ਬਰੇਟਾ- ਬਰੇਟਾ ਮੰਡੀ ਦੇ ਨਾਲ ਲਗਦਾ ਪਿੰਡ ਬਹਾਦਰਪੁਰ ਮਹਾਨ ਯੋਧੇ ਸ਼ਹੀਦ ਨੰਦ ਸਿੰਘ ਵਿਕਟੋਰੀਆ ਦਾ ਪਿੰਡ ਹੈ। ਜ਼ਿਲ੍ਹਾ ਮਾਨਸਾ ਅਤੇ ਬਲਾਕ ਬੁਢਲਾਡਾ ਦਾ ਪਿੰਡ ਬਹਾਦਰਪੁਰ ਜਿੱਥੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਹੈ। ਭਾਂਵੇ ਪੁਰਾਣੇ ਸਮਿਆਂ ਵਾਲਾ ਪਿਆਰ, ਸਾਂਝ, ਸੱਥਾਂ ਦੀਆਂ ਰੌਣਕਾਂ ਬਦਲ ਗਈਆਂ ਹਨ ਫਿਰ ਵੀ ਇਥੇ ਸਾਰੇ ਧਰਮਾਂ ਦੇ ਲੋਕ ਮਿਲ ਜੁਲ ਕੇ ਰਹਿੰਦੇ ਹਨ। ਪੰਜਾਬ ਅਤੇ ਹਰਿਆਣਾ ਦੀ ਹੱਦ ਤੇ ਕਸਬਾ ਬਰੇਟਾ ਦੀ ਬੁੱਕਲ ਵਿੱਚ ਵਸੇ ਪਿੰਡ ਬਹਾਦਰਪੁਰ ਲਗਭਗ 7000 ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਲਗਭਗ ਸਾਰੀਆਂ ਹੀ ਕੌਮਾਂ ਦੇ ਲੋਕ ਵੱਸਦੇ ਹਨ ਜਿਨ੍ਹਾ ਵਿੱਚ ਜਿਆਦਾਤਰ ਜੱਟ ਸਿੱਖ ਹਨ। ਇਨ੍ਹਾਂ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ, ਮਜਦੂਰੀ ਅਤੇ ਦੁਕਾਨਦਾਰੀ ਹੈ। ਇਸ ਪਿੰਡ ਦੇ 100 ਦੇ ਲਗਭਗ ਵਿਅਕਤੀ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਹਨ ਜਿਨ੍ਹਾਂ ਵਿੱਚੋਂ ਜ਼ਿਆਦਾ ਗਿਣਤੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਇਸ ਪਿੰਡ ਦਾ ਸ਼ਹੀਦ ਫੌਜੀ ਸ੍ਰ: ਨੰਦ ਸਿੰਘ ਪੁੱਤਰ ਭਾਗ ਸਿੰਘ ਜੋ ਕਿ ਵਿਕਟੋਰੀਆ ਕਰਾਸ ਚੱਕਰ ਅਤੇ ਮਹਾਵੀਰ ਚੱਕਰ ਜਿਹੇ ਮਹਾਨ ਪੁਰਸਕਾਰ ਪ੍ਰਾਪਤ ਕਰ ਚੁੱਕਾ ਸੀ। ਉਹਨਾਂ ਦਾ ਇੱਕ ਯਾਦਗਾਰੀ ਬੁੱਤ ਬਠਿੰਡਾ ਅਤੇ ਇੱਕ ਮੇਰਠ (ਯੂਪੀ) ਵਿੱਚ ਲੱਗਾ ਹੋਇਆ ਹੈ। ਇਹ ਵੀ ਜਿਕਰਯੋਗ ਹੈ ਕਿ ਬਰੇਟਾ ਵਿੱਚ ਬਣੇ ਪੋਲੀਟੈਕਨਿਕ ਕਾਲਜ ਦਾ ਨਾਮ ਵੀ ਸ਼ਹੀਦ ਨੰਦ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਰੱਖਿਆ ਗਿਆ ਹੈ ਪਰ ਸ਼ਹੀਦ ਦੇ ਪਿੰਡ ਵਿੱਚ ਕੁਝ ਸਮਾਂ ਪਹਿਲਾਂ ਬਣੇ ਕਾਲਜ ਦਾ ਨਾਮ ਸ਼ਹੀਦ ਦੇ ਨਾਮ ਤੇ ਨਹੀ ਰੱਖਿਆ ਗਿਆ ਜੋ ਕਿ ਪਿੰਡ ਦੇ ਲੋਕਾਂ ਦੀ ਵੱਡੀ ਰੀਝ ਹੈ। ਬਰੇਟਾ ਕੈਚੀਆਂ ਤੋਂ ਪਿੰਡ ਬਹਾਦਰਪੁਰ ਨੂੰ ਜਾਂਦੇ ਰਸਤੇ ਤੇ ਇੱਕ ਵਾਰ ਸ਼ਹੀਦ ਨੰਦ ਸਿੰਘ ਦੇ ਨਾਮ ਤੇ ਸੜਕ ਬਣੀ ਸੀ, ਜਿਸ ਦਾ ਨਾਮ ਸਹੀਦ ਨੰਦ ਸਿੰਘ ਮਾਰਗ ਰੱਖਿਆ ਗਿਆ ਸੀ, ਉਸ ਦੀ ਹਾਲਤ ਵੀ ਹੁਣ ਬਹੁਤ ਹੀ ਤਰਸਯੋਗ ਹੋ ਚੁੱਕੀ ਹੈ ਅਤੇ ਸ਼ਹੀਦ ਦੇ ਨਾਮ ਤੇ ਬਣੀ ਇਸ ਸੜਕ (ਸ਼ਹੀਦ ਨੰਦ ਸਿੰਘ ਮਾਰਗ) ਨੂੰ ਕਾਇਮ ਰੱਖਣ ਲਈ ਕਈ ਵਾਰ ਲੋਕਾਂ ਦੇ ਕਹਿਣ ਤੇ ਵੀ ਕਿਸੇ ਅਧਿਕਾਰੀ ਨੇ ਇਸ ਵੱਲ ਕੋਈ ਧਿਆਨ ਨਹੀ ਦਿੱਤਾ। ਪਿੰਡ ਦੇ ਲੋਕਾਂ ਨੂੰ ਕੈਪਟਨ ਸਰਕਾਰ ਤੋਂ ਕਾਫੀ ਆਸਾਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਦਾ ਪਿਛੋਕੜ ਫੌਜ ਨਾਲ ਜੁੜਿਆ ਹੋਣ ਕਰਕੇ ਉਹ ਇਸ ਪਿੰਡ ਦੇ ਸ਼ਹੀਦ ਫੌਜੀ ਸ੍ਰ: ਨੰਦ ਸਿੰਘ ਵਿਕਟੋਰੀਆ ਕਰਾਸ ਚੱਕਰ ਅਤੇ ਮਹਾਵੀਰ ਚੱਕਰ ਵਿਜੇਤਾ ਦੀ ਕੁਰਬਾਨੀ ਨੂੰ ਧਿਆਨ ਵਿੱਚ ਰੱਖਦਿਆਂ ਪਿੰਡ ਵੱਲ ਜਰੂਰ ਵਿਸ਼ੇਸ ਧਿਆਨ ਦੇਣਗੇ ।
