ਰਾਜਨੀਤੀ ਦਾ ਪਿਤਾਮਾ, ਪਲੈਟੋ, ਪਹਿਲਾਂ ਚਿੰਤਕ ਸੀ ਜਿਸ ਨੇ ਮਨੁੱਖ ਅਤੇ ਸ਼ਾਸਨ ਦੇ ਆਪਸੀ ਸਬੰਧਾਂ ਦਾ ਵਿਸ਼ਲੇਸ਼ਣ ਕੀਤਾ। ਸੁਕਰਾਤ ਦੇ ਚੇਲੇ ਵਜੋਂ ਉਸ ਨੇ ਆਪਣੀ ਪੁਸਤਕ ‘ਦਾ ਰੀਪਬਲਿਕ’ ਵਿੱਚ (380 ਬੀ.ਸੀ.) ਇਕ ਆਦਰਸ਼ ਰਾਜੇ ਦਾ ਚਿਤਰਣ ਕੀਤਾ। ਉਸ ਸਮੇਂ ਏਥਨਜ਼ ਵਿੱਚ ਰਾਜ ਪ੍ਰਬੰਧ ਕੁਲੀਨ ਵਰਗ ਦੇ ਹੱਥ ਵਿੱਚ ਸੀ। ਪਲੈਟੋ ਨੇ ਆਪਣੇ ਆਦਰਸ਼ ਰਾਜ ਦੇ ਸਿਧਾਂਤ ਵਿੱਚ ਕਿਹਾ ਕਿ ਸ਼ਾਸਨ ਚਲਾਉਣ ਵਾਲੇ ਸਮਾਜ ਦੇ ਸਭ ਤੋਂ ਪੜ੍ਹੇ ਲਿਖੇ ਅਤੇ ਸਿਆਣੇ ਲੋਕ ਚਾਹੀਦੇ ਹਨ। ਰਾਜਨੀਤੀ ਸ਼ਾਸਤਰ ਵਿੱਚ ਇਸ ਨੂੰ ਫਿਲਾਸਫਰ ਸ਼ਾਸਕ ਦਾ ਨਾਂ ਦਿੱਤਾ ਗਿਆ। ਰਾਜ-ਭਾਗ ਇਕ ਆਦਰਸ਼ ਸੰਸਥਾ ਵਜੋਂ ਕੰਮ ਕਰੇ, ਇਸ ਦੇ ਅਧਿਐਨ ਲਈ ਪਲੈਟੋ ਨੇ ਏਥਨਜ਼ ਵਿੱਚ ‘ਅਕੈਡਮੀ’ ਨਾਂ ਦੀ ਸੰਸਥਾ ਖੋਲ੍ਹੀ ਜਿਥੇ ਪ੍ਰਸਿੱਧ ਯੂਨਾਨੀ ਫਿਲਾਸਫਰ ਅਰਸਤੂ ਨੇ ਸਿੱਖਿਆ ਪ੍ਰਾਪਤ ਕੀਤੀ।
ਦੋਵਾਂ ਯੂਨਾਨੀ ਵਿਦਵਾਨਾਂ ਨੇ ਰਾਜ ਨੂੰ ਮਨੁੱਖ ਅਤੇ ਸਮਾਜ ਦੇ ਨੈਤਿਕ ਵਿਕਾਸ ਲਈ ਜ਼ਰੂਰੀ ਸੰਸਥਾ ਮੰਨਦੇ ਹੋਏ, ਸ਼ਾਸਕ ਨੂੰ ਸੂਝਵਾਨ ਅਤੇ ਦਾਰਸ਼ਨਿਕ ਹੋਣਾ ਜ਼ਰੂਰੀ ਸਮਝਿਆ। ਅਜਿਹਾ ਸ਼ਾਸਕ ਆਪਣੀ ਸੂਝ ਨਾਲ ਮਨੁੱਖ ਦੀਆਂ ਪ੍ਰਸਪਰ ਵਿਰੋਧੀ ਰੁਚੀਆਂ ਨੂੰ ਸੰਜਮ ਵਿੱਚ ਲਿਆ ਕੇ ਇਕ ਸੂਤਰ ਵਿੱਚ ਬੰਨ੍ਹ ਸਕਦਾ ਹੈ। ਉਹ ਇਹ ਵੀ ਕਹਿੰਦੇ ਹਨ ਕਿ ਮਨੁੱਖ ਦੇ ਵਿਅਕਤਿਤਵ ਦਾ ਪੂਰਣ ਵਿਕਾਸ ਰਾਜ ਵਿੱਚ ਰਹਿ ਕੇ ਹੀ ਹੋ ਸਕਦਾ ਹੈ। ਚੰਗਾ ਰਾਜ ਪ੍ਰਬੰਧ ਓਹੀ ਕਰ ਸਕਦੇ ਹਨ ਜਿਹੜੇ ਰਾਜ ਦੇ ਭਲੇ ਵਿੱਚ ਆਪਣਾ ਭਲਾ ਅਤੇ ਰਾਜ ਦੇ ਬੁਰੇ ਵਿੱਚ ਆਪਣਾ ਬੁਰਾ ਸਮਝਦੇ ਹੋਣ।
