ਹੋਮਿਓਪੈਥੀ ਦੇ ਜਨਮਦਾਤਾ ਡਾ. ਕ੍ਰਿਸਚੀਅਨ ਫ੍ਰਾਇਡਰਿਕ ਸੈਮੂਅਲ ਹੈਨੀਮਨ ਦਾ ਜਨਮ 10 ਅਪ੍ਰੈਲ 1755 ਨੂੰ ਜਰਮਨੀ ਦੇ ਸ਼ਹਿਰ ਮੀਸਨ ਵਿਚ ਹੋਇਆ।ਉਨ੍ਹਾਂ ਦੇ ਪਿਤਾ ਜੀ ਚੀਨੀ ਦੇ ਭਾਂਡਿਆਂ ਨੂੰ ਰੰਗਣ ਦਾ ਕੰਮ ਕਰਦੇ ਸਨ। ਹੈਨੀਮਨ ਆਪਣੇ ਪਿਤਾ ਦੇ ਨਾਲ ਉਨ੍ਹਾਂ ਦੇ ਕੰਮ ਵਿਚ ਹਥ ਵਟਾਉਣ ਤੋਂ ਇਲਾਵਾ ਪੂਰੀ ਲਗਨ ਨਾਲ ਆਪਣੀ ਪੜ੍ਹਾਈ ਵੀ ਕਰਦੇ ਸਨ। ਘਰ ਦੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਕਰਕੇ ਰਸਤੇ ਵਿਚ ਆਉਣ ਵਾਲੀ ਹਰ ਰੁਕਾਵਟ ਦਾ ਉਨ੍ਹਾਂ ਨੇ ਬੜੀ ਹਿੰਮਤ ਨਾਲ ਮੁਕਾਬਲਾ ਕੀਤਾ ਆਪਣੀ ਪੜ੍ਹਾਈ ਨੂੰ ਪ੍ਰਭਾਵਿਤ ਨਹੀਂ ਹੋਣ ਦਿਤਾ। ਘਰ ਵਿਚ ਗਰੀਬੀ ਦਾ ਆਲਮ ਇਹ ਸੀ ਕਿ ਕਈ ਵਾਰ ਪਰਿਵਾਰ ਆਪਣੇ ਕਪੜੇ ਆਲੂਆਂ ਨਾਲ ਰਗੜ ਰਗੜ ਕੇ ਸਾਫ ਕਰਨ ਨੂੰ ਮਜਬੂਰ ਹੋ ਜਾਂਦਾ ਸੀ। ਬਾਵਜੂਦ ਇਨ੍ਹਾਂ ਹਾਲਾਤਾਂ ਦੇ ਪੜ੍ਹਨ ਪ੍ਰਤੀ ਰੁਚੀ ਅਤੇ ਨਵਾਂ ਸਿਖਣ ਦੀ ਚਾਹਨਾ ਕਰਕੇ ਹੈਨੀਮਨ ਜਲਦ ਹੀ ਗਿਆਰਾਂ ਭਾਸ਼ਾਵਾਂ ਦੇ ਗਿਆਤਾ ਹੋ ਗਏ।
ਬਚਪਨ ਤੋਂ ਹੀ ਉਨ੍ਹਾਂ ਨੂੰ ਮੈਡੀਕਲ ਕਿਤੇ ਪ੍ਰਤੀ ਦਿਲਚਸਪੀ ਸੀ। 20 ਸਾਲ ਦੇ ਹੈਨੀਮਨ ਨੇ ਯੂਨੀਵਰਸਿਟੀ ਆਫ਼ ਲੇਪਸਿਗ ਵਿਚ ਡਾਕਟਰੀ ਦੀ ਪੜ੍ਹਾਈ ਲਈ ਦਾਖਲਾ ਲੈ ਲਿਆ। ਵਖ ਵਖ ਭਾਸ਼ਾਵਾਂ ਦਾ ਗਿਆਨ ਹੋਣ ਕਰਕੇ ਉਨ੍ਹਾਂ ਨੇ ਆਪਣੀ ਪੜ੍ਹਾਈ ਦੇ ਖਰਚੇ ਪੂਰੇ ਕਰਨ ਲਈ ਪੜ੍ਹਨ ਦੇ ਨਾਲ ਨਾਲ ਵਖ ਵਖ ਕਿਤਾਬਾਂ ਦਾ ਹੋਰਨਾਂ ਭਾਸ਼ਾਵਾਂ ਵਿਚ ਉਲਥਾ ਕਰਨ ਦਾ ਕੰਮ ਸ਼ੁਰੂ ਕਰ ਦਿਤਾ। ਬਾਅਦ ਵਿਚ ਉਹ ਮੈਡੀਕਲ ਦੀ ਉਚ ਮਿਆਰੀ ਸਿਖਿਆ ਲਈ ਪ੍ਰਸਿਧ ਵਿਆਨਾ ਦੀ ਮੈਡੀਕਲ ਸਿਖਿਆ ਸੰਸਥਾ ਵਿਚ ਦਾਖਲ ਹੋ ਗਏ। 24 ਸਾਲ ਦੀ ਉਮਰ ਵਿਚ ਹੀ ਉਸ ਉਹਨਾਂ ਨੇ ਡਾਕਟਰੀ ਵਿਚ ਐਮ. ਡੀ. ਦੀ ਡਿਗਰੀ ਹਾਸਲ ਕਰ ਲਈ। ਵਿਆਨਾ ਦੇ ਪ੍ਰਸਿਧ ਡਾਕਟਰ ਪ੍ਰੋਫੈਸਰ ਵਾਨ ਕਾਰੀਨ ਨੇ ਹੈਨੀਮਨ ਦੇ ਮੈਡੀਕਲ ਦੇ ਗਿਆਨ ਤੇ ਰੁਚੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਵਿਆਨਾ ਵਿਚ ਫੈਮਲੀ ਡਾਕਟਰ ਵਜੋਂ ਪ੍ਰੈਕਟਿਸ ਕਰਨ ਦੀ ਆਗਿਆ ਦੇ ਦਿਤੀ। ਆਪਣੇ ਮੈਡੀਕਲ ਪ੍ਰੋਫੈਸ਼ਨ ਦੌਰਾਨ ਡਾ: ਹੈਨੀਮਨ ਐਲੋਪੈਥਿਕ ਦਵਾਈਆਂ ਦੇ ਮਨੁਖੀ ਸਰੀਰ ‘ਤੇ ਪੈਣ ਵਾਲੇ ਦੁਰ ਪ੍ਰਭਾਵਾਂ ਕਾਰਨ ਬਹੁਤ ਅਸੰਤੁਸ਼ਟ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਮਰੀਜ਼ ਨੂੰ ਠੀਕ ਕਰਨ ਦੀ ਥਾਂ ਇਹ ਦਵਾਈਆਂ ਉਹਨਾਂ ਦੇ ਸਰੀਰ ਵਿਚ ਹੋਰ ਵਿਕਾਰਾਂ ਨੂੰ ਜਨਮ ਦੇ ਦਿੰਦੀਆਂ ਨੇ। ਇਸ ਤੋਂ ਪ੍ਰੇਸ਼ਾਨ ਡਾਕਟਰ ਹੈਨੀਮਨ ਇਲਾਜ ਪ੍ਰਣਾਲੀ ਨੂੰ ਵਧੇਰੇ ਸੁਰਖਿਅਤ ਬਣਾਉਣ ਬਾਰੇ ਸੋਚਦੇ ਰਹਿੰਦੇ।