ਰਾਜਾ ਵੜਿੰਗ ਦੀ ਉਮੀਦਵਾਰੀ ਰੱਦ ਹੋਵੇ

ਕਾਂਗਰਸ ਦੇ ਗਿੱਦੜਵਾਹਾ ਤੋਂ ਵਿਧਾਇਕ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਰਾਜਾ ਵੜਿੰਗ ਵਿਵਾਦ ਵਾਲੀ ਬਿਆਨਬਾਜ਼ੀ ਲਈ ਬਦਨਾਮ ਹਨ। ਉਹ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਹੇ ਹਨ ਇਸ ਦੇ ਬਾਵਜੂਦ ਉਨ੍ਹਾਂ ਵਿੱਚ ਸਿਆਸੀ ਪਰਿਪੱਕਤਾ ਦੀ ਭਾਰੀ ਕਮੀ ਹੈ। ਬਠਿੰਡਾ ਲੋਕ ਸਭਾ ਹਲਕੇ ਵਿੱਚ ਕਾਂਗਰਸ ਲਈ ਬਹੁਤ ਔਖੀ ਸਿਆਸੀ ਲੜਾਈ ਲੜ ਰਹੀ ਹੈ, ਪ੍ਰੰਤੂ ਰਾਜਾ ਵੜਿੰਗ ਇਸ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਨਹੀਂ ਸਮਝਦੇ। ਉਨ੍ਹਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਬੀਬਾ ਹਰਸਿਮਰਤ ਕੌਰ ਚੋਣ ਲੜ ਰਹੇ ਹਨ। ਉਹ ਦੋ ਵਾਰ ਪਹਿਲਾਂ ਇਸ ਹਲਕੇ ਤੋਂ ਜਿੱਤ ਹਾਸਿਲ ਕਰ ਚੁੱਕੇ ਹਨ। ਪਿਛਲੀ ਚੋਣ ਵਿੱਚ ਉਨ੍ਹਾਂ ਨੇ ਸ. ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਸੀ। ‘ਆਪ’ ਵੱਲੋਂ ਤਲਵੰਡੀ ਸਾਬੋ ਤੋਂ ਵਿਧਾਇਕ ਬੀਬੀ ਬਲਜਿੰਦਰ ਕੌਰ ਇਸ ਹਲਕੇ ਤੋਂ ਉਮੀਦਵਾਰ ਹਨ। ਪੰਜਾਬੀ ਏਕਤਾ ਪਾਰਟੀ ਦੀ ਤਰਫੋਂ ਸ. ਸੁਖਪਾਲ ਸਿੰਘ ਖਹਿਰਾ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ। ਕਹਿਣ ਦਾ ਭਾਵ ਇਹ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਵਿੱਚ ਸਿਆਸੀ ਲੜਾਈ ਬਹੁਤ ਸਖ਼ਤ ਅਤੇ ਚੁਣੌਤੀਪੂਰਨ ਹੈ। ਇਸ ਮੁਕਾਬਲੇ ਵਿੱਚ ਸਿਆਸੀ ਤੌਰ ’ਤੇ ਰਾਜਾ ਵੜਿੰਗ ਇਕ ਛੋਟੇ ਕੱਦ ਦੇ ਨੇਤਾ ਹਨ। ਕਾਂਗਰਸ ਨੇ ਵੱਡੇ ਨਾਵਾਂ ਨੂੰ ਠੁਕਰਾਅ ਕੇ ਉਸ ਨੂੰ ਇਸ ਹਲਕੇ ਤੋਂ ਟਿਕਟ ਦਿੱਤੀ ਹੈ। ਇਸ ਹਲਕੇ ਵਿੱਚ ਉਂਝ ਕਾਂਗਰਸ ਦੀ ਜਿੱਤ ਉਪਰ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਪਹਿਲਾਂ ਹੀ ਲੱਗੇ ਹੋਏ ਹਨ। ਹੁਣ ਰਾਜਾ ਵੜਿੰਗ ਦੇ ਬਿਆਨਾਂ ਅਤੇ ਹਰਕਤਾਂ ਨੇ ਕਾਂਗਰਸ ਲਈ ਹੋਰ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਹਿੰਦੂ ਭਾਈਚਾਰੇ ਦੇ ਇਕ ਚੋਣ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਸਾਰੀਆਂ ਹੱਦਾਂ-ਬੰਨ੍ਹਾ ਟੱਪ ਲਈਆਂ ਹਨ। ਇਸ ਇਕੱਠ ਵਿੱਚ ਉਸ ਨੇ ਸਿੱਖ ਭਾਈਚਾਰੇ ਅਤੇ ਸਿੱਖ ਲਹਿਰ ਖਿਲਾਫ ਜੋ ਜ਼ਹਿਰ ਅਤੇ ਨਫ਼ਰਤ ਘੋਲੀ ਹੈ, ਉਹ ਬਰਦਾਸ਼ਤਯੋਗ ਨਹੀਂ। ਉਸ ਨੇ ਇਕ ਤਰ੍ਹਾਂ ਨਾਲ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਤੋੜਨ ਅਤੇ ਨਫ਼ਰਤ ਫੈਲਾਉਣ ਦਾ ਕੰਮ ਕੀਤਾ ਹੈ। ਚੋਣ ਲੜ ਰਹੇ ਕਿਸੇ ਵੀ ਉਮੀਦਵਾਰ ਦਾ ਅਜਿਹਾ ਵਰਤਾਰਾ ਕਾਨੂੰਨ ਅਤੇ ਚੋਣ ਜਾਬਤੇ ਦੀ ਵੀ ਉਲੰਘਣਾ ਹੈ। ਉਹ ਖੁਲ੍ਹੇਆਮ ਇਹ ਆਖ ਰਿਹਾ ਹੈ ਕਿ ਪੰਜਾਬ ਵਿੱਚ ਸਿੱਖਾਂ ਨੇ ਬੱਸਾਂ ਵਿੱਚੋਂ ਕੱਢ ਕੇ ਹਿੰਦੂਆਂ ਨੂੰ ਮਾਰਿਆ ਸੀ। ਇਸ ਦੇ ਨਾਲ ਹੀ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਬੇਲੋੜੇ ਸੋਹਲੇ ਗਾ ਰਿਹਾ ਹੈ। ਉਸ ਦੇ ਭਾਸ਼ਣ ਤੋਂ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਸ ਨੂੰ ਸਿੱਖਾਂ ਦੀਆਂ ਵੋਟਾਂ ਦੀ ਕੋਈ ਲੋੜ ਨਹੀਂ ਹੈ। ਉਹ ਸ਼ਾਇਦ ਸਿਰਫ ਹਿੰਦੂ ਵੋਟਾਂ ਦੇ ਆਸਰੇ ਹੀ ਬਠਿੰਡਾ ਤੋਂ ਚੋਣ ਜਿੱਤਣ ਦੀ ਆਸ ਲਗਾਈ ਬੈਠਾ ਹੈ। ਚੋਣਾਂ ਵਿੱਚ ਇਸ ਤਰ੍ਹਾਂ ਦੀ ਨਫਰਤ ਫੈਲਾਉਣਾ ਇਕ ਵੱਡਾ ਗੁਨਾਹ ਹੈ। ਇਹ ਹੈਰਾਨੀ ਦੀ ਗੱਲ ਹੈ ਕਿ 24 ਘੰਟੇ ਬੀਤ ਜਾਣ ਬਾਅਦ ਵੀ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਸ ਦੇ ਇਸ ਬਿਆਨ ਦਾ ਕੋਈ ਨੋਟਿਸ ਨਹੀਂ ਲਿਆ। ਬਿਨਾ ਸ਼ੱਕ ਰਾਜਾ ਵੜਿੰਗ ਨੇ ਜੋ ਅਪਰਾਧ ਕੀਤਾ ਹੈ ਉਸ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਉਹ ਰਾਜਾ ਵੜਿੰਗ ਦੀ ਉਮੀਦਵਾਰੀ ਤੁਰੰਤ ਰੱਦ ਕਰੇ। ਕਾਂਗਰਸ ਰਾਜਾ ਵੜਿੰਗ ਦੀ ਥਾਂ ਕਿਸੇ ਬਦਲਵੇਂ ਉਮੀਦਵਾਰ ਨੂੰ ਅਪਣਾ ਲਵੇ। ਰਾਜਾ ਵੜਿੰਗ ਵਰਗੀ ਸਿਆਸੀ ਸੋਚ ਵਾਲੇ ਲੋਕਾਂ ਨੂੰ ਪਾਰਲੀਮੈਂਟ ਵਿੱਚ ਭੇਜਣ ਨਾਲੋਂ ਵੋਟਰ ਆਪਣਾ ਵੋਟ ਖੂਹ ਵਿੱਚ ਸੁੱਟ ਦੇਣ। ਬਠਿੰਡਾ ਦੇ ਸਾਰੇ ਸੂਝਵਾਨ ਵੋਟਰਾਂ ਨੂੰ ਅਜਿਹੇ ਉਮੀਦਵਾਰ ਦਾ ਮੁਕੰਮਲ ਤੌਰ ’ਤੇ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਹੋਰ ਇਸ ਤਰ੍ਹਾਂ ਦੀ ਹਿਮਾਕਤ ਨਾ ਕਰੇ। ਰਾਜਾ ਵੜਿੰਗ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਜਵਾਬ ਦੇਣ ਲਈ ਪੂਰੇ ਭਾਈਚਾਰੇ ਨੂੰ ਇਕਮੁੱਠ ਹੋਣਾ ਪਵੇਗਾ।
– ਬਲਜੀਤ ਸਿੰਘ ਬਰਾੜ

Send this to a friend