ਰਾਜਨੀਤੀ ਵਿਗਿਆਨ ਪੜ੍ਹਦਿਆਂ ਪਤਾ ਚਲਿਆ ਕਿ ਮੱਧ ਯੁੱਗ ਦੇ ਅੰਤ ਤੱਕ ਸ਼ਾਸਕ ਨੂੰ ਰੱਬ ਦਾ ਰੂਪ ਹੀ ਸਮਝਿਆ ਜਾਂਦਾ ਰਿਹਾ। ਰਾਜੇ ਦੇ ਮੁੱਖ ’ਚੋਂ ਨਿਕਲਿਆ ਸ਼ਬਦ ਹੀ ਕਾਨੂੰਨ ਸੀ। ਰਾਜ ਦੇ ਇਸ ਦੈਵੀ ਸਿਧਾਂਤ ਨੂੰ ਸਤਾਰਵੀਂ ਅਤੇ ਅਠਾਰਵੀਂ ਸਦੀ ’ਚ ਪ੍ਰਸਿੱਧ ਵਿਦਵਾਨ ਥਾਮਸ ਹਾਬਜ਼, ਜੌਹਨ ਲਾਕ ਅਤੇ ਜੀਨ ਰੂਸੋ ਵੱਲੋਂ ਚੁਣੌਤੀ ਦਿੱਤੀ ਗਈ। ਇੰਨਾਂ ਚਿੰਤਕਾਂ ਨੇ ਰਾਜੇ ਨੂੰ ਲੋਕਾਂ ਦੇ ਕਟਹਿਰੇ ’ਚ ਖੜ੍ਹਾ ਕੀਤਾ ਅਤੇ ਪ੍ਰਚਾਰਿਆ ਕਿ ਸ਼ਾਸਕ ਨੂੰ ਨਿਰੁੰਕਸ਼ ਰਾਜ ਕਰਨ ਦੀ ਤਾਕਤ ਰੱਬ ਤੋਂ ਨਹੀਂ ਮਿਲੀ ਸਗੋਂ ਲੋਕਾਂ ਸਮਾਜਿਕ ਵਿਵਸਥਾ ਨੂੰ ਬਹਾਲ ਰੱਖਣ ਦੀ ਮਨਸ਼ਾ ਅਧੀਨ ਰਾਜੇ ਨਾਲ ਸਮਝੌਤਾ ਕੀਤਾ। ਜਿਸ ਅਧੀਨ ਜਨਤਾ ਨੇ ਕੁਝ ਅਜ਼ਾਦੀਆਂ ਸ਼ਾਸਕ ਨੂੰ ਸੌਂਪ ਦਿੱਤੀਆਂ ਅਤੇ ਰਾਜਾ ਇਸ ਸਮਝੌਤੇ ਦੀਆਂ ਸ਼ਰਤਾਂ ਅਧੀਨ ਹੀ ਰਾਜ ਪ੍ਰਬੰਧ ਦੀ ਹੈਸੀਅਤ ਰਖਦਾ ਹੈ। ਸਮਾਜਿਕ ਸਮਝੌਤੇ ਦੇ ਸਿਧਾਂਤ ਨੇ ਸਦੀਆਂ ਤੋਂ ਸ਼ਾਸਕ ਦੇ ਸਿਰ ’ਤੇ ਰੱਖਿਆ ਰੱਬੀ ਮਖੌਟਾ ਉਤਾਰ ਕੇ ਲੋਕਾਂ ਸਾਹਮਣੇ ਜ਼ਿੰਮੇਵਾਰ ਬਣਾਇਆ। ਇਹੀ ਸਮਾਂ ਸੀ ਜਦ 1649 ਵਿੱਚ ਇੰਗਲੈਂਡ ਦੇ ਸਿਵਲ ਯੁੱਧ ਦੌਰਾਨ ਚਾਰਲਸ ਰਾਜੇ ਨੂੰ ਮਾਰ ਕੇ 1660 ਤੱਕ ਬਿਨਾਂ ਬਾਦਸ਼ਾਹ ਓਲੀਵਰ ਕਰਾਮਵੈਲ ਨੇ ਕਾਮਨਵੈਲਥ ਦੇ ਰੂਪ ਵਿੱਚ ਇੰਗਲੈਂਡ, ਆਇਰਲੈਂਡ ਅਤੇ ਸਕਾਟਲੈਂਡ ਦਾ ਰਾਜ ਭਾਗ ਚਲਾਇਆ।
ਯੂਰਪ ਵਿੱਚ ਪੁਨਰਜਾਗਰਣ ਦੇ ਇਸੇ ਸਮੇਂ ਦੌਰਾਨ ਇਟਲੀ ਦਾ ਨਿਕੋਲੋ ਮੈਕਿਆਵਲੀ ਅਤੇ ਭਾਰਤ ਵਿੱਚ ਯੂਨਾਨੀ ਸਭਿਅਤਾ ਦੇ ਸਮਕਾਲੀ ਚਾਣਕਿਆ ਵੱਲੋਂ ਸ਼ਾਸਕਾਂ ਅਤੇ ਸ਼ਹਿਨਸ਼ਾਹਾਂ ਨੂੰ ਆਪਣੇ ਅੰਦਾਜ਼ ਨਾਲ ਹਦਾਇਤਾਂ/ਨਸੀਹਤਾਂ ਦੇਣ ਲਈ ਜੋ ਲਿਖਿਆ ਗਿਆ। ਅੱਜ ਵੀ ਸੱਚ ਹੈ। ਮੈਕਿਆਵਲੀ ਨੇ ‘ਦਾ ਪ੍ਰਿੰਸ’ (1531) ਕਿਤਾਬ ਵਿੱਚ ਢੁਕਵੇਂ ਤਰਕ ਪੇਸ਼ ਕਰਕੇ ਦੱਸਿਆ ਕਿ ਰਾਜਿਆਂ ਦਾ ਧਰਮ ਦੇ ਨਾਂ ’ਤੇ ਅਤੇ ਸ਼ਕਤੀਸ਼ਾਲੀ ਪਰਿਵਾਰ ਦਾ ਅਹੁਦੇਦਾਰ ਦਬਦਬਾ ਅਤੇ ਦਮਨ ਦਾ ਸ਼ਾਸਨ ਸਮਾਜ ਲਈ ਖਤਰਨਾਕ ਹੈ। ਚਾਣਕਿਆ ਆਪਣੀ ਕਿਤਾਬ ‘ਅਰਥ ਸ਼ਾਸਤਰ’ ਵਿੱਚ ਰਾਜੇ ਨੂੰ ਆਪਣਾ ਅਚਾਰ-ਵਿਚਾਰ ਚੰਗਾ ਰੱਖਣ, ਹੰਕਾਰ, ਘੁਮੰਡ ’ਤੇ ਹਠ ਤੋਂ ਬਚਣ ਦੀ ਵਕਾਲਤ ਕਰਦਾ ਹੈ। ਭਾਵੇਂ ਮੈਕਿਆਵਲੀ ਚਾਣਕਿਆਂ ਵਾਂਗ ਹੀ ਯਥਾਰਥਵਾਦੀ ਹੈ ਪਰ ਓਹ ਰਾਜੇ ਨੂੰ ਸਦਾਚਾਰ ਅਤੇ ਨੈਤਿਕਤਾ ਨੂੰ ਰਾਜਨੀਤੀ ਤੋਂ ਅਲਿਹਦਾ ਰੱਖਣ ਦੀ ਵਕਾਲਤ ਕਰਦਾ ਹੈ।
ਜਿਵੇਂ ਪਲੈਟੋ ਦੀ ‘ਰੀ ਪਬਲਿਕ’ ਅਤੇ ਚਾਣਕਿਆ ਦਾ ‘ਅਰਥ ਸ਼ਾਸਤਰ’ ਰਾਜਿਆਂ ਨੂੰ ਇਨਸਾਫ ਅਤੇ ਚੰਗੇ ਰਾਜ ਪ੍ਰਬੰਧ ਦਾ ਮਾਰਗ ਦਰਸਾਉਂਦੇ ਹਨ ਓਵੇਂ ਪੰਜਾਬ ਦੇ ਸਿੱਖ ਰਾਜਿਆਂ ਦਾ ਵੀ ਨੀਤੀ ਗ੍ਰੰਥਾਂ ਵੱਲ ਵਿਸ਼ੇਸ਼ ਧਿਆਨ ਗਿਆ। ਡਾ. ਜਗਮੇਲ ਸਿੰਘ, ਪ੍ਰਸਿੱਧ ਖੋਜਾਰਥੀ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ, ‘ਰਾਜਨੀਤ ਬੁਧਿ ਬਾਰਿਧ’ ਨਾਂਅ ਦਾ ਗ੍ਰੰਥ ਬੁੱਧ ਸਿੰਘ ਤੋਂ ਲਿਖਵਾਇਆ। ਇਵੇਂ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਦੀ ਪ੍ਰੇਰਨਾ ਸਦਕਾ ਵਿਦਵਾਨ ਭਾਈ ਕਾਨ੍ਹ ਸਿੰਘ ਨੇ ‘ਰਾਜ ਧਰਮ’ ਨਾਂ ਦੀ ਪੁਸਤਕ ਲਿਖੀ। ਸੰਨ 1884 ਵਿੱਚ ਲਿਖੀ ਇਸ ਲਿਖਤ ਰਾਹੀਂ ਉਨ੍ਹਾਂ ਰਾਜੇ ਨੂੰ ਖੁਦਗਰਜ਼, ਸਵਾਰਥੀ ਅਤੇ ਝੂਠੀ ਪ੍ਰਸੰਸਾ ਕਰਨ ਵਾਲੇ ਲੋਕਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ।
