ਅੱਲ੍ਹਾਂ ਨੇ ਹਜ਼ਰਤ ਮੁਹੰਮਦ ਸਲਲਾਹੋ ਅਲੈਹੇਵਸਲਮ ਨੂੰ ਦੁਨੀਆਂ ਦੇ ਮਾਰਗ ਦਰਸ਼ਨ ਲਈ ਇਸ ਦੁਨੀਆਂ ਵਿੱਚ ਭੇਜਿਆ।ਰਮਜਾਨ ਦੇ ਮਹੀਨੇ ਨੂੰ ਸਭ ਤੋਂ ਪਾਕ ਮਹੀਨਾ ਮੰਨਿਆ ਜਾਂਦਾ ਹੈ।ਰਮਜ਼ਾਨ ਦਾ ਇਹ ਪਵਿੱਤਰ ਮਹੀਨਾ ਬਰਕਤਾਂ ਤੇ ਰਹਿਮਤਾਂ ਦਾ ਮਹੀਨਾ ਹੈ।ਅੱਲ੍ਹਾਂ ਪਾਕ ਨੂੰ ਰਮਜਾਨ ਦਾ ਮਹੀਨਾ ਸਾਰੇ ਮਹੀਨਿਆਂ ਤੋ ਜਿਆਦਾ ਮਹਿਬੂਬ ਹੈ।ਸਾਲ ਦੇ ਬਾਰ੍ਹਾ ਮਹੀਨਿਆਂ ’ਚ ਰਮਜਾਨ ਦਾ ਮਹੀਨਾ ਮੁਸਲਮਾਨਾਂ ਲਈ ਖਾਸ ਅਰਥ ਰੱਖਦਾ ਹੈ।ਇਹ ਮਹੀਨਾ ਸਬਰ ਤੇ ਸਮਰਪਣ ਨਾਲ ਖੁਦਾ ਦੀ ਇਬਾਦਤ ਦਾ ਮਹੀਨਾ ਹੈ।ਰਮਜ਼ਾਨ ਨਾਲ ਪੂਰੀ ਮਨੁੱਖਤਾ ਦਾ ਕਲਿਆਣ ਜੁੜਿਆ ਹੈ।ਇਸ ਪਵਿੱਤਰ ਮਹੀਨੇ ਵਿੱਚ ਖੁਦਾ ਵਲੋ ਹਜ਼ਰਤ ਮੁਹੰਮਦ ਸਲਲਾਹੋ ਅਲੈਹੇਵਸਲਮ ’ਤੇ ਕੁਰਆਨੇਪਾਕ ਉਤਾਰਿਆਂ ਗਿਆ।ਇਸਲਾਮ ’ਚ ਪਿਛਲੀਆਂ ਉਮਤਾਂ ਇਸੇ ਤਰਾਂ ਰੋਜੇ ਰੱਖਦੀਆਂ ਸਨ।ਜਿਸ ਤਰਾਂ ਅੱਜ ਉਮਤੇ ਮੁਹੰਮਦੀਅੂ ਰੱਖਦੀ ਆ ਰਹੀ ਹੈ। ਇਸ ਮਹੀਨੇ ਵਿੱਚ ਜੰਨਤ ਦੇ ਦਰਵਾਜੇ ਖੋਲ੍ਹ ਦਿੱਤੇ ਜਾਂਦੇ ਹਨ ਅਤੇ ਨਰਕ ਦੇ ਦਰਵਾਜੇ ਬੰਦ ਕੀਤੇ ਜਾਂਦੇ ਹਨ ਤੇ ਸ਼ੈਤਾਨ ਨੂੰ ਕੈਦ ਕਰ ਲਿਆ ਜਾਂਦਾ ਹੈ।ਹਜਰਤ ਮੁਹੰਮਦ ਦਾ ਕਥਨ ਹੈ ਕਿ ਨੇਕੀ ਅਤੇ ਇਮਾਨਦਾਰੀ ਤੇ ਕਾਇਮ ਰਹਿੰਦੇ ਹੋਏ ਇਸ ਮਹੀਨੇ ’ਚ ਰੋਜੇ ਰੱਖੇ ਜਾਣ,ਨਮਾਜਾਂ ਪੜ੍ਹੀਆਂ ਜਾਣ ਇਬਾਦਤ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ।ਪੂਰੇ ਮਹੀਨੇ ’ਚ ਇੱਕ ਸੱਚਾ ਮੁਸਲਮਾਨ ਅੱਲ੍ਹਾ ਦੀ ਇਬਾਦਤ ਵਿੱਚ ਗੁਜਾਰਦਾ ਹੈ।ਇਸਲਾਮ ਦੇ ਪੰਜ ਬੁਨਿਆਦੀ ਸਿਧਾਂਤ ਜਿਵੇਂ ਪਹਿਲਾ ਈਮਾਨ ਦੂਜਾ ਨਮਾਜ਼ ਤੀਸਰਾ ਜਕਾਤ ਚੋਥਾ ਰੋਜ਼ਾ ਪੰਜਵਾਂ ਹੱਜ ਵਿਚੋਂ ਨਮਾਜ਼ ਤਂੋ ਬਾਅਦ ਦੂਜੇ ਨੰਬਰ ਤੇ ਰੋਜ਼ੇ ਦਾ ਹੀ ਨੰਬਰ ਆਉਦਾ ਹੈ ਜ਼ੋ ਅੱਲ੍ਹਾ ਪਾਕ ਨੇ ਮੁਸਲਮਾਨਾਂ ਲਈ ਜਰੂਰੀ ਫਰਜ਼ ਕੀਤੇ ਹਨ।ਨਮਾਜ਼ ਦੀ ਤਰਾਂ ਇਹ ਇਬਾਦਤ ਵੀ ਸੁਰੂ ਤੋਂ ਸਾਰੇ ਨਬੀਆਂ ਦੇ ਪੈਰੋਕਾਰਾਂ ਤੇ ਫਰਜ਼ ਰਹੀ ਹੈ।ਰਮਜ਼ਾਨ ਵਿੱਚ ਇੱਕ ਸੱਚਾ ਮੁਸਲਮਾਨ ਸਮੇ ਅਨੂਸਰ ਸਵੇਰੇ ਰੋਜ਼ਾ ਰੱਖਦਾ ਹੈ ਅਤੇ ਸਾਮ ਨੂੰ ਦਿੱਤੇ ਟਾਇਮ ਮੁਤਾਬਕ (ਖੋਲਦਾ) ਇਫਤਾਰ ਕਰਦਾ ਹੈ।ਸਵੇਰ ਤੋਂ ਸਾਮ ਸੂਰਜ ਛਿਪਣ ਤੱਕ ਭੁੱਖੇ ਰਹਿਣਾ ਅਤੇ ਨਫਸਾਨੀ ਚਾਹਤਾਂ ਤੋ ਦੂਰ ਰਹਿਣ ਦਾ ਹੁਕਮ ਦਿੱਤਾ ਹੈ,ਇਸ ਦਾ ਨਾਂ ਹੀ ਰੋਜ਼ਾ ਹੈ।ਰੋਜ਼ੇ ਨਾਲ ਮਨੁੱਖ ਸਰੀਰਕ ਰੂਪ ਤੋਂ ਕਮਜੋਰ ਨਹੀ ਹੁੰਦਾ ਬਲਕਿ ਅਧਿਆਤਮਿਕ ਸ਼ਕਤੀ ਰੋਜ਼ੇਦਾਰਾਂ ਦੀ ਸਿਹਤ ਲਈ ਨਵੀਂ ਆਤਮਾ ਸਾਬਿਤ ਹੁੰਦੀ ਹੈ।