ਬਾਘਾ ਪੁਰਾਣਾ, 9 ਮਈ (ਮੁਕੇਸ਼ ਨੋਹਰੀਆ)- ਅੱਜ ਸ਼ਾਮ ਕਰੀਬ 5 ਵਜੇ ਬਾਘਾ ਪੁਰਾਣਾ ਜੀ.ਟੀ. ਰੋਡ ਲਾਗਲੀ ਜੈ ਸਿੰਘ ਵਾਲਾ ਸੜਕ ਉਪਰ ਸਥਿਤ ਮਾਰਕਫੈਡ ਸਰਕਾਰੀ ਖਰੀਦ ਏਜੰਸੀ ਦੇ ੳਪਨ ਪਲੰਥਾਂ ਵਿੱਚ ਲੱਗੀਆਂ ਹੋਈਆਂ ਕਣਕ ਦੀਆਂ ਹਜ਼ਾਰਾਂ ਬੋਰੀਆਂ ਉਪਰ ਲੰਘਦੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਤੋਂ ਕਣਕ ਦੀਆਂ ਬੋਰੀਆਂ ਤੋਂ ਅੱਗ ਲੱਗ ਗਈ। ਮੌਕੇ ਤੇ ਕਣਕ ਦੇ ਸਟਾਕ ਲਗਾ ਰਹੇ ਮਜ਼ਦੂਰਾਂ ਅਤੇ ਕਰਮਚਾਰੀਆਂ ਨੂੰ ਪਤਾ ਲੱਗਦਿਆਂ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸਹਾਇਤਾ ਲਈ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਬਾਘਾ ਪੁਰਾਣਾ ਅਤੇ ਮੋਗਾ ਤੋ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਪੁੱਜੀਆਂ, ਫਾਇਰ ਬ੍ਰਿਗੇਡ ਦੇ ਦਸਤਿਆਂ ਵਲੋ ਕਣਕ ਦੀਆਂ ਬੋਰੀਆਂ ਦੇ ਸਟਾਕਾਂ ਨੂੰ ਲੱਗੀ ਹੋਈ ਅੱਗ ਬੁਝਾਉਣ ਲਈ ਪਾਣੀ ਦੀਆਂ ਬਛਾੜਾਂ ਪਾ ਕੇ ਅੱਗ ਬੁਝਾਨ ਲਈ ਯਤਨ ਅਰੰਭੇ ਗਏ। ਸੂਚਨਾ ਮਿਲਣ ਤੇ ਹੀ ਡੀ.ਐਸ.ਪੀ. ਜਸਪਾਲ ਸਿੰਘ ਧਾਮੀ, ਥਾਣਾ ਮੁਖੀ ਇੰਸ. ਮੁਖਤਿਆਰ ਸਿੰਘ ਗਿੱਲ ਪੁਲਿਸ ਪਾਰਟੀ ਸਮੇਤ ਪੁੱਜੇ। ਮਾਰਕਫੈਡ ਦੇ ਡੀ.ਐਮ. ਬੂਟਾ ਸਿੰਘ, ਮੈਨੇਜਰ ਨਵਜੋਤ ਸਿੰਘ, ਇੰਸ.ਜੱਜਵੀਰ, ਨੀਲਾ ਰਾਮ, ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਪਹੁੰਚੇ। ਮਾਰਕਫੈਡ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਿਕ ਇੱਥੇ ਕਣਕ ਦੇ 8 ਸਟਾਕ ਲੱਗੇ ਹੋਏ ਹਨ ਜਿੰਨਾਂ ਵਿਚੋ 6 ਸਟਾਕਾਂ ਵਿਚ ਕਰੀਬ 32-32 ਸੌ ਕਣਕ ਦਾ ਗੱਟਾ ਸਟੋਰ ਕੀਤਾ ਹੋਇਆ ਸੀ। ਅਧਿਕਾਰੀਆਂ ਦੇ ਦੱਸਣ ਮੁਤਾਬਿਕ ਸਟਾਕਾਂ ਉਪਰੋਂ ਬਿਜਲੀ ਦੀ ਹਾਈ ਵੋਲਟੇਜ ਵਾਲੀ ਲਾਈਨ ਦੀਆਂ ਤਾਰਾਂ ਤੋ ਨਿਕਲੀ ਚੰਗਿਆੜੀ ਨਾਲ ਬੋਰੀਆਂ ਨੂੰ ਅੱਗ ਲੱਗ ਗਈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਲੱਗਣ ਨਾਲ ਸਿਰਫ ਬਾਰਦਾਨੇ ਦਾ ਹੀ ਜ਼ਿਆਦਾ ਨੁਕਸਾਨ ਹੋਇਆ ਹੋਣ ਦਾ ਅਨੁਮਾਨ ਹੈ। ਅੱਗ ਪੂਰੀ ਤਰ੍ਹਾ ਬੁਝਣ ਉਪੰਰਤ ਗਿਣਤੀ ਕਰਕੇ ਪਤਾ ਲੱਗੇਗਾ ਕਿ ਕਿੰਨੀਆਂ ਬੋਰੀਆਂ ਸੜੀਆਂ ਹਨ ਤੇ ਕੱਲ ਕਿੰਨਾ ਨੁਕਸਾਨ ਹੋਇਆ ਹੈ।