ਵਿਧਾਇਕਾਂ ਵੱਲੋਂ ਵੋਟਰਾਂ ਦਾ ਅਪਮਾਨ

ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਕੁੱਲ 13 ਹਲਕਿਆਂ ਲਈ 23 ਮਈ ਨੂੰ ਚੋਣ ਹੋਣ ਜਾ ਰਹੀ ਹੈ। ਇਸ ਵਾਰ ਇਨ੍ਹਾਂ ਚੋਣਾਂ ਵਿੱਚ ਪੰਜਾਬ ਵਿਧਾਨ ਸਭਾ ਦੇ 9 ਮੌਜੂਦਾ ਵਿਧਾਇਕ ਵੀ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਫਰਵਰੀ 2017 ਵਿੱਚ ਹੋਈਆਂ ਸਨ। ਨਵੇਂ ਚੁਣੇ ਗਏ ਵਿਧਾਇਕਾਂ ਨੇ ਹਾਲੇ 2 ਸਾਲ ਦਾ ਕਾਰਜਕਾਲ ਹੀ ਪੂਰਾ ਕੀਤਾ ਹੈ। ਇਨ੍ਹਾਂ ਨਵੇਂ ਚੁਣੇ ਗਏ ਵਿਧਾਇਕਾਂ ਵਿੱਚੋਂ 9 ਦਾ ਲੋਕ ਸਭਾ ਚੋਣਾਂ ਲਈ ਮੈਦਾਨ ਵਿੱਚ ਨਿਤਰਨਾ ਬਹੁਤ ਹੈਰਾਨੀਜਨਕ ਅਤੇ ਅਫਸੋਸਨਾਕ ਹੈ। ਬੇਸ਼ਕ ਸਿਆਸੀ ਪਾਰਟੀਆਂ ਨੇ ਆਪਣੀ ਗਿਣਤੀ-ਮਿਣਤੀ ਮੁਤਾਬਿਕ ਮੌਜੂਦਾ ਵਿਧਾਇਕਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਲਿਆ ਹੈ ਪ੍ਰੰਤੂ ਰਾਜਸੀ ਪੱਖ ਤੋਂ ਇਸ ਫੈਸਲੇ ਦੀ ਕੋਈ ਨੈਤਿਕਤਾ ਨਹੀਂ ਬਣਦੀ। ਅਸਲ ਵਿੱਚ ਚੁਣੇ ਹੋਏ ਵਿਧਾਇਕਾਂ ਦਾ ਲੋਕ ਸਭਾ ਚੋਣਾਂ ਲੜਨਾ ਆਪਣੇ ਹਲਕੇ ਦੇ ਵੋਟਰਾਂ ਦਾ ਅਪਮਾਨ ਅਤੇ ਵੱਡਾ ਧੋਖਾ ਹੈ। ਹਰ ਹਲਕੇ ਦੇ ਵੋਟਰ ਵੱਡੇ ਅਰਮਾਨਾਂ ਅਤੇ ਉਮੀਦਾਂ ਨਾਲ ਆਪਣੇ ਵਿਧਾਇਕ ਨੂੰ ਚੁਣਦੇ ਹਨ। ਵਿਧਾਇਕ ਦਾ ਵੋਟਰਾਂ ਨੂੰ ਅੱਧ ਵਿਚਕਾਰ ਛੱਡ ਜਾਣਾ ਇਕ ਸਦਮੇ ਵਾਲਾ ਕਾਰਜ ਹੈ। ਪੰਜਾਬ ਵਿਧਾਨ ਸਭਾ ਦੇ ਜਲਾਲਾਬਾਦ ਹਲਕੇ ਤੋਂ ਵਿਧਾਇਕ ਸੁਖਬੀਰ ਸਿੰਘ ਬਾਦਲ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ, ਲਹਿਰਾਗਾਗਾ ਹਲਕੇ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਲੋਕ ਸਭਾ ਹਲਕੇ ਤੋਂ, ਫਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ, ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡਾ ਲੋਕ ਸਭਾ ਹਲਕੇ ਤੋਂ, ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਬਠਿੰਡਾ ਲੋਕ ਸਭਾ ਹਲਕੇ ਤੋਂ, ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਬਠਿੰਡਾ ਹਲਕੇ ਤੋਂ, ਆਤਮ ਨਗਰ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਲੋਕ ਸਭਾ ਹਲਕੇ ਤੋਂ, ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਅਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਲੜਨ ਜਾ ਰਹੇ ਹਨ। ਇਕੱਲੇ ਬਠਿੰਡਾ ਹਲਕੇ ਤੋਂ ਤਿੰਨ ਮੌਜੂਦਾ ਵਿਧਾਇਕ ਚੋਣ ਲੜਨ ਜਾ ਰਹੇ ਹਨ। ਚੋਣ ਲੜ ਰਹੇ ਇਹ ਵਿਧਾਇਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਲੋਕ ਇਨਸਾਫ ਪਾਰਟੀ, ਆਮ ਆਦਮੀ ਪਾਰਟੀ ਅਤੇ ਪੰਜਾਬੀ ਏਕਤਾ ਪਾਰਟੀ ਨਾਲ ਸਬੰਧਤ ਹਨ। ਇਨ੍ਹਾਂ ਪਾਰਟੀਆਂ ਕੋਲ ਲੋਕ ਸਭਾ ਚੋਣਾਂ ਲਈ ਬਦਲਵੇਂ ਉਮੀਦਵਾਰਾਂ ਦੀ ਕਮੀ ਨਹੀਂ ਹੈ ਪ੍ਰੰਤੂ ਪਤਾ ਨਹੀਂ ਫਿਰ ਵੀ ਕਿਹੜੀ ਮਜ਼ਬੂਰੀ ’ਚ ਵਿਧਾਇਕਾਂ ਨੂੰ ਚੋਣ ਮੈਦਾਨ ਅੰਦਰ ਝੋਕ ਦਿੱਤਾ ਗਿਆ ਹੈ। ਜੇਕਰ ਇਨ੍ਹਾਂ ਵਿਧਾਇਕਾਂ ਵਿੱਚੋਂ ਕੋਈ ਲੋਕ ਸਭਾ ਦੀ ਚੋਣ ਜਿੱਤ ਜਾਂਦਾ ਹੈ ਤਦ ਉਸ ਵਿਧਾਨ ਸਭਾ ਹਲਕੇ ਦੀ 6 ਮਹੀਨੇ ਦੇ ਅੰਦਰ-ਅੰਦਰ ਮੁੜ ਚੋਣ ਕਰਵਾਉਣੀ ਹੋਵੇਗੀ। ਇਸ ਨਾਲ ਖਜ਼ਾਨੇ ਉਪਰ ਵੱਡਾ ਬੋਝ ਪਵੇਗਾ। ਇਸ ਤਰ੍ਹਾਂ ਦੀ ਸਿਆਸੀ ਸਰਗਰਮੀ ਦਾ ਸਖਤੀ ਨਾਲ ਵਿਰੋਧ ਹੋਣਾ ਚਾਹੀਦਾ ਹੈ। ਚੰਗਾ ਹੋਵੇਗਾ ਜੇਕਰ ਲੋਕ ਪ੍ਰਤੀਨਿਧਤਾ ਕਾਨੂੰਨ ਵਿੱਚ ਤਬਦੀਲੀ ਕਰਕੇ ਕਿਸੇ ਵੀ ਚੁਣੇ ਨੁਮਾਇੰਦੇ ਨੂੰ ਘੱਟੋ-ਘੱਟ ਚਾਰ ਸਾਲ ਲਈ ਦੂਸਰੀ ਕੋਈ ਚੋਣ ਲੜਨ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾਵੇ। ਇਸ ਤਰ੍ਹਾਂ ਵਿਧਾਇਕਾਂ ਦਾ ਚੋਣ ਲੜਨਾ ਸਿਆਸੀ ਅਰਾਜਕਤਾ ਪੈਦਾ ਕਰਨ ਵਾਲਾ ਕਰਮ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਸਿਆਸੀ ਪਾਰਟੀਆਂ ਲੱਖਾਂ ਦੀ ਮੈਂਬਰਸ਼ਿਪ ਅਤੇ ਹਜ਼ਾਰਾਂ ਅਹੁਦੇਦਾਰ ਹੋਣ ਦੇ ਦਾਅਵੇ ਕਰ ਰਹੀਆਂ ਹਨ ਪ੍ਰੰਤੂ ਉਨ੍ਹਾਂ ਨੂੰ ਆਪਣੇ ਮੈਂਬਰਾਂ ਅਤੇ ਅਹੁਦੇਦਾਰਾਂ ’ਚੋਂ ਗਿਣਤੀ ਦੇ ਉਮੀਦਵਾਰ ਲੱਭਣੇ ਵੀ ਔਖੇ ਹਨ। ਲੋਕਤੰਤਰ ਦੀ ਭਲਾਈ ਲਈ ਅਤੇ ਲੋਕ ਹਿੱਤਾਂ ਖਾਤਰ ਇਸ ਤਰ੍ਹਾਂ ਦੇ ਸਿਆਸੀ ਸਭਿਆਚਾਰ ਨੂੰ ਨਕਾਰਨ ਦੀ ਜ਼ਰੂਰਤ ਹੈ।
– ਬਲਜੀਤ ਸਿੰਘ ਬਰਾੜ

Send this to a friend