May 15, 2026 10:08 am

ਹਵਾ ਪ੍ਰਦੂਸ਼ਣ ਦੀ ਰੋਕਥਾਮ

ਸੰਯੁਕਤ ਰਾਸ਼ਟਰ ਦੇ ਵਾਤਾਵਰਨ ਅਤੇ ਮਨੁੱਖੀ ਅਧਿਕਾਰਾਂ ਦੇ ਮਾਹਰ ਡੇਵਿਡ ਬੋਇਡ ਦਾ ਕਹਿਣਾ ਹੈ ਕਿ ਘਰਾਂ ਦੇ ਅੰਦਰ ਅਤੇ ਬਾਹਰ ਹੋਣ ਵਾਲੇ ਪ੍ਰਦੂਸ਼ਣ ਕਾਰਨ ਹਰ ਸਾਲ 70 ਲੱਖ ਲੋਕਾਂ ਦੀ ਮੌਤ ਸਮੇਂ ਤੋਂ ਪਹਿਲਾਂ ਹੋ ਜਾਂਦੀ ਹੈ, ਜਿਨ੍ਹਾਂ ਵਿਚ 6 ਲਖ ਬਚੇ ਸ਼ਾਮਿਲ ਹਨ। ਇਕ ਅਨੁਮਾਨ ਮੁਤਾਬਿਕ ਸੰਸਾਰ ’ਚ ਲਗਪਗ 6 ਅਰਬ ਲੋਕ ਨਿਯਮਿਤ ਰੂਪ ਨਾਲ ਇੰਨੀਂ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਂਦੇ ਹਨ ਕਿ ਇਸ ਨਾਲ ਉਨ੍ਹਾਂ ਦਾ ਜੀਵਨ ਅਤੇ ਸਿਹਤ ਖ਼ਤਰੇ ਵਿਚ ਘਿਰੇ ਰਹਿੰਦੇ ਹਨ। ਸੰਯੁਕਤ ਰਾਸ਼ਟਰ ਨਾਲ ਜੁੜੇ ਵਾਤਾਵਰਨ ਅਤੇ ਮਨੁਖੀ ਅਧਿਕਾਰਾਂ ਦੇ ਮਾਹਰ ਇਸ ਗੱਲ ਤੋਂ ਚਿੰਤਤ ਹਨ ਕਿ ਇਸ ਸਭ ਕੁਝ ਦੇ ਬਾਵਜੂਦ ਇਸ ਮਹਾਮਾਰੀ ਵੱਲ ਬਹੁਤਾ ਘਟ ਧਿਆਨ ਨਹੀਂ ਦਿਤਾ ਜਾ ਰਿਹਾ ਹੈ। ਅਜਿਹਾ ਇਸ ਕਾਰਨ ਵੀ ਹੋ ਰਿਹਾ ਹੈ ਕਿਉਂਕਿ ਇਹ ਮੌਤਾਂ ਹੋਰਨਾਂ ਆਫ਼ਤਾਂ ਅਤੇ ਮਹਾਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਤਰ੍ਹਾਂ ਨਾਟਕੀ ਅਤੇ ਭਿਆਨਕ ਨਹੀਂ ਹਨ। ਉਂਝ ਹਰ ਘੰਟੇ ਹਵਾ ਪ੍ਰਦੂਸ਼ਣ ਨਾਲ 800 ਲੋਕ ਦੀ ਮੌਤ ਕੋਈ ਸਾਧਾਰਨ ਗੱਲ ਨਹੀਂ ਹੈ। ਇਹ ਇਕ ਮਹਾਂਮਾਰੀ ਦੇ ਬਰਾਬਰ ਹੀ ਹੈ। ਦੁੱਖ ਵਾਲੀ ਗੱਲ ਇਹ ਵੀ ਹੈ ਕਿ ਹਵਾ ਪ੍ਰਦੂਸ਼ਣ ਨਾਲ ਪੀੜਤ ਲੋਕਾਂ ਨੂੰ ਭਾਰੀ ਤਕਲੀਫ਼ ਝਲਣ ਤੋਂ ਬਾਅਦ ਆਖਰ ਮੌਤ ਦੇ ਮੂੰਹ ਵਿੱਚ ਹੀ ਜਾਣਾ ਪੈਂਦਾ ਹੈ। ਕੈਂਸਰ, ਸਾਹ ਅਤੇ ਦਿਲ ਦੀਆਂ ਬਿਮਾਰੀਆਂ ਵੀ ਪ੍ਰਤਖ ਤੌਰ ’ਤੇ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਣ ਕਾਰਨ ਹੁੰਦੀਆਂ ਹਨ ਅਤੇ ਵਧ ਰਹੀਆਂ ਹਨ। ਕੈਨੇਡਾ ਦੀ ਬਿਟਿਸ਼ ਕੋਲੰਬੀਆ ਯੂਨੀਵਰਸਿਟੀ ਮੁਤਾਬਿਕ ਸ਼ੁਧ ਹਵਾ ਨੂੰ ਯਕੀਨੀ ਨਾ ਬਣਾਉਣਾ ਸਿਹਤ ਵਾਤਾਵਰਨ ਦੇ ਮੌਲਿਕ ਅਧਿਕਾਰਾਂ ਦਾ ਵੀ ਉਲੰਘਣਾ ਹੈ। ਇਸ ਅਧਿਕਾਰ ਨੂੰ 155 ਦੇਸ਼ਾਂ ਨੇ ਕਾਨੂੰਨੀ ਮਾਨਤਾ ਦਿੱਤੀ ਹੋਈ ਹੈ। ਲੋੜ ਹੈ ਇਸ ਅਧਿਕਾਰ ਨੂੰ ਸੰਸਾਰ ਪੱਧਰ ’ਤੇ ਮਾਨਤਾ ਮਿਲੇ ਅਤੇ ਇਸ ਨੂੰ ਯਕੀਨੀ ਤੌਰ ’ਤੇ ਲਾਗੂ ਕਰਵਾਇਆ ਜਾਵੇ। ਮਨੁੱਖੀ ਵਸੋਂ ਲਈ ਸ਼ੁੱਧ ਹਵਾ ਅਤੇ ਪਾਣੀ ਉਪਲੱਬਧ ਕਰਵਾਉਣਾ ਸਾਰੇ ਦੇਸ਼ਾਂ ਦੀ ਸਾਂਝੀ ਜ਼ਿੰਮੇਵਾਰੀ ਬਣਨੀ ਚਾਹੀਦੀ ਹੈ। ਇਸ ਮਕਸਦ ਲਈ ਸਾਰੇ ਦੇਸ਼ ਰਲ ਮਿਲਕੇ ਹਵਾ ਦੀ ਗੁਣਵਤਾ ਅਤੇ ਮਨੁਖੀ ਸਿਹਤ ’ਤੇ ਇਸ ਦੇ ਪ੍ਰਭਾਵਾਂ ਦੀ ਨਿਗਰਾਨੀ, ਹਵਾ ਪ੍ਰਦੂਸ਼ਣ ਦੇ ਸਰੋਤਾਂ ਦਾ ਮੁਲੰਕਣ ਅਤੇ ਜਨ ਸਿਹਤ ਸਲਾਹਾਂ ਸਮੇਤ ਹੋਰ ਸੂਚਨਾਵਾਂ ਨੂੰ ਜਨਤਕ ਤੌਰ ’ਤੇ ਮੁਹੱਈਆ ਕਰਵਾਉਣ ਲਈ ਉਚੇਤੇ ਪ੍ਰਬੰਧ ਕਰਨ।
– ਬਲਜੀਤ ਸਿੰਘ ਬਰਾੜ

Send this to a friend