‘ਵਿਗਿਆਨ ਦੇ ਸਿਕੰਦਰ’ ਤੇ ‘ਆ ਮਾਰ ਉਡਾਰੀ ਉਡ ਚਲੀਏ’ ਵਾਲਾ ਡਾ. ਕੁਲਦੀਪ ਸਿੰਘ ਧੀਰ

ਸ਼ਾਹੀ ਸ਼ਹਿਰ ਦਾ ਆਸ਼ਾਹੀ ਬਸ਼ਿੰਦਾ ਹੈ ਡਾ. ਕੁਲਦੀਪ ਸਿੰਘ ਧੀਰ। ਉਹਦੇ ਵਿਚ ਇਕੋ ਵੇਲੇ ਕਈ ਕੁੱਝ ਸਮੋਇਆ ਹੋਇਆ ਹੈ। ਉਹ ਇੰਜਨੀਅਰ ਹੈ, ਪ੍ਰੋਫੈਸਰ ਹੈ, ਮਹਿਕਮੇ ਦਾ ਮੁੱਖੀ, ਡੀਨ, ਪੜ੍ਹਨ ਪੜ੍ਹਾਉਣ ਅਤੇ ਅਗਵਾਈ ਦੇਣ ਵਾਲਾ, ਧਾਰਮਿਕ ਸਾਹਿਤ, ਇਤਿਹਾਸ ਅਤੇ ਪੰਜਾਬੀ ਸਾਹਿਤ ਦਾ ਲੇਖਕ, ਸਮੀਖਿਆਕਾਰ, ਬੁਲਾਰਾ ਅਤੇ ਸਭ ਤੋਂ ਵੱਧ ਵਿਗਿਆਨੀ ਲੇਖਕ ਯਾਨੀ ਵਿਗਿਆਨ ਨਾਲ ਸਬੰਧਤ ਲਭੱਤਾਂ ਨੂੰ ਪਾਠਕਾਂ ਤਕ ਪਹੁੰਚਾਉਂਣ ਵਾਲਾ। ਕੁਲ ਮਿਲਾ ਕੇ ਗਿਆਨ ਸਾਹਿਤ ਦਾ ਉਸਰਈਆ। ਹਰ ਹਫਤੇ ਪੰਜਾਬੀ ਅਖ਼ਬਾਰਾਂ, ਮੈਗਜ਼ੀਨਾਂ ਅਤੇ ਰਿਸਾਲਿਆਂ ਵਿਚ ਉਹਦੀਆਂ ਵਿਗਿਆਨ ਨਾਲ ਸਬੰਧਤ ਜਾਣਕਾਰੀ ਭਰਪੂਰ ਲਿਖਤਾਂ ਹੁੰਦੀਆਂ ਹਨ। ਮੈਗਜ਼ੀਨਾਂ ਵਿਚ ਅਹਿਮ ਕਿਤਾਬਾਂ ਦੇ ਰੀਵਿਊ ਹੁੰਦੇ ਹਨ। ਮੈਂ ਕਦੀ ਕਦੀ ਹੈਰਾਨ ਹੁੰਦਾ ਹਾਂ ਇਹ ਸ਼ਖਸ ਕਿਸੇ ਵੇਲੇ ਆਰਾਮ ਵੀ ਕਰਦਾ ਹੈ? ਜਿੰਨਾ ਉਹ ਲਿਖਦਾ ਹੈ ਯਕੀਨਨ ਇਸ ਨਾਲੋਂ ਕਈ ਗੁਣਾ ਵਧ ਪੜ੍ਹਦਾ ਹੈ। ਉਹ ਆਪ ਵੀ ਕਹਿੰਦਾ ਹੈ ਨੌਕਰੀ ਆਦਿ ਤੋਂ ਵਿਹਲੇ ਹੋ ਕੇ ਹੁਣ ਪੂਰੀ ਤਰ੍ਹਾਂ ਬਸ ਪੜ੍ਹਦਾ ਲਿਖਦਾ ਹੀ ਹਾਂ। ਬਹੁਤੀ ਲੋੜ ਹੋਵੇ ਤਾਂ ਹੀ ਕਦੀ ਕਿਤੇ ਸੈਮੀਨਾਰ, ਗੋਸ਼ਟੀ ਜਾਂ ਕਿਸੇ ਸਮਾਗਮ ਵਿਚ ਜਾਂਦਾ ਹਾਂ। ਆਫਰੀਨ ਹੈ ਡਾ. ਧੀਰ ਦੇ। ਉਹਦੇ ਵਰਗੇ ਵਿਗਿਆਨਕ ਲੇਖਕ ਸਾਡੇ ਕੋਲ ਇਕ ਦੋ ਹੀ ਹਨ ਪਰ ਉਹ ਵਿਲੱਖਣ ਹੈ। ਵਿਸ਼ੇ ਨੂੰ ਸੰਖੇਪ ਅਤੇ ਸਪਸ਼ਟ ਢੰਗ ਨਾਲ ਪੇਸ਼ ਕਰਨ ਦੇ ਪੱਖੋਂ। ਮੈਂ ਡਾ. ਧੀਰ ਨੂੰ ਕਾਫੀ ਸਮੇਂ ਤੋਂ ਜਾਣਦਾ ਹਾਂ। ਪਹਿਲਾਂ ਉਹਦੀਆਂ ਲਿਖਤਾਂ ਰਾਹੀਂ, ਫਿਰ ਟੈਲੀਫੋਨਾਂ ਰਾਹੀਂ ਅਤੇ ਕਦੀ ਕਦੀ ਮੁਲਾਕਾਤਾਂ ਰਾਹੀਂ। ਉਚਾ ¦ਬਾ ਅਤੇ ਠੀਕ ਠਾਕ ਕੱਦ ਕਾਠ ਵਾਲਾ ਡਾ. ਧੀਰ ਸੁਭਾਅ ਪੱਖੋਂ ਬੜਾ ਫੱਕਰ ਅਤੇ ਮਸਤ ਮੌਲਾ ਹੈ। ਬੜਾ ਸਿੱਧਾ ਸਾਦਾ। ਗੱਲ ਕਰਨ ਦਾ ਸਲੀਕਾ। ਗੱਲ ਵੀ ਸੰਖੇਪ ਅਤੇ ਬੜੀ ਸਿੱਧੀ ਸਪਸ਼ਟ। ਕੋਈ ਵਲ ਛਲ ਨਹੀਂ। ਬੜਾ ਨਿਮਰ ਹੈ। ਬਹੁਤੀ ਫੜ ਨਹੀਂ ਮਾਰਦਾ। ਬਸ ਤੁਰੇ ਰਹਿਣ ਦੀ ਗੱਲ ਕਰਦਾ ਹੈ। ਉਹਦੀਆਂ ਲਿਖਤਾਂ ਸਬੰਧੀ ਪਾਠਕਾਂ ਦੇ ਫੋਨ ਉਹਨੂੰ ਟਾਨਿਕ ਦਾ ਕੰਮ ਦਿੰਦੇ ਹਨ। ਮੈਨੂੰ ਤਾਂ ਉਸ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਖ-ਵੱਖ ਅਹੁਦਿਆਂ ਬਾਰੇ ਹੀ ਜਾਣਕਾਰੀ ਸੀ। ਉਹ ਪੰਜਾਬੀ ਵਿਭਾਗ ਦਾ ਮੁੱਖੀ ਰਿਹਾ ਅਤੇ ਡੀਨ ਅਕਾਦਮਿਕ ਵੀ। ਇਹ ਮੈਨੂੰ ਹਰਗਿਜ਼ ਪਤਾ ਨਹੀਂ ਸੀ ਕਿ ਉਸਨੇ ਥਾਪਰ ਇੰਜਨੀਅਰਿੰਗ ਕਾਲਜ ਤੋਂ ਇੰਜਨੀਅਰਿੰਗ ਵੀ ਕੀਤੀ ਹੋਈ ਹੈ। ਉਂਜ ਕਦੀ ਕਦੀ ਸੋਚਦਾ ਹਾਂ ਕਿ ਜਿਸ ਤਰ੍ਹਾਂ ਉਸਨੇ ਪਿਛਲੇ ਕੁੱਝ ਸਾਲਾਂ ਵਿੱਚ ਵਿਗਿਆਨਕ ਲਿਖਤਾਂ ਵਿਚ ਆਪਣਾ ਨਾਂ ਕਮਾਇਆ ਹੈ ਜੇ ਉਹ ਇੰਜਨੀਅਰਿੰਗ ਦੇ ਖੇਤਰ ਵਿਚ ਹੀ ਕੰਮ ਕਰਨ ਲਗ ਜਾਂਦਾ ਤਾਂ ਸ਼ਾਇਦ ਵਿਗਿਆਨ ਜਾਂ ਇੰਜਨੀਅਰਿੰਗ ਖੇਤਰ ਵਿਚ ਕੋਈ ਵੱਡਾ ਮਾਅਰਕਾ ਮਾਰ ਲੈਂਦਾ। ਉਸ ਵਿੱਚ ਮੁੱਦਿਆਂ ਮਸਲਿਆਂ ਨੂੰ ਘੋਖਣ ਦੀ ਬੜੀ ਨੀਝ ਹੈ, ਰੀਝ ਹੈ।
ਹੁਣੇ ਜਿਹੇ ਡਾ. ਕੁਲਦੀਪ ਸਿੰਘ ਧੀਰ ਦੀਆਂ ਇਕੱਠੀਆਂ ਹੀ ਵਿਗਿਆਨ ਨਾਲ ਸਬੰਧਤ ਦੋ ਪੁਸਤਕਾਂ ਪੜ੍ਹਨ ਨੂੰ ਮਿਲੀਆਂ ਹਨ। ਪਹਿਲੀ ‘ਵਿਗਿਆਨ ਦੇ ਸਿਕੰਦਰ’ ਅਤੇ ਦੂਜੀ ‘ਆ ਮਾਰ ਉਡਾਰੀ ਉਡ ਚਲੀਏ’। ਇਹ ਦੋਵੇਂ ਕਿਤਾਬਾਂ ਹੁਣੇ ਜਿਹੇ ਲੋਕਗੀਤ ਪ੍ਰਕਾਸ਼ਨ ਵਾਲੇ ਹਰੀਸ਼ ਜੈਨ ਨੇ ਛਾਪੀਆਂ ਹਨ। ਦੋਹਾਂ ਦੇ ਖ਼ੂਬਸੂਰਤ ਟਾਈਟਲ ਅਤੇ ਅੰਦਰੂਨੀ ਬਾਹਰਲੀ ਦਿਖ ਹੈ। ਅੰਦਰ ਛਪਵਾਈ ਵੀ ਵਧੀਆ ਅਤੇ ਬਿਨਾਂ ਪਰੂਫ ਰੀਡਿੰਗ ਦੀ ਗਲਤੀ ਦੇ। ਦੋਹਾਂ ਦੀ ਕੀਮਤ ਵੀ ਇਕੋ ਜਿਹੀ ਹੈ ਸਵਾ ਦੋ ਦੋ ਸੌ ਰੁਪਏ। ਵਿਗਿਆਨਕ ਰੁਚੀ ਰਖਣ ਵਾਲਾ ਵਿਦਿਆਰਥੀ ਅਤੇ ਜਾਗਰੂਕ ਪਾਠਕ ਇਹ ਆਸਾਨੀ ਨਾਲ ਖਰੀਦ ਸਕਦਾ ਹੈ। ਉਂਜ ਵੀ ਮੈਂ ਸਮਝਦਾ ਹਾਂ ਕਿ ਦਸਵੀਂ ਤਕ ਚੂੰਕਿ ਹਰ ਵਿਦਿਆਰਥੀ ਸਾਇੰਸ ਪੜ੍ਹਦਾ ਹੀ ਹੈ ਇਸ ਲਈ ਉਸ ਨੂੰ ਇਹ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਸਿਖਿਆ ਮਹਿਕਮੇ, ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਅਦਾਰਿਆਂ ਦੀਆਂ ਲਾਇਬ੍ਰੇਰੀਆਂ ਦਾ ਇਹ ਪੁਸਤਕ ਸ਼ਿੰਗਾਰ ਬਣਨ ਦੇ ਸਮਰਥ ਹਨ। ਉਂਜ ਇਨ੍ਹਾਂ ਪੁਸਤਕਾਂ ਤੋਂ ਪਹਿਲਾਂ ਡਾ. ਧੀਰ ਵਿਗਿਆਨ ਨਾਲ ਸਬੰਧਤ ਡੇਢ ਦਰਜ਼ਨ ਪੁਸਤਕਾਂ ਲਿਖ ਚੁੱਕਾ ਹੈ। ਸਾਹਿਤ ਦੇ ਵੱਖ ਵੱਖ ਖੇਤਰਾਂ ਵਿਚ ਵੀ ਉਸ ਨੇ ਤਿੰਨ ਦਰਜਨ ਦੇ ਕਰੀਬ ਪੁਸਤਕਾਂ ਲਿੱਖ ਛੱਡੀਆਂ ਹਨ। ਇਨ੍ਹਾਂ ਵਿਚ ਸਿੱਖ ਧਰਮ ਅਤੇ ਇਤਿਹਾਸ ਨਾਲ ਸਬੰਧਤ ਪੁਸਤਕਾਂ ਹਨ। ਸਾਹਿਤਕ ਖੇਤਰਾਂ ਵਿਚ ਵੰਨ ਸੁਵੰਨੇ ਵਿਸ਼ਿਆਂ ਤੇ ਪੁਸਤਕਾਂ ਹਨ। ਇਕ ਕਿਤਾਬ ਨਾਮੀ ਲੇਖਕਾਂ/ਪ੍ਰੋਫੈਸਰਾਂ ਦੇ ਸਾਹਿਤਕ ਰੇਖਾ ਚਿਤਰਾਂ ਦੀ ਹੈ।
ਮੈਂ ਸਾਇੰਸ ਦਾ ਵਿਦਿਆਰਥੀ ਨਹੀਂ ਪਰ ਇਨ੍ਹਾਂ ਦੋਹਾਂ ਪੁਸਤਕਾਂ ਨੂੰ ਪੜ੍ਹਨਾ ਸ਼ੁਰੂ ਕਰਨ ਵਿਚ ਬਹੁਤੀ ਮੁਸ਼ਕਲ ਪੇਸ਼ ਨਹੀਂ ਆਈ। ਪਹਿਲੀ ਪੁਸਤਕ ਵਿਚ ਵਿਗਿਆਨੀਆਂ, ਨੋਬਲ ਜੇਤੂ ਵਿਗਿਆਨੀਆਂ, ਰਵਿੰਦਰ ਨਾਥ ਟੈਗੋਰ ਵਰਗੇ ਸ਼ਾਇਰ ਵਿਗਿਆਨੀਆਂ ਅਤੇ ਗਣਿਤ ਵਿਗਿਆਨੀਆਂ ਬਾਰੇ 26 ਲੇਖ ਹਨ। ਇਹ ਲੇਖਕਾਂ ਦੇ ਰੇਖਾ ਚਿਤਰਾਂ ਵਰਗੇ ਲਹਿਜ਼ੇ ਵਿਚ ਪੇਸ਼ ਕੀਤੇ ਗਏ ਹਨ। ਬਹੁਤਾ ਕਰਕੇ ਨੋਬਲ ਇਨਾਮ ਜੇਤੂ ਵਿਗਿਆਨੀਆਂ ਦੀ ਜੀਵਨ ਗਾਥਾ ਹੈ ਅਤੇ ਡਾ. ਧੀਰ ਨੇ ਇਹ ਜੀਵਨ ਬਿਲਕੁਲ ਸਾਹਿਤਕ ਲਿਖਤਾਂ ਵਾਂਗ ਪੇਸ਼ ਕੀਤਾ ਹੈ। ਸਾਇੰਸ ਨੂੰ ਬੜਾ ਉਕਾਓ, ਥਕਾਊ ਵਿਸ਼ਾ ਮੰਨਿਆ ਜਾਂਦਾ ਹੈ। ਜਿਨਾਂ ਦੀ ਰੁਚੀ ਇਸ ਵਿਚ ਹੋ ਜਾਵੇ ਉਨ੍ਹਾਂ ਦਾ ਪੂਰਾ ਜੀਵਨ ਹੀ ਇਧਰ ਲਗ ਜਾਂਦਾ ਹੈ। ਕਿਤਾਬ ਵਿਚ ਕੁਝ ਭਾਰਤੀ ਵਿਗਿਆਨੀਆਂ ਦਾ ਵੀ ਜ਼ਿਕਰ ਹੈ ਜਿਨ੍ਹਾਂ ਦੀ ਕਦਰ ਅਸੀ ਤਾਂ ਨਹੀਂ ਪਾਈ ਪਰ ਦੂਜਿਆਂ ਨੇ ਜ਼ਰੂਰ ਪਾਈ ਅਤੇ ਉਹ ਨੋਬਲ ਇਨਾਮ ਜੇਤੂ ਬਣ ਗਏ। ਮਿਸਾਲ ਵਜੋਂ ਡਾ. ਹਰਗੋਬਿੰਦ ਖੁਰਾਣਾ, ਡਾ. ਰਾਮਾਨੁਜਨ। ਪੁਲਾੜ ਵਿਚ ਪਹਿਲਾ ਕਦਮ ਰਖਣ ਵਾਲੇ ਅਮਰੀਕੀ ਨੀਲ ਆਰਮਸਟਰਾਂਗ ਅਤੇ ਰੂਸੀ ਯੂਰੀ ਗਾਗਰਿਨ ਦਾ ਵੀ ਜੀਵਨ ਵੇਰਵਾ ਦਰਜ ਹੈ। ਇਹ ਉਹ ਸੂਰਮੇ ਹਨ ਜਿਨ੍ਹਾਂ ਨੇ ਵਿਗਿਆਨ ਦੇ ਇਤਿਹਾਸ ਵਿਚ ਆਪਣਾ ਨਾਂ ਸੁਨਹਿਰੀ ਅਖਰਾਂ ਵਿਚ ਦਰਜ ਕਰਵਾਇਆ।
ਦੂਜੀ ਪੁਸਤਕ ‘ਆ ਮਾਰ ਉਡਾਰੀ ਉਡ ਚਲੀਏ’ ਵਿਚ ਵਿਗਿਆਨ ਅਤੇ ਵਿਗਿਆਨੀਆਂ ਸਬੰਧੀ 27 ਲੇਖ ਹਨ। ਇਸ ਵਿਚ ਵਿਗਿਆਨ ਦੇ ਕੁਝ ਵਿਸ਼ਿਆਂ ਨੂੰ ਵੱਖ ਵੱਖ ਪਹਿਲੂਆਂ ਤੋਂ ਪੇਸ਼ ਕੀਤਾ ਗਿਆ ਹੈ ਜਿਵੇਂ ਸਾਪੇਖਤਾ ਸਿਧਾਂਤ ਦੇ ਖੋਜੀ ਆਈਨਸਟਾਈਨ ਦੇ ਸਧਾਰਨ ਦਿਖਾਵੇ ਅਤੇ ਸੁਭਾਅ ਦੇ ਬਾਵਜੂਦ ਉਹਦੇ ਬੇਹੱਦ ਚੁਸਤ ਤੇ ਫੁਰਤੀਲੇ ਦਿਮਾਗ ਦੀ ਬਾਤ ਪਾਈ ਗਈ ਹੈ। ਜਿਵੇਂ ਆਈਨਸਟਾਈਨ ਨੂੰ ਉਹਦੇ ਲਹਿਜ਼ੇ ਤੋਂ ਕੋਈ ਖੋਜਕਾਰ ਜਾਂ ਵਿਗਿਆਨੀ ਮੰਨਦਾ ਹੀ ਨਹੀਂ ਪਰ ਵਿਗਿਆਨੀ ਅੱਜ ਵੀ ਉਹਦੇ ਦਿਮਾਗ ਦੀ ਖੋਜ ਕਰਨ ਵਿਚ ਰੁੱਝੇ ਹੋਏ ਹਨ। ਇਨ੍ਹਾਂ ਲਿਖਤਾਂ ਵਿਚ ਜੇ ਵਿਗਿਆਨਕ ਤਰੱਕੀ ਨੂੰ ਹੁਲਾਰਾ ਦਿਤਾ ਗਿਆ ਹੈ ਤਾਂ ਨਾਲ ਹੀ ਕੁੱਝ ਕਾਰਨਾਂ ਕਰਕੇ ਇਸ ਤੋਂ ਹੋਣ ਵਾਲੇ ਨੁਕਸਾਨਾਂ ਤੇ ਵੱਡੀ ਚਿਤਾਵਨੀ ਵਾਲੀਆਂ ਲਿਖਤਾਂ ਵੀ ਹਨ। ਮਿਸਾਲ ਵਜੋਂ ਕਈ ਦੇਸ਼ਾਂ ਨੇ ਜੰਗੀ ਫਾਇਦਿਆਂ ਲਈ ਅੱਧੀ ਧਰਤੀ ਤੋਂ ਲੈਂਡ ਮਾਈਨਾਂ ਵਿਛਾਈਆਂ ਹਨ ਜੋ ਹਰ ਵੇਲੇ ਬੇਕਸੂਰਾਂ ਦੀ ਜਾਨ ਲੈ ਰਹੀਆਂ ਹਨ। ਸਪੇਸ, ਸ਼ਟੱਲ ਸਪੇਸ, ਅਗਨੀ ਮੀਜਾਈਲ ਅਤੇ ਇਹੋ ਜਿਹੇ ਹੋਰ ਪੁਲਾੜ ਛਡੇ ਜਾਣ ਨਾਲ ਅੰਬਰ ਵਿਚ ਪ੍ਰਦੂਸ਼ਣ ਫੈਲਣਾ ਸ਼ੁਰੂ ਹੋ ਗਿਆ ਹੈ। ਅੱਜ ਪ੍ਰਦੂਸ਼ਣ ਜੰਗ ਨਾਲੋਂ ਵੀ ਭਿਆਨਕ ਵਬਾਅ ਹੈ। ਇਸ ਨਾਲ ਗਲੇਸ਼ੀਅਰ ਪਿਘਲਣੇ ਸ਼ੁਰੂ ਹੋ ਗਏ ਹਨ। ਵਿਸ਼ਵੀ ਤਪਸ ਦਾ ਯੁਗ ਆ ਗਿਆ ਹੈ ਜੋ ਸਾਨੂੰ ਪਾਣੀ ਦੇ ਸੰਕਟ ਵਲ ਧਕੇਲ ਰਿਹਾ ਹੈ। ਇਸ ਨੇ ਬਿਜਲੀ ਦੀਥੁੜ ਵੀ ਪੈਦਾ ਕਰ ਦਿਤੀ ਹੈ। ਇਸ ਲਈ ਅੱਜ ਪ੍ਰਮਾਣੂ ਊਰਜਾ ਦੇ ਵੱਖ ਵੱਖ ਸਰੋਤਾਂ ਤੋਂ ਬਿਜਲੀ ਉਤਪਾਦਨ ਕੀਤੇ ਜਾਣ ਦੀ ਜ਼ਰੂਰਤ ਹੈ। ਅਸੀਂ ਜੰਗੀ ਯੁਧਾਂ ਵਲ ਜਿੰਨਾ ਧਿਆਨ ਦੇਂਦੇ ਹਾਂ, ਲੋਕਾਂ ਦੀਆਂ ਲੋੜਾਂ ਲਈ ਪੋਣ ਊਰਜਾ ਵਰਗੇ ਸੋਮੇ ਕਿਊਂ ਨਹੀਂ ਪੈਦਾ ਕਰਦੇ? ਪਲਾਸਟਿਕ ਪ੍ਰਦੂਸ਼ਣ ਵੀ ਇਕ ਹੋਰ ਵੱਡੀ ਸਮੱਸਿਆ ਬਣਕੇ ਉਭਰ ਰਿਹਾ ਹੈ। ਸੋ ਇਹ ਪੁਸਤਕ ਸਾਨੂੰ ਇਨਸਾਨੀਅਤ ਲਈ ਕੁਝ ਚੰਗਾ ਕਰਨ ਦਾ ਸੁਨੇਹਾ ਵੀ ਦਿੰਦੀ ਹੈ।
ਦੋਵੇਂ ਪੁਸਤਕਾਂ ਪੜ੍ਹਨ ਉਪਰੰਤ ਸਪਸ਼ਟ ਹੁੰਦਾ ਹੈ ਕਿ ਸ਼ੁਧ, ਸਰਲ, ਠੇਠ ਅਤੇ ਸਪਸ਼ਟ ਪੰਜਾਬੀ ਡਾ. ਧੀਰ ਦਾ ਮੀਰੀ ਗੁਣ ਹੈ। ਵਿਗਿਆਨ ਵਰਗੇ ਗੁੰਝਲਦਾਰ ਵਿਸ਼ਿਆਂ ਅਤੇ ਵਿਗਿਆਨੀਆਂ ਦੇ ਜੀਵਨ ਨੂੰ ਲੇਖਕ ਨੇ ਜਿਸ ਅਤਿਅੰਤ ਸਾਦਾ ਅਤੇ ਸਮਝ ਵਿਚ ਆ ਸਕਣ ਵਾਲੇ ਪੰਜਾਬੀ ਮੁਹਾਵਰੇ ਵਿਚ ਪੇਸ਼ ਕੀਤਾ ਹੈ ਉਸ ਤੋਂ ਲਗਦਾ ਹੈ ਕਿ ਸਭ ਕੁਝ ਲਿਖਣ ਤੋਂ ਪਹਿਲਾਂ ਉਹ ਤਨੋ ਮਨੋ ਬਿਲਕੁਲ ਸਪਸ਼ਟ ਹੁੰਦਾ ਕਿ ਉਸਨੇ ਕੀ ਲਿਖਣਾ ਹੈ, ਕਿਵੇਂ ਲਿਖਣਾ ਹੈ ਅਤੇ ਕਿਸ ਭਾਸ਼ਾ ਵਿਚ ਲਿਖਣਾ ਹੈ। ਸ਼ਾਇਦ ਡਾ. ਧੀਰ ਦੇ ਇਨ੍ਹਾਂ ਕੁਝ ਪ੍ਰਬੁੱਧ ਗੁਣਾਂ ਨੇ ਹੀ ਉਸ ਨੂੰ ਵਿਗਿਆਨੀ ਲੇਖਕ ਵਜੋਂ ਬੜੀ ਸ਼ੋਭਾ ਦਿਵਾਈ ਹੈ। ਉਮੀਦ ਹੈ ਕਿ ਇਹ ਕਲਮ ਇਵੇਂ ਹੀ ਚਲੇਗੀ। ਮੁਬਾਰਕਾਂ।

Send this to a friend