ਬਰੇਟਾ- ਬਰੇਟਾ ਮੰਡੀ ਵਿਖੇ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਹਸਪਤਾਲ ਲਈ ਇੱਕ ਆਲੀਸ਼ਾਨ ਇਮਾਰਤ ਬਣਾਈ ਗਈ ਹੈ। ਜੋ ਲੰਮੇ ਸਮੇਂ ਤੋਂ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਬਿਨ੍ਹਾਂ ਆਪਣੇ ਮੰਤਵ ਦੀ ਪੂਰਤੀ ਕਰਨ ਵਿੱਚ ਅਸੱਮਰਥ ਸਾਬਿਤ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਸਪਤਾਲ ਦੀ ਸਮੱਰਥਾ 30 ਬਿਸਤਰੇ ਹੈ । ਇਸ ਦਾ ਉਦਘਾਟਨ ਮੌਜੂਦਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ 14 ਨਵੰਬਰ 2014 ਨੂੰ ਕੀਤਾ ਗਿਆ ਸੀ । ਇਹ ਬਿਲਡਿੰਗ ਲਗਭਗ ਸਵਾ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਸੀ।ਜੋ ਕਿ ਪੰਜਾਬ ਦੇ ਹਸਪਤਾਲਾਂ ਵਿੱਚੋਂ ਇੱਕ ਨਮੂਨੇ ਦੀ ਬਿਲਡਿੰਗ ਮੰਨੀ ਜਾਂਦੀ ਹੈ। ਇਲਾਕੇ ਦੇ ਲੋਕਾਂ ਲਈ ਮੰਦਭਾਗੀ ਗੱਲ ਇਹ ਹੈ ਕਿ ਇਹ ਹਸਪਤਾਲ ਬਰੇਟਾ ਇਲਾਕੇ ਦੇ ਲਗਭਗ 22 ਪਿੰਡਾਂ ਲਈ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਥਾਪਿਤ ਕੀਤਾ ਗਿਆ ਸੀ ਜੋ ਹੁਣ ਖੁਦ ਬਿਮਾਰ ਜਾਪ ਰਿਹਾ ਹੈ । ਗਰਭਵਤੀ ਔਰਤਾਂ ਨੂੰ ਕਿਸੇ ਵੇਲੇ ਵੀ ਲੋੜ ਪੈਣ ਤੇ ਮਹਿਲਾ ਡਾਕਟਰ ਦਾ ਕੋਈ ਪ੍ਰਬੰਧ ਨਹੀਂ ਹੈ ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਸਮੱਸਿਆ ਬਾਰੇ ਕਈ ਵਾਰ ਸਰਕਾਰ ਅਤੇ ਇਲਾਕੇ ਦੇ ਫੋਕੀ ਚੋਧਰ ਚਮਕਾਉਣ ਵਾਲੇ ਲੀਡਰਾਂ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਫਿਰ ਵੀ ਪਰਨਾਲਾ ਜਿਉ ਦਾ ਤਿਉ ਹੈ ।ਉਨ੍ਹਾਂ ਕਿਹਾ ਕਿ ਬਰੇਟਾ ਇਲਾਕੇ ਵਿੱਚ ਕੋਈ ਵੀ ਮਿਲਣ ਵਾਲੀ ਸਹੂਲਤ ਪੂਰੀ ਨਹੀਂ । ਉਨ੍ਹਾਂ ਕਿਹਾ ਕਿ ਇਹ ਮੰਤਰੀ ਆਪਣੀ ਛੋਟੀ ਮੋਟੀ ਬਿਮਾਰੀ ਦਾ ਚੈਕ ਅੱਪ ਕਰਵਾਉਣ ਲਈ ਵੀ ਵਿਦੇਸ਼ ਜਾਂਦੇ ਹਨ ਅਤੇ ਸਾਨੂੰ ਇਲਾਜ ਲਈ ਨਿੱਜੀ ਹਸਪਤਾਲਾਂ ਚ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ । ਵੱਖ ਵੱਖ ਵਿਭਾਗਾਂ ਵਿੱਚ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਦੀਆਂ 54 ਆਸਾਮੀਆਂ ਵਿੱਚੋ 42 ਆਸਮੀਆਂ ਖਾਲੀ ਪਈਆਂ ਹਨ ।
ਹਸਪਤਾਲ ਵਿੱਚ ਐਕਸਰੇ ਅਤੇ ਹੋਰ ਮੰਤਵ ਲਈ ਹੋਰ ਮੌਜੂਦ ਮਸ਼ੀਨਾਂ ਮੁਲਾਜਮਾਂ ਦੀ ਕਮੀ ਹੋਣ ਕਾਰਨ ਧੂੜ ਫੱਕ ਰਹੀਆਂ ਹਨ ।
– ਰੀਤਵਾਲ
ਪੱਤਰਕਾਰ ‘ਪੰਜਾਬ ਟਾਇਮਜ਼’ ਬਰੇਟਾ