ਸ੍ਰੀ ਫ਼ਤਿਹਗੜ੍ਹ ਸਾਹਿਬ – ਜਿਸ ਯੂਨੀਵਰਸਿਟੀ ਦਾ ਨਾਮ ਸਿਖ ਕੌਮ ਦੇ ਬਾਨੀ ਅਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹੈ ਅਤੇ ਜਿਥੋਂ ਉਚ ਤਾਲੀਮ ਦੇ ਨਾਲ-ਨਾਲ ਸਿਖ ਗੁਰੂ ਸਾਹਿਬਾਨ ਜੀ ਦੀ ਮਨੁਖਤਾ ਪਖੀ ਸਰਬਤ ਦੇ ਭਲੇ ਤੇ ਬਰਾਬਰਤਾ ਵਾਲੀ ਸੋਚ ਦੇ ਅਮਲ ਤੇ ਸੰਦੇਸ਼ ਹੋਣੇ ਚਾਹੀਦੇ ਹਨ ਅਤੇ ਗੁਰੂ ਸਾਹਿਬਾਨ ਜੀ ਦੀਆਂ ਸਿਖਿਆਵਾ ਦਾ ਪ੍ਰਚਾਰ ਹੋਣਾ ਚਾਹੀਦਾ ਹੈ, ਉਸ ਯੂਨੀਵਰਸਿਟੀ ਦੇ ਪ੍ਰਬੰਧਕਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਪਰੋਕਤ ਸ਼ਬਦ ‘ਦੇਹਿ ਸਿਵਾ ਬਰੁ ਮੋਹਿ ਇਹੈ’ ਦੇ ਲੰਮੇਂ ਸਮੇਂ ਤੋਂ ਰੋਜ਼ਾਨਾ ਦੇ ਐਨਥਮ (ਧੁੰਨ) ਦਾ ਹੁੰਦਾ ਆ ਰਿਹਾ ਗਾਇਨ ਅਤੇ ਧੁੰਨ ਨੂੰ ਹਟਾਕੇ ਸੁਰਜੀਤ ਪਾਤਰ ਦੀ ਕਵਿਤਾ ਦੀਆਂ ਲਾਇਨਾਂ ਲਾਗੂ ਕਰਕੇ ਕੇਵਲ ਸਮੁਚੀ ਸਿਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਹੀ ਡੂੰਘੀ ਠੇਸ ਨਹੀਂ ਪਹੁੰਚਾਈ ਗਈ, ਬਲਕਿ ਜਿਨ੍ਹਾਂ ਗੁਰੂ ਸਾਹਿਬਾਨ ਨੇ ਮਨੁਖਤਾ ਪਖੀ ਵਡਮੁਲੀ ਸੋਚ ਉਤੇ ਪਹਿਰਾ ਦਿੰਦੇ ਹੋਏ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁਧ ਆਵਾਜ਼ ਬੁਲੰਦ ਕੀਤੀ ਅਤੇ ਮਨੁਖਤਾ ਨੂੰ ਵਡਮੁਲਾ ਸੰਦੇਸ਼ ਦਿਤਾ, ਉਸ ਸ਼ਬਦ ਨੂੰ ਖ਼ਤਮ ਕਰਕੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਬਹੁਤ ਵਡੀ ਅਸਹਿ ਬਜਰ ਗੁਸਤਾਖੀ ਕੀਤੀ ਹੈ ਜਿਸ ਪ੍ਰਤੀ ਸਿਖ ਕੌਮ ਨੂੰ ਸਮੂਹਿਕ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਵਿਰੁਧ ਦ੍ਰਿੜਤਾ ਨਾਲ ਰੋਸ ਪ੍ਰਗਟ ਕਰਕੇ ਫਿਰ ਤੋਂ ਉਪਰੋਕਤ ਸ਼ਬਦ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਬਣਦੀ ਹੈ । ਕਿਉਂਕਿ ਪ੍ਰਬੰਧਕਾਂ ਦੇ ਅਜਿਹੇ ਅਮਲ ਸਿਖ ਕੌਮ ਲਈ ਅਸਹਿ ਤੇ ਦੁਖਦਾਇਕ ਹਨ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੌਜੂਦਾ ਪ੍ਰਬੰਧਕਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਤੌਰ ਐਨਥਮ ਲੰਮੇਂ ਸਮੇਂ ਤੋਂ ਚਲਦੇ ਆ ਰਹੇ ਸ਼ਬਦ ਨੂੰ ਹਟਾਕੇ ਸੁਰਜੀਤ ਪਾਤਰ ਦੀ ਕਵਿਤਾ ਦੀਆਂ ਲਾਇਨਾਂ ਲਾਗੂ ਕਰਨ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਪ੍ਰਬੰਧਕਾਂ ਵਲੋਂ ਕੀਤੀ ਬਜਰ ਗੁਸਤਾਖੀ ਲਈ ਸਿਖ ਕੌਮ ਤੋਂ ਜਨਤਕ ਤੌਰ ਤੇ ਮੁਆਫ਼ੀ ਮੰਗਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਪਰੋਕਤ ਸ਼ਬਦ ਨੂੰ ਫਿਰ ਤੋਂ ਉਸੇ ਤਰ੍ਹਾਂ ਜਾਰੀ ਰਖਣ ਦੀ ਜੋਰਦਾਰ ਗੰਭੀਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਫਿਰਕੂ ਅਤੇ ਮੁਤਸਵੀ ਸੋਚ ਸਿਖ ਸੰਸਥਾਵਾਂ ਅਤੇ ਵਿਦਿਅਕ ਅਦਾਰਿਆ ਵਿਚ ਇਸ ਕਦਰ ਘੁਸਪੈਠ ਕਰ ਚੁਕੀ ਹੈ ਕਿ ਜਿਸਦਾ ਅੰਦਾਜਾ ਇਸ ਗਲ ਤੋਂ ਲਗਾਇਆ ਜਾ ਸਕਦਾ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜੂਰ ਸਾਹਿਬ, ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੇ ਸਿਖੀ ਦੇ ਪ੍ਰਚਾਰਕ ਕੇਦਰਾਂ ਦੇ ਪ੍ਰਬੰਧਕੀ ਮੈਬਰਾਂ ਵਿਚ ਅਜਿਹੇ ਲੋਕਾਂ ਨੂੰ ਸਾਮਿਲ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਬਾਹਰੀ ਦੁਨਿਆਵੀ ਰੂਪ-ਰੇਖਾ ਤਾਂ ਸਿਖੀ ਵਾਲੀ ਨਜ਼ਰ ਆਉਦੀ ਹੈ, ਪਰ ਅੰਦਰੋਂ ਉਨ੍ਹਾਂ ਦੇ ਅਮਲ ਸਿਖ ਧਰਮ ਤੇ ਸਿਖ ਵਿਰੋਧੀ ਮੁਤਸਵੀ ਸੋਚ ਵਾਲੇ ਹਨ । ਅਜਿਹੀਆ ਕਾਰਵਾਈਆ ਸਿਖ ਕੌਮ ਲਈ ਇਕ ਵਡੀ ਚੁਣੋਤੀ ਹੈ । ਜਿਸ ਨੂੰ ਪ੍ਰਵਾਨ ਕਰਦੇ ਹੋਏ ਹਰ ਗੁਰਸਿਖ ਨੂੰ ਅਜਿਹੀਆ ਹੋਣ ਵਾਲੀਆ ਕਾਰਵਾਈਆ ਸਮੇਂ ਸੁਚੇਤਾ ਨਾਲ ਆਪਣੀਆ ਕੌਮੀ ਜਿੰਮੇਵਾਰੀਆ ਨਿਭਾਉਣੀਆ ਬਣਦੀਆ ਹਨ । ਤਾਂ ਕਿ ਅਜਿਹੀਆ ਸਿਖ ਵਿਰੋਧੀ ਤਾਕਤਾਂ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਵਿਚ ਕਾਮਯਾਬ ਨਾ ਹੋ ਸਕਣ ਅਤੇ ਕੋਈ ਵੀ ਤਾਕਤ ਅਤੇ ਸਾਜ਼ਿਸ ਸਿਖਾਂ ਦੀਆਂ ਮਰਿਯਾਦਾਵਾਂ, ਨਿਯਮਾਂ, ਕਦਰਾ-ਕੀਮਤਾ ਨੂੰ ਠੇਸ ਨਾ ਪਹੁੰਚਾ ਸਕਣ ਅਤੇ ਸਾਡੀਆ ਸਿਖੀ ਸੰਸਥਾਵਾਂ ਵਿਚ ਮੁਤਸਵੀ, ਫਿਰਕੂ ਅਤੇ ਮਨੁਖਤਾ ਵਿਰੋਧੀ ਸੋਚ ਸਾਮਿਲ ਨਾ ਹੋ ਸਕੇ ।
– ਪੰਜਾਬ ਟਾਇਮਜ਼ ਬਿਊਰੋ