ਐਮਸਟਰਡੈਮ – ਨੈਸ਼ਨਲ ਕਮੇਟੀ 4-5 ਮਈ ਵੱਲੋਂ, ਐਮਸਟਰਡੈਮ ਦੇ ਮਸ਼ਹੂਰ ਡੈਮ ਸਕੇਅਰ ਜਿਥੇ ਹਾਲੈਂਡ ਦੀ ਦੂਜੇ ਮਹਾਂਯੁੱਧ ’ਚ ਸ਼ਹੀਦ ਹੋਣ ਵਾਲੇ ਫੌਜੀਆਂ ਅਤੇ ਸ਼ਹਿਰੀਆਂ ਦੀ ਕੌਮੀ ਯਾਦਗਾਰ ਬਣੀ ਹੋਈ ਹੈ, ਇਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸ਼ਹੀਦੀ ਸਮਾਗਮ ਕਰਵਾਇਆ ਗਿਆ ਜਿਥੇ ਹਜ਼ਾਰਾਂ ਲੋਕਾਂ ਵੱਲੋਂ, ਹਾਲੈਂਡ ਦੇ ਰਾਜਾ ਰਾਣੀ, ਪ੍ਰਧਾਨ ਮੰਤਰੀ, ਫੌਜੀ ਜਰਨੈਲਾਂ, ਫੌਜੀਆਂ ਅਤੇ ਸ਼ਹਿਰੀਆਂ ਦੇ ਪਰਿਵਾਰਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਬਚੇ ਹੋਏ ਪਰਿਵਾਰਾਂ ਅਤੇ ਉਨ੍ਹਾਂ ਦੇ ਮੌਜੂਦਾ ਪਰਿਵਾਰਕ ਮੈਂਬਰਾਂ ਨੇ ਲੜਾਈ ’ਚ ਸਹੇ ਹੋਏ ਬੇਹਦ ਦੁੱਖ ਅਤੇ ਤਕਲੀਫਾਂ ਦਾ ਵਰਨਣ ਕੀਤਾ। ਸ਼ਾਮ ਨੂੰ 8 ਵਜੇ ਪੂਰੇ ਹਾਲੈਂਡ ’ਚ ਇਨ੍ਹਾਂ ਸ਼ਹੀਦਾਂ ਦੀ ਯਾਦ ਵਜੋਂ 2 ਮਿੰਟ ਦਾ ਮੋਨ ਰੱਖਿਆ ਗਿਆ। ਯਾਦ ਰਹੇ ਇਸ ਮਹਾ ਯੁੱਧ ’ਚ ਹਾਲੈਂਡ ਦੇ 250,000 ਫੌਜੀ ਅਤੇ ਸ਼ਹਿਰੀ ਸ਼ਹੀਦ ਹੋਏ ਸਨ ਅਤੇ ਨਾਜ਼ੀ ਹਿਟਲਰ ਨੇ 5 ਸਾਲ ਹਾਲੈਂਡ ਨੂੰ ਨਜਾਇਜ਼ ਕਬਜ਼ੇ ’ਚ ਰੱਖ ਕੇ ਜ਼ੁਲਮ ਕੀਤੇ ਸਨ ਅਤੇ ਲਗਭਗ ਸਾਰੇ ਹੀ ਯਹੂਦੀ ਜੋ ਹਾਲੈਂਡ ’ਚ ਰਹਿੰਦੇ ਸਨ ਉਨ੍ਹਾਂ ਨੂੰ ਤਸੀਹੇ ਦੇ ਕੇ ਮਾਰ ਮੁਕਾਇਆ ਸੀ।
ਸਿੱਖਾਂ ਦੇ ਰੋਲ ਨੂੰ ਮੁੱਖ ਰੱਖਦਿਆਂ ਜੋ ਖਾਲਸੇ ਦੀ ਤੀਸਰੀ ਸ਼ਤਾਬਦੀ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਯੁਰਪ ’ਚ ਵਸਦੀਆਂ ਬਹੁ ਗਿਣਤੀ ਕੌਮਾਂ ਦੇ ਧਿਆਨ ਹਿੱਤ ਆ ਜਾਣ ਕਾਰਨ ਕਿ, ਕਿਵੇਂ ਸਿੱਖਾਂ ਨੇ ਯੁਰਪ ਅਤੇ ਮਨੁੱਖਤਾ ਦੀ ਆਜ਼ਾਦੀ ਲਈ ਹਜ਼ਾਰਾਂ ਦੀ ਗਿਣਤੀ ’ਚ ਸ਼ਹਾਦਤਾਂ ਦਿੱਤੀਆਂ, ਇਨ੍ਹਾਂ ਮੁਲਖਾਂ ਦੀ ਮੱਦਦ ਕੀਤੀ, ਬਹਾਦਰੀ ਨਾਲ ਅਤੇ ਖਾਲਸਾਈ ਸ਼ਾਨ ਨਾਲ ਲੜਾਈਆਂ ਲੜੀਆਂ ਅਤੇ ਫ਼ਤਹਿ ਹਾਸਲ ਕਰਨ ’ਚ ਮੱਦਦ ਕੀਤੀ। ‘ਹਾਲੈਂਡ ਦੀ ਨੈਸ਼ਨਲ ਕਮੇਟੀ ਵੱਲੋਂ 1999 ਤੋਂ ਹੀ ਸਿੱਖਾਂ ਨੂੰ ਸਦਾ ਪੱਤਰ ਦਿੱਤਾ ਜਾਂਦਾ ਹੈ। ਇਸ ਵਾਰੀ ਵੀ ਸਿੱਖਾਂ ਦੇ 4 ਮੈਂਬਰੀ ਵਫਦ ਨੇ ਇਸ ਸਮਾਗਮ ’ਚ ਸ਼ਾਮਲ ਹੋ ਕੇ ਸਿੱਖ ਸੂਰਬੀਰ ਯੋਧਿਆਂ ਨੂੰ, ਡੱਟ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਵਫਦ ’ਚ ਸ. ਭੁਪਿੰਦਰ ਸਿੰਘ ਹਾਲੈਂਡ, ਸ. ਜਗਵੀਰ ਸਿੰਘ, ਬੀਬੀ ਕਿਰਨਦੀਪ ਕੌਰ, ਬੀਬੀ ਮਨਪ੍ਰੀਤ ਕੌਰ ਸ਼ਾਮਿਲ ਸਨ। ਵਰਨਣਯੋਗ ਹੈ ਕਿ ਖਾਲਸੇ ਦੀ ਤੀਸਰੀ ਸ਼ਤਾਬਦੀ ਤੋਂ ਲੈ ਕੇ ਹੁਣ ਤੱਕ 3 ਸਿੱਖ ਯਾਦਗਾਰਾਂ ਪਹਿਲੇ ਵਿਸ਼ਵ ਯੁੱਧ ਦੀਆਂ ਬੈਲਜੀਅਮ ’ਚ ਹਨ ਅਤੇ 9 ਸਿੱਖ ਯਾਦਗਾਰਾਂ ਇਟਲੀ ’ਚ ਹਨ ਜਿਨ੍ਹਾਂ ਨੂੰ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜਿਸਟਰ, ਇਟਲੀ ਨੇ ਸਥਾਪਿਤ ਕੀਤਾ ਹੈ।
– ਭੁਪਿੰਦਰ ਸਿੰਘ (ਹਾਲੈਂਡ)