ਭਾਰਤ ਬਹੁ-ਧਰਮੀ ਦੇਸ਼ ਹੈ ਇਥੇ ਸਾਰਾ ਸਾਲ ਵੱਖ-ਵੱਖ ਧਰਮਾਂ ਨਾਲ ਸਬੰਧਤ ਤਿਉਹਾਰ ਮਨਾਏ ਜਾਂਦੇ ਹਨ। ਈਦ ਦਾ ਤਿਉਹਾਰ ਵੀ ਸਾਰੀ ਦੁਨੀਆਂ ਦੇ ਮੁਸਲਮਾਨਾਂ ਦਾ ਮੁਕੱਦਸ ਤਿਉਹਾਰ ਹੈ। ਈਦ-ਉਲ-ਫ਼ਿਤਰ ਤੋਂ ਭਾਵ ਖ਼ੁਸ਼ੀ ਦਾ ਉਹ ਦਿਨ ਹੈ ਜੋ ਰੱਬ ਦੇ ਧੰਨਵਾਦ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਰੱਬ ਦੀ ਭਗਤੀ ਭਾਵ ਰੋਜ਼ਿਆਂ ਤੋਂ ਫ਼ਾਰਿਗ਼ ਹੋ ਜਾਂਦੇ ਹਾਂ। ਇਸਨੂੰ ਆਮ ਸ਼ਬਦਾ ਵਿੱਚ ਅਸੀਂ ਮਿੱਠੀ ਈਦ ਦੇ ਨਾਂ ਨਾਲ ਜਾਣਦੇ ਹਾਂ। ਇਹ ਤਿਉਹਾਰ ਰਮਜ਼ਾਨ ਮਹੀਨੇ ਦੇ ਪੂਰੇ ਤੀਹ ਰੋਜ਼ੇ ਰੱਖਣ ਤੋਂ ਬਾਅਦ ਹਰ ਸਾਲ ਇਸਲਾਮੀ ਕੈਲੰਡਰ ਦੇ 10 ਵੇਂ ਮਹੀਨੇ ਸ਼ੱਵਾਲ ਦੀ ਪਹਿਲੀ ਤਾਰੀਖ਼ ਨੂੰ ਦੁਨੀਆਂ ਭਰ ਦੇ ਮੁਸਲਮਾਨਾਂ ਵੱਲੋਂ ਮਨਾਕੇ ਏਕਤਾ ਅਤੇ ਅਖੰਡਤਾ ਦਾ ਇਜ਼ਹਾਰ ਕੀਤਾ ਜਾਂਦਾ ਹੈ।
ਈਦ ਵਾਲੇ ਦਿਨ ਮੁਸਲਮਾਨ ਸਵੇਰੇ ਜਲਦੀ ਗ਼ੁਸਲ ਕਰਕੇ ਨਵੇਂ ਕੱਪੜੇ ਪਹਿਨਦੇ ਤੇ ਇਤਰ ਖ਼ੁਸ਼ਬੂ ਲਗਾਉਂਦੇ ਹਨ। ਕੁਝ ਮਿੱਠਾ (ਸੇਵੀਆਂ, ਖੀਰ, ਜਾਂ ਛੂਆਰੇ ਆਦਿ) ਖਾਕੇ ਈਦ ਦੀ ਨਮਾਜ਼ ਅਦਾ ਕਰਣ ਲਈ ਈਦਗਾਹ ਵੱਲ ਚੱਲ ਪੈਂਦੇ ਹਨ। ਨਮਾਜ਼ ਪੜ੍ਹਣ ਜਾਂਦੇ ਹੋਏ ਤਕਬੀਰਾਤੇ ਤਸ਼ਰੀਕ “ਅੱਲਾਹੁ ਅਕਬਰ ਅੱਲਾਹੁ ਅਕਬਰ ਲਾਇਲਾ-ਹ ਇੱਲੱਲਾਹੁ ਵੱਲਾਹ ਅਕਬਰ। ਅੱਲਾਹੁ ਅਕਬਰ ਵ ਲਿੱਲਾਹਹਿਲ ਹਮਦ” (ਭਾਵ ਰੱਬ ਦੀ ਵਡਿਆਈ ਬਿਆਨ ਕੀਤੀ ਜਾਂਦੀ ਹੈ) ਪੜ੍ਹੀ ਜਾਂਦੀ ਹੈ। ਈਦ-ਉਲ-ਫ਼ਿਤਰ ਨੂੰ ਤਕਬੀਰ ਹੋਲੀ ਆਵਾਜ਼ ‘ਚ ਤੇ ਬਕਰੀਦ ਨੂੰ ਥੋੜੀ ਉੱਚੀ ਆਵਾਜ਼ ‘ਚ ਪੜ੍ਹੀ ਜਾਂਦੀ ਹੈ। ਜਾਂਦੇ ਹੋਏ ਇੱਕ ਰਾਸਤੇ ਜਾਇਆ ਜਾਂਦਾ ਹੈ ਤੇ ਦੂਜੇ ਰਾਸਤੇ ਆਇਆ ਜਾਂਦਾ ਹੈ। ਇਹ ਨਮਾਜ਼ ਬਿਨਾਂ ਅਜ਼ਾਨ ਦੇ ਹੁੰਦੀ ਹੈ। ਨਮਾਜ਼ ਤੋਂ ਬਾਅਦ ਖ਼ੁਤਬਾ ਸੁਣਾਆਇਆ ਜਾਂਦਾ ਹੈ ਜੋ ਹਰ ਇੱਕ ਲਈ ਸੁਣਨਾ ਲਾਜ਼ਮੀ ਹੈ।
ਈਦ ਦੀ ਨਮਾਜ਼ ਪੜ੍ਹਣ ਤੋਂ ਬਾਅਦ ਹਰ ਧਰਮ ਦੇ ਲੋਕ ਬਿਨਾਂ ਕਿਸੇ ਝਿਜਕ ਦੇ ਇੱਕ-ਦੂਜੇ ਨੂੰ ਗਲਵਕੜੀ ਪਾ ਕੇ ਮਿਲਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ, ਮੁਹੱਬਤ, ਬਰਾਬਰਤਾ ਤੇ ਇਕ ਦੇਸ਼ ਦੇ ਵਸਨੀਕ ਹੋਣ ਦਾ ਪੈਗ਼ਾਮ ਦਿੰਦੇ ਹੋਏ ਦੇਸ਼ ਦੀ ਏਕਤਾ ਨੂੰ ਮਜ਼ਬੂਤ ਰੱਖਦੇ ਹਨ। ਈਦਗਾਹ ਤੋਂ ਵਾਪਸੀ ਤੇ ਲੋਕ ਇਕ ਦੂਸਰੇ ਦੇ ਘਰ ਮਿਠਾਈ ਵੰਡਦੇ ਹਨ। ਅਤੇ ਵੱਖ-ਵੱਖ ਥਾਵਾਂ ਤੇ ਈਦ ਮਿਲਣ ਪ੍ਰੋਗਰਾਮ ਕਰਵਾਏ ਜਾਂਦੇ ਹਨ।ਈਦ ਦੇ ਦਿਨ ਬੱਚਿਆਂ ਦੀ ਖ਼ੁਸ਼ੀ ਦਾ ਕੋਈ ਟਿਕਾਨਾ ਨਹੀਂ ਹੁੰਦਾ। ਨਮਾਜ਼ ਪੜ੍ਹਕੇ ਜਦੋਂ ਘਰ ਆਉਂਦੇ ਹਨ ਤਾਂ ਘਰ ਦੇ ਸਾਰੇ ਬਜ਼ੁਰਗਾਂ ਤੋਂ ਈਦੀ ਵਸੂਲ ਕਰਦੇ ਹਨ। ਈਦ ਦੇ ਮੌਕੇ ਤੇ ਜੋ ਦੋਸਤ ਰਿਸ਼ਤੇਦਾਰ ਇੱਕ ਦੂਜੇ ਤੋਂ ਦੂਰ ਹਨ ਉਹ ਵੱਟਸਐਪ, ਫ਼ੇਸਬੁੱਕ, ਸਕਾਇਪ, ਆਦਿ ਰਾਹੀ ਇਕ ਦੂਜੇ ਨੂੰ ਮੁਬਾਰਕਬਾਦ ਦਿੰਦੇ ਹਨ।