ਰੋਜ਼ੇ ਦਾ ਇਹ ਮਕਸਦ ਨਹੀ ਕਿ ਭੁੱਖਾ ਰੱਖਣਾ ਬਲਕਿ ਰੱਬ ਕਹਿੰਦਾ ਹੈ ਕਿ ਮੈ ਇਨਸਾਨ ਨੂੰ ਨੇਕ ਅਤੇ ਪਰਹੇਜਗਾਰ ਬਣਾਉਣਾ ਚਾਹੁੰਦਾ ਹੈ ਅਤੇ ਰੋਜ਼ੇ ’ਚ ਸਾਨੂੰ ਉਨ੍ਹਾਂ ਭੁੱਖੇ-ਪਿਆਸੇ, ਬੇਵੱਸ, ਲਚਾਰ ਬੇਸਹਾਰਾ ਅਤੇ ਗਰੀਬਾਂ ਪ੍ਰਤੀ ਹਮਦਰਦੀ ਪੈਦਾ ਹੁੰਦੀ ਹੈ ਜ਼ੋ ਭੁੱਖੇ ਰਹਿਣ ਲਈ ਮਜਬੂਰ ਹਨ। ਰੋਜ਼ਾ ਰੱਖਣ ਵਾਲਾ ਇਨਸਾਨ ਹਰ ਪ੍ਰਕਾਰ ਦੀ ਬੁਰਾਈ ਤੋਂ ਬਚਿਆ ਰਹਿੰਦਾ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਰੋਜ਼ੇ ਨੂੰ ਸਰੀਰ ਦੀ ਜ਼ਕਾਤ ਕਿਹਾ ਹੈ। ਇਹ ਰੋਜ਼ੇ ਖੁਦਾ ਨੂੰ ਖ਼ੁਸ਼ ਕਰਨ ਲਈ ਰੱਖੇ ਜਾਂਦੇ ਹਨ। ਰੋਜ਼ੇਦਾਰ ਜਦੋ ਦਿਨ ਭਰ ਭੁੱਖ ਅਤੇ ਪਿਆਸ ਦੀ ਸ਼ਿੱਦਤ ਨੂੰ ਸਹਿਣ ਕਰਕੇ ਨਮਾਜ਼, ਸਦਕਾ, ਤਿਲਾਵਤ-ਏ-ਕੁਰਆਨ ਅਤੇ ਯਾਦ ਏ ਇਲਾਹੀ ਵਿੱਚ ਪੂਰਾ ਦਿਨ ਗੁਜ਼ਾਰ ਦਿੰਦਾ ਹੈ ਤਾਂ ਸ਼ਾਮ ਨੂੰ ਇਫਤਾਰ ਕਰਦਾ ਹੈ ਤਾਂ ਇਹ ਇਫਤਾਰ ਅੱਲ੍ਹਾ ਵੱਲੋ ਨਗਦ ਪੁਰਸਕਾਰ ਹੁੰਦਾ ਹੈ। ਇਨ੍ਹਾਂ ਰੋਜ਼ਿਆਂ ਦਾ ਕਾਫੀ ਮੈਡੀਕਲ ਮਹੱਤਵ ਵੀ ਹੈ।ਰਹਿਮਤ ਅਤੇ ਬਰਕਤ ਦੇ ਨਜਰੀਏ ਨਾਲ ਰਮਜ਼ਾਨ ਮਹੀਨੇ ਦੇ ਪਹਿਲੇ 10 ਦਿਨਾਂ ਵਿੱਚ ਅੱਲ੍ਹਾ ਪਾਕ ਆਪਣੇ ਰੋਜੇ ਵਾਲੇ ਬੰਦਿਆਂ ਤੇ ਰਹਿਮਤ ਦੀ ਬਾਰਿਸ਼ ਕਰਦਾ ਹੈ।