ਭਾਈ ਸਾਹਿਬ ਨੇ ਦੱਸਿਆ ਕਿ ਰਾਜੇ ਨੂੰ ਛੋਟੀ ਉਮਰ ਵਿੱਚ ਸ਼ਾਦੀ ਨਹੀਂ ਕਰਵਾਉਣੀ ਚਾਹੀਦੀ ਅਤੇ ਹਮੇਸ਼ਾ ਨਸ਼ਿਆਂ ਅਤੇ ਹੋਰ ਵਿਕਾਰਾਂ ਤੋਂ ਬਚਣਾ ਚਾਹੀਦਾ ਹੈ। ਰਾਜ ਧਰਮ ਗ੍ਰੰਥ ਅਖੀਰ ’ਚ ਇਹ ਨਿਚੋੜ ਕੱਢਦਾ ਹੈ ਕਿ ਜਿਸ ਦੇਸ਼ ਤੋਂ ਰਾਜ ਕਰਨ ਵਾਲੇ ਨੇਤਾ ਅਤਿ ਕਰਜ਼ੇ ਦੇ ਮਹੱਤਵਕਾਂਸੀ, ਕੁਟਲ ਅਤੇ ਸਵਾਰਥੀ ਹੋਣ, ਓਥੋਂ ਦੀ ਰਾਜ-ਵਿਵਸਥਾ ਕਦੇ ਲੋਕਤੰਤਰੀ ਗੁਣਾਂ ਵਾਲੀ ਅਤੇ ਲੋਕ-ਹਿੱਤਕਾਰੀ ਨਹੀਂ ਹੋ ਸਕਦੀ। ਧਰਮ ਦੇ ਅੰਦਰੂਨੀ ਤਤਸਾਰ ਨੂੰ ਸਮਝਣ ਵਾਲਾ ਸਾਸ਼ਕ ਹੀ ਰਾਜ ਵਿੱਚ ਸੱਤਾ ਦੇ ਉਚਿਤ ਅਤੇ ਅਣਉਚਿਤ ਇਸਤੇਮਾਲ ਦਾ ਫਰਕ ਸਮਝ ਸਕਦਾ ਹੈ। ਭਾਈ ਕਾਨ੍ਹ ਸਿੰਘ ਅਜਿਹੇ ਆਦਰਸ਼ ਰਾਜ ਦਾ ਸੰਕਲਪ ਪੇਸ਼ ਕਰਦੇ ਹਨ ਜਿਹੜਾ ਮਰਿਆਦਾ ਤੇ ਅਧਾਰਤ ਹੋਵੇ ਅਤੇ ਉਥੋਂ ਦਾ ਸ਼ਾਸਕ ਗੁਣੀ, ਚਰਿਤਰਵਾਨ ਅਤੇ ਸਮਾਜ ਦੀ ਭਲਾਈ ਲਈ ਕੰਮ ਕਰਨ ਵਾਲਾ ਹੋਵੇ ਤੇ ਜਿਸ ਦਾ ਰਾਜ ਪ੍ਰਬੰਧ ਰਾਜਤੰਤਰੀ ਹੁੰਦਿਆਂ ਵੀ ਲੋਕਤੰਤਰੀ ਗੁਣਾਂ ਵਾਲਾ ਹੋਵੇ।
ਲੋਕਤੰਤਰ ਪ੍ਰਣਾਲੀ ਵਿੱਚ ਸ਼ਾਸਕ ਦੀ ਚੋਣ ਵਿੱਚ ਲੋਕ ਖੁਦ ਧਿਰ ਬਣ ਗਏ। ਰਾਜਤੰਤਰ ਪਿਤਾ ਪੁਰਖੀ ਜਾਂ ਕੁਲੀਨ ਵਰਗ ਵਿੱਚੋਂ ਹੀ ਰਾਜਾ ਪ੍ਰਾਪਤ ਕਰਦਾ ਸੀ। ਸਦੀਆਂ ਦੇ ਸੰਘਰਸ਼ ਵਿਚ ਦੀ ਲੋਕਤੰਤਰ ਦਾ ਵਿਕਾਸ ਯੂਰਪ ਵਿੱਚ ਹੋਇਆ ਸਾਮਰਾਜਵਾਦੀ ਤਾਕਤਾਂ ਦੇ ਖਾਤਮੇ ਨਾਲ ਏਸ਼ੀਆ, ਅਫਰੀਕਾ ਅਤੇ ਲਤੀਨੀ ਅਮਰੀਕਾ ਦੇ ਦੂਰ-ਦੁਰਾਡੇ ਵਾਲੇ ਦੇਸ਼ਾਂ ਵਿੱਚ ਲੋਕਤੰਤਰ ਪ੍ਰਣਾਲੀ ਨੂੰ ਅਪਨਾਇਆ ਗਿਆ। ਬਸਤੀਵਾਦ ਹੰਢਾ ਚੁੱਕੇ ਦੇਸ਼ਾਂ ਦੀਆਂ ਸਮਾਜਿਕ ਵਿਵਸਥਾਵਾਂ ਭਾਵੇਂ ਲੋਕਤੰਤਰ ਪ੍ਰਣਾਲੀ ਲਈ ਪੂਰਨ ਰੂਪ ਵਿੱਚ ਢੁੱਕਵੀਂਆਂ ਨਹੀਂ ਸੀ ਪਰ ਇਸ ਤੋਂ ਹਟ ਕੇ ਹੋਰ ਕੋਈ ਰਾਜ ਪ੍ਰਣਾਲੀ ਅਪਨਾਉਣ ਦੇ ਯੋਗ ਨਹੀਂ ਸੀ।
ਭਾਰਤ ਇਸ ਵਕਤ ਸਭ ਤੋਂ ਵੱਡਾ ਲੋਕਤੰਤਰ ਹੈ ਜਿਥੇ 90 ਕਰੋੜ ਵੋਟਰ ਆਪਣੀ ਸਤਾਰਵੀਂ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਕਰ ਰਹੇ ਹਨ।