ਪ੍ਰਚਲਤ ਇਲਾਜ ਪ੍ਰਣਾਲੀ ਤੋਂ ਅਸੰਤੁਸ਼ਟ ਡਾਕਟਰ ਹੈਨੀਮਨ ਨੇ ਮੈਡੀਕਲ ਦੀ ਪ੍ਰੈਕਟਿਸ ਦਾ ਕੰਮ ਛਡ ਦਿਤਾ ਤੇ ਆਪਣੇ ਗੁਜਾਰੇ ਲਈ ਮੈਡੀਕਲ ਦੀਆਂ ਕਿਤਾਬਾਂ ਦਾ ਹੋਰਨਾਂ ਭਾਸ਼ਾਵਾਂ ਵਿਚ ਉਲਥਾ ਕਰਨਾ ਸ਼ੁਰੂ ਕਰ ਦਿਤਾ। ਪਰ ਉਨ੍ਹਾਂ ਦੀ ਸੁਰਖਿਅਤ ਇਲਾਜ ਪ੍ਰਣਾਲੀ ਲਭੇ ਜਾਣ ਪ੍ਰਤੀ ਸੋਚ ਲਗਾਤਾਰ ਜਾਰੀ ਰਹੀ। ਸੰਨ 1790 ਵਿਚ ਵਿਲੀਅਮ ਕੁਲਿਨ ਦੀ ਕਿਤਾਬ ਠਲੈਕਚਰਜ਼ ਆਨ ਦੀ ਮੀਡੀਆ ਮੈਡੀਕਾ ਠ ਦਾ ਅਨੁਵਾਦ ਕਰਦਿਆਂ ਉਹ ਇਸ ਵਿਚਲੇ ਇਕ ਵਾਕ ‘ਤੇ ਰੁਕ ਗਏ ਜਿਸ ਵਿਚ ਲਿਖਿਆ ਸੀ ਕਿ ਦਵਾਈ ਕੁਨੀਨ ਆਪਣੀ ਵਿਸ਼ੇਸ਼ ਗੰਧ ਅਤੇ ਕੌੜੇਪਨ ਕਾਰਨ ਮਲੇਰੀਆ ਬੁਖਾਰ ਨੂੰ ਠੀਕ ਕਰਦੀ ਹੈ। ਇਸ ਗਲ ਨੇ ਡਾਕਟਰ ਹੈਨੀਮਨ ਨੂੰ ਬੇਚੈਨ ਕਰ ਦਿਤਾ ਕਿ ਬਹੁਤ ਸਾਰੇ ਹੋਰ ਅਜਿਹੇ ਪਦਾਰਥ ਹਨ ਜੋ ਕੁਨੀਨ ਤੋਂ ਵੀ ਵਧ ਕੌੜੇ ਹਨ, ਪਰ ਉਨ੍ਹਾਂ ਵਿਚ ਮਲੇਰੀਆ ਠੀਕ ਕਰਨ ਦੀ ਸਮਰਥਾ ਨਹੀਂ ਹੈ। ਉਨ੍ਹਾਂ ਸੋਚਿਆ ਕਿ ਕੁਨੀਨ ਦਾ ਕੌੜਾਪਨ ਨਹੀਂ ਬਲਕਿ ਕੋਈ ਹੋਰ ਕਾਰਨ ਕਰਕੇ ਅਜਿਹਾ ਹੁੰਦਾ ਹੈ।
ਕੁਨੀਨ ਸਬੰਧੀ ਉਕਤ ਵਿਚਾਰ ਡਾ ਹੈਨੀਮਨ ਲਈ ਨਿਊਟਨ ਦੇ ਸੇਬ ਦੇ ਡਿਗਣ ਵਾਂਗ ਸਾਬਿਤ ਹੋਇਆ। ਉਹ ਇਸ ਖੋਜ ਵਿਚ ਜੁਟ ਗਏ ਕਿ ਕੁਨੀਨ ਕਿਸ ਕਾਰਨ ਮਲੇਰੀਆ ਠੀਕ ਕਰਨ ਦੇ ਸਮਰਥ ਹੈ। ਅਜਿਹਾ ਸੋਚਦਿਆਂ ਇਕ ਦਿਨ ਉਨ੍ਹਾਂ ਨੇ ਕੁਨੀਨ ਦੇ ਅਰਕ ਦੀ ਇਕ ਖੁਰਾਕ ਖੁਦ ਪੀ ਲਈ। ਉਨ੍ਹਾਂ ਦੀ ਹੈਰਾਨੀ ਦੀ ਕੋਈ ਹਦ ਨਾ ਰਹੀ ਜਦੋਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਸਰੀਰ ਵਿਚ ਮਲੇਰੀਆ ਬੁਖਾਰ ਵਰਗੇ ਲਛਣ ਪੈਦਾ ਹੋਣੇ ਸ਼ੁਰੂ ਹੋ ਗਏ ਹਨ। ਇਹੀ ਘਟਨਾ ਹੋਮਿਓਪੈਥੀ ਨੂੰ ਜਨਮ ਦੇਣ ਵਾਲੀ ਸਾਬਿਤ ਹੋਈ ਅਤੇ ਡਾਕਟਰ ਹੈਨੀਮਨ ਨੇ ਇਸ ਅਨੁਭਵ ਤੋਂ ਇਹ ਸਿਟਾ ਕਢਿਆ ਕਿ ਕੁਨੀਨ ਆਪਣੇ ਕੌੜੇਪਨ ਕਰਕੇ ਨਹੀਂ ਬਲਕਿ ਸਿਹਤਮੰਦ ਵਿਅਕਤੀ ਵਿਚ ਮਲੇਰੀਆ ਵਰਗੇ ਲਛਣ ਉਤਪੰਨ ਕਰਨ ਦੀ ਸਮਰਥਾ ਕਰਕੇ ਮਲੇਰੀਆ ਤੋਂ ਪ੍ਰਭਾਵਿਤ ਮਰੀਜ਼ ਨੂੰ ਠੀਕ ਕਰਦੀ ਹੈ। ਇਸ ਤੋਂ ਬਾਅਦ ਉਨ੍ਹਾਂ ਪਿਛੇ ਮੁੜ ਕੇ ਨਹੀਂ ਦੇਖਿਆ ਤੇ ਇਸ ਸਿਧਾਂਤ ਕਿ ਠਸਿਮੀਲੀਆ ਸਿਮੀਲੀਬਸ ਕਿਊਰੈਂਟਰਠ ਯਾਨੀ ਜ਼ਹਿਰ ਜ਼ਹਿਰ ਨੂੰ ਮਾਰਦੀ ਹੈ, ‘ਤੇ ਕੰਮ ਕਰਦੇ ਰਹੇ। ਛੇਤੀ ਹੀ ਉਨ੍ਹਾਂ ਦਾ ਇਹ ਵਿਚਾਰ ਪ੍ਰਪਕ ਹੋ ਗਿਆ ਕਿ ਕੋਈ ਵੀ ਪਦਾਰਥ ਸਿਹਤਮੰਦ ਵਿਅਕਤੀ ‘ਤੇ ਜਿਸ ਤਰ੍ਹਾਂ ਦੇ ਲਛਣ ਪੈਦਾ ਕਰਦਾ ਹੈ, ਉਸ ਨੂੰ ਵਿਸ਼ੇਸ਼ ਰੂਪ ਨਾਲ ਤਿਆਰ ਉਸ ਦੇ ਸੂਖਮ ਰੂਪ ਵਿਚ ਵਰਤਣ ਨਾਲ ਉਹ ਬਿਮਾਰੀ ਦੀ ਹਾਲਤ ਵਿਚ ਪੈਦਾ ਹੋਏ ਉਨ੍ਹਾਂ ਲਛਣਾਂ ਨੂੰ ਠੀਕ ਵੀ ਕਰ ਸਕਦਾ ਹੈ। ਡਾਕਟਰ ਹੈਨੀਮਨ ਨੇ ਇਸ ਉਪਰੰਤ ਅਨੇਕਾਂ ਪਦਾਰਥ ਖੁਦ ਅਤੇ ਆਪਣੇ ਸਾਥੀਆਂ ਉਪਰ ਵਰਤ ਕੇ ਉਨ੍ਹਾਂ ਦੁਆਰਾ ਪੈਦਾ ਕੀਤੇ ਪ੍ਰਭਾਵਾਂ ਨੂੰ ਇਕਤਰ ਕੀਤਾ।