ਮਨੁੱਖ ਦਾ ਦਿਮਾਗ ਬਹੁਤ ਹੀ ਗੁੰਝਲਦਾਰ ਚੀਜ਼ ਹੈ । ਅਜ ਤਕ ਇਸ ਨੂੰ ਸਾਇੰਸ ਵੀ ਪੂਰੀ ਤਰ੍ਹਾਂ ਨਾਲ ਨਹੀਂ ਸਮਝ ਸਕੀ । ਸਾਡੀ ਸੋਚ ਸਾਡੇ ਦਿਮਾਗ ਦੀ ਹੀ ਇਕ ਉਪਜ ਹੈ। ਸਾਡੀ ਯਾਦਦਾਸ਼ਤ ਸ਼ਕਤੀ ਇਤਨੀ ਤੇਜ਼ ਹੁੰਦੀ ਹੈ ਕਿ ਉਹ ਪੂਰੇ ਬ੍ਰਹਿਮੰਡ ਨੂੰ ਵੀ ਆਪਣੇ ਅੰਦਰ ਸਮਾ ਸਕਦੀ ਹੈ । ਅਸੀਂ ਮਨੁਖੀ ਸੋਚ ਨੂੰ ਦੋ ਹਿਸਿਆਂ ਵਿਚ ਵੰਡਦੇ ਹਾਂ- ਨਕਾਰਾਤਮਕ ਅਤੇ ਸਕਰਾਤਮਕ। ਅਜ ਅਸੀਂ ਪਹਿਲਾਂ ਤਾਂ ਗਲ ਕਰਾਂਗੇ ਕਿ ਸਾਡੀ ਸੋਚ ਬਣਦੀ ਕਿਵੇਂ ਹੈ?
ਜੜ੍ਹ ਤੋਂ ਦੇਖਿਆ ਜਾਵੇ ਤਾਂ ਇਕ ਬਚਾ ਆਪਣੀ ਮਾਂ ਦੀ ਕੁਖ ਤੋਂ ਹੀ ਸਭ ਕੁਝ ਸਿਖਣਾ ਸ਼ੁਰੂ ਕਰ ਦਿੰਦਾ ਹੈ। ਧਾਰਮਿਕ ਜਗਤ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਕਹਿੰਦੇ ਹਨ ਕਿ ਮਾਂ ਦੀ ਸੋਚ ਅਤੇ ਉਸ ਦੇ ਸੰਸਕਾਰ ਹੀ ਅਗੇ ਬਚੇ ਦੇ ਵਿਕਾਸ ਵਿਚ ਸਭ ਤੋਂ ਵਡੀ ਭੂਮਿਕਾ ਅਦਾ ਕਰਦੇ ਹਨ । ਇਸ ਲਈ ਗਰਭ ਦੌਰਾਨ ਇਕ ਔਰਤ ਦਾ ਚੰਗੇ ਮਾਹੌਲ ਵਿਚ ਰਹਿਣਾ ਬਾਅਦ ਜ਼ਰੂਰੀ ਹੁੰਦਾ ਹੈ। ਜਨਮ ਤੋਂ ਬਾਅਦ ਗਲ ਆਉਂਦੀ ਹੈ ਤੁਹਾਡੇ ਆਸ – ਪਾਸ ਦੇ ਵਾਤਾਵਰਣ ਦੀ । ਤੁਹਾਨੂੰ ਘਰ ਅਤੇ ਬਾਹਰੋਂ ਮਿਲ ਰਹੀ ਸਿਖਿਆ ਦੀ ਅਤੇ ਸੰਸਕਾਰਾਂ ਦੀ । ਜਦੋਂ ਬਚਾ ਸਕੂਲ ਜਾਣ ਲਗਦਾ ਹੈ ਤਾਂ ਇਹ ਗਲ ਬਹੁਤ ਜ਼ਰੂਰੀ ਹੈ ਕਿ ਉਹ ਕਿਸ ਪ੍ਰਕਾਰ ਦੇ ਮਾਹੌਲ ਅਤੇ ਲੋਕਾਂ ਵਿਚ ਉਠ ਬੈਠ ਰਿਹਾ ਹੈ ਕਿਉਂਕਿ ਸਕੂਲ ਇਕ ਇਨਸਾਨ ਦੀ ਜ਼ਿੰਦਗੀ ਦਾ ਅਹਿਮ ਹਿਸਾ ਹੁੰਦਾ ਹੈ । ਜਿਥੇ ਉਹ ਕੇਵਲ ਵਿਦਿਆ ਹੀ ਨਹੀਂ ਲੈਂਦਾ ਬਲਕਿ ਉਸ ਦਾ ਇਕ ਚਰਿਤਰ ਵੀ ਬਣਦਾ ਹੈ ਇਸ ਲਈ ਦੋਸਤਾਂ ਮਿਤਰਾਂ ਦੀ ਸਹੀ- ਗਲਤ ਸੰਗਤ ਤੁਹਾਡੀ ਸੋਚ ਨੂੰ ਜਨਮ ਦੇਵੇਗੀ ।
