ਸਮਾਜ, ਕੌਮ ਜਾਂ ਧਰਮ ਲਈ ਕੁੱਝ ਵੱਖਰਾ ਕਾਰਜ ਕਰਨ ਵਾਲੇ ਬਹੁ-ਪੱਖੀ ਅਤੇ ਮਿਕਨਾਤੀਸੀ ਸਖਸ਼ੀਅਤ ਦੇ ਮਾਲਕ ਸਰਦਾਰ ਹਰਜੀਤ ਸਿੰਘ ਗਰੇਵਾਲ ਸਰਕਾਰੀ ਨੌਕਰੀ ਦੀਆਂ ਔਖੀਆਂ ਵਲਗਣਾਂ ਵਿੱਚ ਤਨਦੇਹੀ ਨਾਲ ਡਿਊਟੀ ਨਿਭਾਉਂਦਿਆਂ ਪੰਜਾਬੀ ਸਮਾਜ, ਸਿੱਖ ਕੌਮ ਅਤੇ ਆਪਣੇ ਧਰਮ ਲਈ ਨਿਵੇਕਲੇ ਕਾਰਜ ਕਰ ਰਹੇ ਹਨ।
ਹਰਦਿਲ ਅਜ਼ੀਜ਼ ਸਿੱਖੀ ਸਰੂਪ ਵਿੱਚ ਵਿਚਰਦੇ ਸ. ਹਰਜੀਤ ਸਿੰਘ ਗਰੇਵਾਲ, ਅਸਲ ਮਾਅਨਿਆਂ ਵਿਚ ਇਕ ਬਹੁਪੱਖੀ, ਨਿਵੇਕਲੀ ਅਤੇ ਰੰਗਲੀ ਸਖਸ਼ੀਅਤ ਦੇ ਮਾਲਕ ਹਨ। ਪੰਜਾਬ ਦੇ ਲੋਕ ਸੰਪਰਕ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਦੇ ਅਹੁਦੇ ’ਤੇ ਸੇਵਾ ਨਿਭਾਅ ਰਹੇ ਸ. ਗਰੇਵਾਲ ਨੇ ਆਪਣੇ ਜੀਵਨ ਦੌਰਾਨ ਵਿੱਦਿਅਕ, ਪੱਤਰਕਾਰਤਾ ਅਤੇ ਸਮਾਜ ਸੇਵਾ ਦੇ ਖੇਤਰਾਂ ਵਿਚ ਨਿਵੇਕਲੇ ਅਤੇ ਵੱਡੇ ਮਾਅਰਕੇ ਮਾਰੇ ਹਨ। ਪਿੰਡ ਸਿੰਘਾਂ ਦੀ ਸਕਰੌਦੀ (ਸੰਗਰੂਰ) ਦੇ ਮਾਣ ਸ. ਹਰਜੀਤ ਸਿੰਘ ਵੱਲੋਂ ਜ਼ਿੰਦਗੀ ਅਤੇ ਸਮਾਜ ਸੇਵਾ ਦੇ ਕਈ ਸ਼ੋਹਬਿਆਂ ਵਿੱਚ ਨਿਰਸਵਾਰਥ ਸੇਵਾ ਬਾਦਸਤੂਰ ਤੇ ਨਿਰਵਿਘਨ ਜਾਰੀ ਹੈ।
ਗੱਤਕਾ ਦੀ ਪ੍ਰਫੁੱਲਤਾ ’ਚ ਵੱਡਾ ਯੋਗਦਾਨ- ਇੱਕ ਦਹਾਕੇ ਤੋਂ ਸ. ਗਰੇਵਾਲ ਨੇ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਪੁਰਾਤਨ ਸਿੱਖ ਜੰਗਜੂ ਖੇਡ ‘ਗੱਤਕੇ’ ਦੀ ਪੁਨਰ-ਸੁਰਜੀਤੀ, ਇਸ ਨੂੰ ਮਾਨਤਾਪ੍ਰਾਪਤ ਖੇਡ ਵਜੋਂ ਪ੍ਰਫੁੱਲਤ ਕਰਨ ਅਤੇ ਇਸ ਕਲਾ ਦਾ ਦੇਸ਼-ਵਿਦੇਸ਼ ਵਿੱਚ ਪ੍ਰਚਾਰ-ਪਸਾਰ ਕਰਨ ਖਾਤਰ ਵੱਡੀ ਘਾਲਣਾ ਘਾਲੀ ਹੈ। ਕਦੇ ‘ਸਾਰਕ’ ਸੰਸਥਾ ਅਤੇ ਯੂਨੈਸਕੋ ਵੱਲੋਂ ਅਲੋਪ ਹੋਣ ਵਾਲੀ ਐਲਾਨੀ ਜਾ ਚੁੱਕੀ ਇਸ ਵਿਰਾਸਤੀ ਅਤੇ ਸੱਭਿਆਚਾਰਕ ਕਲਾ ਨੂੰ ਸ. ਗਰੇਵਾਲ ਨੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਸਮੇਤ ਸਰਕਾਰੀ ਦਰਬਾਰੇ ਬਤੌਰ ਖੇਡ ਵਜੋਂ ਮਾਨਤਾ ਦਿਵਾਕੇ ਇਸ ਖੇਡ ਵਿਧੀਵਤ ਢੰਗ ਨਾਲ ਖਿਡਾਉਣ ਲਈ ਬਹੁਤ ਅਹਿਮ ਯੋਗਦਾਨ ਪਾਇਆ ਹੈ ਜਿਸ ਨਾਲ 21ਵੀਂ ਸਦੀ ਵਿੱਚ ਗੱਤਕੇ ਦੇ ਨਵੇਂ ਇਤਿਹਾਸ ਦੀ ਸਿਰਜਣਾ ਹੋਈ ਹੈ।
ਗੱਤਕਾ ਖੇਡ ਸੰਸਥਾ ‘ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ’ ਦੇ ਸਾਲ 2004 ਵਿੱਚ ਗਠਨ ਉਪਰੰਤ ਇਸ ਨੂੰ ਖੇਡ ਵਜੋਂ ਸੂਬਾਈ ਅਤੇ ਕੌਮੀ ਪੱਧਰ ’ਤੇ ਪ੍ਰਫੁੱਲਤ ਕਰਨ ਲਈ ਸਾਲ 2008 ਅਤੇ 2009 ਵਿੱਚ ਉਨ੍ਹਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਗੱਤਕਾ ਨਿਯਮਾਂਵਲੀ ਸੰਪਾਦਨ ਕਰਨ ਦਾ ਮਾਣ ਹਾਸਲ ਹੈ। ਇਸ ਵਿਸਥਾਰਿਤ ਨਿਯਮਾਂਵਲੀ ਨੂੰ ਕਈ ਵਾਰ ਸੋਧਣ ਉਪਰੰਤ ਹੁਣ ਇਸ ਦਾ ਦੂਜਾ ਐਡੀਸ਼ਨ 2017 ਵਿਚ ਵਿਸ਼ਵ ਦੇ ਗੱਤਕਾ ਖਿਡਾਰੀਆਂ ਦੀ ਝੋਲੀ ਪਾਇਆ ਹੈ। ਵੱਖ-ਵੱਖ ਸਮੇਂ ‘ਤੇ ਲੋਕ ਸੰਪਰਕ ਅਫ਼ਸਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅਤੇ ਡਿਪਟੀ ਡਾਇਰੈਕਟਰ ਵਰਗੇ ਅਹਿਮ ਅਹੁਦਿਆਂ ‘ਤੇ ਬਾਖੂਬੀ ਡਿਊਟੀ ਨਿਭਾਉਂਦਿਆਂ ਉਨ੍ਹਾਂ ਨੇ ਗੱਤਕੇ ਦੀ ਪ੍ਰਫੁੱਲਤਾ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਸੈਂਕੜੇ ਟੂਰਨਾਮੈਟ ਕਰਵਾਏ। ਬਹੁਤ ਸਾਰੀਆਂ ਗੱਤਕਾ ਵਰਕਸ਼ਾਪਾਂ, ਸਿਖਲਾਈ ਕੈਂਪਾਂ, ਰਿਫਰੈਸ਼ਰ ਕੋਰਸਾਂ ਅਤੇ ਸਮਾਗਮਾਂ ਦਾ ਪ੍ਰਬੰਧ ਕਰਦਿਆਂ ਖੁਦ ਹਾਜ਼ਰੀ ਵੀ ਭਰੀ।
ਉਨ੍ਹਾਂ ਦੇ ਮਨ ਵਿੱਚ ਹਰ ਸਮੇਂ ਗੱਤਕੇ ਦੀ ਬਿਹਤਰੀ ਲਈ ਯੋਜਨਾਵਾਂ ਘੜ੍ਹੀਆਂ-ਬੁਣੀਆਂ ਜਾ ਰਹੀਆਂ ਹੁੰਦੀਆਂ ਹਨ ਅਤੇ ਉਹ ਆਪਣੇ ਸਾਥੀਆਂ ਨੂੰ ਇੰਨਾਂ ‘ਸਕੀਮਾਂ’ ਦੀ ਸਫ਼ਲਤਾ ‘ਤੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਸ. ਗਰੇਵਾਲ ਅਤੇ ਉਨਾਂ ਦੀ ਟੀਮ ਦਾ ਟੀਚਾ ਹੈ ਕਿ ਇਸ ਪੁਰਾਤਨ ਕਲਾ ਨੂੰ ਉਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਇਆ ਜਾਵੇ ਜਿਸ ਲਈ ਬਤੌਰ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਉਨਾਂ ਇੱਕ ‘ਵਿਜ਼ਨ ਡਾਕੂਮੈਂਟ’ ਵੀ ਤਿਆਰ ਕੀਤਾ ਹੈ ਜਿਸ ਤਹਿਤ ਸਾਲ 2030 ਤੱਕ ਗੱਤਕਾ ਖੇਡ ਦੇ ਪਸਾਰ ਤੇ ਪ੍ਰਚਾਰ ਹਿੱਤ ਇੱਕ ‘ਰੋਡ ਮੈਪ’ ਉਲੀਕਿਆ ਗਿਆ ਹੈ।
ਸਮਾਜ ਸੇਵਾ ’ਚ ਮੋਹਰੀ- ਸਮਾਜ ਸੇਵਾ ਦੇ ਕੰਮਾਂ ਵਿੱਚ ਵਿਚਰਦਿਆਂ ਸ. ਗਰੇਵਾਲ ਕਈ ਵੱਡੀਆਂ ਸੰਸਥਾਵਾਂ ਨਾਲ ਜੁੜੇ ਹੋਏ ਹਨ। ਉਹ ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਚੇਅਰਮੈਨ ਹਨ। ਇਸ ਤੋਂ ਇਲਾਵਾ ਮਾਂ-ਬੋਲੀ ਨੂੰ ਵੱਖ-ਵੱਖ ਰਾਜਾਂ ਵਿੱਚ ਬਣਦਾ ਰੁਤਬਾ ਦਿਵਾਉਣ ਅਤੇ ਇਸ ਦੀ ਪ੍ਰਫੁੱਲਤਾ ਲਈ ਉਹ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਅਤੇ ਪੰਜਾਬੀ ਆਰਟਸ ਐਂਡ ਕਲਚਰਲ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਸਰਗਰਮੀ ਨਾਲ ਕਾਰਜਸ਼ੀਲ ਹਨ।
ਸ. ਗਰੇਵਾਲ ਨੇ ਸਵੈਇੱਛਕ ਖੂਨਦਾਨੀ ਵਜੋਂ ਹੁਣ ਤੱਕ 12 ਵਾਰ ਖੂਨਦਾਨ ਕੀਤਾ ਹੈ ਅਤੇ ਉਹ ਬਲੱਡ ਡੋਨਰਜ਼ ਕੌਂਸਲ ਲੁਧਿਆਣਾ ਦੇ ਪ੍ਰਧਾਨ ਵਜੋਂ ਖੂਨਦਾਨ ਮੁਹਿੰਮ ਵਿੱਚ ਵੀ ਯੋਗਦਾਨ ਪਾ ਰਹੇ ਹਨ। ਗਲੋਬਲ ਆਰਗਨ ਡੋਨਰਜ਼ ਫਾਊਂਡੇਸ਼ਨ (ਗੌਡ ਫਾਊਂਡੇਸ਼ਨ) ਦੇ ਮੈਨੇਜਿੰਗ ਡਾਇਰੈਕਟਰ ਵਜੋਂ ਅੰਗ-ਦਾਨ ਅਤੇ ਟਿਸ਼ੂ ਦਾਨ ਦੀ ਚੇਤਨਾ ਫੈਲਾਉਣ ਵਿਚ ਵੀ ਮੋਹਰੀ ਭੂਮਿਕਾ ਅਦਾ ਕਰ ਰਹੀ ਹੈ। ਪੰਜਾਬ ਦੇ ਅਹਿਮ ਮਸਲਿਆਂ ਅਤੇ ਮੁੱਦਿਆਂ ’ਤੇ ਖੋਜ ਵਿਸ਼ਿਆਂ ਲਈ ਉਹ ‘ਸੈਂਟਰ ਫਾਰ ਰਿਸਰਚ ਐਂਡ ਡਿਵੈਲਪਮੈਂਟ ਸਟੱਡੀਜ਼ ਪੰਜਾਬ’ ਦੇ ਚੇਅਰਮੈਨ ਵਜੋਂ ਵੀ ਸਰਗਰਮ ਭੂਮਿਕਾ ਅਦਾ ਕਰ ਰਹੇ ਹਨ। ਕਈ ਸਾਲ ਲੋਕ ਸੰਪਰਕ ਵਿਭਾਗ ਦੀ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ। ਇਸ ਵੇਲੇ ਉਹ ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ਼ ਇੰਡੀਆ ਦੇ ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਵੀ ਹਨ।
ਵੱਕਾਰੀ ‘ਸਟੇਟ ਐਵਾਰਡ’ ਨਾਲ ਸਨਮਾਨ- ਗੱਤਕੇ ਦੀ ਪ੍ਰਫੁੱਲਤਾ, ਮਾਂ-ਬੋਲੀ ਅਤੇ ਸਮਾਜ ਸੇਵਾ ਪ੍ਰਤੀ ਬਹੁਮੁੱਲੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਉਨਾਂ ਨੂੰ ਸਾਲ 2010 ਵਿਚ ਵੱਕਾਰੀ ‘ਸਟੇਟ ਐਵਾਰਡ’ ਨਾਲ ਸਨਮਾਨਿਤ ਕੀਤਾ। ਸਮਾਜ ਦੀਆਂ ਕਈ ਸੰਸਥਾਵਾਂ ਵੱਲੋਂ ਸ. ਗਰੇਵਾਲ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਿਨਾਂ ਵਿੱਚ ਯੂ.