ਪਿੰਡ ਦਾ ਪਿਛੋਕੜ:- ਇਸ ਪਿੰਡ ਦੇ ਬਜੁਰਗਾਂ ਤੋਂ ਪਤਾ ਲੱਗਿਆ ਹੈ ਕਿ ਇਹ ਪਿੰਡ 550 ਸਾਲ ਪਹਿਲਾਂ ਵਸਿਆ ਹੈ। ਇਥੇ ਰੇਤਲੇ ਟਿੱਬੇ ਅਤੇ ਝਾੜੀਆਂ ਹੁੰਦੇ ਸਨ । ਬਰੇਟਾ ਵਿਚੋਂ ਚੌਹਾਨ ਗੋਤ ਦੇ ਕੁੱਝ ਲੋਕਾਂ ਨੇ ਇੱਥੇ ਟਿੱਬੇ ਅਤੇ ਝਾੜੀਆਂ ਵਿੱਚ ਆਪਣੀ ਵਸੋਂ ਕਰਕੇ ਇਸ ਥਾਂ ਨੂੰ ਅਬਾਦ ਕੀਤਾ ਸੀ । ਇੱਥੇ ਆਪਸ ਵਿੱਚ ਨੇੜੇ ਨੇੜੇ ਵਸੇ ਚਾਰ ਪਿੰਡਾਂ ਬਰੇਟਾ, ਬਹਾਦਰਪੁਰ, ਦਿਆਲਪੁਰਾ, ਜਲਵੇੜਾ ਦੇ ਲੋਕਾਂ ਦਾ ਗੋਤ ਚੌਹਾਨ ਹੈ, ਜਿੰਨਾ ਦਾ ਪਿਛੋਕੜ ਰਾਜਸਥਾਨ ਦਾ ਦੱਸਿਆ ਜਾਂਦਾ ਹੈ, ਇਹ ਵੀ ਜਾਣਕਾਰੀ ਹੈ ਕਿ ਪਿੰਡ ਬਹਾਦਰਪੁਰ ਦੇ ਟਿੱਬੇ ਝਾੜੀਆਂ ਵਾਲੇ ਥਾਂ ਚਰਵਾਹੇ ਭੇਡਾਂ ਚਾਰਨ ਆਏ ਸੀ, ਇੱਕ ਸੂਣ ਵਾਲੀ ਭੇਡ ਇੱਜੜ ਨਾਲੋਂ ਵੱਖ ਹੋ ਕੇ ਝਾੜੀਆਂ ਵਿੱਚ ਸੂਅ ਪਈ ਸੀ, ਜੰਗਲ ਬੇਲਾ ਹੋਣ ਕਾਰਨ ਜੰਗਲੀ ਜਾਨਵਰਾਂ ਦੀ ਵੀ ਇੱਥੇ ਭਰਮਾਰ ਸੀ, ਰਾਤ ਨੂੰ ਭੇਡ ਅਤੇ ਉਸ ਦੇ ਲੇਲੇ ਨੂੰ ਖਾਣ ਲਈ ਬਘਿਆੜ ਵੀ ਆਏ ਪਰ ਭੇਡ ਨੇ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਉਹਨਾ ਨੂੰ ਕੋਲ ਨਹੀਂ ਸੀ ਲੱਗਣ ਦਿੱਤਾ, ਜਦੋਂ ਦੂਜੇ ਦਿਨ ਆ ਕੇ ਚਰਵਾਹਿਆਂ ਨੇ ਭੇਡ ਅਤੇ ਲੇਲੇ ਨੂੰ ਸੁਰੱਖਿਅਤ ਵੇਖਿਆ ਅਤੇ ਆਲੇ ਦੁਆਲੇ ਬਘਿਆੜਾਂ ਦੀਆਂ ਪੈੜਾਂ ਵੇਖੀਆਂ, ਤਾਂ ਉਹ ਹੈਰਾਨ ਰਹਿ ਗਏ, ਉਹਨਾ ਕਿਹਾ ਕਿ ਇਹ ਜਗ੍ਹਾ ਤਾਂ ਬਹਾਦਰੀ ਵਾਲੀ ਹੈ, ਉਸੇ ਸਮੇ ਉਹਨਾ ਨੇ ਉਥੇ ਪਿੰਡ ਦੇ ਨਾਮ ਮੋਹੜੀ ਗੱਡ ਦਿੱਤੀ ਤੇ ਇਸ ਦਾ ਨਾਮ ਬਹਾਦਰਪੁਰ ਰੱਖ ਦਿੱਤਾ। ਇਹ ਵੀ ਦੱਸਿਆ ਗਿਆ ਹੈ ਕਿ ਇਸ ਪਿੰਡ ਨੂੰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ । ਜਿੱਥੇ ਹੁਣ ਗੁਰਦੁਆਰਾ ਸ੍ਰੀ ਜੰਡਸਰ ਸਾਹਿਬ ਹੈ। ਇਸ ਤੋ ਇਲਾਵਾ ਪਿੰਡ ਵਿੱਚ ਇੱਕ ਹੋਰ ਗੁਰੂਦੁਆਰਾ, ਦੋ ਡੇਰੇ, ਇੱਕ ਮਸਜਿਦ, ਇੱਕ ਪੀਰਖਾਨਾ, ਇੱਕ ਮੰਦਰ ਅਤੇ 5 ਧਰਮਸ਼ਾਲਾ ਬਣੀਆਂ ਹੋਈਆਂ ਹਨ।
ਪਿੰਡ ਦੇ ਸਰਪੰਚ:- ਦੇਸ਼ ਦੀ ਵੰਡ ਤੋਂ ਬਾਅਦ ਦੀਵਾਨ ਸਿੰਘ, ਪੂਰਨ ਸਿੰਘ, ਪ੍ਰੀਤਮ ਸਿੰਘ, ਜਰਨੈਲ ਸਿੰਘ, ਗੁਰਚਰਨ ਸਿੰਘ, ਮਹਿੰਦਰ ਸਿੰਘ, ਬੁੱਧ ਸਿੰਘ, ਜਸਪ੍ਰੀਤ ਕੌਰ, ਰਾਮਲਾਜ ਸਿੰਘ, ਕੁਲਵੰਤ ਕੌਰ, ਗੁਰਜੀਤ ਸਿੰਘ ਨੇ ਸਰਪੰਚੀ ਕੀਤੀ ਅਤੇ ਹੁਣ ਸਰਬਜੀਤ ਕੌਰ ਨੂੰ ਪਿੰਡ ਦੀ ਸਰਪੰਚ ਚੁਣਿਆ ਗਿਆ ਹੈ।
ਸਿਹਤ ਸਹੁਲਤਾਂ:- ਇਹ ਪਿੰਡ ਸਿਹਤ ਸਹੁਲਤਾਂ ਤੋ ਬਿਲਕੁਲ ਪਛੜਿਆ ਹੋਇਆ ਹੈ। ਕਿਉਕਿ ਇਥੇ ਕੋਈ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਨਹੀ ਹੈ ਮਰੀਜਾਂ ਨੂੰ ਇਲਾਜ ਲਈ ਬਾਹਰ ਹੀ ਜਾਣਾ ਪੈਂਦਾ ਹੈ। ਪਿੰਡ ਵਿੱਚ ਇੱਕ ਪਸ਼ੂ ਡਿਸਪੈਂਸਰੀ ਬਣੀ ਹੋਈ ਹੈ ।
ਪਿੰਡ ਦਾ ਸਕੂਲ:- ਪਿੰਡ ਵਿੱਚ ਇੱਕ ਹਾਈ ਸਕੂਲ ਹੈ ਜਿਥੇ 425 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ । ਇਸ ਤੋ ਇਲਾਵਾ ਇਥੇ 2 ਪ੍ਰਾਇਮਰੀ ਸਕੂਲ ਵੀ ਹਨ ਜਿੱਥੇ ਲਗਭਗ 350 ਬੱਚੇ ਪੜ੍ਹਦੇ ਹਨ। ਜਿੱਥੇ ਅਧਿਆਪਕਾ ਦੀ ਵੀ ਘਾਟ ਹੈ।