ਸਾਡੇ ਚਰਿੱਤਰ ਦਾ ਇਕ ਅਹਿਮ ਹਿਸਾ ਸਾਡੀਆਂ ਰੁਚੀਆਂ ਵੀ ਹੁੰਦੀਆਂ ਹਨ । ਸਾਡਾ ਕਿਸ ਕੰਮ ਵਿਚ ਜ਼ਿਆਦਾ ਮਨ ਲਗਦਾ ਹੈ , ਕੀ ਕਰਨਾ ਸਾਨੂੰ ਵਧੇਰੇ ਪਸੰਦ ਹੈ , ਇਸ ਨਾਲ ਵੀ ਮਨੁਖੀ ਚਰਿਤਰ ਦਰਸਾਇਆ ਜਾਂਦਾ ਹੈ ਇਸ ਅਤੇ ਇਹ ਸਭ ਸੋਚ ਦੀ ਹੀ ਉਪਜ ਹੈ ।
ਸਭ ਤੋਂ ਵਡੇ ਪਧਰ ਤੇ ਦੇਖਿਆ ਜਾਵੇ ਤਾਂ ਸਾਡਾ ਧਰਮ ਸਾਡੀ ਸੋਚ ਤੇ ਸਭ ਤੋਂ ਵਧ ਪ੍ਰਭਾਵ ਪਾਉਂਦਾ ਹੈ। ਸਾਨੂੰ ਜਨਮ ਤੋਂ ਹੀ ਇਕ ਧਰਮ ਵਿਚ ਬੰਨ੍ਹ ਦਿਤਾ ਜਾਂਦਾ ਹੈ ਅਤੇ ਸਖਤ ਹਦਾਇਤ ਨਾਲ ਉਸ ਨੂੰ ਅਪਣਾਉਣ ਲਈ ਵੀ ਕਿਹਾ ਜਾਂਦਾ ਹੈ।ਫਿਰ ਸਾਡੇ ਰੀਤੀ ਰਿਵਾਜ ਅਤੇ ਸਭਿਆਚਾਰ ਵੀ ਸਾਡੀ ਸੋਚ ਨੂੰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।ਸਾਡੀ ਸੋਚ ਸ਼ੁਰੂ ਤੋਂ ਹੀ ਉਸ ਵਿਚ ਢਲ ਜਾਂਦੀ ਹੈ । ਕਈ ਲੋਕ ਧਰਮ ਸਭਿਆਚਾਰ ਅਤੇ ਰੀਤੀ ਰਿਵਾਜਾਂ ਦੇ ਇਤਨੇ ਕਟੜ ਬਣ ਜਾਂਦੇ ਹਨ ਕਿ ਉਨ੍ਹਾਂ ਨੂੰ ਦੂਸਰੇ ਧਰਮ ਇਤ ਆਦਿ ਸਭ ਬੁਰੇ ਹੀ ਲਗਦੇ ਹਨ ।
ਸਭ ਤੋਂ ਮੂਲ ਕਾਰਨ ਜਿਸ ਨਾਲ ਇਕ ਮਨੁਖ ਦੀ ਸੋਚ ਬਣਦੀ ਹੈ ਉਹ ਹੈ ਸੁਣਨਾ , ਪੜ੍ਹਨਾ ਅਤੇ ਦੇਖਣਾ । ਤੁਸੀਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਪੜ੍ਹ , ਸੁਣ ਜਾਂ ਦੇਖ ਰਹੇ ਹੋ ਇਸ ਤੋਂ ਹੀ ਤੁਹਾਡੀ ਅਗੇ ਸੋਚ ਪੈਦਾ ਹੋਵੇਗੀ । ਤੁਹਾਡੀਆਂ ਰੁਚੀਆਂ ਬਣਨਗੀਆਂ ਅਤੇ ਫਿਰ ਉਨ੍ਹਾਂ ਮੁਤਾਬਿਕ ਤੁਸੀਂ ਆਪਣੀ ਜ਼ਿੰਦਗੀ ਜਿਉਂਵਗੇ । ਤੁਹਾਡੇ ਰਿਸ਼ਤੇ , ਤੁਹਾਡੇ ਆਸ ਪਾਸ ਦਾ ਮਾਹੌਲ , ਤੁਹਾਡਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੀ ਤੁਹਾਡੀ ਜ਼ਿੰਦਗੀ ਨੂੰ ਸਕਰਾਤਮਕ ਜਾ ਨਕਰਾਤਮਕ ਬਣਾਉਂਦਾ ਹੈ । ਇਹ ਤਾਂ ਅਸੀਂ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਸੋਚ ਕਿਵੇਂ ਬਣਦੀ ਹੈ । ਪਰ ਇਹ ਇਕ ਗੁੰਝਲਦਾਰ ਵਿਸ਼ਾ ਹੈ ਇਸ ਨੂੰ ਤੁਸੀਂ ਇਤਨੇ ਘਟ ਸ਼ਬਦਾਂ ਵਿਚ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੇ ਕਿਉਂਕਿ ਸੋਚ ਹੀ ਰਬ ਹੈ ਅਤੇ ਰਬ ਦੀ ਡੂੰਗਾਈ ਆਪਣੇ ਆਪ ਵਿਚ ਇਤਨੀ ਹੈ ਕਿ ਤੁਸੀਂ ਇਸ ਨੂੰ ਜਿਨ੍ਹਾਂ ਸਮਝੋਗੇ ਇਹ ਉਤਨੀ ਹੀ ਵਿਸ਼ਾਲ ਅਤੇ ਡੂੰਘੀ ਹੁੰਦੀ ਜਾਵੇਗੀ ।
* ਹੁਣ ਅਸੀਂ ਗਲ ਕਰਾਂਗੇ ਮਨੁਖੀ ਸੋਚ ਦੇ ਦੋਨਾਂ ਪਖਾਂ ਬਾਰੇ ਸਕਾਰਾਤਮਕ ਅਤੇ ਨਕਾਰਾਤਮਕ । ਇਹ ਕੁਦਰਤੀ ਨਿਯਮ ਹੀ ਹੈ ਕਿ ਅਸੀਂ ਜਦੋਂ ਵੀ ਕੁਝ ਸੋਚਦੇ ਜਾਂ ਵਿਚਾਰਦੇ ਹਾਂ ਤਾਂ ਸਾਡੇ ਅੰਦਰ ਨਕਰਾਤਮਕ ਭਾਵ ਪਹਿਲਾਂ ਆ ਜਾਂਦੇ ਹਨ ਅਸੀਂ ਉਨ੍ਹਾਂ ਪ੍ਰਤੀ ਜ਼ਿਆਦਾ ਖਿਚੇ ਚਲੇ ਜਾਂਦੇ ਹਾਂ । ਪਰ ਇਸ ਦਾ ਅਰਥ ਇਹ ਨਹੀਂ ਕਿ ਅਸੀਂ ਸਕਾਰਾਤਮਕ ਨਹੀਂ ਹੋ ਸਕਦੇ ਇਹ ਬਸ ਥੋੜ੍ਹੇ ਸਮੇਂ ਲਈ ਸਾਡੇ ਦਿਮਾਗ਼ ਅੰਦਰ ਕੈਮੀਕਲ ਰੈਕਸ਼ਨ ਹੁੰਦੇ ਹਨ । ਜਿਨ੍ਹਾਂ ਨੂੰ ਅਸੀਂ ਪੂਰਨ ਤੌਰ ਤੇ ਆਪਣੇ ਵਸ ਵਿਚ ਰਖ ਸਕਦੇ ਹਾਂ । ਪਰ ਜੇਕਰ ਤੁਸੀਂ ਬਹੁਤ ਜ਼ਿਆਦਾ ਨਕਾਰਾਤਮਿਕ ਹੋ ਰਹੇ ਹੋ ਤਾਂ ਤੁਹਾਨੂੰ ਇਸ ਤੋਂ ਬਚਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਹ ਤੁਹਾਡੀ ਜ਼ਿੰਦਗੀ ਨੂੰ ਖਤਮ ਕਰ ਸਕਦੀ ਹੈ। ਮਨੁਖ ਡਿਪਰੈਸ਼ਨ ਅਤੇ ਹੋਰ ਮਾਨਸਿਕ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਸਕਦਾ ਹੈ।