ਰਾਜਨੀਤਕ ਪਾਰਟੀਆਂ ਰਾਹੀਂ ਚੁਣੇ ਗਏ ਸੰਸਦ ਦੇ ਮੈਂਬਰਾਂ ਨੇ ਅੱਗੋਂ ਦੇਸ਼ ਦੇ ਸ਼ਾਸਕ ਮੁਖੀ ਦੀ ਚੋਣ ਕਰਨੀ ਹੈ। ਸਾਡੇ ਦੇਸ਼ ਦੀ ਸਮਾਜਿਕ ਬਣਤਰ, ਧਾਰਮਿਕ ਵਖਰੇਵੇਂ ਅਤੇ ਪ੍ਰਾਂਤਿਕ ਝਗੜੇ ਚੋਣ ਪ੍ਰਣਾਲੀ ਲਈ ਘਾਤਕ ਸਾਬਤ ਹੋ ਰਹੇ ਹਨ। ਉਮੀਦਵਾਰ ਦੀ ਚੋਣ ਜਾਤੀ, ਮਜ਼ਹਬ, ਭਾਸ਼ਾ ਅਤੇ ਨਸਲ ਦੇ ਅਧਾਰ ’ਤੇ ਕੀਤੀ ਜਾਂਦੀ ਹੈ। ਸਿਟਾ ਇਹ ਨਿਕਲਿਆ ਕਿ ਪਹਿਲਾਂ ਨਾਲੋਂ ਸਾਡੀ ਚੋਣ ਪ੍ਰਣਾਲੀ ਵਿੱਚ ਹਿੰਸਕ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਰਾਜਨੀਤਿਕ ਪਾਰਟੀਆਂ ਵਿੱਚ ਅਨੁਸਾਸ਼ਨ ਦੀ ਕਮੀ ਕਾਰਣ ਉਮੀਦਵਾਰਾਂ ਵੱਲੋਂ ਇਕ ਦੂਜੇ ਵਿਰੁੱਧ ਰੱਜ ਕੇ ਚਿੱਕੜ ਉਛਾਲਿਆ ਜਾ ਰਿਹਾ ਹੈ। ਦਲਿਤ, ਪਛੜੇ ਵਰਗ ਅਤੇ ਗਰੀਬ ਮਜ਼ਦੂਰਾਂ (ਕਿਸਾਨਾਂ ਦੀਆਂ ਵੋਟਾਂ ਨੂੰ ਪੈਸੇ ਦੀ ਦੁਰਵਰਤੋਂ ਨਾਲ ਪ੍ਰਭਾਵਿਤ ਕੀਤਾ ਜਾਣਾ ਸੁਭਾਵਿਕ ਹੈ। ਚੋਣ ਪ੍ਰੀਕ੍ਰਿਆ ਦੌਰਾਨ ਔਰਤ ਉਮੀਦਵਾਰਾਂ ਪ੍ਰਤੀ ਘਟੀਆ ਅਤੇ ਮਰਿਆਦਾ ਰਹਿਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹੋ ਜਿਹੇ ਰਾਜਨੀਤਕ, ਮੈਦਾਨ ਵਿੱਚੋਂ ਕਿਸ ਕਿਸਮ ਦੇ ਨੁਮਾਇੰਦੇ ਚੁਣੇ ਜਾਣਗੇ, ਇਸ ਦਾ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਸੁਯੋਗ ਅਤੇ ਦੂਰ ਅੰਦੇਸ਼ ਸ਼ਾਸਕ ਉਥੋਂ ਦੀ ਰਾਜਨੀਤਕ ਅਤੇ ਆਰਥਿਕ ਵਿਵਸਥਾ ਦੀ ਮਜ਼ਬੂਤ ਨੀਂਹ ਬਣਦੇ ਹਨ। ਅਜ਼ਾਦੀ ਉਪ੍ਰੰਤ ਅਮਰੀਕਾ ਦਾ ਪਹਿਲਾ ਰਾਸ਼ਟਰਪਤੀ ਜਾਰਜ ਵਸ਼ਿੰਗਟਨ ਨੂੰ 1789 ਤੋਂ 97 ਤੱਕ ਸਰਬ ਸੰਮਤੀ ਨਾਲ ਚੁਣਿਆ ਗਿਆ। ਤੀਸਰੀ ਵਾਰ ਉਨ੍ਹਾਂ ਖੁਦ ਲੋਕਾਂ ਅੱਗੇ ਲਿਖਤੀ ਰੂਪ ਵਿੱਚ ਰਾਸ਼ਟਰਪਤੀ ਬਨਣ ਤੋਂ ਨਾਂਹ ਕਰ ਦਿੱਤੀ ਤਾਂ ਜੋ ਹੋਰ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਦਾ ਅਵਸਰ ਮਿਲ ਸਕੇ। ਉਥੋਂ ਦੇ ਬਾਅਦ ਵਾਲੇ ਪ੍ਰਧਾਨਾਂ ਜਿਵੇਂ ਥਾਮਸ ਜੈਫਰਸਨ, ਅਬਰਾਹਮ ਲਿੰਕਨ, ਰੂਜ਼ਵੈਲਟ ਵੁਡਰੋ ਵਿਨਸਨ ਅਤੇ ਜਾਨ ਕੈਨੇਡੀ ਹੁਰਾਂ ਪਹਿਲੇ ਦੇ ਨਕਸ਼ੇ ਕਦਮਾਂ ’ਤੇ ਚਲ ਕੇ ਡੇਢ ਸਦੀ ਵਿੱਚ ਅਮਰੀਕਾ ਨੂੰ ਵਿਸ਼ਵ ਸ਼ਕਤੀ ਬਣਾ ਦਿੱਤਾ।
ਪੜ੍ਹੇ ਲਿਖੇ, ਸੂਝਵਾਨ ਅਤੇ ਦਾਨਿਸ਼ਮੰਦਾ ਸਾਸ਼ਕ ਹਮੇਸ਼ਾ ਲੋਕਾਂ ਦਾ ਮਨ ਜਿੱਤ ਲੈਂਦੇ ਹਨ। ਰੂਸ ਦੀ 1917 ਦੀ ਕ੍ਰਾਂਤੀ ਬਾਅਦ ਜਦ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਦਾ ਇਕ ਡੈਲੀਗੇਸ਼ਨ ਲੈਨਿਨ ਨੂੰ ਮਿਲਣ ਲਈ ਮਾਸਕੋ ਆਇਆ ਤਾਂ ਉਸ ਦੇ ਦਫਤਰ ਵਾਲੇ ਕਮਰੇ ਵਿੱਚ ਕਾਮਰੇਡ ਦੁਪਹਿਰ ਦੀ ਰੋਟੀ ਖਾ ਰਿਹਾ ਸੀ। ਕਿਸਾਨ ਇਹ ਦੁੱਖ ਦੱਸਣ ਆਏ ਸਨ ਕਿ ਉਨ੍ਹਾਂ ਨੂੰ ਜੁਵਾਰ ਦੀ ਰੁੱਖੀ ਰੋਟੀ ਮਿਲਦੀ ਹੈ, ਫਿਰ ਇਨਕਲਾਬ ਦਾ ਕੀ ਫਾਇਦਾ ਹੋਇਆ। ਮਿਲਦਿਆਂ ਜਦ ਕਿਸਾਨਾਂ ਵੇਖਿਆ ਕਿ ਲੈਨਿਨ ਵੀ ਓਹੀ ਰੁੱਖੀ ਰੋਟੀ ਖਾ ਰਿਹਾ ਸੀ ਜਿਹੜੀ ਉਨ੍ਹਾਂ ਨੂੰ ਨਸੀਬ ਹੁੰਦੀ ਹੈ, ਕਿਸਾਨਾਂ ਦੀ ਸ਼ਿਕਾਇਤ ਝੱਟ ਖ਼ਤਮ ਹੋ ਗਈ। ਜਿਥੇ ਸ਼ਾਸਕ ਅਤੇ ਸ਼ਾਸਤ ਦੇ ਰਹਿਣ-ਸਹਿਣ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਨਾ ਹੋਵੇ ਅਤੇ ਸ਼ਾਸਕ ਲੋਕਾਂ ਦੀ ਦੁਸ਼ਵਾਰੀਆਂ ਸਮਝਣ ਦੀ ਤਾਂਘ ਰਖਦਾ ਹੋਵੇ ਅਤੇ ਕਦੀ-ਕਦਾਈ ਮਹਾਰਾਜਾ ਰਣਜੀਤ ਸਿੰਘ ਵਾਂਗ ਬੁਢੀ ਮਾਈ ਦੀ ਡੰਗੋਰੀ ਬਣ ਉਸ ਦੀ ਗਠੜੀ ਸਿਰ ’ਤੇ ਰੱਖ ਘਰ ਤੱਕ ਛੱਡਣ ਦੀ ਰੁਚੀ ਰੱਖਦਾ ਹੋਵੇ, ਉਥੇ ਆਦਰਸ਼ ਰਾਜ ਦੀਆਂ ਜੜ੍ਹਾਂ ਹਮੇਸ਼ਾ ਮਜ਼ਬੂਤ ਹੋਣਗੀਆਂ ਅਤੇ ਸ਼ਾਸਕ ਲੋਕਾਂ ਦੀਆਂ ਅੱਖਾਂ ਦਾ ਤਾਰਾ ਬਣਿਆ ਰਹੇਗਾ।
ਅਸੀਂ ਲੋਕਤੰਤਰ ਨੂੰ ਉਸ ਪੜਾਅ ਤੋਂ ਲੈ ਆਂਦਾ ਜਿਥੇ ਚੋਣ ਪ੍ਰੀਕ੍ਰਿਆ ਦੌਰਾਨ ਲੋਕਾਂ ਦੇ ਇਕੱਠ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਘੇਰ-ਘੇਰ ਕੇ ਪੁੱਛ ਰਹੇ ਹਨ ਕਿ ਪੰਜ ਸਾਲ ਪਹਿਲਾਂ ਕੀਤੇ ਵਾਅਦਿਆਂ ਦਾ ਹਿਸਾਬ ਕਿਤਾਬ ਦਿਓ। ਲੰਮੇ ਸਮੇਂ ਤੋਂ ਅਸੀਂ ਜੋ ਦਿਲ ਕੀਤਾ ਚੋਣ ਮੈਨੀਫੈਸਟੋ ਵਿੱਚ ਲਿਖ ਦਿੱਤਾ ਜਿਸ ਵਿੱਚ ਲੋਕਾਂ ਦੀਆਂ ਤਕਲੀਫਾਂ ਦਾ ਸਮਾਧਾਨ ਘੱਟ ਅਤੇ ਵੋਟਰਾਂ ਲਈ ਲਾਲਚ ਵੱਧ ਝਲਕਦਾ ਰਿਹਾ। ਸਧਾਰਣ ਲੋਕਾਂ ਦੀਆਂ ਆਰਥਿਕ ਸਮੱਸਿਆਵਾਂ ਅਤੇ ਸਮਾਜਿਕ ਤਕਲੀਫਾਂ ਹਰ ਪੰਜਵੇਂ ਵਰ੍ਹੇ ਦੁਗਣੀਆਂ ਹੁੰਦੀਆਂ ਗਈਆਂ। ਕਈ ਥਾਈਂ ਜੁੜੇ ਇਕੱਠਾਂ ਵਿੱਚ ਇਹ ਕਹਿੰਦੇ ਵੀ ਸੁਣਿਆ ਕਿ ਸਾਰੇ ਸਿਆਸੀ ਆਗੂ ਇਕੋ ਜਿਹੇ ਹੀ ਹਨ। ਲੋਕਾਂ ਦਾ ਦਰਦ ਕੋਈ ਵੀ ਮਹਿਸੂਸ ਨਹੀਂ ਕਰ ਰਿਹਾ। ਸਧਾਰਣ ਵੋਟਰ ਭੰਬਲਭੂਸੇ ਵਿੱਚ ਹੈ ਅਤੇ ਮਹਿਸੂਸ ਕਰਦਾ ਹੈ ਕਿ ਸਾਰੇ ਰਾਜਨੀਤੀਵਾਨ ਰਲੇ ਹੋਏ ਹਨ ਅਤੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਪੰਜਾਬ ਦੀਆਂ ਸੰਸਦੀ ਸੀਟਾਂ ਲਈ ਖ਼ੜ੍ਹੇ ਉਮੀਦਵਾਰਾਂ ਵਿੱਚੋਂ 30ਫੀਸਦੀ 10ਵੀਂ, 12ਵੀਂ ਤਕ ਹੀ ਪੜ੍ਹੇ ਹੋਏ ਹਨ। ਮਹਿੰਗੀ ਅਤੇ ਜਾਤੀ ਅਧਾਰਤ ਰਾਜਨੀਤੀ ਨੇ ਵਿਦਵਾਨ, ਤਜ਼ਰਬੇਕਾਰ ਅਤੇ ਸੂਝਵਾਨ ਵਿਅਕਤੀਆਂ ਨੂੰ ਚੋਣ ਪ੍ਰੀਕ੍ਰਿਆ ਤੋਂ ਦੂਰ ਰਹਿਣ ਲਈ ਮਜ਼ਬੂਰ ਕੀਤਾ ਹੈ। ਸੱਤਾ ਅਧਾਰਤ ਰਾਜਨੀਤੀ ਨੇ ਸਰਮਾਏਦਾਰ, ਕਾਰੋਬਾਰੀ ਅਤੇ ਫਿਲਮੀ ਸਿਤਾਰਿਆਂ ਨੂੰ ਜ਼ਿਆਦਾ ਥਾਂ ਦਿੱਤੀ ਹੈ। ਇਸ ਕਿਸਮ ਦੇ ਉਮੀਦਵਾਰਾਂ ਦਾ ਪਿੰਡ ਅਤੇ ਮਹੱਲਾ ਪੱਧਰ ’ਤੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਜ਼ਮੀਨਾ ਹਕੀਕਤਾਂ ਨਾਲ ਕਦੇ ਵਾ-ਵਾਸਤਾ ਨਹੀਂ ਪਿਆ।
ਸਾਸ਼ਕ ਆਮ ਲੋਕਾਂ ਨਾਲ ਜੁੜਿਆ ਹੋਵੇ, ਗਰੀਬਾਂ ਦੀਆਂ ਸਮੱਸਿਆਵਾਂ ਨੂੰ ਸਮਝਦਾ ਹੋਵੇ ਅਤੇ ਜਨਤਕ ਜ਼ਿੰਦਗੀ ਵਿੱਚ ਇਨ੍ਹਾਂ ਵਾਂਗ ਹੀ ਵਿਚਰਦਾ ਹੋਵੇ। ਆਜ਼ਾਦੀ ਉਪਰੰਤ ਸਾਡੇ ਵੀ ਦੇਸ਼ ਦੇ ਮੁਖੀ ਵਿਦਵਾਨ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਫਿਲਾਸਫਰ ਸਨ। ਕਹਿੰਦੇ ਜਦ ਵੀ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਕਿਸੇ ਸ਼ਹਿਰ ਵਿੱਚ ਆਉਂਦੇ ਤਾਂ ਘੰਟਿਆਂ ਬੱਧੀ ਲੋਕ ਉਨ੍ਹਾਂ ਦੇ ਸਵਾਗਤ ਲਈ ਇੰਤਜ਼ਾਰ ਕਰਦੇ। 1962 ਦੀ ਚੀਨ ਨਾਲ ਲੜਾਈ ਸਮੇਂ ਲੱਖਾਂ ਔਰਤਾਂ ਨੇ ਆਪਣੇ ਨਿਜੀ ਗਹਿਣੇ ਉਸ ਵਕਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਕਹਿਣ ਤੇ ਦਾਨ ਵਜੋਂ ਦਿੱਤੇ। 1964 ਵਿੱਚ ਉਨ੍ਹਾਂ ਦੇ ਮਰਨ ਵੇਲੇ ਸਾਰੇ ਦੇਸ਼ ਅਤੇ ਲੋਕਾਂ ਦੇ ਘਰਾਂ ਵਿੱਚ ਸੋਗ ਸੀ। ਜੋ ਕੁਝ ਵਸ਼ਿੰਗਟਨ ਨੇ ਅਮਰੀਕਾ ਲਈ ਕੀਤਾ, ਪੰਡਿਤ ਨਹਿਰੂ ਨੇ ਭਾਰਤ ਲਈ ਕੀਤਾ।
ਸਾਡੇ ਸਾਸ਼ਕ ਸਧਾਰਣ ਲੋਕਾਂ ਦੀ ਤਕਲੀਫ ਨੂੰ ਆਪਣੀ ਸਮਝਣ। ਜੇਕਰ ਜਨਤਾ ਔਖਿਆਈ ਵਿੱਚ ਹੈ ਤਾਂ ਉਨ੍ਹਾਂ ਨੂੰ ਨੀਂਦ ਨਾ ਆਵੇ। ਦਾਨਿਸ਼ਮੰਦ, ਵਿਦਵਾਨ ਅਤੇ ਮਹਾਰਾਜਾ ਰਣਜੀਤ ਸਿੰਘ ਵਾਂਗ ਦਲੇਰ ਅਤੇ ਦੂਰ ਅੰਦੇਸ਼ੀ ਹੋਣ ਸਾਡੇ ਸ਼ਾਸਕ ਜਿੰਨ੍ਹਾਂ ਦੀ ਛਾਪ ਇਤਿਹਾਸ ਦੇ ਹਰ ਵਰਕੇ ’ਤੇ ਹੋਵੇ। ਸ਼ਾਸਕ ਹੀ ਕਿਸੇ ਦੇਸ਼ ਦੀ ਪ੍ਰਤੀਸ਼ਠਾ ਦਾ ਚਿੰਨ ਹੈ ਅਤੇ ਬਾਹਰਲੇ ਮੁਲਕਾਂ ਵਿੱਚ ਉਸੇ ਦੇਸ਼ ਦੀ ਤਸਵੀਰ ਹੁੰਦਾ ਹੈ।