ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 19 ਮਈ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਮੈਦਾਨ ਵਿੱਚ ਕੁੱਲ 278 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਪੰਜਾਬ ਵਿੱਚ ਕੁੱਲ 2.8 ਕਰੋੜ ਵੋਟਰ ਹਨ। ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਈ ਪੱਖਾਂ ਤੋਂ ਪੰਜਾਬ ਲਈ ਬਹੁਤ ਅਹਿਮ ਹਨ। ਲੋਕ ਸਭਾ ਦੀਆਂ ਇਨ੍ਹਾਂ ਚੋਣਾਂ ਨੂੰ 2022 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਇਕ ਪ੍ਰੀਖਿਆ ਵਜੋਂ ਹੀ ਵੇਖਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਇਸ ਵਾਰ ਚਾਰ ਤੋਂ ਵੱਧ ਸਿਆਸੀ ਧਿਰਾਂ ਜ਼ੋਰ ਅਜ਼ਮਾਈ ’ਚ ਲੱਗੀਆਂ ਹੋਈਆਂ ਹਨ। ਕਾਂਗਰਸ, ਭਾਜਪਾ-ਅਕਾਲੀ ਗਠਜੋੜ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਪੰਜਾਬੀ ਏਕਤਾ ਪਾਰਟੀ ਦੇ ਉਮੀਦਵਾਰ ਜਿੱਤ ਦੇ ਪ੍ਰਮੁੱਖ ਦਾਅਵੇਦਾਰ ਹਨ। ਜ਼ਿਆਦਾਤਰ ਹਲਕਿਆਂ ਵਿੱਚ ਬਹੁ ਕੋਨੇ ਮੁਕਾਬਲੇ ਹਨ। ਪ੍ਰਮੁੱਖ ਸਿਆਸੀ ਪਾਰਟੀਆਂ ਦੇ ਮੁੱਖੀ ਵੀ ਮੈਦਾਨ ਵਿੱਚ ਨਿੱਤਰੇ ਹੋਏ ਹਨ। ਕਾਂਗਰਸ ਸਾਰੇ 13 ਹਲਕਿਆਂ ਤੋਂ ਚੋਣ ਲੜ ਰਹੀ ਹੈ। ਸ਼੍ਰੋਮਣੀ ਅਕਾਲੀ ਦਲ 10 ਹਲਕਿਆਂ ਅਤੇ ਭਾਜਪਾ 3 ਹਲਕਿਆਂ ਤੋਂ ਚੋਣ ਮੈਦਾਨ ਵਿੱਚ ਹੈ। ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ਼ ਪਾਰਟੀ, ਬਹੁਜਨ ਸਮਾਜ ਪਾਰਟੀ, ਸੀਪੀਆਈ ਅਤੇ ਹੋਰ ਧੜਿਆਂ ’ਤੇ ਅਧਾਰਿਤ ਪੀਡੀਏ ਗਠਜੋੜ ਵੱਲੋਂ 13 ਸੀਟਾਂ ਤੋਂ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਵੀਂ ਕੁਝ ਹਲਕਿਆਂ ’ਚ ਸਿਆਸੀ ਲੜਾਈ ਲੜੀ ਜਾ ਰਹੀ ਹੈ। ਕਹਿਣ ਦਾ ਭਾਵ ਇਹ ਹੈ ਕਿ ਲੋਕ ਸਭਾ ਚੋਣਾਂ ਵਿੱਚ ਸਾਰੀਆਂ ਪ੍ਰਮੁੱਖ ਸਿਆਸੀ ਧਿਰਾਂ ਆਪਣੇ ਆਪ ਨੂੰ ਸਿੱਧ ਕਰਨ ਵਿੱਚ ਲੱਗੀਆਂ ਹੋਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਵਕਾਰ ਵੀ ਦਾਅ ਉਪਰ ਹੈ। ਬਠਿੰਡਾ ਵਿੱਚ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੀ ਆਪਣੀ ਜ਼ਿੰਦਗੀ ਦੀ ਸਭ ਤੋਂ ਅਹਿਮ ਲੜਾਈ ਲੜ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਖੁਦ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ। ਤੀਜੇ ਬਦਲ ਲਈ ਯਤਨਸ਼ੀਲ ਸ. ਸੁਖਪਾਲ ਸਿੰਘ ਖਹਿਰਾ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਵੱਲੋਂ ਸਿੱਖ ਲਹਿਰ ਨਾਲ ਜੁੜੇ ਕੁਝ ਉਮੀਦਵਾਰ ਵੀ ਮੈਦਾਨ ਵਿੱਚ ਉਤਾਰੇ ਗਏ ਹਨ। ਪੰਜਾਬ ਦੇ ਵੋਟਰਾਂ ਸਾਹਮਣੇ ਕਈ ਬਦਲ ਹਨ। ਉਨ੍ਹਾਂ ਨੇ ਇਹ ਨਿਰਣਾ ਕਰਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਅਗਵਾਈ ਕੌਣ ਕਰੇਗਾ। ਪੰਜਾਬ ਦੇ ਵਕਾਰੀ ਹਲਕਿਆਂ ਦੇ ਚੋਣ ਨਤੀਜੇ ਸੂਬੇ ਦੀ ਸਿਆਸਤ ਨੂੰ ਕਾਫੀ ਪ੍ਰਭਾਵਿਤ ਕਰਨਗੇ। ਇਸ ਵਾਰ ਦੀਆਂ ਚੋਣਾਂ ਇਹ ਵੀ ਨਿਰਣਾ ਕਰਨਗੀਆਂ ਕਿ ਪੰਜਾਬ ਦੇ ਲੋਕ ਕਿਸਾਨਾਂ ਦੀਆਂ ਖੁਦਕੁਸ਼ੀਆਂ, ਨਸ਼ਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦਿਆਂ ਨੂੰ ਕਿੰਨੀ ਕੁ ਅਹਿਮੀਅਤ ਦਿੰਦੇ ਹਨ। ਇਕ ਤਰ੍ਹਾਂ ਨਾਲ ਪੰਜਾਬ ਦੇ ਵੋਟਰ 19 ਮਈ ਨੂੰ ਬਹੁਤ ਹੀ ਕਠਿਨ ਇਮਤਿਹਾਨ ਦੇਣ ਜਾ ਰਹੇ ਹਨ। ਇਸ ਦਾ ਨਤੀਜਾ ਪੰਜਾਬ ਦੇ ਭਵਿੱਖ ਲਈ ਅਹਿਮ ਹੋਵੇਗਾ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਪੰਜਾਬੀ ਇਸ ਪ੍ਰੀਖਿਆ ਵਿੱਚ ਪਾਸ ਹੋਣਗੇ ਅਤੇ ਉਨ੍ਹਾਂ ਦੀ ਚੋਣ ਉਪਰ ਮਾਣ ਕੀਤਾ ਜਾ ਸਕੇਗਾ।
– ਬਲਜੀਤ ਸਿੰਘ ਬਰਾੜ