ਕਈ ਮਨੁਖ ਤਾਂ ਆਤਮ ਹਤਿਆ ਤਕ ਵੀ ਕਰ ਲੈਂਦੇ ਹਨ । ਇਸ ਲਈ ਇਸ ਨਵੀਂ ਸੋਚ ਤੋਂ ਬਚਣਾ ਸਾਡੇ ਲਈ ਬਹੁਤ ਜ਼ਰੂਰੀ ਹੈ । ਹੇਠ ਲਿਖੇ ਕੁਝ ਟਿਪਸ ਤੁਹਾਨੂੰ ਨਕਾਰਾਤਮਕ ਵਿਚਾਰਾਂ ਤੋਂ ਦੂਰ ਲੈ ਕੇ ਜਾਣ ਵਿਚ ਸਹਾਇਕ ਹੋਣਗੇ ।
* ਨਕਾਰਾਤਮਕ ਵਿਚਾਰਾਂ ਤੋਂ ਕਿਵੇਂ ਬਚਿਆ ਜਾਵੇ ?
1. ਸਭ ਤੋਂ ਪਹਿਲਾਂ ਤਾਂ ਤੁਸੀਂ ਜਿਥੇ ਬੈਠੇ ਹੋ ਉਸ ਜਗ੍ਹਾ ਤੋਂ ਇਧਰ ਉਧਰ ਹੋਣ ਦੀ ਕੋਸ਼ਿਸ਼ ਕਰੋ ਕਿਉਂਕਿ ਤੁਹਾਡੇ ਵਿਚਾਰਾਂ ਦੇ ਨਾਲ ਨਾਲ ਤੁਹਾਡੇ ਆਸ ਪਾਸ ਦੀ ਐਨਰਜ਼ੀ ਵੀ ਨਕਾਰਾਤਮਕ ਹੋ ਚੁਕੀ ਹੁੰਦੀ ਹੈ । ਇਸ ਲਈ ਆਪਣਾ ਸਥਾਨ ਬਦਲੋ।
2. ਸੈਰ ਸਪਾਟਾ ਕਰਨ ਨਿਕਲ ਜਾਓ ਜਾਂ ਫਿਰ ਕਿਸੇ ਨਾਲ ਗਲਬਾਤ ਕਰਨੀ ਸ਼ੁਰੂ ਕਰ ਦਿਓ । ਇਸ ਨਾਲ ਤੁਹਾਡਾ ਧਿਆਨ ਕਿਸੇ ਹੋਰ ਪਾਸੇ ਵਲ ਜਾਵੇਗਾ।
3. ਆਪਣੇ ਵਿਚਾਰਾਂ ਨੂੰ ਦੂਸਰੇ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਕਰੋ । ਕੁਝ ਮਨੋਰੰਜਨ ਇਤ ਆਦਿ ਦੇਖੋ ਜਿਵੇਂ ਟੀ- ਵੀ ,ਰੇਡੀਓ ਆਦਿ ।
4. ਆਪਣੇ ਕਿਸੇ ਨਿਜੀ ਦੋਸਤ ਜਾਂ ਰਿਸ਼ਤੇਦਾਰ ਨਾਲ ਗਲਾਂ ਕਰੋ ਅਤੇ ਆਪਣੀਆਂ ਸਮਸਿਆਵਾਂ ਜਾਂ ਉਠ ਰਹੇ ਨਕਾਰਾਤਮਿਕ ਭਾਵਾਂ ਨੂੰ ਬਾਹਰ ਕਢਣ ਦੀ ਕੋਸ਼ਿਸ਼ ਕਰੋ।
5. ਜੇਕਰ ਤੁਹਾਨੂੰ ਕੋਈ ਚੰਗਾ ਦੋਸਤ ਜਾਂ ਗਲ ਕਰਨ ਨੂੰ ਕੋਈ ਚੰਗਾ ਬੰਦਾ ਨਹੀਂ ਮਿਲ ਰਿਹਾ ਤਾਂ ਆਪਣੇ ਵਿਚਾਰ ਅਤੇ ਮਨ ਦੀ ਗਲ ਨੂੰ ਇਕ ਕਾਂਗਜ ਤੇ ਲਿਖ ਲਓ ਅਤੇ ਫਿਰ ਉਸ ਨੂੰ ਪਾੜ ਕੇ ਸੁਟ ਦੇਉ । ਇਹ ਜਰੂਰੀ ਹੈ ਕਿ ਤੁਹਾਡੇ ਅੰਦਰ ਦੇ ਭਾਵ ਬਾਹਰ ਆਉਣ ।
