ਮੈਰੀਲੈਂਡ (ਗਿੱਲ) – ਮੈਰੀਲੈਂਡ ਦੇ ਵੱਖ-ਵੱਖ ਕਮਿਸ਼ਨਾਂ ਵਲੋਂ ਹੈਰੀਟੇਜ ਮਹੀਨੇ ਨੂੰ ਸਾਂਝੇ ਤੌਰ ’ਤੇ ਮਨਾਇਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਯੂਵੀ ਹੋਗਨ ਪਹਿਲੀ ਲੇਡੀ ਵਜੋਂ ਸ਼ਾਮਲ ਹੋਈ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਊਥ ਏਸ਼ੀਅਨ ਕਮਿਊਨਿਟੀ ਦਾ ਮੈਰੀਲੈਂਡ ਸਟੇਟ ਨੂੰ ਬਹੁਤ ਵੱਡਾ ਯੋਗਦਾਨ ਹੈ। ਇਨ੍ਹਾਂ ਦੇ ਸਾਂਝੀਵਾਲਤਾ ਅਤੇ ਏਕੇ ਨੇ ਇਸ ਕਮਿਸ਼ਨ ਵਿੱਚ ਡਾਇਵਰਸਿਟੀ ਭਰ ਦਿੱਤੀ ਹੈ।
ਜੋ ਮੈਰੀਲੈਂਡ ਸਟੇਟ ਲਈ ਇੱਕ ਉਦਾਹਰਣ ਹੈ। ਸਟੀਵ ਮਕੈਡਮ ਡਾਇਰੈਕਟਰ ਵਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸੈਕਟਰੀ ਸਟੇਵ ਵੂਬਨ ਸਮਿਥ ਨੂੰ ਹੈਰੀਟੇਜ਼ ਮਹੀਨੇ ਦਾ ਆਗਾਜ਼ ਕਰਨ ਲਈ ਸੱਦਾ ਦਿੱਤਾ। ਸੈਕਟਰੀ ਨੇ ਕਿਹਾ ਕਿ ਇਹ ਮਹੀਨਾ ਹੈਰੀਟੇਜ਼ ਨੂੰ ਸਮਰਪਿਤ ਹੈ ਅਤੇ ਇਸ ਸਬੰਧੀ ਕੀਤੀ ਕਾਰਗੁਜ਼ਾਰੀ ਸਬੰਧੀ ਮੈਰੀਲੈਂਡ ਹੋਗਨ ਵਲੋਂ ਸਾਈਟੇਸ਼ਨ ਭੇਜੀ ਹੈ। ਜੋ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨ ਨੂੰ ਸੌਂਪੀ ਗਈ। ਰੰਗਾ ਰੰਗ ਪ੍ਰੋਗਰਾਮ ਵਿੱਚ ਕੋਰੀਅਨ, ਭਾਰਤੀ, ਜਪਾਨੀ ਨਾਚਾਂ ਰਾਹੀਂ ਹਾਜ਼ਰੀਨ ਦੇ ਮਨਾਂ ਨੂੰ ਮੋਹਿਆ ਗਿਆ। ਵੱਖ-ਵੱਖ ਪ੍ਰਦਰਸ਼ਨੀਆਂ ਰਾਹੀਂ ਹੈਰੀਟੇਜ਼ ਨੂੰ ਉਜਾਗਰ ਕੀਤਾ ਗਿਆ। ਉਪਰੰਤ ਰਾਤਰੀ ਭੋਜ ਦੌਰਾਨ ਆਪਸੀ ਮੇਲ ਮਿਲਾਪ ਤੇ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦੀ ਪਿਰਤ ਪਾਈ ਗਈ। ਸਮੁੱਚੇ ਤੌਰ ’ਤੇ ਸਮਾਗਮ ਵੱਖਰੀ ਛਾਪ ਛੱਡ ਗਿਆ ਜਿਸ ਵਿੱਚ ਬਖਸ਼ੀਸ਼ ਸਿੰਘ, ਚਤਰ ਸਿੰਘ, ਰਾਜ ਸੈਣੀ, ਅੰਜਨਾ, ਪਵਨ, ਬਲਜਿੰਦਰ ਸ਼ੰਮੀ, ਸਾਜਿਦ ਤਰਾਰ ਆਦਿ ਸਖਸ਼ੀਅਤਾਂ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।