ਇਸਦੇ ਨਾਲ ਹੀ ਸਾਡੀ ਅਸਲ ਖ਼ੁਸ਼ੀ ਤਾਂ ਹੀ ਹੈ ਜੇ ਅਸੀਂ ਗ਼ਰੀਬਾਂ, ਯਤੀਮਾਂ, ਬੇਵਸਾਂ, ਵਿਧਵਾਵਾਂ ਅਤੇ ਬੇਸਹਾਰੇ ਲੋਕਾਂ ਨੂੰ ਵੀ ਇਸ ਖ਼ੁਸ਼ੀ ਵਿਚ ਸ਼ਾਮਿਲ ਕਰੀਏ। ਇਸਦੇ ਲਈ ਈਦ ਦੀ ਨਮਾਜ਼ ਅਦਾ ਕਰਨ ਤੋਂ ਪਹਿਲਾਂ ਸਕਦਾ-ਏ-ਫ਼ਿਤਰ (ਫ਼ਿਤਰਾਨਾ) ਅਦਾ ਕੀਤਾ ਜਾਂਦਾ ਹੈ। ਸਦਕਾ-ਏ-ਫ਼ਿਤਰ ਦਾ ਮਕਸਦ ਰੋਜ਼ੇ ਦੀ ਹਾਲਤ ਵਿੱਚ ਸਰਜ਼ਦ ਹੋਣ ਵਾਲੇ ਗੁਨਾਹਾਂ ਤੋਂ ਪਾਕ ਕਰਨਾ ਹੈ। ਸਦਕਾ-ਏ-ਫ਼ਿਤਰ ਈਦ ਦੀ ਨਮਾਜ਼ ਅਦਾ ਕਰਨ ਤੋਂ ਪਹਿਲਾਂ ਅਦਾ ਕਰਨਾ ਫ਼ਰਜ਼ ਹੈ ਵਰਨਾ ਆਮ ਸਦਕਾ ਮੰਨਿਆਂ ਜਾਵੇਗਾ। ਸਦਕਾ-ਏ-ਫ਼ਿਤਰ ਦੇ ਹੱਕਦਾਰ ਉਹੀ ਲੋਕ ਹਨ ਜੋ ਜ਼ਕਾਤ ਦੇ ਹੱਕਦਾਰ ਹੈ।
ਹਦੀਸ ਵਿੱਚ ਫ਼ਰਮਾਇਆ ਗਿਆ ਹੈ ਕਿ ਸਦਕਾ-ਏ-ਫ਼ਿਤਰ ਦਿਲ ਦੀ ਰਗਬਤ (ਇੱਛਾ) ਦੇ ਨਾਲ ਪੂਰੇ ਇਹਤਮਾਮ (ਯਤਨ) ਨਾਲ ਅਦਾ ਕਰੋ ਅਤੇ ਈਦ ਦੀ ਨਮਾਜ਼ ਤੋਂ ਪਹਿਲਾ ਅਦਾ ਕਰੋ ਬਲਕਿ ਇਨ੍ਹਾਂ ਪਹਿਲਾਂ ਅਦਾ ਕਰੋ ਕਿ ਜ਼ਰੂਰਤਮੰਦ ਲੋਕ ਈਦ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ। ਅਤੇ ਉਹ ਵੀ ਸਭ ਦੇ ਨਾਲ ਈਦਗਾਹ ਜਾ ਸਕਣ ਅਤੇ ਈਦ ਦੀਆਂ ਖ਼ੁਸ਼ੀਆਂ ਵਿੱਚ ਸ਼ਰੀਕ ਹੋ ਸਕਣ। ਸੋ ਅੰਤ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਈਦ ਦਾ ਤਿਉਹਾਰ ਆਪਸੀ ਮੁਹੱਬਤ, ਭਾਈਚਾਰਕ ਸਾਂਝ ਅਤੇ ਕੌਮੀ ਏਕਤਾ ਦਾ ਪ੍ਰਤੀਕ ਹੈ।