ਪੀਣ ਦਾ ਪਾਣੀ:- ਇੱਥੇ ਧਰਤੀ ਹੇਠਲਾ ਪਾਣੀ ਬਿੱਲਕੁਲ ਹੀ ਖਾਰਾ ਹੈ ਜੋ ਕਿ ਪੀਣਯੋਗ ਨਹੀ ਹੈ।ਪਿੰਡ ਵਿੱਚ ਇਕੋ ਵਾਟਰ ਵਰਕਸ ਹੋਣ ਕਾਰਨ ਪਾਣੀ ਦੀ ਸਪਲਾਈ ਵੀ ਪੂਰੀ ਨਹੀ ਹੁੰਦੀ।ਪਿੰਡ ਵਿੱਚ ਇੱਕ ਆਰ ਓ ਸਿਸਟਮ ਵੀ ਲੱਗਾ ਜੋ ਕਿ ਪਿੰਡ ਵੱਡਾ ਹੋਣ ਕਾਰਨ ਨਾਕਾਫੀ ਹੈ। ਜਿਸਦੇ ਕਾਰਨ ਪਿੰਡ ਦੇ ਲੋਕ ਜਿਆਦਾਤਰ ਧਰਤੀ ਹੇਠਲਾ ਆਯੋਗ ਪਾਣੀ ਪੀਣ ਲਈ ਮਜਬੂਰ ਹਨ । ਜਿਸਦੇ ਕਾਰਨ ਪਿੰਡ ਵਿੱਚ ਕੈਂਸਰ ਦੇ ਮਰੀਜਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ । ਇਥੋਂ ਦੀ ਖੇਤੀ ਵੀ ਨਹਿਰੀ ਪਾਣੀ ਤੇ ਹੀ ਨਿਰਭਰ ਹੈ ਜਿਸ ਨੂੰ ਮਾਈਨਰ ਨੰਬ 8 ਕਿਸ਼ਨਗੜ ਬ੍ਰਾਂਚ ਦਾ ਪਾਣੀ ਲੱਗਦਾ ਹੈ ਪਰ ਇਹ ਟੇਲ ਹੋਣ ਕਾਰਨ ਇੱਥੇ ਪਾਣੀ ਬਹੁਤ ਘੱਟ ਆਉਂਦਾ ਹੈ।
ਬੈਂਕ ਦੀ ਲੋੜ :- ਪਿੰਡ ਵਿਚਕਾਰ ਕਿਸੇ ਵੀ ਬੈਂਕ ਦੀ ਕੋਈ ਬ੍ਰਾਂਚ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਦੀ ਮੰਗ ਹੈ ਪਿੰਡ ਵਿੱਚ ਇੱਕ ਬੈਂਕ ਤੇ ਈ.ਟੀ.ਐਮ ਖੋਲਿਆ ਜਾਵੇ ।
ਵਿਕਾਸ ਪੱਖੋ ਪਛੜਾਪਣ:- ਪਿੰਡ ਵਿਕਾਸ ਪੱਖੋ ਕਾਫੀ ਪਛੜਿਆ ਹੋਇਆ ਹੈ ਸਮੇਂ ਦੀਆਂ ਸਰਕਾਰਾਂ ਵੱਲੋਂ ਕੁਝ ਗਰਾਂਟਾ ਤਾਂ ਆਈਆਂ ਪਰ ਵਿਕਾਸ ਦੇ ਕੰਮ ਫਿਰ ਵੀ ਅਧੂਰੇ ਪਏ ਹਨ। ਗਲੀਆਂ ਨਾਲੀਆਂ ਤੇ ਨਾਲ ਲਗਦੇ ਪਿੰਡਾਂ ਨੂੰ ਜਾਂਦੇ ਜਿਆਦਾਤਰ ਰਸਤਿਆਂ ਦਾ ਬੂਰਾ ਹਾਲ ਹੈ।ਕਦੇ ਛੱਪੜਾਂ ਦੀ ਸਫਾਈ ਨਹੀ ਹੋਈ ਅਤੇ ਨਾ ਹੀ ਗੰਦੇ ਪਾਣੀ ਦੀ ਨਿਕਾਸੀ ਦਾ ਖਾਸ ਪ੍ਰਬੰਧ ਹੈ।
ਹੋਰ ਮੁਸ਼ਕਲਾਂ:- ਪਿੰਡ ਵਿੱਚ ਖੇਡ ਸਟੇਡੀਅਮ ਦੀ ਭਾਰੀ ਘਾਟ ਹੈ। ਹਰ ਸਾਲ ਟੂਰਨਾਂਮੈਂਟ ਖਾਲੀ ਜਮੀਨਾਂ ਵਿੱਚ ਹੀ ਕਰਵਾਏ ਜਾਂਦੇ ਹਨ।
– ਰੀਤਵਾਲ
ਪੱਤਰਕਾਰ ‘ਪੰਜਾਬ ਟਾਇਮਜ਼’