ਜਲਦ ਹੀ ਉਨ੍ਹਾਂ ਦੀ ਮੈਡੀਕਲ ਸਾਇੰਸ ਵਿਚ ਇਸ ਖੋਜ ਦੀਆਂ ਧੁੰਮਾਂ ਚਾਰੇ ਪਾਸੇ ਪੈ ਗਈਆਂ। ਮੈਡੀਕਲ ਖੇਤਰ ਨਾਲ ਜੁੜੇ ਬਹੁਤ ਸਾਰੇ ਲੋਕ ਇਸ ਖੋਜ ਤੋਂ ਪ੍ਰਭਾਵਿਤ ਹੋ ਕੇ ਇਸ ਨਾਲ ਜੁੜੇ ਅਤੇ ਹੋਰ ਖੋਜ ਕਰਨ ਦੇ ਨਾਲ ਨਾਲ ਆਪਣੇ ਮਰੀਜ਼ਾਂ ਦਾ ਇਲਾਜ ਇਸ ਸੁਰਖਿਅਤ ਇਲਾਜ ਪ੍ਰਣਾਲੀ ਰਾਹੀਂ ਕਰਨ ਲਗੇ। ਨਾਲ ਹੀ ਅਨੇਕਾਂ ਅੰਗਰੇਜ਼ੀ ਇਲਾਜ ਪ੍ਰਣਾਲੀ ਨਾਲ ਜੁੜੇ ਡਾਕਟਰਾਂ ਨੇ ਆਪਣੀ ਪ੍ਰਣਾਲੀ ਨੂੰ ਇਸ ਨਵੀਂ ਖੋਜ ਤੋਂ ਖਤਰਾ ਭਾਂਪਦਿਆਂ ਹੋਮਿਓਪੈਥੀ ਦਾ ਵਿਰੋਧ ਸ਼ੁਰੂ ਕਰ ਦਿਤਾ। ਹਾਲਾਂਕਿ ਜਿਸ ਨੇ ਵੀ ਇਸ ਖੋਜ ਨੂੰ ਗਲਤ ਸਾਬਤ ਕਰਨ ਲਈ ਕੰਮ ਸ਼ੁਰੂ ਕੀਤਾ ਉਹ ਅਖੀਰ ਇਸ ਨਵੇਂ ਸਿਧਾਂਤ ਤੋਂ ਪ੍ਰਭਾਵਿਤ ਹੋ ਕੇ ਹੋਮਿਓਪੈਥੀ ਨਾਲ ਹੀ ਜੁੜ ਗਿਆ। ਭਾਵੇਂ ਕਿ ਇਸ ਵਿਰੋਧ ਕਾਰਨ ਡਾਕਟਰ ਹੈਨੀਮਨ ਨੂੰ ਲੇਪਸਿਗ ਸ਼ਹਿਰ ਛਡਣਾ ਪਿਆ ਜਿਸ ਉਪਰੰਤ ਉਹ ਫਰਾਂਸ ਵਿਚ ਆ ਵਸੇ ਤੇ ਇਥੇ ਰਹਿ ਕੇ ਹੋਮਿਓਪੈਥੀ ਨਾਲ ਮਰੀਜ਼ਾਂ ਦਾ ਇਲਾਜ ਕਰਨ ਲਗ ਪਏ।
ਡਾਕਟਰ ਹੈਨੀਮਨ ਨੇ ਆਪਣੀ ਇਸ ਖੋਜ ਨਾਲ ਸਬੰਧਤ ਵਖ ਵਖ ਕਿਤਾਬਾਂ ਵੀ ਲਿਖੀਆਂ, ਜਿਹਨਾਂ ਵਿਚ ਹੋਮਿਓਪੈਥਿਕ ਸਿਧਾਂਤਾਂ ਤੇ ਅਧਾਰਿਤ ਠਆਰਗਿਨਨ ਆਫ ਮੈਡੀਸਨ’’ ਅਤੇ ਹੋਮਿਓਪੈਥਿਕ ਦਵਾਈਆਂ ਦੇ ਬਾਰੇ ਵਿਚ ਠਮੈਟੀਰੀਆ ਮੈਡਿਕਾ’’ ਪ੍ਰਮੁਖ ਹਨ।