ਕੇ. ਗੱਤਕਾ ਫੈਡਰੇਸ਼ਨ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਕਲਾ ਮੰਚ ਸੰਗਰੂਰ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਆਲ ਇੰਡੀਆ ਪਿੰਗਲਵਾੜਾ ਸੁਸਾਇਟੀ, ਦਾ ਗ੍ਰੀਨ ਸੰਗਰੂਰ, ਜਾਗਰਨ ਗਰੁੱਪ, ਚੀਫ ਖਾਲਸਾ ਦੀਵਾਨ ਅੰਮ੍ਰਿਤਸਰ, ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ, ਗੱਤਕਾ ਫੈਡਰੇਸ਼ਨ ਆਫ ਨਿਪਾਲ ਅਤੇ ਯੂਰਪੀਅਨ ਪੰਜਾਬੀ ਸੱਥ ਆਦਿ ਸਮੇਤ ਹੋਰ ਦੋ ਦਰਜਨ ਸੰਸਥਾਵਾਂ ਸ਼ਾਮਲ ਹਨ। ਸ. ਗਰੇਵਾਲ ਦੇਸ਼-ਦੁਨੀਆਂ ਘੁੰਮਣ ਵਾਲੀ ਸਖਸ਼ੀਅਤ ਹੈ ਅਤੇ ਉਨ੍ਹਾਂ ਕਈ ਦੇਸ਼ਾਂ ਦਾ ਦੌਰਾ ਵੀ ਕੀਤਾ ਹੈ ਜਿਨ੍ਹਾਂ ਵਿਚ ਇੰਗਲੈਂਡ, ਆਸਟਰੇਲੀਆ ਅਤੇ ਨਿਪਾਲ ਵਰਗੇ ਮੁਲਕ ਸ਼ਾਮਲ ਹਨ।
ਸ. ਗਰੇਵਾਲ ਦਾ ਸਪੁੱਤਰ ਚਿਤਮਨਜੀਤ ਸਿੰਘ ਗਰੇਵਾਲ ਵੀ ਫੁੱਟਬਾਲ ਅਤੇ ਗੱਤਕਾ ਖੇਡ ਦਾ ਬਿਹਤਰਹੀਨ ਖਿਡਾਰੀ ਹੈ ਜੋ ਕਿ ਅੱਜ-ਕੱਲ੍ਹ ਕੈਨੇਡਾ ਦੇ ਇੱਕ ਕਾਲਜ ਦੀ ਫੁੱਟਬਾਲ ਟੀਮ ਵਿੱਚ ਅਤੇ ਵਿਦੇਸ਼ ਵਿੱਚ ਪਹਿਲੇ ਸਾਬਤ-ਸੂਰਤ ਸਿੱਖ ਫੁੱਟਬਾਲਰ ਵਜੋਂ ਕੌਮ ਦਾ ਨਾਮ ਰੌਸ਼ਨ ਕਰ ਰਿਹਾ ਹੈ।
ਪੇਸ਼ੇਵਰ ਜ਼ਿੰਦਗੀ ਦੀਆਂ ਪ੍ਰਾਪਤੀਆਂ- ਸਾਇੰਸ ਗ੍ਰੈਜੁਏਟ ਸ. ਗਰੇਵਾਲ ਸਾਲ 1991 ਵਿੱਚ ਵਕਾਲਤ ਦੀ ਡਿਗਰੀ ਪਾਸ ਕਰਨ ਤੋਂ ਬਾਅਦ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੇ ਮੈਂਬਰ ਵੀ ਰਹੇ। ਉਪਰੰਤ ਪੱਤਰਕਾਰਤਾ ਅਤੇ ਜਨ-ਸੰਚਾਰ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ। ਕਰੀਬ ਇੱਕ ਸਾਲ ‘ਰੋਜ਼ਾਨਾ ਚੜ੍ਹਦੀ ਕਲਾ’ ਪਟਿਆਲਾ ਵਿਖੇ ਉਪ-ਸੰਪਾਦਕ ਰਹੇ। ਇਨਾਂ ਦਿਨਾਂ ਵਿੱਚ ਹੀ ਉਨ੍ਹਾਂ ਨੇ ‘ਆਲ ਇੰਡੀਆ ਰੇਡੀਓ’ ਪਟਿਆਲਾ ਅਤੇ ਜ¦ਧਰ ਦੇ ਹਫਤਾਵਾਰੀ ਪ੍ਰੋਗਰਾਮਾਂ ਨੂੰ ਬਾਖੂਬੀ ਪੇਸ਼ ਕੀਤਾ। ਨਵੰਬਰ 1993 