ਫਤਿਹਗੜ੍ਹ ਚੂੜੀਆਂ- ਸਥਾਨਿਕ ਕਸਬਾ ਫਤਿਹਗੜ੍ਹ ਚੂੜੀਆਂ ਦੀ ਅਕਾਲੀ ਭਾਜਪਾ ਅਧੀਨ ਚਲ ਰਹੀ ਨਗਰ ਕੌਂਸਲ ਦਾ ਇਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਸਥਾਨਿਕ ਨਿਵਾਸੀ ਆਰ.ਟੀ.ਆਈ ਕਾਰਕੁਨ ਅਤੇ ਨਗਰ ਵੈਲਫ਼ੇਅਰ ਸਸਾਇਟੀ ਦੇ ਪ੍ਰਧਾਨ ਸ੍ਰੀ ਸੁਰਿੰਦਰ ਕੁਮਾਰ ਪਾਂਧੀ ਵਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅਕਾਲੀ ਭਾਜਪਾ ਸਰਕਾਰ ਵੇਲ਼ੇ ਸਥਾਨਿਕ ਡੇਰਾ ਬਾਬਾ ਨਾਨਕ ਰੋਡ ਤੇ ਬਣੀ ਪਾਰਕ ਨੂੰ 330 ਮਰਲੇ ਵਿਚ ਬਣੀ ਦਰਸਾਇਆ ਗਿਆ ਹੈ ਅਤੇ ਜਾਹਿਰ ਹੈ ਕਿ ਇਸ ਪਾਰਕ ਦੇ ਨਿਰਮਾਣ ਵੇਲ਼ੇ 330 ਮਰਲੇ ਦੇ ਹਿਸਾਬ ਨਾਲ ਹੀ ਖਰਚਾ ਪਾਇਆ ਗਿਆ ਹੋਵੇਗਾ ਜਦਕਿ ਨਗਰ ਕੌਂਸਲ ਵਲੋਂ ਸੂਚਨਾ ਕਮਿਸ਼ਨ ਚੰਡੀਗੜ੍ਹ ਨੂੰ ਦਿਤੀ ਲਿਖਤੀ ਜਾਣਕਾਰੀ ਵਿਚ ਆਪ ਹੀ ਕਬੂਲ ਕੀਤਾ ਹੈ ਕਿ ਪਾਰਕ ਵਾਲੀ ਜਗ੍ਹਾ (11 ਕਨਾਲ 7 ਮਰਲੇ) ਜਨੀ ਕੇ 227 ਮਰਲੇ ਹੈ ਜਿਸ ਵਿਚ ਪਾਰਕ ਦਾ ਨਿਰਮਾਨ ਕੀਤਾ ਗਿਆ ਹੈ। ਨਗਰ ਕੌਂਸਲ ਵਲੋਂ ਦਿਤੀਆਂ ਦੋਹਵਾਂ ਜਾਣਕਾਰੀਆਂ ਵਿਚ ਕਰੀਬ 103 ਮਰਲੇ ਦਾ ਵਡਾ ਫ਼ਰਕ ਜਾਂ ਘਪਲਾ ਆਪ ਹੀ ਉਜਾਗਰ ਕਰ ਦਿਤਾ ਹੈ ਹੁਣ ਇਹ 103 ਮਰਲੇ ਕਿਥੇ ਗਏ ਇਸ ਦਾ ਜਵਾਬ ਦੇਹ ਕੌਣ ਹੈ। ਇਹ ਖੁਲਾਸਾ ਨਗਰ ਕੌਂਸਲ ਦਫ਼ਤਰ ਵਲੋਂ ਆਰ.ਟੀ.ਆਈ ਰਾਹੀਂ ਪਤਰ ਨੰਬਰ 28 ਮਿਤੀ 9-3-2018 ਅਤੇ ਪਤਰ ਨੰਬਰ 90 ਮਿਤੀ 23-07-2018 ਰਾਹੀ ਸ੍ਰੀ ਸੁਰਿੰਦਰ ਕੁਮਾਰ ਪਾਂਧੀ ਨੂੰ ਦਿਤੀ ਗਈ ਹੈ। ਸ੍ਰੀ ਪਾਂਧੀ ਦਾ ਕਹਿਣਾ ਹੈ ਕਿ ਪਾਰਕ ਬਨਾਉਣ ਵੇਲ਼ੇ ਨਗਰ ਕੌਂਸਲ ਵਲੋਂ ਨਿਸ਼ਚੇ ਹੀ 330 ਮਰਲੇ ਜਗ੍ਹਾ ਦਾ ਖਰਚਾ ਪਾਇਆ ਗਿਆ ਹੋਵੇਗਾ ਜਦਕਿ ਰੈਵੀਨਿਊ ਰਿਕਾਰਡ ਵਿਚ ਇਹ ਜਗ੍ਹਾ ਸਿਰਫ 227 ਮਰਲੇ ਨਿਕਲਦੀ ਹੈ ਇਸਦਾ ਸਿਧਾ ਜਿਹਾ ਮਤਲਬ ਇਹ ਬਣਦਾ ਹੈ ਕਿ 103 ਮਰਲੇ ਵਾਧੂ ਜਗ੍ਹਾ ਦਿਖਾ ਕੇ ਨਗਰ ਕੌਂਸਲ ਅਧਿਕਾਰੀਆਂ ਨੇ ਵਡੇ ਪਧਰ ਤੇ ਘਪਲੇਬਾਜੀ ਕੀਤੀ ਹੈ ਅਤੇ ਸਰਕਾਰੀ ਪੈਸੇ ਨੂੰ ਚੂਨਾ ਲਗਾਇਆ ਹੈ।