6. ਆਪਣੇ ਆਪ ਨੂੰ ਵਿਅਸਤ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਕੋਈ ਕੰਮ ਨਹੀਂ ਮਿਲ ਰਿਹਾ ਤਾਂ ਯੋਗਾ ਜਾਂ ਮੈਡੀਟੇਸ਼ਨ ਕਰਨ ਦੀ ਕੋਸ਼ਿਸ਼ ਕਰੋ ।
7. ਜੇਕਰ ਤੁਹਾਨੂੰ ਫਿਰ ਵੀ ਚੰਗਾ ਨਹੀਂ ਮਹਿਸੂਸ ਹੋ ਰਿਹਾ ਤਾਂ ਆਪਣੇ ਆਪ ਨਾਲ ਸ਼ੀਸ਼ੇ ਸਾਹਮਣੇ ਖੜ੍ਹੇ ਹੋ ਕੇ ਗਲ ਕਰੋ । ਆਪਣੀ ਸਮਸਿਆ ਦੇ ਆਪਣੇ ਵਿਚਾਰ ਖੁਦ ਨਾਲ ਹੀ ਸਾਂਝੇ ਕਰੋ ਤੁਸੀਂ ਬਿਹਤਰ ਮਹਿਸੂਸ ਕਰੋਗੇ ।
8. ਆਪਣੀਆਂ ਰੁਚੀਆਂ ਵਲ ਧਿਆਨ ਦਿਓ ਅਤੇ ਉਹ ਕੰਮ ਕਰੋ ਜਿਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੋਵੇ ।
ਇਨ੍ਹਾਂ ਕੁਝ ਸੁਝਾਵਾਂ ਨੂੰ ਅਪਣਾ ਕੇ ਤੁਸੀਂ ਆਪਣੇ ਅੰਦਰ ਆ ਰਹੀ ਨਕਾਰਾਤਮਕ ਊਰਜਾ ਨੂੰ ਰੋਕ ਸਕਦੇ ਹੋ। ਜਿਸ ਨਾਲ ਤੁਸੀਂ ਚੰਗੀ ਊਰਜਾ ਵਲ ਜਾਣਾ ਸ਼ੁਰੂ ਹੋ ਜਾਵੋਗੇ ਅਤੇ ਤੁਹਾਡੇ ਅੰਦਰ ਜ਼ਿੰਦਗੀ ਨੂੰ ਜਿਊਣ ਦਾ ਇਕ ਨਵਾਂ ਚਾਹ ਅਤੇ ਹੌਸਲਾ ਆ ਜਾਵੇਗਾ। ਤੁਹਾਨੂੰ ਆਪਣੇ ਆਪ ਵਿਚ ਇਕ ਨਵਾਂ ਜੋਸ਼ ਅਤੇ ਰੌਸ਼ਨੀ ਮਹਿਸੂਸ ਹੋਵੇਗੀ। ਜਿਸ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਬਹੁਤ ਪਿਆਰੀ ਲਗਣੀ ਸ਼ੁਰੂ ਹੋ ਜਾਵੇਗੀ । ਤੁਹਾਡਾ ਦੁਨੀਆਂ ਨੂੰ ਦੇਖਣ ਅਤੇ ਸਮਝਣ ਦਾ ਦ੍ਰਿਸ਼ਟੀਕੋਣ ਹੀ ਬਦਲ ਜਾਵੇਗਾ। ਤੁਹਾਡੇ ਅੰਦਰ ਨਵੇਂ ਚਾਹ ਅਤੇ ਸੁਪਨੇ ਹੁੰਗਾਰਾ ਭਰਨਗੇ ਅਤੇ ਜੀਵਨ ਸੋਹਣਾ ਅਤੇ ਸੁਚਜਾ ਹੋ ਜਾਵੇਗਾ।