May 11, 2026 9:59 pm

ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਅਸਾਮ ’ਚ ਵੱਸੇ ਸਿੱਖਾਂ ਦੀ ਸਾਰ ਲਵੇਗੀ ਸ਼੍ਰੋਮਣੀ ਕਮੇਟੀ: ਡਾ. ਰੂਪ ਸਿੰਘ

ਭਾਈ ਲੌਂਗੋਵਾਲ ਦੇ ਨਿਰਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਅਸਾਮ ਦੇ ਸਥਾਨਕ ਸਿੱਖਾਂ ਤੱਕ ਕੀਤੀ ਪਹੁੰਚ
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕਤਰ ਡਾ. ਰੂਪ ਸਿੰਘ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਅਧਿਕਾਰੀਆਂ ਨੇ ਅਸਾਮ ‘ਚ 1820 ਤੋਂ ਵਸੇ ਸਥਾਨਕ ਸਿਖਾਂ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਜਾਣੀਆ।ਦਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਅਸਾਮ ਦੀ ਰਾਜਧਾਨੀ ਗੁਹਾਟੀ ਵਿਖੇ ਸਿਖ ਪ੍ਰਤੀਨਿਧੀ ਬੋਰਡ ਈਸਟਰਨ ਜੋਨ ਧੋਬੜੀ ਸਾਹਿਬ ਤੇ ਹੋਰ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਗੁਰਮਤਿ ਸਮਾਗਮ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮਾਂ ‘ਚ ਹਿਸਾ ਲੈਣ ਲਈ ਸ਼੍ਰੋਮਣੀ ਕਮੇਟੀ ਦਾ ਵਫ਼ਦ ਅਸਾਮ ਪੁਜਾ ਹੋਇਆ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ ‘ਤੇ ਸਥਾਨਕ ਸਿਖਾਂ ਦੀਆਂ ਸਮਸਿਆਵਾਂ ਸੁਣਨ ਅਤੇ ਸਿਖ ਸੰਸਥਾਵਾਂ ਨਾਲ ਸਾਂਝ ਬਣਾਈ ਰਖਣ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਤੇ ਅਧਿਕਾਰੀ ਪਿੰਡ ਬਰਕੋਲਾ ਸਿੰਘ ਗਾਉਂ ਤੇ ਛਪਰਮੁਖ ਵਿਖੇ ਪਹੁੰਚੇ। ਡਾ. ਰੂਪ ਸਿੰਘ ਨੇ ਅਸਾਮ ‘ਚ ਵਸਦੇ ਸਿਖਾਂ ਦੇ ਇਨ੍ਹਾਂ ਇਤਿਹਾਸਕ ਪਿੰਡਾਂ ਦਾ ਦੌਰਾ ਕਰਨ ਮਗਰੋਂ ਦਸਿਆ ਹੈ ਕਿ ਸ਼੍ਰੋਮਣੀ ਕਮੇਟੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸੂਬੇ ਅੰਦਰ ਧਰਾਤਲ ਪਧਰ ‘ਤੇ ਵਸੇ ਸਿਖਾਂ ਉਪਰ ਆਪਣੀ ਪਹੁੰਚ ਬਣਾ ਰਹੀ ਹੈ ਅਤੇ ਇਸੇ ਤਹਿਤ ਹੀ ਅਸਾਮ ਦੇ ਸਥਾਨਕ ਸਿਖਾਂ ਤਕ ਵੀ ਪਹੁੰਚ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਅਸਾਮ ‘ਚ ਛਪਰਮੁਖ ਇਕ ਅਜਿਹਾ ਪਿੰਡ ਹੈ ਜਿਥੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਇਥੇ ਸਿਖ ਵਸੇ ਹੋਏ ਹਨ। ਉਨ੍ਹਾਂ ਜਾਣਕਾਰੀ ਦਿਤੀ ਕਿ ਇਹ ਨਗਰ ਗੁਹਾਟੀ ਤੋਂ 120 ਕਿਲੋਮੀਟਰ ਦੂਰ ਸਥਿਤ ਹੈ ਤੇ ਇਥੇ 1820 ਈ: ਵਿਚ ਉਸ ਵੇਲੇ ਦੇ ਰਾਜੇ ਚੰਦਰਕਾਤਾਂ ਸਿੰਘਾਂ ਦੀ ਮਦਦ ਲਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੰਜ ਸੌ ਕਰੀਬ ਸਿਖ ਸੈਨਿਕ ਭੇਜੇ ਸਨ। ਇਨ੍ਹਾਂ ਵਿਚੋਂ ਬਹੁਤੇ ਲੜਾਈ ਦੌਰਾਨ ਸ਼ਹੀਦ ਹੋ ਗਏ ਅਤੇ ਜੋ ਬਚੇ ਤੇ ਜ਼ਖ਼ਮੀ ਹੋਏ ਸਨ ਉਹ ਪਕੇ ਤੌਰ ‘ਤੇ ਇਥੋਂ ਦੇ ਵਸਨੀਕ ਬਣ ਗਏ ਸਨ। ਉਨ੍ਹਾਂ ਦਸਿਆ ਕਿ ਇਨ੍ਹਾਂ ਸਿਖਾਂ ਨੇ ਅਜੇ ਤਕ ਸਿਖ ਵਿਰਾਸਤ ਤੇ ਸਰੂਪ ਨੂੰ ਮਜ਼ਬੂਤੀ ਨਾਲ ਸੰਭਾਲਿਆ ਹੋਇਆ ਹੈ ਅਤੇ ਖ਼ਾਸ ਗਲ ਇਹ ਹੈ ਕਿ ਇਹ ਅਜ ਵੀ ਅਨੰਦ ਕਾਰਜ ਤੋਂ ਪਹਿਲਾਂ ਲੜਕੇ ਲੜਕੀ ਨੂੰ ਗੁਰੂ ਦੀਆਂ ਖ਼ੁਸ਼ੀਆਂ ਹਾਸਲ ਕਰਨ ਲਈ ਪੰਥਕ ਪਰਿਵਾਰ ਦਾ ਮੈਂਬਰ ਬਣਾਉਂਦੇ ਹਨ। ਉਨ੍ਹਾਂ ਇਹ ਵੀ ਦਸਿਆ ਕਿ ਸਥਾਨਕ ਸਿਖਾਂ ਦਾ ਖਾਣ-ਪੀਣ, ਪਹਿਰਾਵਾਂ ਅਤੇ ਬੋਲੀ ਅਸਾਮੀ ਹੈ ਪਰ ਇਹ ਸਿਖ ਰਵਾਇਤਾਂ ਦੀ ਬਾਖੂਬੀ ਪਾਲਣਾ ਕਰਦੇ ਹਨ।
ਇਸੇ ਦੌਰਾਨ ਸਥਾਨਕ ਸਿਖਾਂ ਨੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਅਗੇ ਆਪਣੀਆਂ ਕੁਝ ਸਥਾਨਕ ਲੋੜਾਂ ਦਾ ਜ਼ਿਕਰ ਕੀਤਾ, ਜਿਸ ਦੀ ਪੂਰਤੀ ਲਈ ਡਾ. ਰੂਪ ਸਿੰਘ ਨੇ ਪ੍ਰਧਾਨ ਸਾਹਿਬ ਦੀ ਪ੍ਰਵਾਨਗੀ ‘ਤੇ ਵਿਸ਼ਵਾਸ ਦਿਵਾਇਆ। ਡਾ. ਰੂਪ ਸਿੰਘ ਨੇ ਕਿਹਾ ਕਿ ਜਲਦ ਹੀ ਸ਼੍ਰੋਮਣੀ ਕਮੇਟੀ ਵਲੋਂ ਇਥੇ ਪੰਜਾਬੀ ਅਧਿਆਪਕ ਭੇਜਣ ਲਈ ਪ੍ਰਬੰਧ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਇਨ੍ਹਾਂ ਸਿਖਾਂ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ ਵੀ ਪ੍ਰਬੰਧ ਕੀਤੇ ਜਾਣਗੇ, ਤਾਂ ਕਿ ਇਹ ਬਹੁਮੁਲੇ ਸਿਖ ਇਤਿਹਾਸ, ਵਿਰਾਸਤ ਅਤੇ ਵਿਰਸੇ ਨਾਲ ਜੁੜੇ ਰਹਿਣ। ਇਸ ਮੌਕੇ ਸਥਾਨਕ ਵਾਸੀਆਂ ਤੋਂ ਇਲਾਵਾ ਅਸਾਮ ਦੇ ਨੌਜੁਆਨ ਸਿਖ ਆਗੂ ਭਾਈ ਅਜੀਤ ਸਿੰਘ, ਭਾਈ ਸਿਮਰਨ ਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ, ਸ. ਸੁਖਵਰਸ਼ ਸਿੰਘ ਪੰਨੂ, ਸ. ਗੁਰਿੰਦਰਪਾਲ ਸਿੰਘ ਗੋਰਾ, ਸਕਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਜਥੇਦਾਰ ਜਸਵਿੰਦਰ ਸਿੰਘ ਦੀਨਪੁਰ ਮੈਨੇਜਰ ਸ੍ਰੀ ਦਰਬਾਰ ਸਾਹਿਬ, ਸ. ਪਰਮਜੀਤ ਸਿੰਘ ਖ਼ਾਲਸਾ, ਸ. ਮੇਜਰ ਸਿੰਘ, ਭਾਈ ਜਗਤਾਰ ਸਿੰਘ ਜੰਮੂ, ਭਾਈ ਹਰਪਿੰਦਰ ਸਿੰਘ ਪ੍ਰਚਾਰਕ ਆਦਿ ਹਾਜ਼ਰ ਸਨ।
– ਪੰਜਾਬ ਟਾਇਮਜ਼ ਬਿਊਰੋ

Send this to a friend