ਹਰਿਆਣਾ ਬਾਰਡਰ ਨਾਲ ਲਗਦੇ ਇਲਾਕੇ ’ਚ ਡਰਾਈ ਡੇਅ ਐਲਾਨਿਆ

ਮਾਨਸਾ, 9 ਮਈ (ਜਗਦੀਸ਼ ਬਾਂਸਲ)- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਜ਼ਿਲ੍ਹਾ ਚੋਣ ਅਫਸਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਤੇ ਲੋਕ ਪ੍ਰਤੀਨਿਧਤਾ ਐਕਟ, 1951 ਦੇ ਸੈਕਸ਼ਨ 135 ਸੀ ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 10 ਮਈ 2019 ਨੂੰ ਸ਼ਾਮ 6.00 ਵਜੇ ਤੋਂ ਲੈਕੇ 12 ਮਈ 2019 ਨੂੰ ਸ਼ਾਮ 6 ਵਜੇ ਤਕ ਹਰਿਆਣਾ ਰਾਜ ਦੇ ਬਾਰਡਰ ਤੋਂ ਇਸ ਜ਼ਿਲ੍ਹੇ ਵਿਚ ਆਉਂਦੇ ਤਿੰਨ ਕਿਲੋਮੀਟਰ ਦੇ ਏਰੀਆ ਵਿਚ ‘ਡਰਾਈ ਡੇ‘ ਘੋਸ਼ਿਤ ਕੀਤਾ ਹੈ। ਹੁਕਮ ਵਿਚ ਉਨ੍ਹਾਂ ਕਿਹਾ ਕਿ ਹਰਿਆਣਾ ਰਾਜ ਵਿਚ ਲੋਕ ਸਭਾ ਚੋਣਾ-2019 ਮਿਤੀ 12 ਮਈ 2019 ਨੂੰ ਹੋਣੀਆਂ ਹਨ, ਜਿਸ ਸਬੰਧੀ ਉਕਤ ਮਿਤੀਆਂ ਨੂੰ ਡਰਾਈ ਡੇਅ ਘੋਸ਼ਿਤ ਕੀਤਾ ਜਾਂਦਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦਸਿਆ ਕਿ ਇਸੇ ਤਰ੍ਹਾਂ ਪੰਜਾਬ ਰਾਜ ਵਿਚ 19 ਮਈ 2019 ਨੂੰ ਲੋਕ ਸਭਾ ਚੋਣਾ ਹੋਣੀਆਂ ਨਿਯਤ ਹੋਈਆਂ ਹਨ ਜਿਸ ਦੇ ਮਦੇਨਜ਼ਰ 17 ਮਈ 2019 ਨੂੰ ਸ਼ਾਮ 5.00 ਵਜੇ ਤੋਂ 19 ਮਈ 2019 ਤਕ ਸ਼ਾਮ ਨੂੰ ਪੋਲਿੰਗ ਮੁਕੰਮਲ ਹੋਣ ਤਕ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ 23 ਮਈ 2019 ਨੂੰ ਜ਼ਿਲ੍ਹੇ ਦੀ ਹਦੂਦ ਅੰਦਰ ਡਰਾਈ ਡੇਅ ਘੋਸ਼ਿਤ ਕੀਤਾ ਜਾਂਦਾ ਹੈ।ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਰਿਆਤ ਨੇ ਕਿਹਾ ਕਿ ਉਕਤ ਦਰਸਾਈਆਂ ਗਈਆਂ ਮਿਤੀਆਂ ਨੂੰ ਸ਼ਰਾਬ ਦੇ ਠੇਕੇ, ਅਹਾਤੇ ਖੁਲ੍ਹੇ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਰਾਬ ਹੋਟਲਾਂ, ਠੇਕਿਆਂ, ਰੈਸਟੋਰੈਂਟਾ ਕਲਬਾਂ ਵਿਚ ਵੇਚੀ ਅਤੇ ਵਰਤਾਈ ਨਹੀਂ ਜਾਵੇਗੀ ਅਤੇ ਕੋਈ ਵੀ ਵਿਅਕਤੀ ਸ਼ਰਾਬ ਦੀ ਸਟੋਰੇਜ਼ ਨਹੀਂ ਕਰੇਗਾ।

Send this to a friend