ਸੰਨ 1830 ਵਿਚ ਉਨ੍ਹਾਂ ਦੀ ਪਤਨੀ ਜੋਆਨਾ ਸਵਰਗਵਾਸ ਹੋ ਗਈ। ਕੁਝ ਸਮੇਂ ਬਾਅਦ ਹੀ ਉਨ੍ਹਾਂ ਆਪਣੀ ਮਰੀਜ਼ ਤੇ ਪ੍ਰਸ਼ੰਸਕ ਰਹੀ ਆਪਣੀ ਉਮਰ ਤੋਂ ਕਾਫੀ ਛੋਟੀ ਫਰੈਂਚ ਆਰਟਿਸਟ ਮੈਡਮ ਮਿਲਾਨੀ ਗੋਹੀਅਰ ਨਾਲ ਵਿਆਹ ਕਰਵਾ ਲਿਆ। 2 ਜੁਲਾਈ 1843 ਨੂੰ ਡਾਕਟਰ ਹੈਨੀਮਨ ਦੁਨੀਆਂ ਨੂੰ ਮਹਾਨ ਖੋਜ ਦੇ ਕੇ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦੀ ਮੌਤ ਉਪਰੰਤ ਉਨ੍ਹਾਂ ਦੇ ਗਿਣਤੀ ਦੇ ਕਰੀਬੀ ਲੋਕਾਂ ਨੇ ਉਨ੍ਹਾਂ ਨੂੰ ਮਾਉੰਟ ਮੈਰੀਟਰੀ ਦੀ ਕਬਰ ਵਿਚ ਦਫਨ ਕਰ ਦਿਤਾ। ਕਾਫੀ ਸਮੇਂ ਬਾਅਦ ਜਦ ਵਿਰੋਧੀਆਂ ਨੂੰ ਡਾਕਟਰ ਹੈਨੀਮਨ ਦੀ ਮਹਾਨ ਖੋਜ ਬਾਰੇ ਗਿਆਨ ਹੋਇਆ ਤਾਂ ਉਨ੍ਹਾਂ ਨੂੰ ਪਛਤਾਵਾ ਹੋਇਆ ਕਿ ਉਨ੍ਹਾਂ ਨੇ ਹੈਨੀਮਨ ਨਾਲ ਚੰਗਾ ਸਲੂਕ ਨਹੀਂ ਸੀ ਕੀਤਾ। ਫਿਰ ਸੰਨ 1899 ਵਿਚ ਡਾਕਟਰ ਹੈਨੀਮਨ ਦੀ ਦੇਹ ਨੂੰ ਕਬਰ ਵਿਚੋਂ ਕਢ ਕੇ ਸ਼ਾਹੀ ਸਨਮਾਨ ਅਤੇ ਸ਼ਾਨੋ-ਸ਼ੌਕਤ ਨਾਲ ਸ਼ਾਹੀ ਕਬਰਸਤਾਨ ਵਿਚ ਦਫਨਾਇਆ ਗਿਆ। ਇਹ ਘਟਨਾ ਇਤਿਹਾਸ ਵਿਚ ਆਪਣੇ ਆਪ ਵਿਚ ਇਕ ਉਦਾਹਰਣ ਹੈ।ਡਾਕਟਰ ਹੈਨੀਮਨ ਦੇ ਜਨਮ ਦਿਨ 10 ਅਪ੍ਰੈਲ ਨੂੰ ਪੂਰੀ ਦੁਨੀਆਂ ਵਿਚ ‘ਵਿਸ਼ਵ ਹੋਮਿਓਪੈਥਿਕ ਦਿਵਸ’ ਵਜੋਂ ਮਨਾਇਆ ਜਾਂਦਾ ਹੈ।