹਾਂ ਦੇ ਮੰਡਲ ਨਾਲ ਸੰਬੰਧਿਤ ਨਹੀਂ ਪੰਚਾਇਤੀ ਰਾਜ ਵਿਭਾਗ ਵਲੋਂ ਕਰਵਾਇਆ ਜਾ ਰਿਹਾ ਹੈ। ਸਮਾਜ ਸੇਵਕ ਵੈਲਫ਼ੇਅਰ ਕਲੱਬ (ਰਜਿ.) ਘਨੌਰੀ ਕਲਾਂ ਦੇ ਮੈਂਬਰਾਂ ਨੇ ਅੱਜ ਪੰਜਾਬ ਟਾਇਮਜ਼ ਦੇ ਸਥਾਨਿਕ ਪੱਤਰਕਾਰ ਨਾਲ ਸਿਵਲ ਪ੍ਰਸ਼ਾਸਨ ਤੇ ਰੋਸ ਜਿਤਾਉਂਦੇ ਕਿਹਾ ਜੇ ਪਿੰਡਾਂ ਵਿੱਚ ਬਣੇ ਸਮਾਜਸੇਵੀ ਕਲੱਬਾਂ ਦੀ ਇਹ ਪੁੱਛ ਪੜਤਾਲ ਹੈ ਤਾਂ ਇੱਕ- ਇਕੱਲੇ ਆਦਮੀ ਦੀ ਕੀ ਹਾਲਤ ਹੋਵੇਗੀ। ਇਸ ਸਮੇਂ ਉਨ੍ਹਾਂ ਨਾਲ ਪ੍ਰਗਟ ਸਿੰਘ ਹੈਪੀ ਜਨਰਲ ਸਕੱਤਰ , ਗੁਰਸਾਗਰ ਸਿੰਘ ਖਜਾਨਚੀ , ਨਛੱਤਰ ਸਿੰਘ , ਰਾਂਝਾ ਖਾਂ ਸਲਾਹਕਾਰ , ਗਿਆਨ ਸਿੰਘ ਪ੍ਰਚਾਰ ਸਕੱਤਰ , ਪਰਮਜੀਤ ਸਿੰਘ, ਸੰਦੀਪ ਸਿੰਘ, ਦਲਵਾਰਾ ਸਿੰਘ, ਹਰਦੀਪ ਸਿੰਘ, ਜਗਸੀਰ ਸਿੰਘ ਪ੍ਰੈੱਸ ਸਕੱਤਰ ਆਦਿ ਮੈਂਬਰ ਹਾਜ਼ਰ ਸਨ ।

Send this to a friend