ਇਥੇ ਹੀ ਬਸ ਨਹੀਂ ਸਗੋਂ ਹਕੀਕੀ ਤੌਰ ਤੇ ਪਾਰਕ ਦੀ ਪਮਾਇਸ ਕਰਵਾਈ ਜਾਵੇ ਤਾਂ ਇਹ ਮਹਿਜ਼ 150 ਮਰਲੇ ਹੀ ਨਿਕਲੇਗੀ ਕਿਉਂਕੇ ਬਾਕੀ ਸਾਰੀ ਜਗ੍ਹਾਂ ਤੇ ਉਸ ਵਕਤ ਦੇ ਰਾਜਸੀ ਲੋਕਾਂ ਅਤੇ ਚਹੇਤਿਆਂ ਨੇ ਕਬਜੇ ਕਰ ਰਖੇ ਹਨ। ਇਸਤੋਂ ਵੀ ਵਧ ਦੁਖ ਦੀ ਗਲ ਹੋਰ ਹੈ ਕਿ ਇਸ ਪਾਰਕ ਦੇ ਬਣਨ ਤੋਂ ਬਾਅਦ ਇਸ ਵਲ਼ ਭੋਰਾ ਵੀ ਧਿਆਨ ਨਹੀਂ ਦਿਤਾ ਗਿਆ, ਲਖਾਂ ਰੁਪੈ ਦਾ ਖਰਚਾ ਕਰਕੇ ਲਗਾਈ ਗਈ ਵਡੀ ਲਾਈਟ ਪਿਛਲੇ ਕਈਂ ਸਾਲਾਂ ਤੋਂ ਖਰਾਬ ਹਾਲਤ ਵਿਚ ਲਮਕ ਰਹੀ ਹੈ। ਪਾਰਕ ਵਿਚ ਗੰਦਗੀ ਅਤੇ ਘਾਹ-ਫੂਸ ਦੀ ਭਰਮਾਰ ਹੈ। ਬੂਟਿਆਂ ਦੀ ਦੇਖ ਭਾਲ ਵਾਸਤੇ ਕੋਈ ਮਾਲੀ ਨਹੀਂ ਰਖਿਆ ਗਿਆ। ਪਾਰਕ ਵਿਚ ਲਗਾਏ ਪੰਗੂੜੇ ਸਥਾਨਿਕ ਲੋਕਾਂ ਆਪਣੇ ਖਰਚੇ ਤੇ ਠੀਕ ਕਰਵਾਏ ਹਨ ਅਤੇ ਕਈ ਵਾਰ ਸਥਾਨਿਕ ਲੋਕਾਂ ਨੇ ਉਗਰਾਹੀ ਕਰਕੇ ਪਾਰਕ ਦੀ ਸਾਫ਼ ਸਫਾਈ ਕਰਵਾਈ ਹੈ।ਸ੍ਰੀ ਪਾਂਧੀ ਨੇ ਮੰਗ ਕੀਤੀ ਹੈ ਕਿ ਸਥਾਨਿਕ ਕਸਬੇ ਦਾ ਇਕੋ ਇਕ ਪਾਰਕ ਜੋ ਕਿ ਪ੍ਰਸ਼ਾਸਨ ਦੀ ਬੇਧਿਆਨੀ ਦਾ ਸ਼ਿਕਾਰ ਹੈ ਓਥੇ ਹੀ ਇਸ ਦੇ ਨਿਰਮਾਣ ਤੋਂ ਲੈ ਕਿ ਹੁਣ ਤਕ ਆਏ ਖਰਚੇ ਦਾ ਕਿਸ ਉਚ ਅਧਿਕਾਰੀ ਤੋਂ ਜਾਂਚ ਕਰਵਾਈ ਜਾਵੇ ਅਤੇ ਜੇਕਰ ਇਹ ਪਾਰਕ ਵਾਕਿਆ ਹੀ 330 ਮਰਲੇ ਵਿਚ ਹੈ ਤਾਂ ਬਾਕੀ ਜਗ੍ਹਾ ਕਿਥੇ ਗਈ ਅਤੇ ਜੇਕਰ ਇਹ 227 ਮਰਲੇ ਵਿਚ ਵੀ ਹੈ ਤਾਂ ਮਾਜੂਦਾ ਪਾਰਕ ਦੀ ਪਮਾਇਸ਼ ਕੀਤੀ ਜਾਵੇ ਅਤੇ ਇਸ ਪਾਰਕ ਦੇ ਨਿਰਮਾਨ ਦੇ ਜਿਮੇਵਾਰ ਅਧਿਕਾਰੀਆਂ ਤੋਂ ਜਵਾਬ ਤਲਬੀ ਕੀਤੀ ਜਾਵੇ ਤਾਂ ਜੋ ਸਹਿਰ ਨਿਵਾਸੀਆਂ ਨੂੰ ਇਕ ਸੁੰਦਰ ਪਾਰਕ ਅਤੇ ਵਧੀਆਂ ਵਾਤਾਵਰਣ ਮੁਹਈਆ ਕਰਵਾਇਆ ਜਾ ਸਕੇ ਅਤੇ ਨਾਲ ਹੀ ਭਰਿਸ਼ਟ ਅਧਿਕਾਰੀਆਂ ਵਿਰੁਧ ਕਾਰਵਾਈ ਕੀਤੀ ਜਾਵੇ ।
– ਪੰਕਜ ਪਾਂਧੀ
ਪੱਤਰਕਾਰ ‘ਪੰਜਾਬ ਟਾਇਮਜ਼’