ਦੂਸਰੇ ਦਸ ਦਿਨਾਂ ਵਿੱਚ ਅੱਲ੍ਹਾ ਊਹਨਾਂ ਦੇ ਗੁਨਾਹ ਮਾਫ ਕਰਦਾ ਹੈ ਅਤੇ ਮਹੀਨੇ ਦੇ ਆਖਰੀ ਦਸ ਦਿਨਾਂ ’ਚ ਇੱਕ ਰਾਤ ਅਜਿਹੀ ਹੈ ਜਿਸ ਨੂੰ ਸ਼ਬੇ ਕਦਰ ਕਹਿੰਦੇ ਹਨ।ਜੋ ਅੱਲ੍ਹਾ ਦੀ ਇਬਾਦਤ ਵਿੱਚ ਗੁਜਾਰੀ ਜਾਂਦੀ ਹੈ।ਇਹ ਰਾਤ ਹਜ਼ਾਰ ਮਹੀਨਿਆਂ ਦੀ ਇਬਾਦਤ ਦੇ ਬਰਾਬਰ ਹੁੰਦੀ ਹੈ।ਰੋਜ਼ੇ ’ਚ ਖਾਣਾਂ ਪੀਣਾ ਛੱਡਣਾ ਹੀ ਰੋਜ਼ਾ ਨਹੀ ਬਲਕਿ ਰੋਜ਼ੇ ਦਾ ਅਸਲ ਭਾਵ ਹੈ ਕਿ ਸਾਡੀ ਨਿਗ੍ਹਾ ਦੀ ਹਿਫਾਜਤ (ਸਾਡੀਆਂ ਅੱਖਾਂ ਮਾੜਾ ਨਾ ਦੇਖਣ) ਸਾਡੀ ਜੁਬਾਨ ਦੀ ਹਿਫਾਜਤ (ਸਾਡੀ ਜੁਬਾਨ ਤੋ ਮਾੜੇ ਬੋਲ ਨਾ ਨਿਕਲਣ) ਅਤੇ ਝੂਠ,ਚੁਗਲਖੋਰੀ ਤੋ ਗੁਰੇਜ਼ ਕੀਤਾ ਜਾਵੇ।ਦਿਲ ਵਿਚੋ ਗਲਤ ਕਿਸਮ ਦੇ ਖਿਆਲਾਤ ਨਾ ਪੈਦਾ ਹੋਣ।ਕੰਨ ਤੋਂ ਕਿਸੇ ਦੀਆਂ ਚੁਗਲੀਆਂ ਜਾਂ ਬੁਰਾਈ ਨਾ ਸੁਣਨਾ।ਸਰੀਰ ਦੇ ਬਾਕੀ ਹਿੱਸੇ ਜਿਵਂੇ ਹੱਥ ਨਜਾਇਜ਼ ਚੀਜ ਨੂੰ ਫੜਨ,ਪੈਰ ਨੂੰ ਨਜਾਇਜ਼ ਚੀਜਾਂ ਵੱਲ ਚੱਲਣ ਤੋਂ ਰੋਕਣਾ ਆਦਿ।ਇਫਤਾਰੀ (ਖੋਲਣ ਸਮੇ) ਦੇ ਵਕਤ ਹਲਾਲ ਮਾਲ ਨਾਲ ਰੋਜ਼ੇ ਖੋਲਣਾ।ਰੋਜ਼ੇਦਾਰ ਲਈ ਰੋਜ਼ਾ ਖੋਲਣ ਤੋ ਬਾਅਦ ਵੀ ਡਰਦੇ ਰਹਿਣਾ ਕਿ ਪਤਾ ਮੇਰਾ ਰੋਜ਼ਾ ਕਬੂਲ ਹੋਇਆ ਜ਼ਾਂ ਨਹੀ,ਇਸ ਮੁਬਾਰਕ ਮਹੀਨੇ ਵਿੱਚ ਅੱਲ੍ਹਾ ਪਾਕ ਨੇ ਕਿਸੇ ਵੀ ਤਰਾਂ ਦੇ ਝਗੜੇ ਜਾਂ ਗੁੱਸੇ ਤੋਂ ਮਨਾ ਕੀਤਾ ਬਲਕਿ ਕਿਸੇ ਨਾਲ ਗਿਲ੍ਹਾ ਸ਼ਿਕਵਾ ਹੈ ਤਾਂ ਉਸ ਤੋਂ ਮਾਫੀ ਮੰਗ ਕੇ ਸਮਾਜ ਵਿੱਚ ਏਕਤਾ ਕਾਇਮ ਕਰਨ ਦੀ ਸਲਾਹ ਦਿੱਤੀ ਹੈ। ਇਸ ਮਹੀਨੇ ਵਿੱਚ ਪੈਗੰਬਰ ਦੀ ਤਰ੍ਹਾਂ ਇਨਸਾਨੀਅਤ ਦੀ ਰੱਖਿਆ ਲਈ ਪਵਿੱਤਰ ਆਚਰਣ ਅਤੇ ਚੰਗਾ ਵਿਵਹਾਰ ਕਰਨ ਵਾਲੇ ਹੀ ਅੱਲ੍ਹਾ ਦੀ ਰਹਿਮਤ ਦਾ ਹੱਕਦਾਰ ਬਣਦੇ ਹਨ। ਰਮਜ਼ਾਨ ’ਚ ਕੋਈ ਨੇਕ ਸ਼ਖਸ ਰੋਜ਼ੇਦਾਰ ਦਾ ਰੋਜ਼ਾ ਇਫਤਾਰ ਕਰਵਾਉਦਾ ਹੈ ਤਾਂ ਉਸ ਨੂੰ ਰੋਜ਼ੇਦਾਰ ਦੇ ਬਰਾਬਰ ਦਾ ਸਵਾਬ ਨਸੀਬ ਹੋਵੇਗਾ। ਰੋਜ਼ਾ ਮਰੀਜ਼ਾਂ ਨੂੰ ਗਰਭਵਤੀ ਔਰਤਾਂ ਨੂੰ ਅਤੇ ਛੋਟੇ ਬੱਚਿਆਂ ਲਈ ਮਾਫ ਹਨ। ਜੇ ਕੋਈ ਸਫਰ ਤੇ ਹੋਵੇ ਤਾਂ ਵੀ ਰੋਜ਼ੇ ਰੱਖਣ ਦੀ ਛੋਟ ਹਾਸਲ ਹੈ ਪਰ ਜਾਣ ਬੁੱਝ ਕੇ ਰੋਜ਼ੇ ਨਾ ਰੱਖਣਾ ਗੁਨਾਹ ਹੈ। ਇਸ ਰਮਜਾਨ ਮਹੀਨੇ ’ਚ ਹਰੇਕ ਮੁਸਲਮਾਨ ਆਪਣੇ ਮਨ ਤੇ ਕਾਬੂ ਪਾ ਕੇ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਦਿਖਾਏ ਹੋਏ ਸੱਚ ਦੇ ਮਾਰਗ ਤੇ ਚੱਲਣ ਦਾ ਪ੍ਰਣ ਕਰਦਾ ਹੈ। ਰਮਜਾਨ ਦੇ ਤੀਹ ਰੋਜੇ ਪੂਰੇ ਹੋਣ ਤੇ ਈਦ ਦਾ ਤਿਉਹਾਰ (ਮਿੱਠੀ ਈਦ) ਆਉਂਦੀ ਹੈ। ਜਿਸ ਨੂੰ ਮੁਸਲਿਮ ਭਾਈਚਾਰੇ ਦੇ ਲੋਕ ਵੱਡੇ ਤਿਉਹਾਰ ਦੇ ਤੌਰ ’ਤੇ ਮਨਾਉਂਦੇ ਹਨ।