ਸ਼ੇਰਪੁਰ – ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਪੂਰੇ ਦੇਸ਼ ਅੰਦਰ ਰਾਜਨੀਤਕ ਅਖਾੜਾ ਪੂਰੀ ਤਰ੍ਹਾਂ ਨਾਲ ਭਖ ਚੁਕਾ ਹੈ ਸਾਰੀਆਂ ਹੀ ਪਾਰਟੀਆਂ ਨੂੰ ਇਸ ਵਾਰ ਕਾਂਟੇ ਦੀ ਟਕਰ ਹੋਣ ਕਾਰਨ ਯੋਗ ਉਮੀਦਵਾਰ ਅਤੇ ਵਡੇ ਚਿਹਰੇ ਲਭਣ ਦੀ ਜਰੂਰਤ ਖੜੀ ਹੋ ਗਈ ਹੈ। ਕਈ ਸੀਟਾਂ ਉਪਰ ਤਾਂ ਵਡੇ ਕਦ ਵਾਲੇ ਜਿਆਦਾ ਉਮੀਦਵਾਰ ਹੋਣ ਕਾਰਨ ਵੀ ਸਥਿਤੀ ਦਿਲਚਸਪ ਬਣ ਚੁਕੀ ਹੈ। ਇਸੇ ਤਰ੍ਹਾਂ ਹੀ ਹਰ ਵਾਰ ਬਹੁ-ਚਰਚਿਤ ਰਹਿਣ ਵਾਲੀ ਸੰਗਰੂਰ ਸੀਟ ਉਪਰ ਕਾਂਗਰਸ ਦੀ ਸੂਬਾ ਅਤੇ ਕੇਂਦਰੀ ਹਾਈਕਮਾਂਡ ਨੂੰ ਉਮੀਦਵਾਰ ਤੈਅ ਕਰਨ ਬਾਰੇ ਸੋਚਣ ਲਈ ਮਜਬੂਰ ਕਰਕੇ ਰਖ ਦਿਤਾ ਹੈ। ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ਲਈ ਦਾਅਵੇਦਾਰਾਂ ਦੀ ਵਡੀ ਲਿਸਟ ਹੈ ਇਸ ਰੇਸ਼ ਵਿਚ ਸਭ ਤੋਂ ਮੋਹਰੀ ਸੂਬਾ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਬਰਨਾਲਾ ਤੋਂ ਸਾਬਕਾ ਵਿਧਾਇਕ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀ ਕੇਵਲ ਸਿੰਘ ਢਿਲੋਂ ਹਨ। ਪਿਛਲੇ ਦਿਨਾਂ ਦੇ ਦੌਰਾਨ ਕੇਵਲ ਸਿੰਘ ਢਿਲੋਂ ਦੀ ਰਿਹਾਇਸ ਉਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਢਿਲੋਂ ਦੇ ਸਮਰਥਕਾਂ ਨੂੰ ਸੰਬੋਧਨ ਕਰਨਾ, ਕੇਵਲ ਢਿਲੋਂ ਦੀ ਸੋਸ਼ਲ ਮੀਡੀਆ ਉਪਰ ਵਧੀ ਸਰਗਰਮੀ ਅਤੇ ਫੇਸਬੁਕ ਪੇਜ ਦੀ ਕਵਰ ਫੋਟੋ ਤੇ ਠ ਚੁਟਕਲੇ ਨਹੀਂ ਸੁਣਾਏ , ਕੰਮ ਕਰਕੇ ਦਿਖਾਏ ਠ ਦਾ ਸਲੋਗਨ ਲਗਾਉਣਾ ਅਤੇ ਢਿਲੋਂ ਵਲੋਂ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ ਤੇ ਅੰਦਰ ਖਾਤੇ ਹਲਕੇ ਦੇ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਮੈਂਬਰਾਂ, ਸਾਬਕਾ ਅਤੇ ਮੌਜੂਦਾ ਸਰਪੰਚਾਂ ਤੇ ਪੰਚਾਂ, ਹਲਕੇ ਦੇ ਵਖ ਵਖ ਪਾਰਟੀਆਂ ਦੇ ਰਾਜਨੀਤਕ ਆਗੂਆਂ, ਕਾਂਗਰਸੀ ਵਰਕਰਾਂ ਅਤੇ ਹੋਰ ਹਲਕਿਆਂ ਦੇ ਨਾਰਾਜ਼ ਕਾਂਗਰਸੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਇਸ ਗਲ ਵਲ੍ਹ ਨੂੰ ਇਸ਼ਾਰਾ ਕਰਦਾ ਜਾਪ ਰਿਹਾ ਹੈ ਕਿ ਜਿਵੇ ਅੰਦਰ ਖਾਤੇ ਕਾਂਗਰਸ ਹਾਈਕਮਾਂਡ ਨੇ ਉਹਨਾਂ ਨੂੰ ਹਰੀ ਝੰਡੀ ਦੇ ਦਿਤੀ ਹੋਵੇ ਅਤੇ ਸਿਰਫ ਐਲਾਨ ਕਰਨਾ ਹੀ ਬਾਕੀ ਹੋਵੇ। ਸੂਤਰਾਂ ਦੇ ਹਵਾਲੇ ਅਨੁਸਾਰ ਸੰਗਰੂਰ ਸੀਟ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਸਰਕਾਰ ਵਿਚ ਮੌਜੂਦਾ ਮੰਤਰੀ ਵਿਜੇਇੰਦਰ ਸਿੰਗਲਾ ਵੀ ਰੇਸ ਵਿਚ ਹਨ ਤੇ ਉਹ ਆਪਣੀ ਪਤਨੀ ਦੀਪਾ ਸਿੰਗਲਾ ਲਈ ਵੀ ਟਿਕਟ ਦੀ ਮੰਗ ਕਰ ਰਹੇ ਹਨ। ਸਾਬਕਾ ਮੁਖ ਮੰਤਰੀ ਬੀਬੀ ਰਾਜਿੰਦਰ ਕੌਰ ਭਠਲ ਨੇ ਵੀ ਦਾਅਵੇਦਾਰੀ ਪੇਸ਼ ਕੀਤੀ ਹੋਈ ਹੈ ਅਤੇ ਉਹ ਵੀ ਇਸ ਸੀਟ ਤੋਂ ਪਾਰਟੀ ਦਾ ਇਕ ਵਡਾ ਚਿਹਰਾ ਅਤੇ ਮਜਬੂਤ ਉਮੀਦਵਾਰ ਹੋ ਸਕਦੇ ਹਨ। ਬੀਬੀ ਭਠਲ ਦਾ ਸਮੁਚੇ ਹਲਕੇ, ਸੂਬਾ ਅਤੇ ਕੇਂਦਰੀ ਲੀਡਰਸ਼ਿਪ ਵਿਚ ਚੰਗਾ ਆਧਾਰ ਹੈ, ਜਿਸ ਕਾਰਨ ਪਾਰਟੀ ਉਹਨਾਂ ਉਪਰ ਦਾਅ ਖੇਡ ਸਕਦੀ ਹੈ। ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਬੇਟੇ ਜਸਵਿੰਦਰ ਧੀਮਾਨ ਵੀ ਓਬੀਸੀ ਅਤੇ ਯੂਥ ਕੋਟੇ ਵਿਚੋਂ ਟਿਕਟ ਦੀ ਮੰਗ ਕਰ ਰਹੇ ਹਨ ਅਤੇ ਉਹਨਾਂ ਨੇ ਹਲਕੇ ਅੰਦਰ ਚੋਣ ਮੀਟਿੰਗਾਂ ਦੀ ਹਨੇਰੀ ਲਿਆ ਰਖੀ ਹੈ। ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ ਦੀ ਪਤਨੀ ਸਿਮਰਤ ਕੌਰ ਖੰਗੂੜਾ ਯੂਥ ਕਾਂਗਰਸ ਦੇ ਮਹਿਲਾ ਪ੍ਰੋਗਰਾਮ ‘ ਅਧੀ ਅਬਾਦੀ ਪੂਰਾ ਹਕ ‘ ਦੀ ਕੋ-ਆਰਡੀਨੇਟਰ ਹੋਣ ਦੇ ਨਾਤੇ ਮਹਿਲਾ ਕੋਟੇ ਵਿਚੋਂ ਟਿਕਟ ਲਈ ਜਦੋ-ਜਹਿਦ ਵਿਚ ਲਗੇ ਹੋਏ ਹਨ ਅਤੇ ਹਲਕੇ ਅੰਦਰ ਉਹਨਾਂ ਵਲੋਂ ਚੋਣ ਪ੍ਰੋਗਰਾਮਾਂ ਦਾ ਤਾਬੜਤੋੜ ਸਿਲਸਿਲਾ ਜਾਰੀ ਹੈ। ਮਹਿਲਾ ਕਾਂਗਰਸ ਦੀ ਸੂਬਾ ਸਕਤਰ ਪ੍ਰਿਤਪਾਲ ਕੌਰ ਬਡਲਾ ਦਾ ਨਾਮ ਵੀ ਪਿਛਲੇ ਕੁਝ ਦਿਨਾਂ ਤੋਂ ਉਭਰ ਕੇ ਸਾਹਮਣੇ ਆ ਰਿਹਾ ਹੈ ਤੇ ਉਹਨਾਂ ਨੂੰ ਵੀ ਸੰਗਰੂਰ ਸੀਟ ਤੋਂ ਟਿਕਟ ਮਿਲਣ ਦੀ ਆਸ ਬਝੀ ਹੋਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਮਹਿਲਾਵਾਂ ਨੂੰ ਬਰਾਬਰ ਦਾ ਹਕ ਦੇਣ ਦਾ ਬਿਆਨ ਇਹਨਾਂ ਸੰਭਾਵੀ ਮਹਿਲਾ ਉਮੀਦਵਾਰਾਂ ਦੀ ਰਾਹ ਆਸਾਨ ਕਰ ਰਿਹਾ ਹੈ। ਹੁਣ ਸਿਆਸੀ ਗਲਿਆਰਾਂ ਵਿਚ ਚਰਚਾਵਾਂ ਇਹ ਵੀ ਹਨ ਕਿ ਇਹਨਾਂ ਸਾਰੇ ਉਮੀਦਵਾਰਾਂ ਵਿਚਲਾ ਕਾਟੋਕਲੇਸ਼ ਖਤਮ ਕਰਨ ਲਈ ਪਾਰਟੀ ਪੈਰਾਸ਼ੂਟ ਰਾਹੀਂ ਯੂਪੀਏ ਸਰਕਾਰ ਵਿਚ ਰੇਲ ਮੰਤਰੀ ਰਹੇ ਪਵਨ ਬਾਂਸਲ ਨੂੰ ਉਤਾਰ ਕੇ ਵੀ ਇਥੋਂ ਚੋਣ ਲੜ੍ਹਾ ਸਕਦੀ ਹੈ। ਪਾਰਟੀ ਇਸ ਇਕ ਤੀਰ ਨਾਲ ਦੋ ਨਿਸ਼ਾਨੇ ਵੀ ਲਗਾ ਸਕਦੀ ਹੈ ਕਿਉਕਿ ਚੰਡੀਗੜ੍ਹ ਸੀਟ ਲਈ ਪਵਨ ਬਾਂਸਲ ਅਤੇ ਨਵਜੋਤ ਕੌਰ ਸਿਧੂ ਵਿਚਕਾਰ ਵੀ ਪੇਚ ਫਸਿਆ ਹੋਇਆ ਹੈ, ਜਿਸਨੂੰ ਇਸ ਤਰੀਕੇ ਨਾਲ ਹਲ ਕੀਤਾ ਜਾ ਸਕਦਾ ਹੈ। ਇੰਨ੍ਹੇ ਜਿਆਦਾ ਅਤੇ ਵਡੇ ਚੇਹਰਿਆਂ ਦਾ ਦੌੜ ਵਿਚ ਹੋਣਾ ਪਾਰਟੀ ਹਾਈਕਮਾਂਡ ਲਈ ਸਿਰਦਰਦੀ ਬਣਿਆ ਹੋਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕੇ ਊਠ ਕਿਸ ਕਰਵਟ ਬੈਠਦਾ ਹੈ ਤੇ ਕਿਸਦੀ ਝੋਲੀ ਖੈਰ ਪੈਂਦੀ ਹੈ। ਬਾਕੀ ਆਖਰੀ ਫੈਸਲਾ ਹਾਈਕਮਾਂਡ ਦੇ ਹਥ ਹੈ ।
– ਹਰਜੀਤ ਕਾਤਿਲ
ਪੱਤਰਕਾਰ ‘ਪੰਜਾਬ ਟਾਇਮਜ਼’ ਸ਼ੇਰਪੁਰ