ਤੋਂ ਉਨ੍ਹਾਂ ‘ਰੋਜ਼ਾਨਾ ਅਜੀਤ’ ਵਿਚ ਉਪ-ਸੰਪਾਦਕ ਵਜੋਂ ਆਪਣੀ ਪੇਸ਼ੇਵਰ ਜ਼ਿੰਦਗੀ ਦਾ ਇਕ ਨਵਾਂ ਅਧਿਆਏ ਸ਼ੁਰੂ ਕੀਤਾ। ਇਥੇ ਤਨਦੇਹੀ ਨਾਲ ਅੱਠ ਸਾਲ ਤੱਕ ਸ਼ਾਨਦਾਰ ਸੇਵਾਵਾਂ ਨਿਭਾਈਆਂ। ਉਪਰੰਤ ਸਾਲ 2001 ਵਿੱਚ ਸ. ਗਰੇਵਾਲ ਲੋਕ ਸੰਪਰਕ ਵਿਭਾਗ ਪੰਜਾਬ ਵਿਚ ਬਤੌਰ ਲੋਕ ਸੰਪਰਕ ਅਫਸਰ ਭਰਤੀ ਹੋ ਗਏ। ਕਰੀਬ 18 ਸਾਲਾਂ ਦੀ ਇਸ ਬੇਦਾਗ ਨੌਕਰੀ ਦੌਰਾਨ ਉਨਾਂ ਬਹੁਤ ਅਹਿਮ ਜ਼ਿੰਮੇਵਾਰੀਆਂ ’ਤੇ ਕੰਮ ਕੀਤਾ।
ਉਨਾਂ ਡੀ.ਪੀ.ਆਰ.ਓ ਰੂਪਨਗਰ ਤੋਂ ਇਲਾਵਾ ਵਿਜੀਲੈਂਸ ਬਿਓਰੋ, ਡੀ.ਜੀ.ਪੀ ਪੰਜਾਬ ਸਮੇਤ ਕਈ ਮੰਤਰੀਆਂ ਨਾਲ ਬਤੌਰ ਪੀ.ਆਰ.ਓ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਸਾਲ 2013 ਵਿੱਚ ਤੱਤਕਾਲੀ ਉਪ ਮੁੱਖ ਮੰਤਰੀ ਪੰਜਾਬ ਨਾਲ ਡਿਪਟੀ ਡਾਇਰੈਕਟਰ ਪ੍ਰੈਸ ਵਜੋਂ ਤਾਇਨਾਤ ਕੀਤਾ ਗਿਆ।
ਆਪ ਇਕ ਬੇਹਤਰੀਨ ਖਿਡਾਰੀ ਵੀ ਰਹੇ। ਉਨ੍ਹਾਂ 35ਵੀਂ ਸੀਨੀਅਰ ਨੈਸ਼ਨਲ ਮੁੱਕੇਬਾਜੀ ਚੈਂਪੀਅਸ਼ਿਪ ਵਿਚ ਹਿੱਸਾ ਲਿਆ ਅਤੇ 21ਵੀਂ ਪੰਜਾਬ ਸੀਨੀਅਰ ਮੁੱਕੇਬਾਜੀ ਚੈਂਪੀਅਨਸ਼ਿਪ ਵਿਚ ਤੀਜਾ ਸਥਾਨ ਹਾਸਲ ਕੀਤਾ।
ਅਖਬਾਰਾਂ, ਮੈਗਜ਼ੀਨਾਂ, ਚੈਨਲਾਂ, ਰੇਡੀਓ ਤੇ ਹੋਰ ਮੀਡੀਆ ਸਾਧਨਾਂ ਵਿਚ ਉਨ੍ਹਾਂ ਦੇ ਲੇਖ ਅਤੇ ਵਿਚਾਰ-ਚਰਚਾ ਛਪਦੀ ਅਤੇ ਪ੍ਰਸਾਰਿਤ ਹੁੰਦੀ ਰਹਿੰਦੀ ਹੈ। ਸ਼ਾਲਾ, ਸਮਾਜ ਸੇਵਾ ਨੂੰ ਪ੍ਰਣਾਈ ਹੋਈ ਰੁਹਾਨੀਅਤ ਵਿੱਚ ਰੰਗੀ ਇਹ ਸਖਸ਼ੀਅਤ ¦ਮੀਆਂ ਉਮਰਾਂ ਮਾਣੇ ਅਤੇ ਹੋਰ ਵੱਡੀਆਂ ਪੁਲਾਂਘਾਂ ਪੁੱਟ ਕੇ ਕੌਮ, ਦੇਸ਼, ਪੰਜਾਬ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਦੀ ਰਹੇ।